shabadspace.com

ਸ਼ਬਦ ਸਪੇਸ

ਭਾਸ਼ਾ  ਸਾਹਿਤ  ਕਲਾ  ਕਲਚਰ

ਇਟੈਲੀਅਨ ਫਿਲਮ ਲ-ਸਤ੍ਰਾਦਾ (La Strda) ਬਾਰੇ

1954 ਵਿਚ ਬਣੀ ਚਰਚਿਤ ਇਟੈਲੀਅਨ ਡਰਾਮਾ ਫਿਲਮ ਲ-ਸਤ੍ਰਾਦਾ ਬਾਰੇ ਪ੍ਰਤਿਭਾਸ਼ੀਲ ਪੰਜਾਬੀ ਲੇਖਕ/ਅਲੋਚਕ ਤਨਵੀਰ ਵਲੋਂ ਇਹ ਆਰਟੀਕਲ ਲਿਖਿਆ ਗਿਆ ਹੈ। ਲ-ਸਤ੍ਰਾਦਾ (The Road) ਦਾ ਨਿਰਦੇਸ਼ਨ ਆਪਣੇ ਸਮੇਂ ਦੇ ਵੱਡੇ ਫਿਲਮ ਡਾਇਰੈਕਟ ਫੈਡ੍ਰਿਕੋ ਫਲੀਨੀ ਨੇ ਕੀਤਾ ਸੀ।

– ਤਨਵੀਰ

1954। ਇਟਲੀ। ਰਿਲੀਜ਼ ਹੁੰਦਿਆ ਹੀ, ਫ਼ਿਲਮ ਬਾਰੇ ਵੱਖ-ਵੱਖ ਦੇ ਪ੍ਰਤੀਕਰਮ ਆਏ। ‘ਸਿਨਮੈਟਿਕ ਨਵ-ਯਥਾਰਥਵਾਦ’ ਦੇ ਵੱਡੇ ਨਾਂ ਲੂਚਿਨੋ ਵਿਸਕੋਂਟੀ ਨੇ ਫਿਲ਼ਮ ਨੂੰ ‘ਨਵ-ਅਮੂਰਤਵਾਦ’ ਕਿਹਾ। ਮਾਰਕਸਵਾਦੀਆਂ ਨੇ ‘ਨਵ-ਯਥਾਰਥਵਾਦ’ ਦੀ ਲਹਿਰ ਦੇ ਪ੍ਰਭਾਵ ਚ, ਫ਼ਿਲਮ ‘ਵਿਅਕਤੀਵਾਦੀ’ ਕਹਿ ਨਕਾਰ ਦਿੱਤੀ। ਤੇ ਉੱਤਰ-ਯੁੱਧ ਦੇ ਸਮਿਆਂ ਚ ਯਥਾਰਥਵਾਦ ਦੀ ਮੰਗ ਕਰਦਿਆਂ ਕਿਹਾ ਕਿ ਦੂਜੇ-ਵਿਸ਼ਵ ਯੁੱਧ ਦੀ ਅਗਵਾਈ ਕਰਨ ਵਾਲੇ ਘਾਤਕ ਪੂਰਵ-ਯੁੱਧੀ ਵਿਅਕਤੀਵਾਦ ਨੂੰ ਅਪਣਾਇਆ ਨਾ ਜਾਵੇ। ਮਾਰਕਸਵਾਦੀ ਗਾਈਡੋ ਅਰੀਸਟਾਰਕੋ ਨੇ ਲਿਖਿਆ- ‘ਯੁੱਧ ਤੋਂ ਪਹਿਲਾਂ ਦੇ ਸਾਹਿਤ ਦਾ ਸੂਖ਼ਮ ਸ਼ਹਿਦ ਇਕੱਠਾ ਕੀਤਾ ਤੇ ਈਰਖਾ ਨਾਲ ਸੁਰਖਿਅਤ ਰੱਖ ਦਿੱਤਾ।’ ਫੇਲਿਨੀ ਨੇ ਮਾਰਕਸਵਾਦੀਆਂ ਦੇ ਰਸਾਲੇ Contemporaneo ਨੂੰ ਚਿੱਠੀ ਲਿਖੀ, ਜੋ ‘ਇੱਕ ਮਾਰਕਸਵਾਦੀ ਨੂੰ ਲਿਖੀ ਚਿੱਠੀ’ ਵਜੋਂ ਜਾਣੀ ਗਈ। ਲਿਖਿਆ- ‘ਕਿਉਂਕਿ (La Strda) ਇਕ ਆਦਮੀ ਤੇ ਔਰਤ ਵਿਚਕਾਰ ਅਲੌਕਿਕ ਅਤੇ ਨਿੱਜੀ ਸੰਵਾਦ ਨੂੰ ਦਿਖਾਉਣ ਦੀ ਕੋਸ਼ਿਸ਼ ਹੈ। ਜੋ ਸੁਭਾਅ ਵਲੋਂ ਇਕ ਦੂਜੇ ਨੂੰ ਸਮਝਣ ਦੀ ਸਭ ਤੋਂ ਘੱਟ ਸੰਭਾਵਨਾ ਵਾਲੇ ਲੋਕ ਜਾਪਦੇ ਨੇ, ਮੇਰਾ ਮੰਨਣਾ ਹੈ ਕਿ ਇਸ ‘ਤੇ ਉਨ੍ਹਾਂ ਲੋਕਾਂ ਨੇ ਹਮਲਾ ਕੀਤਾ ਜੋ ਸਿਰਫ਼ ਕੁਦਰਤੀ ਤੇ ਰਾਜਨੀਤਿਕ ਸੰਵਾਦ ਵਿੱਚ ਵਿਸ਼ਵਾਸ ਕਰਦੇ ਨੇ।’

ਕੈਥੋਲਿਕਾਂ ਨੇ ਅਰਥ ਕੀਤੇ- ਇਲ ਮਾਟੋ ਈਸਾ ਹੈ, ਸੱਚ ਦਾ ਪ੍ਰਤੀਕ। ਜ਼ੈਂਪਾਨੋ ਈਸਾ ਨੂੰ ਮਾਰ ਦਿੰਦਾ ਹੈ, ਜੈਲਸੋਮੀਨਾ ਇਸ ਗੁਨਾਹ ਕਾਰਨ ਜ਼ੈਂਪਾਨੋ ਨੂੰ ਕਦੇ ਮਾਫ਼ ਨਹੀਂ ਕਰਦੀ। ਫ਼ਿਲਮ ਮਸੀਹੀ ਪਿਆਰ ਤੇ ਅੰਤ ਪਛਤਾਵੇ ਦੁਆਰਾ ਮੁਕਤੀ ਦੀ ਗੱਲ ਕਰਦੀ ਹੈ। ਫ਼ਿਲਮ ਆਲੋਚਕ ਬ੍ਰਾਇਨ ਐਗਰਟ ਨੇ ਇਸ ਵਿਆਖਿਆ ਨੂੰ ਇਸ ਸੁਆਲ ਨਾਲ ਨਕਾਰ ਦਿੱਤਾ- ਫੇਰ ਇਲ ਮਾਟੋ ਜ਼ੈਂਪਾਨੋ ਨੂੰ ਹੱਦੋਂ ਵੱਧ ਤੰਗ ਕਿਉਂ ਕਰਦਾ ਹੈ?

ਤੀਜੀ ਵਿਆਖਿਆ ਸੀ- ਪ੍ਰਕਿਰਤੀਵਾਦੀ ਮੈਟਾਫ਼ਰ। ਜ਼ੈਂਪਾਨੋ ਦੇਹ ਦਾ ਪ੍ਰਤੀਕ ਹੈ, ਜੈਲਸੋਮੀਨਾ ਰੂਹ ਦਾ, ਇਲ ਮਾਟੋ ਮਨ (ਸੂਝ) ਦਾ। (ਇਹ ਸੂਤਰ, ਉਸ ਧਾਗੇ ਦਾ ਸਿਰਾ ਲੱਭਣ ਵਾਂਗ ਸੀ ਜਿਸ ਨਾਲ ਫ਼ਿਲਮ ਮੇਰੇ ਅੱਗੇ ਇਕੋ ਝਟਕੇ, ਮਿੱਤਰ ਸ਼ਿਵਦੀਪ ਦੇ ਸ਼ਬਦਾਂ ਚ-  ਡੀ ਏ ਪੀ ਦੀ ਬੋਰੀ ਵਾਂਗੂ ਖੁੱਲ੍ਹ ਗਈ।)

ਜੈਲਸੋਮੀਨਾ ਕੋਈ ਪਵਿੱਤਰ ਰੂਹ ਹੈ। ਨਿਰਲੇਪ। ਨਿਰਛਲ। ਮਾਂ ਅਨੁਸਾਰ ਥੋੜ੍ਹੀ ਅਜੀਬ, ਸਿੱਧਰੀ। ਉਹ ਉਦਾਸ ਨਹੀਂ ਰਹਿ ਸਕਦੀ, ਝੱਟ ਛੋਟੀ ਜਿਹੀ ਗੱਲ ‘ਤੇ ਅਚੰਭਿਤ ਹੋ ਜਾਂਦੀ ਹੈ। ਉਹ ਜ਼ਿੰਦਗੀ ਨੂੰ ‘ਮੈਂ’ ਰਾਹੀਂ ਨਹੀਂ ਦੇਖਦੀ। ਉਹਦੀ ਕੋਈ ‘ਮੈਂ’ ਹੈ ਹੀ ਨਹੀਂ। ਉਹ ਅਣਘੜ ਹੈ। ਉਹਦੇ ਲਈ ਸੂਲੀ ‘ਤੇ ਲਟਕਦਾ ਈਸਾ ਤੇ ਮੀਟ ਦੀ ਦੁਕਾਨ ਚ ਲਟਕਦਾ ਸੂਰ ਇਕੋ ਜਿਹੇ ਨੇ। ਉਹਦੇ ਲਈ ਹਰ ਗੱਲ ਅਚੰਭਾ ਹੈ। ਉਹ ਸਲੋ-ਥਿੰਕਰ ਹੈ। ਵਾਪਰ ਰਹੇ ਚੋਂ ਨੇੜ-ਭਵਿੱਖ ਦਾ ਅੰਦਾਜ਼ਾ ਨਹੀਂ ਲਾ ਸਕਦੀ। ਜ਼ਿੰਦਗੀ ਨੂੰ ਦੇਖਣਾ, ਮਾਨਣਾ ਚਾਹੁੰਦੀ ਹੈ। ਪਰ ਉਹ ਜਾਣਦੀ/ਸੋਚਦੀ ਨਹੀਂ- ਮੈਂ ਕਿਉਂ ਹਾਂ? ਖੋਈ-ਖੋਈ ਜਿਹੀ ਰਹਿੰਦੀ ਹੈ।

ਜੈਲਸੋਮੀਨਾ ਦੇ ਰੂਪ ਚ, ਫੇਲਿਨੀ ਦੀ ਘਰਵਾਲੀ ਦਾ ਬੋਲਦਾ ਚਿਹਰਾ, ਮੇਰੀਆਂ ਸਿਨੇਮਾ-ਸਿਮਰਤੀਆਂ ਦਾ ਅਭੁੱਲ ਚਿਹਰਾ ਹੈ, ਉਹਦੀਆਂ ਗੋਲ ਵੱਡੀਆਂ ਭਾਵਪੂਰਤ ਅੱਖਾਂ, ਚਿਹਰੇ ‘ਤੇ ਪਲ-ਪਲ ਬਦਲਦੇ ਅਚੰਭੇ-ਉਦਾਸੀ ਦੇ ਭਾਵ ਵਿਲੱਖਣ ਨੇ। ਇਲ ਮਾਟੋ ਵੀ ਉਹਦੀ ਤੋਰ ਤੇ ਚਿਹਰੇ ਦੀ ਵਿਲੱਖਣਤਾ ‘ਤੇ ਹੈਰਾਨ ਹੁੰਦਾ ਹੈ। ਫ਼ਿਲਮ ਆਲੋਚਕ ਬ੍ਰਾਇਨ ਐਗਰਟ ਨੇ ਉਹਦੇ ਚਿਹਰੇ ਨੂੰ ਫ਼ਿਲਮ ਦਾ ਦਿਲ ਕਿਹਾ। ਹੋਰ ਆਲੋਚਕਾਂ ਨੇ ‘ਫੀਮੇਲ ਚੈਪਲਿਨ’। ਇਸ ਰੋਲ ਤੋਂ ਖੁਦ ਚਾਰਲੀ ਚੈਪਲਿਨ ਵੀ ਬਹੁਤ ਪ੍ਰਭਾਵਤ ਸੀ। ਐਂਥਨੀਕੁਇਨ (ਜ਼ੈਂਪਾਨੋ) ਤਾਂ ਖੈਰ, ਹੈ ਹੀ ਵੱਡਾ ਐਕਟਰ। ਦੋਹਾਂ ਨੂੰ ਕੱਠੇ ਦੇਖ ਲੱਗਦਾ ਹੈ ਜਿਵੇਂ ਰਾਖਸ਼ ਨੇ ਪਰੀ ਕੈਦ ਕਰ ਰੱਖੀ ਹੈ।

ਬਾਜ਼ੀਗਰ ਜ਼ੈਂਪਾਨੋ ਨੂੰ ਆਪਣੀ ਬਲਵਾਨ ਦੇਹ ‘ਤੇ ਗਰੂਰ ਹੈ। ਉਹ ਅੜਬ ਹੈ। ਰੁੱਖਾ ਸਿੰਘ। ਟਰਡ ਜਾ ਬੰਦਾ ਹੈ। ਬੁੱਗ। ਸ਼ਰਾਬੀ। ਜ਼ਨਾਨੀਬਾਜ਼। ਖਰੂਦੀ। ਮਤਲਬ ਕਿ ਵੈਲੀਆਂ ਆਲੀ ਕੁੱਲ ਘਤਿੱਤ ਹੈ। ਉਹ ਕਲੈਹਿਰੀ ਮੋਰ ਹੈ। ਕੁ-ਲਹਿਰ। ਜਿਹਨੂੰ ਲਹਿਰ ਨਹੀਂ ਲਾਉਂਣੀ ਆਉਂਦੀ। ਕੁਲਹਿਣਾ। ਜਿਹਨੂੰ ਪੈਲ ਪਾ, ਰੂਹ ਨੂੰ ਰਿਝਾਉਣਾ ਨਹੀਂ ਆਉਂਦਾ। ਰੂਹ ਦੋਸਤੀ ਚਾਹੁੰਦੀ ਹੈ ਪਰ ਗਰੂਰ ਭਰੀ ਦੇਹ ਚ ਨੌਂਹ ਨ੍ਹੀਂ ਖੁੱਭਦਾ। ਦੇਹ ਵਲੋਂ ਵਾਰ-ਵਾਰ ਰਾਖਸ਼ਬਾਜ਼ੀ ਕਰਨ ‘ਤੇ, ਰੂਹ ਹਰ ਵਾਰ ਛੱਡ ਕੇ ਜਾਣ ਬਾਰੇ ਸੋਚਦੀ ਹੈ, ਕੋਸ਼ਿਸ਼ ਕਰਦੀ ਹੈ, ਰੋਸਾ ਕਰਦੀ ਹੈ। ਪਰ ਜਾਵੇ ਕਿਥੇ? ਕਿਤੇ ਕੋਈ ਸਪੇਸ ਨਹੀਂ, ਜਿਉਣ ਜੋਗ। ਖੁਦ ਨੂੰ ਧਰਵਾਸ ਦੇ ਮੁੜ ਆਉਂਦੀ ਹੈ। ਕਈ ਵਾਰ ਜਾਣ ਦਾ ਮੌਕਾ ਵੀ ਮਿਲਦਾ ਹੈ। ਪਰ ਉਹ ਫੈਸਲਾ ਨਹੀਂ ਕਰ ਪਾਉਂਦੀ।

(ਮੇਰੀ ਅੰਬੋ ਕਦੇ-ਕਦੇ ਆਖਦੀ ਸੀ- ‘ਮੈਂ ਹੀ ਕੱਟ ਗਈ ਇਸ ਅੜਬ ਬੰਦੇ ਨਾਲ, ਜੇ ਕੋਈ ਹੋਰ ਹੁੰਦੀ ਕਦੋਂ ਦੀ ਛੱਡ ਕੇ ਤੁਰਗੀ ਹੁੰਦੀ’ ਇਹ ਦਾਦੀ ਦਾ ਖੁਦ ਨੂੰ ਦਿੱਤਾ ਧਰਵਾਸ ਸੀ। ਮੈਥੋਂ ਇਕ ਦਿਨ ‘ਪਿਆ’ ਸ਼ਬਦ ‘ਤੇ ਜ਼ੋਰ ਦਿੰਦਿਆ ਕਿਹਾ ਗਿਆ- ‘ਬੇਬੇ ਤੈਨੂੰ ਕੱਟਣਾ ਪਿਆ, ਹੋਰ ਤੂੰ ਕੀ ਕਰਦੀ?’। ਮਤਲਬ ਬੇਬੇ ਕਿੱਥੇ ਜਾਂਦੀ? ਪੇਕੇ? ਪੇਕਿਆਂ ਨੇ ਸਮਝੌਤਾ-ਕਰੂ ਸਲਾਹਾਂ ਦੇ ਮੋੜ ਦੇਣਾ ਸੀ- ਜਿਥੇ ਭਾਈ ਦੋ ਭਾਂਡੇ….।) ਅਜਿਹਾ ਹੀ ਧਰਵਾਸ ਜੈਲਸੋਮੀਨਾ ਦੀ ਮਾਂ, ਚੰਦ ਛਿੱਲੜਾਂ ਪਿਛੇ, ਧੀ ਨੂੰ ਜ਼ੈਂਪਾਨੋ ਨਾਲ ਤੋਰਨ ਸਮੇਂ ਸਭ ਨੂੰ ਦਿੰਦੀ ਹੈ। ਵਿਰਲਾਪ ਕਰਦਿਆਂ, ਉਹਦੀਆਂ ਦਲੀਲਾਂ ਦਾ ਸੰਖੇਪ ਅਰਥ ਹੈ- ਘੋਰ ਗਰੀਬੀ ਚ, ਜੈਲਸੋਮੀਨਾ ਦਾ ਜਾਣਾ, ਸਭ ਲਈ ਖੁਸ਼ੀਆਂ ਲੈ ਕੇ ਆਵੇਗਾ।

ਇਲ ਮੈਟੋ ਸਰਕਸ ਚ ਜੌਕਰ ਹੈ। ਇਹ fool ਹੈ। ਸ਼ੇਕਸਪੀਅਰ ਵਾਲਾ।ਸੂਝ ਦਾ ਪ੍ਰਤੀਕ। ਇਹ ਦੂਹਰਾ ਕੰਮ ਕਰਦਾ ਹੈ, ਜੈਲਸੀਮੋਨਾ ਨੂੰ ਆਪਣਾ ਮਕਸਦ ਲੱਭਣ ਤੇ ਫੈਸਲਾ ਕਰਨ ਲਈ ਪ੍ਰੇਰਿਤ ਕਰਦਾ ਹੈ। ਤੇ ਗਰੂਰੀ ਜ਼ੈਂਪਾਨੋ ਨੂੰ ਪੁਜ ਕੇ ਝਹੇਡਾਂ ਕਰਦਾ ਹੈ। ਸੂਝ ਦੇਹ ਦੀ ਵਕਤੀ ਤਾਕਤ ਦੇ ਗਰੂਰ ‘ਤੇ ਹੱਸਦੀ ਹੈ। ਮਾਟੋ ਹੱਸਦਾ ਹੋਇਆ ਜੈਲਸੋਮੀਨਾ ਨੂੰ ਆਖਦਾ ਹੈ- ‘ਮੇਰਾ ਜ਼ੈਂਪਾਨੋ ਨਾਲ ਕੋਈ ਵੱਟ ਦਾ ਰੌਲਾ ਨਹੀਂ ਪਰ ਉਹਦਾ ਬੂਥੜ ਦੇਖ, ਮੈਥੋਂ ਉਹਨੂੰ ਠਿੱਠ ਕਰੇ ਬਿਨਾ ਰਿਹਾ ਹੀ ਨ੍ਹੀਂ ਜਾਂਦਾ।’ ਜੈਲਸੋਮੀਨਾ ਤੇ ਮਾਟੋ ਦੀ ਨੇੜਤਾ ਦੇਖ/ਜਾਣ, ਜ਼ੈਂਪਾਨੋ ਖਿੱਝਦਾ ਹੈ। ਅਸਲ ਚ ਮੈਟੋ ਦਾ ਹੋਣਾ ਜ਼ੈਂਪਾਨੋ ਦੇ ਹੋਣ ‘ਤੇ ਕਾਟਾ ਮਾਰਦਾ ਹੈ। ਮਾਟੋ ਜੈਲਸੋਮੀਨਾ ਨੂੰ ਆਖਦਾ ਹੈ- ‘ਵਿਚਾਰਾ ਜ਼ੈਂਪਾਨੋ, ਸ਼ਾਇਦ ਤੈਨੂੰ ਪਿਆਰ ਕਰਦੈ, ਪਰ ਉਹਦਾ ਹਾਲ ਉਸ ਕੁੱਤੇ ਜਿਹੈ, ਜੋ ਬੋਲਣਾ ਚਾਹੁੰਦੈ ਪਰ ਜਿਹਨੂੰ ਸਿਰਫ਼ ਭੌਕਣਾ ਆਉਂਦੈ।’ ਰਾਹ ਚ ਮਿਲੀ ਨਨ ਜੈਲਸੋਮੀਨਾ ਨੂੰ ਆਖਦੀ ਹੈ- ‘ਬਹੁਤਾ ਚਿਰ ਇਕ ਥਾਂ ਰਹਿਣ ਨਾਲ, ਥਾਂ ਨਾਲ ਮੋਹ ਪੈ ਜਾਂਦਾ ਹੈ।’ ਪਿਆਰ ਦੀ ਸੰਭਾਵਨਾ ਜਾਣਨ ਲਈ, ਜੈਲਸੋਮੀਨਾ ਗੱਲੀ-ਬਾਤੀਂ ਜ਼ੈਂਪਾਨੋ ਦਾ ਮਨ ਟਟੋਲਦੀ ਹੈ। ਵਿਆਹ ਲਈ ਆਖਦੀ ਹੈ। ਪਰ ਜ਼ੈਂਪਾਨੋ ਨੂੰ ਬਾਰਾਂ ਮਹੀਨੇ ਤੀਹ ਦਿਨ ਸੁੰਡੀ ਚੜੀ ਰਹਿੰਦੀ ਹੈ। ਉਹ ਭੱਜ ਕੇ ਪੈ ਜਾਂਦਾ ਹੈ।

ਜ਼ੈਂਪਾਨੋ ਹੱਥੋਂ ਇਲ ਮਾਟੋ ਦਾ ਇਤਫ਼ਾਕਨ ਕਤਲ ਹੋਣ ‘ਤੇ, ਜੈਲਸੋਮੀਨਾ ਦਹਿਲ ਜਾਂਦੀ ਹੈ। ਉਹਦੇ ਮਨ ਚ ਵੈਰਾਗ ਜਾਗ ਜਾਂਦਾ ਹੈ। ਗੁਨਾਹ ਦੇ ਇਹਸਾਸ ਚ ਜ਼ੈਂਪਾਨੋ, ਜੈਲਸੀਮੋਨਾ ਨੂੰ ਸੁੱਤੀ ਨੂੰ ਛੱਡ ਕੇ ਤੁਰ ਜਾਂਦਾ ਹੈ।

ਚਾਰ-ਪੰਜ ਸਾਲ ਬਾਅਦ। ਭਟਕਦੀ ਕਮਜ਼ੋਰ ਪੈਂਦੀ ਦੇਹ ਨੂੰ, ਕਨਸੋਅ ਮਿਲਦੀ ਹੈ ਕਿ ਰੂਹ ਸਦਾ ਲਈ ਤੁਰ ਗਈ। ਦੇਹ ਨੇ ਹੀ ਗੌਰ ਨਹੀਂ ਕੀਤਾ ਸੀ, ਰੂਹ ਤਾਂ ਕਦੋਂ ਦੀ ਆਖਦੀ ਸੀ- ਤੂੰ ਪਿੰਜਰਾ ਤੇ ਮੈਂ ਹਾਂ ਬੁਲਬੁਲ, ਕੈਦ ਚ ਤੇਰੇ ਕੈਦ ਹੋਈ, ਹੋ ਕੇ ਪੁਰਾਣਾ ਤੈਂ ਟੁੱਟ ਜਾਣਾ, ਪੂਰੀ ਜਦ ਊਮੈਦ ਹੋਈ, ਤੀਲੇ ਤੋੜ ਕੇ ਮੈਂ ਉਡ ਜਾਣਾ, ਪੇਸ਼ ਨਾ ਜਾਣੀ ਤੇਰੀ, ਕਲੈਹਿਰੀਆ ਮੋਰਾ ਵੇ, ਹੁਣ ਮੈਂ ਨਾ ਤੇਰੇ ਰਹਿੰਦੀ। ਸਿਰ ਤੇਰੇ ‘ਤੇ ਖੁਦੀ ਗਰੂਰ, ਕਰਦੈ ਮੇਰੀ ਮੇਰੀ ਤੂੰ, ਇਹ ਗੱਲ ਮੂਰਖ ਕਦੇ ਨਾ ਸੋਚੀ, ਅੰਤ ਖਾਕ ਦੀ ਢੇਰੀ ਤੂੰ, ਇੱਕ ਦਿਨ ਇੰਜ ਤੂੰ ਢਹਿ ਜਾਣਾ, ਜਿਉਂ ਕੰਧ ਰੇਤ ਦੀ ਢਹਿੰਦੀ, ਕਲੈਹਿਰੀਆਂ…..।

ਰੂਹ ਨੇ ਕਦੇ ਪੁਛਿਆ ਸੀ- ‘ਜੇ ਮੈਂ ਮਰ ਗਈ ਤੂੰ ਮੈਨੂੰ ਯਾਦ ਕਰਿਆ ਕਰੇਗਾ।’ ਦੇਹ ਨੇ ਓਦੋਂ ਝਿੜਕ ਕੇ ਚੁੱਪ ਕਰਵਾ ਦਿੱਤਾ ਸੀ। ਅੱਜ, ਦੇਹ ਨੂੰ ਚੁੱਪ ਕਰਵਾਉਣ ਵਾਲਾ ਕੋਈ ਨ੍ਹੀਂ।

ਫੇਲਿਨੀ ਨੇ ਇਹ ਵੀ ਕਿਹਾ ਸੀ- ‘ਇਹ ਫ਼ਿਲਮ ਖੁਦ ਨੂੰ ਲੱਭਦੇ ਬੰਦੇ ਬਾਰੇ ਹੈ।’

ਫੇਲਿਨੀ ਨੇ ਆਖਿਆ ਸੀ- ‘ਹਰ ਕਲਾ ਸਵੈਜੀਵਨੀਮੂਲਕ ਹੁੰਦੀ ਹੈ, ਮੋਤੀ ਸਿੱਪੀ ਦੀ ਸਵੈਜੀਵਨੀ ਹੈ।’ ਫੇਲਿਨੀ ਦਾ ਬਾਪ ਫੇਰੀ ਵਾਲਾ ਸੀ। ਬਾਹਰਮੁਖੀ ਸੀ। ਮਾਂ ਸਿੱਧੀ-ਸਾਦੀ ਸੀ। ਬਾਪ ਜ਼ਨਾਨੀਬਾਜ਼ੀ ਕਰਦਾ, ਘਰੇ ਕਲੇਸ਼ ਰਹਿੰਦਾ। ਖਿੱਝਣ ‘ਤੇ, ਬਾਪ ਹਰ ਵਾਰ ਤੋਹਫ਼ਾ ਦੇ ਮਾਂ ਨੂੰ ਰਿਝਾ ਲੈਂਦਾ। ਮਾਂ ਖੁਦ ਨੂੰ ਧਰਵਾਸ ਦਿੰਦੀ ਰਹਿੰਦੀ। ਮਾਂ ਆਖਿਆ ਕਰਦੀ ਸੀ- ‘ਜੇ ਸ਼ਹਿਰ ਚ ਸਰਕਸ ਲੱਗੀ ਹੁੰਦੀ ਤਾਂ ਫੇਲਿਨੀ ਸਕੂਲ ਚ ਨ੍ਹੀਂ, ਸਰਕਸ ਚ ਮਿਲੇਗਾ, ਹਰ ਸ਼ੋਅ ਚ।’ ਬਾਅਦ ਚ, ਫੇਲਿਨੀ ਨੇ ਬਚਪਨ ਚ ਘਰੋਂ ਭੱਜ ਕੇ ਸਰਕਸ ਜੁਆਇਨ ਕਰ ਲਈ ਸੀ।

ਫ਼ਿਲਮ ਲਈ, ਫੇਲਿਨੀ ਨੇ ਸਰਕਸ ਤੇ ਬਾਜ਼ੀਗਰ ਕਿਰਾਏ ‘ਤੇ ਲੈ ਲਏ ਸੀ।…………

Leave a comment