shabadspace.com

ਸ਼ਬਦ ਸਪੇਸ

ਭਾਸ਼ਾ  ਸਾਹਿਤ  ਕਲਾ  ਕਲਚਰ

‘ਸ਼ਾਇਦ ਮੈਂ ਹਰ ਥਾਂ ਹਾਜ਼ਰ ਨਾ ਹੋ ਸਕਾਂ’

ਮਿੰਦਰ ਦੀ ਕਿਤਾਬ ‘ ਸ਼ਾਇਦ ਮੈਂ ਹਰ ਥਾਂ ਹਾਜ਼ਰ ਨਾ ਹੋ ਸਕਾਂ’ ਬਾਰੇ ਪ੍ਰਕਾਸ਼ਨ ਅਤੇ ਅਲੋਚਨ ਤਨਵੀਰ ਵਲੋਂ ਲਿਖੀ ਇਹ ਟਿਪਣੀ ਕਿਤਾਬ ਨਾਲ ਮੁਢਲੀ ਜਾਣ-ਪਛਾਣ ਵਜੋਂ ਇਥੇ ਦੇ ਰਹੇ ਹਾਂ:

-ਤਨ ਵੀਰ

ਕਿਸੇ ਭਾਸ਼ਾ ਚ, ਬਹੁਤੇ ਕਵੀ ਸਧਾਰਨ ਹੁੰਦੇ ਨੇ, ਕੁਝ ਕਵੀ ਚੰਗੇ ਹੁੰਦੇ ਨੇ, ਬਹੁਤ ਹੀ ਥੋੜ੍ਹੇ ਮਿੰਦਰ ਜਿਹੇ ਵੱਖਰੇ ਕਵੀ ਹੁੰਦੇ ਨੇ।

ਬੰਦੇ ਨੇ ਸਮਾਜਕ ਘੁਟਣ/ਰੋਕ ਤੋਂ ਬਚਣ ਲਈ, ਸੌਖਾ/ਮਰਜ਼ੀ ਦਾ ਸਾਹ ਲੈਣ ਲਈ ਵੱਖਰੀ ਸਾਹਿਤਕ ਸਪੇਸ ਸਿਰਜੀ। ਪਰ ਬਹੁਤੇ ਕਵੀ ਸਮਾਜਕ ਮੀਸਣੇਪਣ ਨੂੰ ਸਾਹਿਤਕ ਸਪੇਸ ਚ ਲੈ ਆਉਂਦੇ ਨੇ। ਕਵਿਤਾ ਉਹਨਾਂ ਲਈ ਸਹਾਇਕ ਧੰਦਾ ਹੈ, ਸਮਾਜਕ ਪੈਂਠ ਦਾ ਸਾਧਨ ਹੈ। ਕੁਝ ਕਵੀਆਂ ‘ਤੇ ‘ਕ੍ਰੀਏਟਵ ਐਨਰਜੀ’ ਭਾਰੂ ਪੈ ਜਾਂਦੀ ਹੈ, ਤੇ ਉਹ ਸਮਾਜਿਕ ਪ੍ਰਾਣੀ ਨਹੀਂ ਹੋ ਸਕਦੇ, ਉਹ ਆਊਟਸਾਈਡਰ ਹੁੰਦੇ ਨੇ। ਮਿੰਦਰ ਦੇ ਦੋ ਰੂਪ ਨੇ। ਇਕ ਕਵੀ ਮਿੰਦਰ, ਦੂਜਾ ਸਮਾਜਕ ਪ੍ਰਾਣੀ ਮਹਿੰਦਰ ਸਿੰਘ। ਦੋਵੇਂ ਇਕ-ਦੂਜੇ ਦੀ ਸਪੇਸ ਚ ਦਖ਼ਲ ਨਹੀਂ ਹੁੰਦੇ। ਹਾਂ, ਕਵਿਤਾ ਚ ਜ਼ਰੂਰ ਮਿੰਦਰ, ਮਹਿੰਦਰ ਸਿੰਘ ਬਾਰੇ ਲਿਖਦਾ ਹੈ-

ਦੇਹ ਅੰਦਰ ਲੋਹਾ ਰਹਿੰਦਾ ਹੈ

ਆਪਣੇ ਆਪ ਨੂੰ

ਆਪਣੇ ਦੋਸਤਾਂ ਨਾਲ ਗੱਲਾਂ ਕਰਦਿਆਂ ਦੇਖਦਾ ਹਾਂ

ਤਾਂ ਲੱਗਦਾ ਹੈ

ਕਿ ਇਮਾਨਦਾਰ ਆਦਮੀ ਮੇਰੇ ਵਿੱਚੋਂ ਗਾਇਬ ਹੋ ਗਿਆ ਹੈ 

ਮੈਂ ਆਪਣੀ ਬੇਪਹਿਚਾਣ ਨੂੰ

ਪਹਿਚਾਣ ਬਣਾ ਰਿਹਾ ਹਾਂ

ਕਿੱਲਾਂ ਠੁਕਣ ਦੀ ਆਵਾਜ਼

ਮੇਰੇ ਦਿਮਾਗ ਵਿੱਚ ਪਾਗਲ ਹੋ ਕੇ ਘੁੰਮ ਰਹੀ ਹੈ

ਮੈਂ ਆਪਣੇ ਅੰਦਰ ਕਿਤੇ

ਸੁਰਾਖ਼ੀ ਜਾ ਚੁੱਕੀ ਕੰਧ ਤੇ 

ਤਸਵੀਰ ਬਣ ਲਟਕਿਆ ਹੋਇਆ ਹਾਂ

ਤੇ ਮੇਰੀ ਪਹਿਚਾਣ ਕਰਨ ਵਾਲੇ

ਕੰਧ ਦੇ ਪਰਲੇ ਪਾਰ ਖੜ੍ਹੇ ਤਾੜੀਆਂ ਵਜਾ ਰਹੇ ਨੇ

ਮਿੰਦਰ ਬੇਲਿਹਾਜ਼ ਕਵੀ ਹੈ। ਉਹਦੀ ਕਵਿਤਾ ਮਨਨ ਦੀ ਕਵਿਤਾ ਹੈ। 

ਨਿਰੰਤਰ ਸਫ਼ਰ ਹੈ, ਉਹ ਕਦੇ ਪੁਲ ਪਾਰ ਕਰਦਾ, ਕਦੇ ਨਦੀ- ਕਦੇ ਫਾਟਕ ਦੇ ਪਰਲੇ ਪਾਰ ਜਾਣਾ ਚਾਹੁੰਦਾ, ਕਦੇ ਦੇਹ ਦੇ, ਕਦੇ ਵੈਤਰਣੀ ਪਾਰ ਕਰਨੀ ਚਾਹੁੰਦਾ, ਕਦੇ ਸਭਿਅਤਾ ਦੇ ਖੋਖ਼ਲੇ ਵਿਕਾਸ ਨੂੰ।

ਕਵੀ ਦੀ ਰਾਹਦਾਰੀ, ਬੰਦੇ ਦੀ ਖੋਪੜੀ ਨੇ ਖੋਹ ਲਈ ਹੈ-   

ਖ਼ਬਰ ਇਹ ਨਹੀਂ

ਕੋਈ ਆਇਆ

ਖ਼ਬਰ ਇਹ ਵੀ ਨਹੀਂ

ਕਿ ਸਟੇਸ਼ਨ ਤੇ ਗੱਡੀ ਰੁਕੀ ਤੇ ਰੱਬ ਉਤਰ ਗਿਆ 

ਖ਼ਬਰ ਇਹ ਹੈ ਕਿ

ਮੈਂ ਲੇਟ ਹੋ ਗਿਆ ਹਾਂ

ਗੱਡੀ ਕਿਤੇ ਹੈ ਹੀ ਨਹੀਂ

ਬਿਨਾਂ ਰੁਕਿਆਂ ਪੁਲ ਪਾਰ ਕਰਨਾ ਹੈ

ਕੋਈ ਇਧਰ ਖੜਾ ਉਡੀਕ ਰਿਹਾ ਹੈ, ਕੋਈ ਉਧਰ

ਪਰ ਜਿਸ ਨੂੰ ਵੀ ਪੁੱਛੋ 

ਉਹ ਆਪਣਾ ਹੀ ਪਤਾ ਦੱਸਦਾ ਹੈ

ਮਿੰਦਰ ਦੀ ਕਾਵਿ-ਭਾਸ਼ਾ ਦਾ ਅਮੂਰਤਨ, ਪਾਰਦਰਸ਼ੀ ਮੂਰਤ ਹੈ। ਹਾਜ਼ਰ ਦੁਨੀਆ ਚੋਂ ਗੈਰਹਾਜ਼ਰ ਰਹਿ, ਉਹ ਆਪਣਾ ਸੰਸਾਰ ਕ੍ਰੀਏਟ ਕਰਦਾ, ਉਹਦਾ ਕ੍ਰੀਏੇਟ ਕੀਤਾ ਸੰਸਾਰ ਸਿੱਥਲ ਸੰਸਾਰ ਨਹੀਂ, ਗਤੀਮਾਨ ਹੈ, ਰਿਪੀਟਡ ਪ੍ਰਫਾਰਮੈਂਸ ਤੋਂ ਮੁਕਤ। ਵਾਰ-ਵਾਰ ਪੜ੍ਹੀ ਜਾਣ ਤੋਂ ਬਾਅਦ ਵੀ ਅਪੜ੍ਹੀ ਰਹਿ ਜਾਣ ਵਾਲੀ ਕਵਿਤਾ। ਉਹ ਪ੍ਰਾਪਤ ਮਿੱਥਾਂ, ਕਥਾਵਾਂ ਤੇ ਨਿੱਜੀ ਅਨੁਭਵ ਨੂੰ ਇੰਜ ਪ੍ਰਯੋਗ ਕਰਦਾ ਹੈ ਕਿ ਇਨ੍ਹਾਂ ਪਿਛਲਾ ਬਿਰਤਾਂਤ ਜਾਨਣ ਦੀ ਵੀ ਲੋੜ ਨਹੀ ਰਹਿੰਦੀ, ਤੇ ਕੱਥ ਖਿੜ ਜਾਂਦਾ। ਉਦਾਹਰਣ-

ਚੰਦਰਮਾਬਾਂਗ ਦਿੰਦਾ ਹੈ

ਕਾਲਾ ਰੰਗ

ਸਾਰੇ ਰੰਗਾਂ ਨੂੰ ਦਾਅਵਤ ਦੇ ਸਕਦਾ ਹੈ- ਖੁਸ਼ ਹੋ ਸਕਦਾ ਹੈ

ਅਨੰਦ ਮਾਣ ਸਕਦਾ ਹੈ

ਜਦ ਸ਼ਾਦੀ ਦੇ ਮੰਡਪ

ਤੇਰਾ ਹੱਥ ਮੇਰੇ ਹੱਥ ਤੇ ਸੀ

ਤਾਂ ਸਤਰੰਗਾ ਆਕਾਸ਼ ਮੇਰੀ ਛਾਤੀ ਵਿਚ ਪਨਪ ਰਿਹਾ ਸੀ

ਤੇ ਉਸ ਤੋਂ ਬਾਅਦ ਭੀੜ ਰਹਿਤ ਆਵਾਜ਼ ਸਾਂ ਮੈਂ

ਤੇ ਗੂੰਜ ਰਿਹਾ ਸੀ

ਉਹ ਬਾਵਰਿਆ ਵਾਂਗ ਮੈਥੋਂ ਬਾਹਰ ਘੁੰਮ ਰਿਹਾ ਸੀ

ਹੌਲ਼ੀ ਹੌਲ਼ੀ ਕਾਲਾ ਹੋਰ ਕਾਲਾ ਹੁੰਦਾ ਗਿਆ

ਤੇ ਮੈਂ ਆਪਣੀ ਇਕੱਲਤਾ ਨੂੰ ਚੰਦਰਮਾ ਵਿਚ ਭਰਦੀ ਰਹੀ

ਰਾਤ ਮੇਰੇ ਕੋਲ ਸੀ

ਪਰ ਹਨੇਰਾ ਤੇ ਕਾਲਾ

ਨਾ ਜਵਾਬ ਦੇ ਰਹੇ ਸਨ, ਨਾ ਮੰਨ ਰਹੇ ਸਨ

ਹਨੇਰੀ ਰਾਤ

ਜਿਉਣ ਲਈ ਕਿਉਂ ਜ਼ਰੂਰੀ ਹੈ

ਜਿਹੜਾ ਹੱਥ ਤੂੰ ਮੇਰੇ ਹੱਥ ਵਿਚ ਦਿੱਤਾ ਸੀ

ਉਸਦਾ ਇਕ ਰੰਗ ਕਾਲਾ ਸੀ

ਜੋ ਵਾਪਰ ਰਿਹਾ

ਉਸਦਾ ਮੇਰੇ ਨਾਲ ਕੋਈ ਸਬੰਧ ਨਹੀਂ ਹੈ

ਮੇਰੀਆਂ ਲੱਤਾਂ ਦੀਆਂ 

ਪ੍ਰਕ੍ਰਿਤਕ ਗੁਫ਼ਾਵਾਂ ਦਾ ਵਰਗੀਕਰਨ ਹੋ ਚੁੱਕਾ ਹੈ

ਤੇ ਹੁਣ ਮੈਂ ਜਿੱਥੇ ਵੀ ਖੜੋਵਾਂਗੀ

ੳੇੁਥੋਂ ਹੀ ਅਧਸੁੱਤੇ ਵਿਚਾਰ ਫ਼ੈਲ ਜਾਣਗੇ

ਸਭਿਅਤਾ ਦੇ ਸਬੂਤ ਵਜੋਂ

ਇਕੋ ਰਸਤਾ ਸੀ

ਜਿਸ ਤੋਂ ਮੈਂ ਲੰਘੀ

ਤੇ ਹਨੇਰਾ ਮੇਰੀ ਮਦਦ ਕਰ ਰਿਹਾ ਸੀ

ਰਿਸ਼ੀ

ਸਵੇਰੇ ਦੇ ਭਰਮ ਚ ਗੰਗਾ ਨਹਾਉਣ ਲਈ ਨਿਕਲਦਾ ਹੈ

ਜਦੋਂ

ਚੰਦਰਮਾਂ ਬਾਂਗ ਦਿੰਦਾ ਹੈ

ਮਿੰਦਰ ਇਥੇ, ਉਨ੍ਹਾਂ ਸਮਿਆਂ ਚ, ‘ਦੂਜੇ ਦੇ ਦੁੱਖ’ ਨੂੰ ਮਹਿਸੂਸ/ਪ੍ਰਗਟ ਕਰ ਰਿਹਾ ਹੈ, ਜਿਨ੍ਹਾਂ ਸਮਿਆਂ ਚ, ਅਸੀਂ ‘ਆਪਣੇ ਦੁੱਖ’ ਤੱਕ ਸਿਮਟ ਕੇ, ਦੂਜੇ ਨੂੰ ਹਮਦਰਦੀ ਨਾਲ ਵਿਚਾਰਣਾ ਭੁੱਲਦੇ ਜਾਰਹੇ ਹਾਂ।

ਪੰਜਾਬੀ ਦੀ ਬਹੁਤੀ ਪਿਆਰ-ਕਵਿਤਾ (ਮੈਨੂੰ) ਕਾਲਪਨਿਕ-ਪਿਆਰ ਦੀ ਕਵਿਤਾ ਲਗਦੀ ਹੈ। ਅਨੁਭਵ ਦੀ ਥਾਂ, ਸਾਹਿਤਕ-ਪਰੰਪਰਾ ਤੋਂ ਉਧਾਰੀ ਲਈ ਹੋਈ। ਮਿੰਦਰ ਦੀ ਪਿਆਰ-ਕਵਿਤਾ ਚ ਮੈਨੂੰ ਉਹਦਾ ਆਪਣਾ ਅਨੁਭਵ ਦਿਖਿਆ-       

ਕਲੰਡਰ ਦੇ ਅਰਥ

ਕੀ

ਕੋਈ

ਤਰੀਕ ਨੂੰ

ਅੱਖਾਂ ਤੇ ਚਿਪਕਾ ਕੇ

ਕਲੰਡਰ ਦੇ ਅਰਥ ਦੱਸ ਸਕਦਾ ਹੈ

ਮੈਂ ਤੇਰੀ ਉਡੀਕ ਵਿੱਚ

ਸ਼੍ਰਿਸਟੀ ਪਿੱਠ ਉਪਰ ਚੁਕੀ ਫਿਰ ਰਿਹਾ ਕੋਈ ਦੇਵਤਾ ਹਾਂ

ਕਦੇ ਤੇਰੇ ਨਾਲ ਤੁਰਨਾ

ਅਨੰਨਤਾ ਨੂੰ ਦੱਸਣਾ ਸੀ ਕਿ ਮੈਂ ਉਹ ਆਦਮੀ ਹਾਂ

ਜਿਸ ਨੇ ਆਕਾਸ਼ ਗੰਗਾ ਨੂੰ ਤਰ ਕੇ

ਅਪਣਾ ਰਸਤਾ ਬਣਾਇਆ ਸੀ

ਹੁਣ ਹਰ ਪਾਰਸਲ ਉਪਰ

ਤੇਰੇ ਦਸਤਖਤ ਲੱਭਣਾ

ਐਨਕਾਂ ਨਾਲ

ਖ਼ੁਦ ਨੂੰ ਯਾਦ ਕਰਨਾ ਬਣ ਗਿਆ ਹੈ।

ਲਗਭਗ ਪੰਜ ਦਹਾਕਿਆ ਚ ਲਿਖੀ ਇਹ ਕਵਿਤਾ, ਕਿਸੇ ਇੱਕ ਹੱਦ, ਉਮਰ, ਭਾਸ਼ਾ, ਸਮੇਂ ਤੇ ਸਥਾਨ ਤੱਕ ਸੀਮਤ ਨਹੀਂ ਰਹਿੰਦੀ, ਯੂਨੀਵਰਸਲ ਹੋ

ਨਿਬੜਦੀ ਹੈ।

ਲੰਬਾ ਸਮਾਂ ਸਾਹਿਤਕ ਦ੍ਰਿਸ਼ ਚੋਂ ਗੈਰਹਾਜ਼ਰ ਰਹਿ, ਮਿੰਦਰ ਕਵੀ ਦੇ ਤੌਰ ‘ਤੇ ਬਣਿਆ/ਬਚਿਆ ਹੋਇਆ ਹੈ। ‘ਕਵੀ ਬਿਰਤੀ’ ਸਾਨੂੰ ਮਿੰਦਰ ਤੋਂ

ਸਿੱਖਣੀ ਚਾਹੀਦੀ ਹੈ।

Leave a comment