shabadspace.com

ਸ਼ਬਦ ਸਪੇਸ

ਭਾਸ਼ਾ  ਸਾਹਿਤ  ਕਲਾ  ਕਲਚਰ

ਮਿੰਦਰ ਦੀ ਕਵਿਤਾ ਦੀ ਪਹਿਲੀ ਕਿਤਾਬ

ਉਹ ਮਹਿੰਦਰ ਸਿੰਘ ਤੋਂ ਮਹਿੰਦਰ ਸਿੰਘ ਬਾਗੀ ਬਣਿਆ ਅਤੇ ਨਾਗਮਣੀ ਦੇ ਸਫ਼ਿਆਂ ਉੱਤੇ ਮਿੰਦਰ ਵਜੋਂ ਪੰਜਾਬੀ ਪਾਠਕਾਂ ਤੱਕ ਪਹੁੰਚਿਆ ਉਸਦਾ ਜਨਮ 22 ਜੁਲਾਈ, 1943 ਨੂੰ ਹੋਇਆ ਅਤੇ ਉਸ ਨੇ ਪੰਜਾਬੀ ਵਿਭਾਗ, ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਆਨੰਦਪੁਰ ਸਾਹਿਬ ਵਿੱਚ ਲੰਮਾ ਸਮਾਂ ਅਧਿਆਪਨ ਕਾਰਜ ਕੀਤਾ ਉਸਨੂੰ ਪੰਜਾਬੀ ਕਵੀ ਪੂਰਨ ਸਿੰਘ ਚੰਗਾ ਲਗਦਾ ਹੈ ਅਤੇ ਉਸਦੀ ਐਮ ਫਿਲ ਵੀ ਪੂਰਨ ਸਿੰਘ ਬਾਰੇ ਹੀ ਕੀਤੀ ਹੋਈ ਹੈ ਉਸਨੇ ਇਕ ਦੌਰ ਵਿਚ ਨਿਰੋਲ ਕਵਿਤਾ ਦਾ ਰਸਾਲਾ ‘ਕੇਂਦਰ’ ਵੀ ਕੱਢਿਆ ਜਿਸ ਦੇ ਕੁਝ ਅੰਕ ਹੀ ਪ੍ਰਕਾਸ਼ਤ ਹੋ ਸਕੇ

ਸ਼ਾਇਰ ਮਿੰਦਰ ਨੇ ਕਵੀ ਵਜੋਂ ਲੰਮਾ ਸਫ਼ਰ ਤੈਅ ਕੀਤਾ ਹੈਬੇਸ਼ੱਕ ਇਸ ਦੌਰਾਨ ਉਹ ਪੰਜਾਬੀ ਕਵਿਤਾ ਦੇ ਆਮ ਪਰਪੰਚੀ ਦ੍ਰਿਸ਼ ਜਿਵੇਂ ਪੁਸਤਕ ਛਪਵਾਉਣੀ, ਰਿਲੀਜ਼ ਕਰਨੀ, ਗੋਸ਼ਠੀਆਂ ਕਰਨੀਆਂ ਆਦਿ ਤੋਂ ਲਗਭਗ ਪਰ੍ਹੇ ਵਿਚਰਦਾ ਰਿਹਾ ਹੈਇਸ ਕਾਰਨ ਹੀ ਬਹੁਤ ਸ਼ਕਤੀਸ਼ਾਲੀ ਕਵਿਤਾ ਲਿਖਣ ਦੇ ਬਾਵਜ਼ੂਦ ਉਹ ਪੰਜਾਬ ਦੇ ਕਾਵਿਕ ਦ੍ਰਿਸ਼ ਤੋਂ ਲੰਮਾ ਸਮਾਂ ਗੈਰ ਹਾਜ਼ਰ ਰਿਹਾ ਹੈਹੁਣ ਉਸਦੀ ਪੰਜ ਦਹਾਕਿਆਂ ਦੌਰਾਨ ਲਿਖੀ ਗਈ ਕਵਿਤਾ ਪ੍ਰੀ ਪੋਇਟਕ ਦੇ ਸਿਰੜ੍ਹੀ ਸੰਪਾਦਕਾਂ ਤਨਵੀਰ ਅਤੇ ਸ਼ਿਵਦੀਪ ਦੇ ਉੱਦਮ ਸਦਕਾ ਕਿਤਾਬੀ ਰੂਪ ਲੈ ਸਕੀ ਹੈ

ਮਿੰਦਰ ਮਨਨ ਦੀ ਕਵਿਤਾ ਲਿਖਦਾ ਹੈਉਹ ਆਪਣਾ ਅਲੱਗ ਪੋਇਟਕ ਸੰਸਾਰ ਸਿਰਜ ਕੇ ਉਸ ਅੰਦਰ ਵਿਚਰਦਾ, ਵਸਦਾ ਵਿਗਸਦਾ ਹੈ ਉਸਦਾ ਇਹ ਪੋਇਟਕ ਸੰਸਾਰ ਗਤੀਸ਼ੀਲ ਹੈ, ਪਹੁੰਚ ਹੋ ਕੇ ਵੀ ਅਪਹੁੰਚ, ਦਿਸਦੇ ਤੋਂ ਵੱਧ ਅਦ੍ਰਿਸ਼

ਪ੍ਰੀ ਪੋਇਟਕ ਵੱਲੋਂ ਛਾਪੀ ਪੁਸਤਕ ‘ਸ਼ਾਇਦ ਮੈਂ ਹਰ ਥਾਂ ਹਾਜ਼ਰ ਨਾ ਹੋ ਸਕਾਂ’ ਵਿੱਚੋਂ 10 ਕਵਿਤਾਵਾਂ ਧੰਨਵਾਦ ਸਾਹਿਤ ਲੈ ਰਹੇ ਹਾਂ:

ਗਾਉਂਦਾ ਪੰਛੀ

ਧਰਤੀ ਤੇ

ਆਕਾਸ਼ ਵਿਚਕਾਰ ਇਕ ਥਾਂ ਹੈ

ਜਿਥੇ ਤਾਰੇ, ਚੰਦ ਨਹੀਂ ਨੇ

ਨਹੀਂ ਹੈ ਆਕਾਸ਼ ਗੰਗਾ

ਕੀ ਤੁਹਾਨੂੰ ਪਤਾ ਹੈ?

ਜੇ ਨਹੀਂ ਤਾਂ

ਬ੍ਰਹਿਮੰਡ ਵੀ ਜ਼ਿੰਮੇਵਾਰ ਨਹੀਂ

ਕਿਉਂਕਿ ਉਹ ਤਾਂ ਹੈ ਈ ਨਹੀਂ ਕਿਤੇ

ਨਾ ਹੋਣ ਵਾਲੀ ਅਵਸਥਾ ਵਿਚਕਾਰ ਕੁਝ ਹੈ

ਜਿਸਨੂੰ ਪਤਾ ਹੈ,

ਉਹ ਹੈ ਗਾਉਂਦਾ ਪੰਛੀ

ਜੰਮਣ ਦੇ ਜੁਰਮ

ਦਰਿਆ ਸੁੱਕ ਰਿਹਾ ਹੈ

ਹਾਈ-ਵੇ ਵਗ ਰਿਹਾ ਹੈ

ਮਾਂ ਪਾਣੀ ਨੇ ਮਾਰੀ ਸੀ

ਤੇ ਪਿਤਾ ਪਹੀਏ ਨੇ

ਪਾਣੀ ਕੋਲ ਮੇਰੀ ਮਾਂ ਨੂੰ ਮਾਰਨ ਦਾ ਕੋਈ ਸਬੂਤ ਨਹੀਂ

ਸੜਕ ਨੂੰ ਇਹ ਨਹੀਂ ਪਤਾ

ਕਿ ਮੇਰੇ ਪਿਓ ਨੇ ਉਸਦੇ ਅੰਦਰ

 ਆਖ਼ਰੀ ਸਾਹ ਲਿਆ ਸੀ

ਕਿਸੇ ਨੂੰ ਵੀ ਕੁਝ ਨਹੀਂ ਪਤਾ

ਮਨੁੱਖ ਹੱਥ ‘ਚ ਰੋਟੀ ਪਕੜੀ

ਆਪਣੀ ਮੌਤ ਦਾ ਇੰਤਜ਼ਾਰ ਕਰ ਰਿਹਾ

ਰੋਸ਼ਨੀ ਟੁੱਟਦੀ ਨਹੀਂ

ਹਰ ਵਸਤੂ ਦਾ ਟੁੱਟਣਾ ਘਰ ਟੁੱਟਣਾ ਨਹੀਂ ਹੁੰਦਾ

ਰਫ਼ਤਾਰ ਦੀ ਭਾਸ਼ਾ ਵੀ ਹੋ ਸਕਦੀ ਹੈ

ਤੇ ਕਾਰ ‘ਚ ਬੈਠੇ ਡਰਾਈਵਰ ਦਾ ਸੰਤੁਲਨ ਵਿਗੜਨਾ ਵੀ ਹੋ ਸਕਦੀ ਹੈ

ਇਹ ਉਹ ਖ਼ਤ ਵੀ ਹੋ ਸਕਦੀ ਹੈ

ਜੋ ਪਤਨੀ ਨੇ ਪਤੀ ਦੇ ਪਹਿਲੇ ਪਿਆਰ ਦੇ ਪਹਿਲੇ ਸਫ਼ੇ ’ਤੇ ਪੜ੍ਹਿਆ ਹੋਏ

ਤੇ ਦੁਨੀਆ ਦੇ ਦੂਸਰੇ ਕਿਨਾਰੇ ‘ਤੇ ਵਗਾਹ ਮਾਰਿਆ ਹੋਏ

ਰੋਸ਼ਨੀ ਦੀਵਾਰ ਤੋਂ ਜ਼ਿਆਦਾ ਜ਼ਰੂਰੀ ਹੈ

ਕਿਉਂਕਿ ਰੋਸ਼ਨੀ ਟੁੱਟਦੀ ਨਹੀਂ

ਬਿਖ਼ਰਦੀ ਹੈ

ਮੇਰੀ ਹਾਜ਼ਰੀ

ਸ਼ਬਦ ਤੇ ਸੱਚ ਦਾ ਸੁਮੇਲ

ਕਦੇ ਕਦੇ ਵਾਪਰਦਾ ਹੈ

ਮੇਰੇ ਸ਼ਬਦ ਇਸ ਸੁਮੇਲ ਤੋਂ ਸੱਖਣੇ ਹਨ

ਇਸੇ ਲਈ ਮੈਂ ਇਕੱਲਾ ਭਟਕ ਰਿਹਾ ਹਾਂ

ਭਟਕਣ ਦਾ ਸ਼ਬਦ ਸੰਚਾਰ

ਕਿਥੇ ਤੇ ਕਿਉਂ ਹੈ

ਮੈਂ ਇਸ ਪ੍ਰਸ਼ਨ ‘ਚੋਂ ਸਵੈ ਨੂੰ ਖਾਰਜ ਕਰਦਾ ਹਾਂ

ਸ਼ਾਇਦ ਮੈਂ ਹਰ ਥਾਂ ਹਾਜ਼ਰ ਨਾ ਹੋ ਸਕਾਂ

ਕੀ ਗੱਡੀ ਆਏਗੀ?

ਉਸਨੂੰ ਚੁੰਮਣਾ

ਛੋਹਣਾ ਹੈ ਹਵਾ ‘ਚ ਤੈਰਦੀ ਕਿਸੇ ਅਦਿੱਖ ਲਹਿਰ ਨੂੰ

ਕੂਕ ਹੈ ਜਾਂ ਮੇਰੇ ਅੰਦਰ ਹੂਕ, ਜੋ ਵੀ ਹੈ

ਲੜਖੜਾ ਕੇ ਮੇਰੀ ਛੱਤ ‘ਤੇ ਡਿੱਗ ਪਿਆ ਹੈ

ਕੀ ਹੈ ਜੋ ਮੈਨੂੰ ਹਮੇਸ਼ਾ ਖਿੱਚਦਾ ਹੈ ਫਾਟਕ ਤੋਂ ਪਾਰ

ਖ਼ਬਰ ਇਹ ਨਹੀਂ

ਕੋਈ ਆਇਆ

ਖ਼ਬਰ ਇਹ ਵੀ ਨਹੀਂ

ਕਿ ਸਟੇਸ਼ਨ ’ਤੇ ਗੱਡੀ ਰੁਕੀ ਤੇ ਰੱਬ ਉਤਰ ਗਿਆ

ਖ਼ਬਰ ਇਹ ਹੈ

ਕਿ ਮੈਂ ਲੇਟ ਹੋ ਗਿਆ ਹਾਂ

ਗੱਡੀ ਕਿਤੇ ਹੈ ਹੀ ਨਹੀਂ

ਸ਼ਬਦ

ਸ਼ਬਦ ਫਸ ਜਾਂਦੇ ਨੇ

ਦੀਵਾਰਾਂ ਦਰਵਾਜ਼ਿਆਂ ਵਿਚਕਾਰ

ਅੰਨ੍ਹੇ ਸ਼ੀਸ਼ਿਆਂ ਵਿਚਕਾਰ

ਸ਼ਬਦ ਨਾਲ ਚਲਦੀ ਹੈ ਸੱਭਿਅਤਾ

ਸ਼ਬਦਾਂ ਤੇ ਸੱਭਿਅਤਾ ਵਿਚਕਾਰ ਜੋ ਖ਼ਾਲੀ ਜਗ੍ਹਾ ਹੈ

ਉਥੇ ਵੀ ਸ਼ਬਦ ਹੀ ਖੜ੍ਹੇ ਨੇ

ਸ਼ਬਦ

ਜ਼ਿੰਦਗੀ ਭਰ

ਦਰਵਾਜ਼ਾ ਖੋਲ੍ਹਦੇ ਰਹਿੰਦੇ ਹਨ

ਬੰਦ ਕਰਦੇ ਰਹਿੰਦੇ ਹਨ

ਉਹਮੈਨੂੰ ਪਰਿਭਾਸ਼ਿਤ ਕਰਦੇ ਹਨ

ਮੈਂ ਉਸਨੂੰ ਫ਼ੋਨ ਕਰਦਾ ਹਾਂ

ਜਿਸ ਨੂੰ ਮੈਂ ਫ਼ੋਨ ਨਹੀਂ ਕਰਨਾ ਚਾਹੁੰਦਾ

ਮੈਂ ਉਸ ਘਰ ਵਿਚ ਰਹਿੰਦਾ ਹਾਂ

ਜਿਸ ਘਰ ‘ਚ ਮੈਂ ਰਹਿਣਾ ਨਹੀਂ ਚਾਹੁੰਦਾ

ਮੈਂ ਉਸ ਜਿਸਮ ਵਿਚ ਹਾਂ

ਜਿਸ ਵਿਚ ਮੈ ਹੋਣਾ ਨਹੀਂ ਚਾਹੁੰਦਾ

ਮੇਰੇ ਬੂਟ

ਕੱਪੜੇ

ਭਾਸ਼ਾ

ਦੇਹ

ਸਵੇਰ

ਸ਼ਾਮ

ਸਬੰਧ

ਮੈਨੂੰ ਪਰਿਭਾਸ਼ਿਤ ਕਰਦੇ ਹਨ

ਮੇਰੀ ਹੋਂਦ ਨੂੰ ਨਹੀਂ

ਮੈਂ ਹਰ ਲੜਾਈ ‘ਚ

ਸ਼ਾਮਿਲ ਹੁੰਦਾ ਹਾਂ ਤੇ ਹਾਰ ਜਾਂਦਾ ਹੈ

ਦਰਅਸਲ, ਅਸੀਂ ਆਪਣੀ ਧੜਕਣ ਨੂੰ

ਸਹੀ ਮੰਨਦੇ ਫੈਲਦੇ ਤਾਂ ਰਹੇ

ਪਰ ਸੁਣਨ ਤੋਂ ਵਾਂਝੇ ਰਹੇ

ਸੱਚ ਦਾ ਤਲਿਸਮ

ਮੈਨੂੰ ਹੁਣ ਇਥੋਂ ਚਲਾ ਜਾਣਾ ਚਾਹੀਦਾ

ਉਹ ਗੁੰਮ ਚੁੱਕੀ ਹੈ ਆਪਣੇ ਪਿਆਰ ਵਿਚ

ਤੇ ਮੈਂ ਇਸ ਇਕਾਂਤ ਵਿਚ

ਕਿਵੇਂ ਜੀ ਸਕਦਾ ਹਾਂ

ਮੈਂ ਦਰਵਾਜ਼ੇ ‘ਤੇ ਖੜ੍ਹਾ ਉਸ ਹੱਥ ਨੂੰ

ਪਹਿਚਾਨਣ ਦੀ ਪ੍ਰਕਿਰਿਆ ‘ਚ ਹਾਂ ਜੋ ਮੇਰੇ ਹੱਥ ਵਿਚ ਸੀ

ਤੇ ਸਮਾਂ ਨਹੀਂ ਸੀ

ਉਹ ਹਵਾ ਸੀ

ਉਸ ਨੇ ਮੈਨੂੰ ਆਪਣਾ ਪਤਾ ਬਰਫ਼ ਦੱਸਿਆ

ਮੈਂ ਉਸ ਨੂੰ ਚੁੰਮਿਆ

ਤੇ ਓਹ ਉੱਡ ਗਈ

ਗੈਰ-ਹਾਜ਼ਰ ਨੇ ਕੁਝ

ਹਰ ਥਾਂ ਕਿਉਂ ਹਾਜ਼ਰ ਹੁੰਦਾ ਹਾਂ

ਬਰਫ਼ ਨਾਲ ਭਰੇ ਤਲਾਬ ਦੀ

ਛਾਇਆ

ਦਾ ਅਕਸ ਬਣ

ਗੁੰਮ ਹੋ ਜਾਂਦਾ ਹਾਂ

ਪੋਸਟ ਕਾਰਡ ‘ਤੇ ਆਪਣੇ ਆਪ ਨੂੰ ਵੇਖਣ ਦੀ ਲਾਲਸਾ ਅਧੀਨ

ਗੁੰਮ ਚੁੱਕੇ ਆਦਮੀ ਨੂੰ ਭਾਲਣ ਲਈ ਕਿੱਥੇ ਕਿੱਥੇ ਨਹੀਂ ਜਾਂਦਾ

ਜੋ ਹਰ ਥਾਂ ਹਾਜ਼ਰ ਹੁੰਦਾ ਹੈ

ਉਸ ਨੂੰ ਵੇਖਣ ਲਈ

ਕਿਉਂ ਮੈਂ ਗੈਰ-ਹਾਜ਼ਰ ਰਹਿੰਦਾ ਹਾਂ

ਆਖ਼ਰੀ ਕਵਿਤਾ

ਮੈਂ ਤੇਰੀਆਂ ਕਿਤਾਬਾਂ ਦੇ

ਸਫ਼ਿਆਂ ਵਿਚ ਲਿਪਟਿਆ ਮਿਲਿਆ ਹਾਂ

ਸਾਰੀ ਲਾਈਬ੍ਰੇਰੀ ਅੰਤਲੇ ਗਿਆਨ ਨਾਲ ਭਰੀ ਪਈ ਹੈ

ਮੈਂ ਜਿਥੋਂ ਮਿਲਿਆ ਹਾਂ

ਉਥੋਂ ਹੀ ਤੇਰਾ ਤੇ ਮੇਰਾ ਹੱਥ

ਇਕ ਦੂਜੇ ਨਾਲ ਲਿਪਟੇ ਸਨ

ਸਭ ਕੁਝ ਐਨਾ ਆਸਾਨ ਹੁੰਦਾ ਹੈ ਕਿ

ਫਾਂਸੀ ‘ਤੇ ਲਟਕਦੇ ਮਨੁੱਖ ਦੀ ਤਸਵੀਰ

ਬੈਸਟ ਫੋਟੋਗ੍ਰਾਫ਼ ਦਾ ਇਨਾਮ ਜਿੱਤ ਲੈਂਦੀ ਹੈ

ਸ਼ਬਦਾਂ, ਤਸਬੀਹਾਂ, ਨੈਰੇਟਿਵਾਂ ਦੇ ਭੁਕਾਨੇ ਵਿਚ

ਹਵਾ ਭਰੀ ਜਾ ਰਹੀ ਹੈ

ਪਰ ਮੈਂ ਚਾਹੁੰਦਾ ਹਾਂ ਕਿ

ਪਰਦਿਆਂ ਪਿੱਛੇ ਪਿਆ ਲੱਖਾਂ ਸਾਲਾਂ ਦਾ ਸੱਚ ਦਿਖੇ

ਇਸ ਅਨੰਤ ਖ਼ਾਮੋਸ਼ੀ ਸਹਿ-ਸੰਪਾਦਕ ਮੈਂ

ਆਖਰੀ ਸਫ਼ੇ ‘ਤੇ ਲਿਖਣਾ ਚਾਹੁੰਦਾ ਹਾਂ ਉਹ ਅੱਖਰ

ਜੋ ਇਸ ਕਿਤਾਬ ‘ਚ ਨਹੀਂ ਹੈ

Leave a comment