shabadspace.com

ਸ਼ਬਦ ਸਪੇਸ

ਭਾਸ਼ਾ  ਸਾਹਿਤ  ਕਲਾ  ਕਲਚਰ

ਖੂਬਸੂਰਤ ਪੰਜਾਬੀ ਫੌਂਟਾਂ ਦਾ ਬ੍ਰਿਟਿਸ਼ ਰਚੈਤਾ

ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਕਿਤਾਬਾਂ ਦੇ ਟਾਈਟਲਾਂ, ਪੰਜਾਬੀ ਫਿਲਮਾਂ ਦੇ ਪੋਸਟਰਾਂ ਅਤੇ ਹੋਰ ਬਹੁਤ ਸਾਰੀਆਂ ਥਾਵਾਂ ਤੇ ਵਰਤੇ ਜਾਂਦੇ ਪੰਜਾਬੀ ਫੌਂਟ ਬ੍ਰਿਟਿਸ਼ ਆਰਟਿਸਟ ਪੌਲ ਐਲਨ ਗਰਾਸ ਦੁਆਰਾ ਤਿਆਰ ਕੀਤੇ ਗਏ ਹਨ। ਉਸ ਨੇ ਇਕੱਲੇ ਨੇ ਜਿੰਨਾ ਕੰਮ ਕੀਤਾ ਹੈ, ਉਸ ਬਦਲੇ ਉਹ ਕਿਸੇ ਪੰਜਾਬੀ ਅਦਾਰਿਆਂ ਦੁਆਰਾ ਵੱਡੇ ਸਨਮਾਨ ਦਾ ਹੱਕਦਾਰ ਹੈ

ਕੁੱਝ ਸਾਲ ਪਹਿਲਾਂ ਪੰਜਾਬੀ ਭਾਸ਼ਾ ਵਿਚ ਕੋਈ ਡਿਜਟਲ ਡਿਜ਼ਾਇਨ ਤਿਆਰ ਕਰਨ ਵਾਲੇ ਡਿਜ਼ਾਇਨਰ ਇਹ ਸ਼ਿਕਾਇਤ ਕਰਦੇ ਸਨ ਕਿ ਪੰਜਾਬੀ ਵਿਚ ਖੂਬਸੂਰਤ ਡਿਜ਼ਾਇਨਰ ਫੌਂਟਾਂ ਦੀ ਬੜੀ ਕਮੀ ਹੈ। ਸਿਰਫ ਕੁੱਝ ਕੁ ਸਿੱਧੇ ਜਿਹੇ ਫੌਂਟ ਹਨ, ਜਿਹੜੇ ਹਰ ਪਾਸੇ ਵਰਤੇ ਜਾਂਦੇ ਸਨ ਜਾਂ ਕਈ ਆਰਟਿਸਟ ਕੋਈ ਪੰਜਾਬੀ ਡਿਜ਼ਾਇਨ ਬਣਾਉਣ ਲਈ ਖੁਦ ਅੱਖਰਾਂ ਨਾਲ ਛੇੜਛਾੜ ਕਰਦੇ ਸਨ ਅਤੇ ਉਨ੍ਹਾਂ ਨੂੰ ਕੋਈ ਕਲਾਤਮਕ ਛੋਹ ਦੇਣ ਦੀ ਕੋਸ਼ਿਸ਼ ਕਰਦੇ ਸਨ। ਜ਼ਿਆਦਾਤਰ ਡਿਜ਼ਾਇਨਰ ਹੱਥ ਨਾਲ ਪੰਜਾਬੀ ਕਿਤਾਬਾਂ ਦੇ ਕਵਰਾਂ ਅਤੇ ਪੋਸਟਰਾਂ ਤੇ ਗੁਰਮੁਖੀ ਅੱਖਰ ਲਿਖਦੇ ਸਨ। ਇਹ ਹਾਲਾਤ ਕੁੱਝ ਸਮਾਂ ਪਹਿਲਾਂ ਬਦਲਣੇ ਸ਼ੁਰੂ ਹੋ ਗਏ ਅਤੇ ਸੈਂਕੜੇ ਦੀ ਗਿਣਤੀ ਵਿਚ ਨਵੇਂ ਡਿਜ਼ਾਇਨਰ ਪੰਜਾਬੀ ਫੌਂਟ ਸਾਹਮਣੇ ਆਏ, ਜਿਨ੍ਹਾਂ ਦੀ ਨਾਂ ਸਿਰਫ ਦਿੱਖ ਖੂਬਸੂਰਤ ਸੀ ਬਲਕਿ ਇਨ੍ਹਾਂ ਦੇ ਨਾਂ ਵੀ ਬੜੇ ਰੌਚਕ ਸਨ। ਬਹੁਤ ਸਾਰੇ ਡਿਜ਼ਾਇਨਰਾਂ ਦੇ ਇਹ ਫੌਂਟ ਡਾਊਨਲੋਡ ਕੀਤੇ ਤੇ ਵਰਤਣੇ ਸ਼ੁਰੂ ਕਰ ਦਿੱਤੇ।

ਹੈਰਾਨੀ ਦੀ ਗੱਲ ਹੈ ਕਿ ਸਾਰੇ ਫੌਂਟ ਪੰਜਾਬ ਦੇ ਕਿਸੇ ਆਰਟਿਸਟ ਨੇ ਨਹੀਂ, ਬਲਕਿ ਯੂਕੇ ਵਿਚ ਰਹਿਣ ਵਾਲੇ ਇਕ ਆਰਟਿਸਟ ਪੌਲ ਐਲਨ ਗਰੌਜ਼ (Paul Alan Grosse) ਨੇ ਬਣਾਏ ਸਨ। ਪੰਜਾਬੀ ਭਾਸ਼ਾ ਜਗਤ ਵਿਚ ਬਹੁਤ ਥੋੜ੍ਹੇ ਲੋਕਾਂ  ਨੂੰ ਪੌਲ ਦੇ ਇਸ ਯੋਗਦਾਨ ਦੀ ਜਾਣਕਾਰੀ ਹੈ। ਉਸ ਨੇ ਜਿੰਨਾ ਕੰਮ ਕੀਤਾ ਹੈ, ਉਹ ਅੱਜ ਹਰ ਪਾਸੇ ਨਜ਼ਰ ਆਉਂਦਾ ਹੈ—ਪੰਜਾਬੀ ਕਿਤਾਬਾਂ ਦੇ ਟਾਈਟਲ, ਪੰਜਾਬੀ ਫਿਲਮਾਂ ਦੇ ਪੋਸਟਰ, ਪੰਜਾਬੀ ਐਡਜ਼ ਅਤੇ ਹੋਰ ਬਹੁਤ ਸਾਰੀਆਂ ਥਾਵਾਂ ਤੇ। ਪਰ ਇਨ੍ਹਾਂ ਖੂਬਸੂਰਤ ਫੌਂਟਾਂ ਪਿੱਛੇ ਜੋ ਸਖਸ਼ੀਅਤ ਹੈ, ਉਸ ਬਾਰੇ ਜ਼ਿਆਦਾਤਰ ਨੂੰ ਨਹੀਂ ਪਤਾ।

ਪੌਲ ਦਾ ਜਨਮ 1960 ਵਿਚ ਡਰਬੀ, ਇੰਗਲੈਂਡ ਵਿਚ ਹੋਇਆ ਅਤੇ ਕਈ ਸਾਲ ਉਹ ਸਿਟੀ ਔਫ ਡਰਬੀ ਵਿਚ ਪੇਵਮੈਂਟ ਆਰਟਿਸਟ ਵਜੋਂ ਕੰਮ ਕਰਦਾ ਰਿਹਾ। ਕੁੱਝ ਸਾਲ ਪਹਿਲਾਂ ਉਸ ਨੂੰ ਪੰਜਾਬੀ ਫੌਂਟ ਬਣਾਉਣ ਦਾ ਸ਼ੌਕ ਪੈਦਾ ਹੋ ਗਿਆ ਅਤੇ ਉਸ ਨੇ ਸੈਂਕੜੇ ਦੀ ਗਿਣਤੀ ਵਿਚ ਅਜਿਹੇ ਫੌਂਟ ਬਣਾਉਣੇ ਸ਼ੁਰੂ ਕਰ ਦਿੱਤੇ ਜੋ ਉਸ ਦੀ ਵੈਬਸਾਈਟ ਤੇ ਮੁਫ਼ਤ ਉਪਬਲਧ ਹਨ। ਇਸ ਤੋਂ ਬਾਦ ਉਹ ਆਪਣੇ ਦੂਸਰੇ ਆਰਟ ਵਰਕ ਵਿਚ ਰੁਝ ਗਿਆ।

ਉਸਦੀ ਸਾਇਟ ਤੇ 49 ਵੱਖ ਵੱਖ ਵਰਗਾਂ ਵਿਚ 304 ਫੌਂਟ ਹਨ। ਆਪਣੀ ਸਾਈਟ ਤੇ ਉਹ ਇਨ੍ਹਾਂ ਫੌਂਟਾਂ ਨੂੰ ਸਮੇਂ-ਸਮੇਂ ਅਪਡੇਟ ਵੀ ਕਰਦਾ ਰਹਿੰਦਾ ਹੈ। ਹੁਣ ਉਸ ਨੇ ਆਪਣੀ ਸਾਈਟ ਤੇ ਇਨ੍ਹਾਂ ਫੌਂਟਾਂ ਵਾਸਤੇ ਕੁੱਝ ਪੈਸੇ ਲੈਣੇ ਸ਼ੁਰੂ ਕਰ ਦਿੱਤੇ ਹਨ, ਜਿਹੜਾ ਕਿ ਉਸ ਦੇ ਮਿਸਾਲੀ ਕੰਮ ਦਾ ਵਾਜਬ ਮਿਹਨਤਾਨਾ ਹੈ।

ਉਸਦੇ ਇਹ ਫੌਂਟਾਂ ਦੇ ਕਈ ਮਿਲੀਅਨ ਡਾਊਨਲੋਡ ਹੋ ਚੁੱਕੇ ਹਨ।

ਇਨ੍ਹਾਂ ਫੌਂਟਾਂ ਦੇ ਨਾਂ ਵੀ ਬੜੇ ਦਿਲਚਸਪ ਹਨ, ਜਿਵੇਂ ਧੋਬੀ, ਮਾਨਸਾ, ਭੋਜਨਸ਼ਾਲਾ, ਠੀਕਰੀਵਾਲਾ, ਮੋਡੇਰਾ, ਦਵਾਰਕਾ, ਗੁਬਾਰਾ, ਬੁਲਾਰਾ, ਦੇਖੋ, ਰਾਜਾ, ਅਧਿਆਪਕ ਆਦਿ।

ਜਿੰਨਾ ਕੰਮ ਇਕੱਲੇ ਪੌਲ ਨੇ ਪੰਜਾਬੀ ਫੌਟਾਂ ਦੇ ਡਿਜ਼ਾਇਨ ਦੇ ਪੱਖ ਤੋਂ ਕੀਤਾ ਹੈ, ਉਸ ਲਈ ਉਹ ਕਿਸੇ ਵੱਡੇ ਪੰਜਾਬੀ ਸਨਮਾਨ ਦਾ ਹੱਕਦਾਰ ਹੈ।

ਉਸਦੇ ਫੌਂਟ ਉਸਦੀ ਵੈਬਸਾਈਟ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ:

http://www.billie.grosse.is-a-geek.com/resources-03.html

Leave a comment