shabadspace.com

ਸ਼ਬਦ ਸਪੇਸ

ਭਾਸ਼ਾ  ਸਾਹਿਤ  ਕਲਾ  ਕਲਚਰ

ਲੇਖਕ ਕਿਵੇਂ ਕਰਦੇ ਹਨ ਸਾਹਿਤ ਦੀ ਰਚਨਾ

ਸਾਹਿਤ ਰਚਨਾ ਜਾਂ ਕੋਈ ਵੀ ਕਲਾ ਸਿਰਜਣਾ ਇਕ ਰਹੱਸ ਹੈ। ਕਿਸੇ ਵੀ ਕਵਿਤਾ, ਕਹਾਣੀ, ਪੇਟਿੰਗ ਜਾਂ ਧੁਨ ਦਾ ਖਿਆਲ ਕਿਸੇ ਲੇਖਕ ਜਾਂ ਕਲਾਕਾਰ ਨੂੰ ਕਿਵੇਂ ਆਉਂਦਾ ਹੈ, ਇਸ ਬਾਰੇ ਸ਼ਾਇਦ ਕੋਈ ਨਿਸ਼ਚਿਤ ਉਤਰ ਨਹੀਂ ਦਿੱਤਾ ਜਾ ਸਕਦਾ। ਬਹੁਤ ਸਾਰੇ ਲੇਖਕਾਂ ਜਾਂ ਕਲਾਕਾਰਾਂ ਨੇ ਆਪਣੇ ਅਨੁਭਵ ਦੇ ਅਧਾਰ ਤੇ ਇਸ ਪ੍ਰਕਿਰਿਆ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਇਸ ਲੇਖ ਵਿਚ ਜਾਣੇ-ਪਛਾਣੇ ਪੰਜਾਬੀ ਕਵੀ/ਚਿੰਤਕ ਅਜਮੇਰ ਰੋਡੇ ਨੇ ਆਪਣੀ ਰਚਨਾ ਪ੍ਰਕਿਰਿਆ ਦੇ ਹਵਾਲੇ ਨਾਲ ਕਿਸੇ ਵੀ ਰਚਨਾਕਾਰ ਦੀ ਰਚਨਾ ਪ੍ਰਕਿਰਿਆ ਦੇ ਕੁੱਝ ਭੇਤਾਂ ਨੂੰ ਬਿਆਨਿਆ ਹੈ।

ਅਜਮੇਰ ਰੋਡੇ

ਸਾਹਿਤ ਸਿਰਜਨਾ ਦਾ ਮੂਲ ਸ੍ਰੋਤ ਅਨੁਭਵ ਹੈ। ਅਨੁਭਵ ਦਾ ਅਰਥ ਹੈ ਮਨੁਖੀ ਮਨ ਦਾ ਕਿਸੇ ਹੋਂਦ ਤੇ ਕੇਂਦਰਤ ਹੋ ਜਾਣਾ ਜਾਂ ਉਸ ਨਾਲ ਇਕਮਿੱਕ ਹੋ ਜਾਣਾ (ਅਨ+ਭਵ)। ਕੋਈ ਵੀ ਵਸਤੂ, ਵਿਚਾਰ, ਵਰਤਾਰਾ, ਦੁਖਸੁਖ, ਵੇਦਨਾ, ਸੰਵੇਦਨਾ, ਅਨੁਭਵ ਨੂੰ ਜਨਮ ਦੇ ਸਕਦੀ ਹੈ। ਇਸ ਅਨੁਭਵ ਦਾ ਪ੍ਰਭਾਵ ਥੋੜ੍ਹਚਰਿਾ ਵੀ ਹੋ ਸਕਦਾ ਹੈ ਅਤੇ ਲੰਮੇ ਸਮੇਂ ਲਈ ਵੀ, ਸਤ੍ਹਈ ਵੀ ਤੇ ਡੂੰਘਾ ਵੀ। ਅਨੁਭਵ ਸਾਰੇ ਸੁਚੇਤ ਵਿਅਕਤੀ ਕਰਦੇ ਹਨ ਪਰ ਇਕ ਸੰਵੇਦਨਸ਼ੀਲ ਜਾਂ ਕਲਾਕਾਰ ਮਨ ਲਈ ਇਹ ਅਨੁਭਵ ਕਾਵਿਕ ਕਿਸਮ ਦਾ ਵੀ ਹੋ ਸਕਦਾ ਹੈ ਜਿਸ ਵਿਚੋਂ ਰਹੱਸ ਦਾ ਅਹਸਿਾਸ ਹੁੰਦਾ ਹੈ, ਸੌਂਦਰਯ ਝਲਕਦੀ ਹੈ, ਰਿਦਮ ਮਹਿਸੂਸ ਹੁੰਦਾ ਹੈ। ਮਨ ਭਾਵੁਕ ਹੋ ਜਾਂਦਾ ਹੈ। ਜੇ ਇਸ ਭਾਵਨਾ ਨੂੰ ਦੂਸਰਿਆਂ ਨਾਲ ਸਾਂਝਾ ਕਰਨ ਦੀ ਪ੍ਰੇਰਨਾ ਉਤਪੰਨ ਹੋ ਜਾਵੇ ਤਾਂ ਕਲਾਕਾਰ ਮਨ ਸਿਰਜਣਾਤਮਕ ਰੌਂਅ ਵਿਚ ਆ ਜਾਂਦਾ ਹੈ ਤੇ ਇਸ ਅਨੁਭਵ ਨੂੰ ਕਲਾ ਰਾਹੀਂ ਕੋਈ ਸਾਕਾਰ ਰੂਪ ਦੇ ਸਕਦਾ ਹੈ: ਕੋਈ ਮੂਰਤ, ਮੂਰਤੀ, ਕਵਿਤਾ, ਕਥਾ, ਨਾਟਕ, ਵਾਰਤਾ ਕੁਝ ਵੀ। ਵਾਸਤਵ ਵਿੱਚ ਇਹਨਾਂ ਕਲਾ ਰੂਪਾਂ ਰਾਹੀਂ ਕਲਾਕਾਰ ਆਪਣੇ ਅਨੁਭਵ ਦੀ ਪੁਨਰ ਸਿਰਜਨਾ ਕਰ ਰਿਹਾ ਹੁੰਦਾ ਹੈ। ਪਰ ਹਰ ਅਨੁਭਵ ਜੋ ਤੁਹਾਨੂੰ ਭਾਵੁਕ ਕਰ ਦਿੰਦਾ ਹੈ, ਜਰੂਰੀ ਨਹੀਂ ਸਿਰਜਨਾ ਦਾ ਰੂਪ ਬਣ ਜਾਵੇ।

ਵਧੀਆ ਸਿਰਜਨਾ ਵਿੱਚ ਕੁਝ ਨਾ ਕੁਝ ਨਵਾਂ ਹੋਣਾ ਆਵੱਸ਼ਕ ਹੈ: ਅਨੁਬੋਧ (perception) ਪੱਖੋਂ, ਸੰਕਲਪ ਪੱਖੋਂ, ਸੰਰਚਨਾ ਜਾਂ ਪ੍ਰਗਟਾਓ ਦੀ ਤਕਨੀਕ ਜਾਂ ਕਿਸੇ ਹੋਰ ਪੱਖੋਂ। ਇਕ ਕਵੀ ਸਮਾਜ ਵੱਲੋਂ ਦੁਰਕਾਰੀ ਜਾਂ ਕਿਸੇ ਨਿਰਾਸ਼ਾ ਨਾਲ ਪੀੜਤ ਕੁੜੀ ਦੀ ਵੇਦਨਾ ਅਨੁਭਵ ਕਰਦਾ ਹੈ ਅਤੇ ਉਸ ਬਾਰੇ ਲਿਖਦਾ ਹੈ: “ਮੈਂ ਕੰਡਿਆਲੀ ਝਾੜੀ ਸੱਜਣਾ ਉੱਗੀ ਵਿੱਚ ਉਜਾੜਾਂ”। ਇਸ ਸਤਰ ਵਿੱਚ ਮਨ ਨੂੰ ਹਲੂਣ ਦੇਣ ਵਾਲਾ ਰੂਪਕ ਅਤੇ ਪ੍ਰਗਟਾਓ ਹੈ ਪਰ ਇਸਨੂੰ ਪੜ੍ਹ ਕੇ ਕੋਈ ਵੀ ਹਲੂਣਿਆ ਨਹੀਂ ਜਾਵੇਗਾ ਕਿਉਂਕਿ ਇਹ ਪਹਿਲਾਂ ਲਿਖੀ ਜਾ ਚੁੱਕੀ ਸ਼ਿਵ ਕੁਮਾਰ ਦੀ ਪ੍ਰਸਿੱਧ ਕਵਿਤਾ ਦੀ ਨਕਲ ਹੈ। ਇਸ ਵਿਚ ਕਵੀ ਨੇ ਕੁੜੀ ਦਾ ਦਰਦ ਤਾਂ ਅਨੁਭਵ ਕੀਤਾ ਹੈ ਪਰ ਦਰਦ ਨੂੰ ਕਾਵਿ ਰੂਪ ਦੇਣ ਲਈ ਨਵਾਂ ਜਾਂ ਸੱਜਰਾ ਕੁਝ ਨਹੀਂ ਸਿਰਜਿਆ ਸਿਵਾਏ ਸ਼ਬਦ ਥੋਹਰ ਨੂੰ ਝਾੜੀ ਵਿਚ ਬਦਲਣ ਦੇ।

ਕਿਸੇ ਰਚਨਾ ਵਿੱਚ ਨਵਾਂ ਜਾਂ ਸੱਜਰਾਪਨ ਹੀ ਇਸਨੂੰ ਸਿਰਜਣਾਤਮਿਕ ਬਣਾਉਂਦਾ ਹੈ। ਸਿਰਜਣਾਤਮਿਕ ਰਚਨਾ ਲਈ ਅਨੁਭਵ ਅਤੇ ਪ੍ਰੇਰਨਾ ਦੇ ਸੋਮੇਂ ਅਮੁੱਕ ਹਨ: ਹਰ ਵਸਤ ਹਰ ਵਰਤਾਰਾ ਹਰ ਭਾਵੁਕ ਤਰੰਗ ਪ੍ਰਕਰਿਤੀ ਦੇ ਅਨੰਤ ਪਾਸਾਰ ਵਿੱਚ ਇਕ ਦੂਸਰੇ ਨਾਲ ਜੁੜੀ ਹੋਈ ਹੈ। ਪਰ ਇਹਨਾਂ ਅਨੰਤ ਸੋਮਿਆਂ ਤੱਕ ਪਹੁੰਚਿਆ ਕਿਵੇਂ ਜਾਵੇ। ਇਸਦਾ ਇਕ ਰਾਹ ਤਾਂ ਹੈ ਸਾਧਾਰਨ ਵਿਚੋਂ ਅਸਾਧਾਰਨ ਨੂੰ ਵੇਖਣਾ।

ਆਹ ਮੇਰੇ ਸਾਹਮਣੇ ਮੇਜ਼ ਪਿਆ ਹੈ। ਅਤਿ ਸਾਧਾਰਨ ਜਿਹੀ ਸ਼ੈਅ ਹੈ। ਮੇਰਾ ਧਿਆਨ ਇਸ ਤੇ ਟਿਕ ਜਾਂਦਾ ਹੈ। ਮੇਜ਼ ਲੱਕੜੀ ਤੋਂ ਬਣਿਆ ਹੈ, ਲੱਕੜੀ ਕਿਸੇ ਬਿਰਖ ਤੋਂ ਆਈ ਹੈ,  ਬਿਰਖ ਉਤੇ ਅਨੇਕਾਂ ਨਿੱਕੇ ਨਿੱਕੇ ਜੀਵ ਜਨਮ ਲੈਂਦੇ ਤੇ ਉਮਰ ਭੋਗ ਕੇ ਤੁਰ ਜਾਂਦੇ ਹਨ। ਸੰਭਵ ਹੈ ਉਸ ਬਿਰਖ ਤੇ ਕਿਸੇ ਪੰਛੀ ਦਾ ਆਹਲਣਾ ਹੋਵੇ, ਆਹਲਣੇ ਵਿਚ ਅੰਡੇ ਹੋਣ, ਅੰਡਿਆਂ ਚੋਂ ਚੂਚੇ ਨਿਕਲਣ ਦੇ ਪੰਛੀ ਨੇ ਸੁਪਨੇ ਲਏ ਹੋਣ, ਪਰ ਅੰਡਿਆਂ ਚੋਂ ਬੋਟ ਨਿਕਲਣ ਤੋਂ ਪਹਿਲਾਂ ਹੀ ਸੰਭਵ ਹੈ ਕੋਈ ਹੋਰ ਭੁੱਖਾ ਪੰਛੀ ਅੰਡੇ ਪੀ ਗਿਆ ਹੋਵੇ ਤੇ ਮਾਂ-ਪੰਛੀ ਦੇ ਸੁਪਨੇ ਉਸ ਬਿਰਖ ਦੇ ਤਣੇ ਵਿੱਚ ਹੀ ਜੰਮ ਗਏ ਹੋਣ, ਸੰਭਵ ਹੈ ਪੰਛੀ ਦੇ ਉਹ ਸੁਪਨੇ ਇਸ ਮੇਜ਼ ਦੇ ਕਿਸੇ ਕੋਨੇ ਵਿੱਚ ਜੰਮੇ ਪਏ ਹੋਣ। ਜਿਵੇਂ ਕਿਸੇ ਭੱਠੇ ਤੇ ਇਟਾਂ ਥਪਦੀ ਮਜ਼ਦੂਰ-ਮਾਂ ਦੇ ਸੁਪਨੇ ਇਟਾਂ ਵਿੱਚ ਹੀ ਜੰਮ ਜਾਣ ਤੇ ਫੇਰ ਇੱਟਾਂ ਪੱਕਾਉਣ ਵਾਲੀ ਅੱਗ ਵਿੱਚ ਜਾ ਪੈਣ। ਇਹ ਕਲਪਨਾ ਕਰਦਾ ਕਰਦਾ ਸੰਭਵ ਹੈ ਮੈਂ ਭਾਵੁਕ ਹੋ ਜਾਵਾਂ, ਮੇਰੇ ਭਾਵ ਕਵਿਤਾ ਦਾ ਰੂਪ ਧਾਰ ਲੈਣ ਜਾਂ ਕਿਸੇ ਨਾਟਕ ਨੂੰ ਜਨਮ ਦੇ ਦੇਣ ਜਿਸ ਵਿੱਚ ਕੋਈ ਗਰਭਵਤੀ ਮਜ਼ਦੂਰਨ ਇੱਟਾਂ ਥੱਪ ਰਹੀ ਹੋਵੇ ਇੱਟ ਵਿੱਚੋਂ ਉਸਨੂੰ ਆਪਣੇ ਹੋਣ ਵਾਲੇ ਬੱਚੇ ਦਾ ਮੂੰਹ ਦਿਸ ਪਵੇ। ਗੱਲ ਮੇਜ਼ ਤੋਂ ਤੁਰ ਕੇ ਕਿੱਥੇ ਦੀ ਕਿੱਥੇ ਪਹੁੰਚ ਗਈ। ਹਰ ਨਿੱਕੀ ਵਡੀ ਹੋਂਦ ਸਿਰਜਣਾ ਦਾ ਸੋਮਾ ਹੈ। ਹੁਣ ਮੈਂ ਸੁਭਾਵਕ ਹੀ ਇਕ ਬਾਰੀ ਚੋਂ ਬਾਹਰ ਝਾਕਦਾ ਹਾਂ। ਇਹ ਬਾਰੀ ਮੇਰੇ ਭੂਤ ਵਿੱਚ ਨੂੰ ਖੁਲ੍ਹੀ ਹੈ ਜਾਂ ਭਵਿੱਖ ਵਿੱਚ ? ਸ਼ਾਇਦ ਭੂਤ ਵਿੱਚ ਖੁਲ੍ਹੀ ਹੈ ਜਿਸ ਵਿੱਚ ਖੱਟੀਆਂ ਮਿੱਠੀਆ ਯਾਦਾਂ ਹਨ, ਰਾਹ ਹਨ, ਜਿਨ੍ਹਾਂ ਰਾਹਾਂ ਤੇ ਪੈਰਾਂ ਨੇ ਤੁਰਨਾ ਸੀ ਪਰ ਤੁਰੇ ਨਹੀਂ,  ਸੁਪਨੇ ਹਨ ਜੋ ਪੂਰੇ ਨਹੀਂ ਹੋਏ। ਮੈਂ ਅਧੂਰੇ ਸੁਪਨਆਿਂ ਨੂੰ ਲਿਖਣ ਬਾਰੇ ਸੋਚਦਾ ਹਾਂ ਜਦੋਂ ਬਾਰੀ ਹਵਾ ਦੇ ਝੋਂਕੇ ਨਾਲ ਬੰਦ ਹੋ ਜਾਂਦੀ ਹੈ,  ਮੈਂ ਵਾਪਸ ਵਰਤਮਾਨ ਵਿੱਚ ਆ ਜਾਂਦਾ ਹਾਂ। ਸੰਸਾਰ ਦੀ ਹੋਂਦ ਦਾ ਹਰ ਨਿੱਕਾ ਵੱਡਾ ਰੂਪ ਇਕ ਦੂਸਰੇ ਨਾਲ ਜੁੜਿਆ ਹੋਇਆ ਹੈ ਅਤੇ ਅਨੰਤ ਤੱਕ ਫੈਲ ਜਾਂਦਾ ਹੈ,  ਇਸ ਤਰ੍ਹਾਂ ਲੇਖਕ ਲਈ ਸਿਰਜਨਾ ਦੀਆਂ ਸੰਭਾਵਨਾਵਾਂ ਵੀ ਅਨੰਤ ਹਨ ਕੇਵਲ ਵੇਖਣ ਵਾਲੀ ਅੱਖ ਜਗਿਆਸੂ ਚਾਹੀਦੀ ਹੈ, ਕਲਪਨਾ ਦੀ ਉਡਾਰੀ ਤੇ ਭਾਵਾਂ ਵਿੱਚ ਡੁੱਬਣ ਤਰਨ ਦੀ ਇੱਛਾ ਚਾਹੀਦੀ ਹੈ। ਹਰ ਦਿਸਾ ਵਿੱਚ ਸਿਰਜਣਾ ਦਾ ਕੋਈ ਨਾ ਕੋਈ ਸੋਮਾਂ ਤੁਹਾਨੂੰ ਆਵਾਜ ਦੇ ਰਿਹਾ ਹੈ, ਜੇ ਤੁਹਾਡੀ ਕਲਪਨਾ ਨਵੀਂ ਦਿਸ਼ਾ ਵੱਲ ਉਡਾਰੀਆਂ ਭਰਨ ਨੂੰ ਤਤਪਰ ਹੋਵੇ।

ਪਰ ਮੌਲਿਕ ਸਾਹਿਤ ਸਿਰਜਨਾ ਕੇਵਲ ਸਾਧਾਰਨਤਾ ਚੋਂ ਅਸਧਾਰਨਤਾ ਵੇਖ ਕੇ ਜਾਂ ਨਵੇਂ ਵਿਸ਼ੇ ਲੱਭ ਕੇ ਹੀ ਨਹੀਂ ਕੀਤੀ ਜਾਂਦੀ। ਪ੍ਰਚਲਤ ਵਿਸ਼ਿਆਂ ਨੂੰ ਨਵੀਂ ਦ੍ਰਿਸ਼ਟੀ ਨਾਲ ਵੇਖ ਕੇ ਵੀ ਕੀਤੀ ਜਾਂਦੀ ਹੈ। ਸੱਚ ਤਾਂ ਇਹ ਹੈ ਕ ਬਹੁਤੀ ਰਚਨਾ ਪ੍ਰਚਲਤ ਵਿਸ਼ੇ ਜਾਂ ਵਿਚਾਰ ਨੂੰ ਨਵਾਂ ਰੂਪ ਦੇ ਕੇ, ਕੋਈ ਨਵਾਂ ਮੋੜ ਦੇ ਕੇ, ਪ੍ਰਗਟਾਅ ਦੀ ਨਵੀਂ ਸ਼ੈਲੀ ਘੜ ਕੇ ਹੀ ਕੀਤੀ ਜਾਂਦੀ ਹੈ। ਮਹਾਨ ਲੇਖਕਾਂ ਦੀਆਂ ਵੀ ਬਹੁਤੀਆਂ ਰਚਨਾਵਾਂ ਇਸੇ ਤਰ੍ਹਾਂ ਹੋਈਆਂ ਹਨ। ਭਾਰਤ ਦੇ ਨਕਸ਼ੇ  ਦੀ ਗੱਲ ਕਰੀਏ ਤਾਂ ਆਮ ਲੋਕ ਅਤੇ ਲੇਖਕ ਸਦੀਆਂ ਤੋਂ ਉਸਨੂੰ ਦੇਖਦੇ ਆਏ ਹਨ ਪਰ ਜਦੋਂ ਪੰਜਾਬੀ ਕਵੀ ਪਾਸ਼ ਨੇ ਵੇਖਿਆ ਤਾਂ ਉਹਨੂੰ ਭਾਰਤ ਏਸ਼ੀਆ ਦੀ ਪੂਛ ਬਣ ਕੇ ਲਟਕਦਾ ਦਿਸਿਆ। ਭਾਰਤ ਦਾ ਇਹ ਬਿੰਬ ਪਹਿਲਾਂ ਕਿਸੇ ਸ਼ਾਇਰ ਨੂੰ ਨਹੀਂ ਸੀ ਸੁੱਝਿਆ। ਕਾਮਾਗਾਟਾਮਾਰੂ ਹਾਦਸੇ ਦੀ ਗੱਲ ਕਰੀਏ ਤਾਂ ਪੰਜਾਬੀ ਕਲਾਕਾਰਾਂ ਅਤੇ ਨਾਟਕਕਾਰਾਂ ਨੇ, ਸਣੇ ਮੇਰੇ,  ਉਸਨੂੰ ਇਤਹਿਾਸਕ ਪਰਿਪੇਖ ਵਿੱਚ ਹੀ ਵੇਖਿਆ ਤੇ ਉਸ ਬਾਰੇ ਲਿਖਿਆ। ਇਤਿਹਾਸਕ ਪਰਿਪੇਖ ਪ੍ਰਤੱਖ ਸੀ। ਪਰ ਜਦੋਂ ਕੈਨੇਡਾ ਦੀ ਇੰਗਲਸ਼ਿ ਨਾਟਕਕਾਰ ਸ਼ੈਰਨ ਪੋਲਕ ਨੇ ਕਾਮਾਗਾਟਾਮਾਰੂ ਦੀ ਟ੍ਰੈਜਡਿੀ ਨੂੰ ਅਨੁਭਵ ਕੀਤਾ ਤੇ ਉਸ ਨਾਲ ਸੰਬੰਧਤ ਆਪਣੇ ਦੇਸ਼ ਦੇ ਪੌਲਿਟੀਸ਼ਨਾਂ ਅਤੇ ਅਫਸਰਾਂ ਦਾ ਘਿਨਾਉਣਾ ਵਤੀਰਾ ਦੇਖਿਆ ਤਾਂ ਉਸਨੇ ਇਸ ਵਤੀਰੇ ਨੂੰ ਉਜਾਗਰ ਕਰਨ ਲਈ ਨਾਟਕ ਨੂੰ ਇਕ ਨਵੇਂ ਪਹਿਲੂ ਤੋਂ ਲਿਖਿਆ। ਨਾਟਕ ਨੂੰ ਵੈਨਕੂਵਰ ਦੇ ਇਕ ਵੇਸਵਾ ਘਰ ਦੀ ਸੈਟਿੰਗ ਵਿੱਚ ਵਾਪਰਦੇ ਵਿਖਾਇਆ। ਕਨੇਡੀਅਨ ਅਫਸਰ ਵੇਸਵਾਘਰ ਵਿੱਚ ਬੈਠ ਕੇ, ਵੇਸਵਾਵਾਂ ਨਾਲ ਵਿਚਰਦੇ ਹੋਏ ਕਾਮਾਗਾਟਾਮਾਰੂ ਵਰਗੇ ਟ੍ਰੈਜਿਕ ਮਸਲੇ ਬਾਰੇ ਵਚਿਾਰ ਵਟਾਂਦਰੇ ਕਰਦੇ ਹਨ। ਇਹ ਗੱਲ ਸ਼ਾਇਦ ਇਤਿਹਾਸਕ ਨਹੀਂ ਪਰ ਸੰਭਵ ਹੈ। ਅਤੇ ਇਹ ਸੰਭਾਵਨਾ ਹੀ ਹੈ ਜੋ ਕਲਾ ਦੀਆਂ ਮਹਾਨ ਕਿਰਤਾਂ ਨੂੰ ਜਨਮ ਦਿੰਦੀ ਹੈ। ਯੂਨਾਨੀ ਦਾਰਸ਼ਨਿਕ ਅਰਸਤੂ ਆਪਣੀ ਕਲਾਸਕਿ ਕਿਰਤ, ਪੋਇਟਿਕਸ ਵਿੱਚ ਕਵਿਤਾ ਨੂੰ ਇਤਹਿਾਸ ਦੇ ਮੁਕਾਬਲੇ ਇਸੇ ਲਈ ਉਤਮ ਕਹਿੰਦਾ ਹੈ ਕਿ ਕਵਿਤਾ ਵਿੱਚ ਸੰਭਾਵਨਾ ਹੈ, ਇਤਿਹਾਸ ਵਿੱਚ ਸੰਭਾਵਨਾ ਲਈ ਕੋਈ ਥਾਂ ਨਹੀਂ। ਅਰਸਤੂ ਸਮੇਂ ਕਵਿਤਾ ਅਤੇ ਨਾਟਕ ਸਮਰੂਪ ਸਮਝੇ ਜਾਂਦੇ ਸਨ।

ਇਸੇ ਤਰ੍ਹਾਂ ਯੁੱਧ ਦੀ ਗੱਲ ਕਰੀਏ ਤਾਂ ਯੁੱਧ ਬਾਰੇ ਅਨੇਕਾਂ ਕਵਿਤਾਵਾਂ, ਕਹਾਣੀਆਂ, ਨਾਟਕ ਲਿਖੇ ਗਏ ਹਨ ਜਿਨ੍ਹਾਂ ਵਿੱਚ ਅਕਸਰ ਯੁਧ ਦੀ ਭਿਅੰਕਰਤ, ਲਾਸ਼ਾਂ ਦੇ ਢੇਰ,  ਬੇਦੋਸ਼ੇ ਲੋਕਾਂ ਦੇ ਦੁਖ ਦਰਦ ਬਿਆਨ ਕੀਤੇ ਹੁੰਦੇ ਹਨ। ਮੈਂ ਤੁਹਾਡੇ ਨਾਲ ਇਕ ਯੂਨਾਨੀ ਨਾਟਕਕਾਰ ਅਰਿਸਤਾਫ਼ਨੀ ਦੀ ਗੱਲ ਸਾਂਝੀ ਕਰਨੀ ਚਾਹੁੰਦਾ ਹਾਂ। ਅਰਿਸਤਾਫਨੀ ਨੇ ਵੀ ਕੋਈ 24-25 ਸਦੀਆਂ ਪਹਿਲਾਂ ਯੁੱਧ ਤੇ ਇਕ ਨਾਟਕ ਲਿਖਿਆ ਲਸਿਸਤ੍ਰਾਤਾ। ਇਹ ਨਾਟਕ ਪ੍ਰਾਚੀਨ ਯੂਨਾਨ ਦੇ ਸਭ ਤੋਂ ਪ੍ਰਸਿੱਧ ਨਾਟਕਾਂ ਵਿਚੋਂ ਹੈ ਤੇ ਅੱਜ ਵੀ ਸੰਸਾਰ ਦੇ ਬਹੁਤ ਘੱਟ ਨਾਟਕ ਇਸ ਦਾ ਮੁਕਾਬਲਾ ਕਰਦੇ ਹਨ। ਅਰਿਸਤਾਫਨੀ ਨੇ ਯੁੱਧ ਨੂੰ ਆਮ ਲੇਖਕਾਂ ਨਾਲੋਂ ਇਕ ਵੱਖਰੀ ਅੱਖ ਨਾਲ ਵੇਖਿਆ। ਯੁੱਧ ਲੰਮੇ ਸਮੇਂ ਤੋਂ ਉਸ ਸਮੇਂ ਦੀਆਂ ਦੋ ਪ੍ਰਮੁਖ ਸਿਟੀ-ਸਟੇਟਾਂ, ਐਥਨਜ਼ ਅਤੇ ਸਪਾਰਟਾ ਦੀਆਂ ਫੌਜਾਂ ਵਿੱਚ ਚੱਲ ਰਿਹਾ ਸੀ। ਨਾਟਕ ਦੀ ਨਾਇਕਾ ਐਥਨਜ਼ ਦੀ ਇਕ ਫੈਮਨਿਸਿਟ ਔਰਤ ਲਸਿਸਤ੍ਰਾਤਾ ਹੈ ਜੋ ਸੋਚਦੀ ਹੈ ਕਿ ਯੁੱਧ ਕੇਵਲ ਬੰਦਿਆਂ ਦੀ ਹਉਮੈ ਦਾ ਨਤੀਜਾ ਹੈ, ਔਰਤਾਂ ਦਾ ਇਸ ਵਿੱਚ ਕੋਈ ਹੱਥ ਨਹੀਂ। ਨਾਟਕ ਵਿੱਚ ਉਹ ਕਿਵੇਂ ਨਾ ਕਿਵੇਂ ਸਰਹੱਦੋਂ ਪਾਰ ਜਾ ਕੇ ਦੁਸ਼ਮਣ ਦੇ ਸ਼ਹਿਰ ਦੀਆਂ ਔਰਤਾਂ ਨਾਲ ਮੀਟਿੰਗ ਕਰਦੀ ਹੈ ਤੇ ਮਸ਼ਮਰਾ ਦਿੰਦੀ ਹੈ ਕਿ ਜਿੰਨਾ ਚਿਰ ਬੰਦੇ, ਵਿਸ਼ੇਸ਼ ਕਰਕੇ ਜੈਨਰਲ,  ਯੁੱਧ ਖਤਮ ਨਹੀਂ ਕਰਦੇ ਉਨਾ ਚਿਰ ਉਹਨਾ ਨਾਲ ਕਿਸੇ ਵੀ ਹਾਲਤ ਵਿੱਚ ਸੁੱਤਾ ਨਾ ਜਾਵੇ, ਕੋਈ ਲਿੰਗ ਸੰਬੰਧ ਨਾ ਰੱਖਿਆ ਜਾਵੇ। ਇਹ ਫੈਸਲਾ ਦੋਹਾਂ ਪਾਸਿਆਂ ਦੀਆਂ ਔਰਤਾਂ ਨੇ ਪਰਵਾਨ ਕਰ ਲਿਆ। ਪਰ ਇਹ ਨਾਟਕ ਕੇਵਲ ਨਾਟਕ ਹੀ ਨਾ ਰਿਹਾ। ਨਾਟਕ ਵੇਖ ਕੇ ਜਾਂ ਇਸ ਬਾਰੇ ਸੁਣ ਕੇ ਦੋਹਾਂ ਪਾਸਿਆਂ ਦੀਆਂ ਔਰਤਾਂ ਨੇ ਸੱਚਮੁੱਚ ਫੌਜ ਦੇ ਕਪਤਾਨਾਂ ਤੇ ਜਰਨੈਲਾਂ ਨਾਲ ਕਿਸੇ ਵੀ ਤਰ੍ਹਾਂ ਦਾ ਲਿੰਗ ਸੰਬੰਧ ਰਖਣ ਤੋਂ ਇਨਕਾਰ ਕਰ ਦਿੱਤਾ ਅਤੇ ਘਰਾਂ ਵਿੱਚ ਲੜਾਈ ਝਗੜੇ ਹੋਣ ਲੱਗ ਪਏ। ਯੁੱਧ ਦੇ ਜਰਨੈਲ ਅਨੀਂਦਰੇ, ਖਿਝੇ ਅਤੇ ਠੀਕ ਫੈਸਲੇ ਕਰਨ ਤੋਂ ਅਸਮਰੱਥ ਹੋ ਗਏ ਤੇ ਕੁਝ ਹੀ ਚਿਰ ਵਿੱਚ ਯੁੱਧ ਬੰਦ ਹੋ ਗਆ। ਇਸ ਤਰ੍ਹਾਂ ਇਹ ਨਾਟਕ ਇਤਹਿਾਸਕ ਹੋ ਨਿਬੜਿਆ। ਯੁੱਧ ਸਚਮੁੱਚ ਬੰਦ ਹੋ ਗਿਆ ਸੀ ਅਤੇ ਗੁੱਸੇ ਵਿੱਚ ਆਏ ਜਰਨੈਲਾਂ ਨੇ ਨਾਟਕਕਾਰ ਨੂੰ ਫੜ੍ਹ ਕੇ ਕਤਲ ਕਰਨਾ ਚਾਹਿਆ ਪਰ ਉਹ ਕਿਧਰੇ ਲੁਕ ਛਿਪ ਕੇ, ਸ਼ਾਇਦ ਦੇਸ਼ ਚੋਂ ਬਾਹਰ ਜਾ ਕੇ, ਮਰਨੋਂ ਬਚ ਗਿਆ। ਇਹ ਬਿਰਤਾਂਤ ਇਹ ਦੱਸਣ ਲਈ ਸਾਂਝਾ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਨਾਟਕਕਾਰ ਨੇ ਯੁੱਧ ਨੂੰ ਇਕ ਵੱਖਰੀ ਦ੍ਰਿਸ਼ਟੀ ਨਾਲ ਵੇਖਿਆ ਅਤੇ ਇਕ ਸ਼ਕਤੀਸ਼ਾਲੀ ਨਾਟਕ ਦੀ ਰਚਨਾ ਕਰ ਦਿੱਤੀ। ਇਸੇ ਤਰ੍ਹਾਂ ਅਸੀਂ ਕਿਸੇ ਗਦਰੀ ਬਾਬੇ ਦੀ ਜੀਵਨੀ ਪੜ੍ਹ ਕੇ ਉਸਤੋਂ ਕਿਸੇ ਨਵੀਂ ਤਰ੍ਹਾਂ ਦੀ ਪ੍ਰੇਰਨਾ ਲੈ ਸਕਦੇ ਹਾਂ, ਉਸਦੀ ਮਾਨਸਿਕ ਅਵਸਥਾ ਨਾਲ ਜੂਝਣ ਦੀ ਕਲਪਨਾ ਕਰ ਸਕਦੇ ਹਾਂ ਕਿ ਉਸਨੇ ਰਾਜਸੀ ਗਦਰ ਵਿੱਚ ਆਉਣ ਤੋਂ ਪਹਿਲਾਂ ਕਿਵੇਂ ਆਪਣੇ ਸੰਭਾਵੀ ਮਾਨਸਿਕ ਤੇ ਪਰਿਵਾਰਕ ਗਦਰ ਨੂੰ ਸਰ ਕੀਤਾ। ਇਸ ਬਾਰੇ ਵੱਖਰੀ ਤਰ੍ਹਾਂ ਦੀ ਰਚਨਾ ਕੀਤੀ ਜਾ ਸਕਦੀ ਹੈ।

ਹੁਣ ਮੈਂ ਕੁਝ ਆਪਣੇ ਅਨੁਭਵਾਂ ਅਤੇ ਸਿਰਜਣਾਤਮਕਿ ਪ੍ਰਯੋਗਾਂ ਬਾਰੇ ਗੱਲ ਕਰਨੀ ਚਾਹੁੰਦਾ ਹਾਂ ਜਿਨ੍ਹਾਂ ਵਿੱਚ ਮੈਂ ਚਲੰਤ ਕਥਾਵਾਂ ਜਾਂ ਪ੍ਰਾਕਿਰਤਕ ਵਰਤਾਰਿਆਂ ਨੂੰ ਕੁਝ ਵੱਖਰੀ ਤਰ੍ਹਾਂ ਵੇਖਣ ਦਾ ਯਤਨ ਕੀਤਾ ਹੈ। ਆਪਣੇ ਅਨੁਭਵਾਂ ਬਾਰੇ ਗੱਲ ਇਸ ਲਈ ਕਰ ਰਿਹਾ ਹਾਂ ਕਿਉਂਕਿ ਮੈਂ ਹੋਰ ਕਿਸੇ ਲੇਖਕ ਦੀਆਂ ਮਾਨਸਿਕ ਸਥਿਤੀਆਂ ਜਾਂ ਅਨੁਭਵਾਂ ਬਾਰੇ ਜਾਣ ਨਹੀਂ ਸਕਦਾ। ਮੇਰਾ ਪਿਛੋਕੜ ਵਿਗਿਆਨ ਦਾ ਸੀ। ਸਾਹਿਤ ਲਿਖਣ ਤੋਂ ਪਹਿਲਾਂ ਮੈਂ ਕੈਨੇਡਾ ਦੀ ਯੂਨੀਵਰਸਿਟੀ ਔਫ ਵਿਕਟੋਰੀਆ ਦੇ ਕੰਪਿਊਟਰ ਸੈਂਟਰ ਵਿੱਚ ਕੰਮ ਕਰਦਾ ਸੀ ਅਤੇ ਆਰਟੀਫਿਸ਼ਲ ਇੰਟੈਲੀਜੰਸ ਦੇ ਵਿਸ਼ੇ ਵਿੱਚ ਡੂੰਘੀ ਤਰਾਂ ਖੁੱਭ ਗਿਆ ਸੀ; ਅਤੇ ਇਸਨੂੰ ਸਮਝਣ ਲਈ ਜੀਵ ਵਿਗਿਆਨ, ਭੌਤਿਕ ਵਿਗਿਆਨ, ਮਨੋਵਿਗਿਆਨ, ਸੰਗੀਤ, ਰਿਦਮ ਤੇ ਹੋਰ ਕਈ ਖੇਤਰਾਂ ਨੂੰ ਸਟੱਡੀ ਕਰ ਰਿਹਾ ਸਾਂ। ਹਰ ਵਸਤ ਜਾਂ ਵਰਤਾਰੇ ਨੂੰ ਵੱਖਰੀ ਤਰ੍ਹਾਂ ਵੇਖਣ ਦੀ ਆਦਤ ਪੈ ਗਈ ਸੀ। ਪੰਜ ਕੁ ਸਾਲਾਂ ਪਿੱਛੋਂ ਮੈਨੂੰ ਸਾਹਿਤ ਵਿੱਚ ਦਿਲਚਸਪੀ ਹੋ ਗਈ ਤਾਂ ਵਸਤ-ਵਰਤਾਰਿਆਂ ਨੂੰ ਵੱਖਰੀ ਅੱਖ ਨਾਲ ਵੇਖਣ ਦੀ ਆਦਤ ਉਸੇ ਤਰ੍ਹਾਂ ਕਾਇਮ ਰਹੀ। ਇਕ ਦਿਨ ਪੰਜਾਬ ਦੀਆਂ ਪਿਆਰ ਕਥਾਵਾਂ ਵੱਲ ਧਿਆਨ ਗਿਆ, ਸ਼ਾਇਦ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਪੰਜਾਬ ਦੀਆਂ ਪਿਆਰ ਕਥਾਵਾਂ ਬਾਰੇ ਲਿਖੀ ਪੁਸਤਕ ਪੜ੍ਹੀ ਸੀ। ਪੜ੍ਹ ਕੇ ਕੁਝ ਓਪਰਾ ਓਪਰਾ ਜਿਹਾ ਮਹਿਸੂਸ ਹੋਇਆ। ਸੋਚਿਆ ਮਨੁੱਖੀ ਰਿਸ਼ਤੇ ਤਾਂ ਬਹੁਤ ਬਦਲ ਗਏ ਹਨ ਪਰ ਸਾਡੇ ਲਈ ਅਜੇ ਵੀ ਸੋਹਣੀ ਦਾ ਘੜਾ ਅਤੇ ਫਰਿਹਾਦ ਦਾ ਤੇਸਾ ਹੀ ਪਿਆਰ ਦੇ ਪ੍ਰਤੀਕ ਬਣੇ ਹੋਏ ਹਨ। ਇਕ ਨਵੀਂ ਕਵਿਤਾ ਨੇ ਜਨਮ ਲਿਆ:

ਜੇ ਯਾਰਾ ਤੂੰ ਪਾਰਲੇ ਬੰਨੇ

ਅਸੀਂ ਨਾ ਹੜ੍ਹ ਵਿੱਚ ਠਹਿਲਣਾ

ਪੁਲ ਉਤੋਂ ਦੀ ਨੱਸ ਕੇ ਟੱਪੀਏ

ਅਸੀਂ ਤਾਂ ਤੈਨੂੰ ਮਿਲਣਾ

ਜੇ ਯਾਰਾ ਤੂੰ ਪਰਬਤ ਓਹਲੇ

ਅਸੀਂ ਨਾ ਤੇਸਾ ਫੜਨਾ

ਵਲ ਵਿੰਗ ਖਾਂਦੀ ਸੜਕੇ ਪਈਏ

ਅਸੀਂ ਨਾ ਰਾਹ ਵਿੱਚ ਖੜ੍ਹਨਾ, ਤੈਨੂੰ ਮਿਲਣਾ

ਜੇ ਯਾਰਾ ਤੂੰ ਕਦੇ ਨਾ ਮਿਲਣਾ

ਤਾਂ ਵੀ ਭੇਜ ਸੁਨੇਹਾ

ਹੋਰ ਕਿਸੇ ਨਾ ਯਾਰੀ ਲਾਈਏ

ਸਦਾ ਕੀ ਲਭਦੇ ਰਹਿਣਾ

ਤੇਰੀਆਂ ਪਰਖਾਂ ਉਮਰਾਂ ਮੰਗਣ

ਉਮਰਾਂ ਨੇ ਕਦ ਰਹਿਣਾ

ਅਸੀਂ ਤਾਂ ਇਸ ਪਲ ਨਿਰਵਸਤਰ ਹੋ

ਚਾਹੀਏ ਲਟ ਲਟ ਬਲਣਾ।

(ਸੁਰਤੀ ਵਿੱਚੋਂ)

ਆਰਟੀਫਿਸ਼ਲ ਇੰਟੈਲੀਜੰਸ ਤੇ ਖੋਜ ਕਰਨ ਸਮੇਂ ਵਿਗਿਆਨ ਦਾ ਇਕ ਸਿਧਾਂਤ, ਕੁਆਂਟਮ ਮਕੈਨਿਕਸ ਵੀ ਪੜ੍ਹਿਆ। ਇਸ ਸਿਧਾਂਤ ਨੂੰ ਵੀਹਵੀਂ ਸਦੀ ਦੇ ਦੂਸਰੇ ਦਹਾਕੇ ਵਿੱਚ ਜਰਮਨ ਵਿਗਿਆਨੀ ਹਾਈਜ਼ਨਬਰਗ ਤੇ ਪੇਸ਼ ਕੀਤਾ ਸੀ। ਕੁਆਂਟਮ ਮਕੈਨਿਕਸ ਨੇ ਪ੍ਰਾਕਿਰਤਕ ਦਰਸ਼ਨ ਅਤੇ ਭੌਤਿਕ ਵਿਗਿਆਨ ਵਿੱਚ ਉਥਲ ਪਥਲ ਮਚਾ ਦਿੱਤੀ। ਕੁਆਂਟਮ ਫਲਸਫੇ ਦੀ ਉਪਜ ਹੀ ਅਨਸਰਟਨਟੀ ਥੀਏਰੀ ਹੈ ਜਿਸ ਅਨੁਸਾਰ ਪ੍ਰਾਕਿਰਤੀ ਵਿੱਚ ਕਿਸੇ ਵੀ ਵਰਤਾਰੇ ਨੂੰ ਪੂਰੇ ਨਿਸ਼ਚੇ ਨਾਲ ਜਾਂ ਮੁਕੰਮਲ ਤੌਰ ਤੇ ਜਾਣਿਆ ਨਹੀਂ ਜਾ ਸਕਦਾ, ਕੇਵਲ ਇਸਦੀਆਂ ਸੰਭਾਵਨਾਵਾਂ ਹੀ ਜਾਣੀਆਂ ਜਾ ਸਕਦੀਆਂ ਹਨ। ਇਸ ਤੋਂ ਵੀ ਅੱਗੇ ਹਾਈਜ਼ਨਬਰਗ ਨੇ ਸਿੱਧ ਕੀਤਾ ਕਿ ਵਾਸਤਵ ਵਿੱਚ ਪ੍ਰਾਕਿਰਤੀ ਵਿੱਚ ਕੋਈ ਵੀ ਨਿਯਮ ਮੌਜੂਦ ਨਹੀਂ। ਸਭ ਦਿਸਦੇ ਨਿਯਮ ਸਟੇਟਿਸਟੀਕਲ ਹਨ। ਇਸੇ ਕਰਕੇ ਹਾਈਜ਼ਨਬਰਗ ਦੀ ਗਿਣਤੀ ਇਤਿਹਾਸ ਦੇ ਸਭ ਤੋਂ ਵਡੇ ਦੋ ਤਿੰਨ ਵਿਗਿਆਨੀਆਂ ਵਿੱਚ ਕੀਤੀ ਜਾਂਦੀ ਹੈ। ਇਸ ਸਿਧਾਂਤ ਨੂੰ ਸਮਝਣਾ ਐਨਾ ਸੌਖਾ ਨਹੀਂ ਪਰ ਮੈਨੂੰ ਜਿੰਨੀ ਕੁ ਸਮਝ ਆਈ ਉਸ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ। ਇਹ ਸਭ ਕੁਝ ਇਹ ਦੱਸਣ ਲਈ ਲਿਖ ਰਿਹਾ ਹਾਂ ਕਿ ਕਵਤਿਾ ਜਾਂ ਸਿਰਜਣਾਤਮਿਕ ਲਿਖਤ ਦੀ ਪ੍ਰੇਰਨਾ ਕਿਤੋਂ ਵੀ ਮਿਲ ਸਕਦੀ ਹੈ। ਮੈਂ ਵਿਗਿਆਨ ਦੇ ਇਸ ਨਿਯਮ ਤੋਂ ਪ੍ਰਭਾਵਿਤ ਹੋ ਕੇ ਵੀ ਇਕ ਕਵਿਤਾ ਲਿਖੀ:

ਦਗਦੇ ਕੋਲੇ ਨੂੰ ਤਲੀ ਤੇ ਰੱਖ ਕੇ ਵੇਖੋ

ਮੁਮਕਨਿ ਹੈ ਤੁਹਾਡਾ ਹੱਥ ਨਾ ਸੜੇ

ਸੂਰਜ ਜੋ ਅਰਬਾਂ ਵਰ੍ਹਿਆਂ ਤੋਂ

ਰੋਜ਼ ਨੇਮ ਨਾਲ ਚੜ੍ਹਦਾ ਆ ਰਿਹਾ ਹੈ

ਮੁਮਕਨਿ ਹੈ ਕਲ੍ਹ ਨੂੰ ਨਾ ਚੜ੍ਹੇ

ਮੇਜ਼ ਜੋ ਇਸ ਪਲ ਤੁਹਾਡੇ ਸਾਹਮਣੇ ਹੈ

ਧਰਤੀ ਦੀ ਆਕਰਸ਼ਣ ਨਾਲ ਜਕੜਿਆ ਹੋਇਆ

ਮੁਮਕਨਿ ਹੈ ਅਗ਼ਲੇ ਪਲ

ਉਡ ਕੇ ਅਸਮਾਨ ਵਿੱਚ ਜਾ ਖੜ੍ਹੇ

? ਬੇਥਵ੍ਹੀਆਂ

ਤਾਂ ਬੇਥਵ੍ਹੀਆਂ ਹੀ ਸਹੀ

ਪਰ ਮੇਰੀ ਸੋਚ ਨੇ ਤਾਂ ਇਸ ਪਲ

ਸੂਰਜ ਦਵਾਲੇ ਘੁੰਮਣ ਤੋਂ ਨਾਂਹ ਕੀਤੀ ਹੈ

ਤੇ ਖੰਡ ਮੰਡਲਾਂ ਵਿੱਚ ਟੁਟਦੇ ਤਾਰਿਆਂ ਤੇ ਬੈਠ

ਲੀਕਾਂ ਪਾਈਆਂ ਹਨ

ਨਹੀਂ ਅਸੰਭਵ ਨਹੀਂ

ਪ੍ਰਕਿਰਤੀ ਦੇ ਹੁਕਮ ਨੂੰ ਕਿੰਤੂ ਕਰਨਾ

ਤੁਸੀਂ ਤਾਂ ਮਨੁੱਖ ਦੇ ਹੁਕਮ ਨੂੰ ਹੀ ਭਾਣਾ ਮੰਨੀ ਬੈਠੇ ਹੋ

ਹੁਕਮੋਂ ਬਾਹਰ ਹੋ ਤੁਰ ਕੇ ਤਾਂ ਵੇਖੋ ਦਗਦੇ ਕੋਲੇ ਨੂੰ ਤਲੀ ਤੇ ਰੱਖ ਕੇ ਵੇਖੋ।

Leave a comment