shabadspace.com

ਸ਼ਬਦ ਸਪੇਸ

ਭਾਸ਼ਾ  ਸਾਹਿਤ  ਕਲਾ  ਕਲਚਰ

ਜਸਵੰਤ ਦੀਦ ਦੀਆਂ 10 ਬੇਸਮੈਂਟ ਕਵਿਤਾਵਾਂ

ਜਸਵੰਤ ਦੀਦ ਦੀ ਨਵੀਂ ਕਿਤਾਬ ‘ਬੇਸਮੈਂਟ ਕਵਿਤਾਵਾਂ’ ਵਿਚ ਕੁੱਲ 80 ਦੇ ਕਰੀਬ ਕਵਿਤਾਵਾਂ ਹਨ। ਇਸ ਕਿਤਾਬ ਨੂੰ ਆਟਮ ਆਰਟ ਪਟਿਆਲਾ ਵੱਲੋਂ ਪ੍ਰਕਾਸ਼ਤ ਕੀਤਾ ਗਿਆ ਹੈ। ਇਹ 10 ਕਵਿਤਾਵਾਂ ਇਸ ਕਿਤਾਬ ਵਿਚੋਂ ਲਈਆਂ ਗਈਆਂ ਹਨ।

ਟਾਇਟੈਨਿਕ

ਨੀਲੇ ਸੋਫੇ ‘ਤੇ

ਕਾਲੇ ਦਸਤਾਨੇ

ਇੱਕ ਦੂਜੇ ਦੇ ਉੱਪਰ ਪਏ

ਜਿਵੇਂ

ਪੁਰਾਤਨ ਕਬਰਿਸਤਾਨ ‘ਚੋਂ ਪੁੱਟੇ

ਹੱਥਾਂ ਦਾ ਜੋੜਾ

ਧੋ ਕੇ ਰਾਤ ਨੂੰ ਸੁੱਕਣੇ ਪਾਇਆ.

ਬੂਟ

ਚੌੜੇ ਪੰਜੇ, ਮੋਟੀ ਅੱਡੀ, ਰਬੜਾਂ ਵਾਲੇ

ਖੂੰਜੇ ਪਏ

ਜਿਉਂ ਕਾਮੇ ਦੇ ਪੈਰ ਵੱਢ ਕੇ ਰੱਖੇ

ਖੂੰਜੇ

ਕਾਲ਼ੀ-ਚਿੱਟੀ ਉੱਨ ਦਾ ਉਣਿਆ

ਟੋਪਾ

ਚਿੱਟੀਆਂ ਚਿੱਠੀਆਂ ਉੱਪਰ ਡਿੱਗਾ

ਜਿਵੇਂ ਕਿਸੇ ਘੋੜ ਸਵਾਰ ਦਾ

ਉਲਝਾਇਆ ਸਿਰ

ਬਰਫੀਲੇ ਪਹਾੜਾਂ ਵਿੱਚ

ਤੋੜ ਕੇ ਸਿੱਟਿਆ.

ਤਾਲ਼ੇ ਨਾਲ ਲਮਕਦੀ

ਲੰਮੀ ਚਾਬੀ

ਪਲਾਸਟਿਕ ਦੀ ਮੇਜ਼ ‘ਤੇ

ਦਿਲ ਦੀਆਂ ਦਵਾਈਆਂ

ਨਜ਼ਰ ਦੀਆਂ ਮੋਟੀਆਂ ਐਨਕਾਂ

ਮਾਉ ਦੀਆਂ ਕਵਿਤਾਵਾਂ ਦੀ ਨਿੱਕੀ ਕਿਤਾਬ

ਮੂਧਾ ਪਿਆ ਮੋਬਾਇਲ

ਮੌਤ ਤੋਂ ਪਹਿਲਾਂ ਸੁਨੇਹਾ ਲਿਖਣ ਲਈ

ਸਿਰਹਾਣੇ ਰੱਖਿਆ

ਕਾਲਾ ਪੈੱਨ…

ਤੇ ਡੁੱਬ ਰਹੇ ਪਾਣੀ ਦੇ ਜਹਾਜ਼ ਵਰਗੀ

ਬੇਸਮੈਂਟ.

ਪੌੜੀਆਂ

ਕੋਈ ਨਾ ਈ ਆਏ ਤਾਂ ਚੰਗਾ

ਬਣੀ ਰਹੇਗੀ ਬਿਰਤੀ…

ਰੋਟੀ-ਟੁੱਕ, ਕਿਤਾਬਾਂ, ਫੋਨ, ਲੈਪ ਟੌਪ

ਮਦਰਾ

ਕਿੱਥੇ ਰਹਿ ਜਾਂਦੀ ਲੋੜ

ਬੰਦੇ ਨੂੰ

ਬੰਦੇ ਦੀ… 

ਏਥੇ.

ਬੇਸਮੈਂਟ ਚ ਪੂਰਨ

ਏਸੇ ਤਰਾਂ ਹੋਣੀ ਚਾਹੀਦੀ ਸੀ ਏਸ ਨਾਲ

’ਕੱਲਾ ਰਹਿ ਜਾਣਾ ਚਾਹੀਦਾ ਸੀ

ਇਹ

ਸੁਣਨਾ ਦਿਸਣਾ ਬੋਲਣਾ

ਬੰਦ ਹੋ ਜਾਣਾ ਚਾਹੀਦਾ ਸੀ

ਏਸਦਾ

ਇਸੇ ਭੋਰੇ ‘ਚ

ਇਸੇ ਤਰਾਂ ਸੁੱਟਣਾ ਚਾਹੀਦਾ ਸੀ

ਏਸ ਨੂੰ

ਸੁੰਦਰਾਂ ਕਿਤੇ ਐਂਵੇਂ ਮਿਲ ਜਾਂਦੀ ਭਲਾ!

ਉੱਤੋਂ ਪੈ ਗਈ ਰਾਤ

ਠੰਡਾ ਬੁਰਜ

ਕਿ

ਤੱਤੀ ਤਵੀ?

ਜੇਰੂਸਲਮ, ਮਹਿੰਜੋਦਾਰੋ

ਕਿ ਗੁਫਾਵਾਂ ਕਰਨਾਟਕ ਦੀਆਂ?

ਕਿ ਲਾਮ ਬਸਰੇ ਦੀ?

ਜਾਂ ਪਾਕਿਸਤਾਨ

47 ਕਿ 84?

ਕਾਫਲਿਆਂ ਦੇ ਕਾਫਲੇ ਤੁਰੇ ਆਉਂਦੇ

ਉਜਾੜੇ ਵਾਲੀ ਰਾਤ ਜਿਵੇਂ

ਹਮਲਿਆਂ ਦਾ ਹਜੂਮ

ਮਾਂ ਸੁਣਾ ਰਹੀ ਕਥਾ ਲਹੂ ਦੀ ਚੁਬਾਰੇ ਦੀ ਛੱਤ ‘ਤੇ

ਪੋਤੇ ਨੂੰ ਸਵਾਉਣ ਖਾਤਰ

ਬੇਸਮੈਂਟ ‘ਚ ਸੁਣ ਰਹੀ…

ਕ੍ਰਿਸਮਿਸ ਦੇ ਆਸ ਪਾਸ

ਬਰਫ਼ਬਾਰੀ ਦਾਣੇਦਾਰ

ਛਰਾਟੇਦਾਰ ਤਾਂ ਮੀਂਹ ਹੁੰਦੇ

ਰੋੜ ਕੇ ਲੈ ਜਾਂਦੇ

ਨਗਰ-ਗਰਾਂ

ਬਰਫਬਾਰੀ ਚੁੱਪ-ਚਾਪ

ਰੁੱਖਾਂ ਛੱਤਾਂ ਘਾਹ ਨੂੰ

ਚਿੱਟਾ ਕਰ ਰਹੀ

ਪੈਰਾਂ ਨੂੰ ਚੱਟ ਰਿਹਾ ਹੋਵੇ ਰਿੱਛ ਜਿਵੇਂ

ਦੂਰ ਰੁੜ੍ਹ ਰਹੇ ਨਗਰੋਂ

ਆ ਰਹੀ ਆਵਾਜ਼-

ਮੁੜ ਆਓ ਪੁੱਤਰੋ ਮੇਰਿਓ!

ਘੁਣ

ਉਥੇ

ਚਮਗਿੱਦੜ

ਚਾਮਚੜਿੱਕਾਂ

ਕਬੂਤਰ, ਗੰਡੋਏ

ਕੀੜੀਆਂ ਦੇ ਭੌਣ

ਖਾ ਰਹੇ ਮਕਾਨ

ਏਥੇ

ਬੇਸਮੈਂਟ ਖਾ ਰਹੀ

ਬੰਦਾ.

ਜੱਦੀ ਚੁਗਾਠਾਂ

ਇਥੇ ਕਦੀ ਤੇਲ ਚੋਏ ਜਾਂਦੇ ਸਨ

ਮੇਰੇ ਆਉਣ ਤੇ

ਤੇ ਤ੍ਰਿਪ ਤ੍ਰਿਪ ਕਿਰਦੇ ਸਨ

ਹੰਝੂ ਮੇਰੇ ਜਾਣ ਤੇ,

ਹੁਣ ਕੋਈ ਹਰਕਤ ਨਹੀਂ

ਨਾ ਆਉਣ ਤੇ

ਨਾ ਜਾਣ ਤੇ.

ਫ਼ਾਲਤੂ

ਦੀਵਾਲੀ

ਕਦੇ ਨਵੇਂ ਸਾਲ

ਦਿਨ ਤਿਓਹਾਰ

ਕਦੇ ਐਤਵਾਰ

ਕੁਝ ਨਾ ਕੁਝ

ਬਹੁਤ ਕੁਝ, ਬਾਹਰ ਸੁਟਦੀ ਰਹਿੰਦੀ

ਪਤਨੀ.

ਹਰ ਵਾਰ ਆਖਦੀ ਹੈ-

ਬਸ ਹੌਲੀ ਹੌਲੀ ਸਭ

ਖਾਲੀ ਕਰ ਦੇਣਾ

ਹਲਕਾ ਫੁੱਲ ਕਰ ਦੇਣਾ ਘਰ!

ਨਿਕੜ ਸੁਕੜ

ਪਤਾ ਨਹੀਂ ਕਿਹੜੀਆਂ ਨੁੱਕਰਾਂ ਚੋਂ ਕੱਢ ਲਿਆਂਉਂਦੀ

ਕੂੜ-ਕਬਾੜ

ਲਿਆ ਲਿਆ ਮੈਨੂੰ ਦਿਖਾਂਉਂਦੀ

ਕਹਿੰਦੀ-

ਕਿੰਨਾ ਗੰਦ ਹੈ, ਸੱਚੀਂ!

ਹੌਲੀ ਹੌਲੀ

ਬੰਦ ਕਰ ਦੇਣਾ ਇਹ ਸਭ ਸਾਂਭ ਸੰਭਈਆ

ਸਭ ਕਰ ਦੇਣਾ ਖਾਲੀ

ਹਲਕਾ ਫੁੱਲ ਕਰ ਦੇਣਾ ਘਰ।

ਮੈਂ ਕਹਿੰਦਾ ਹਾਂ

ਕਰ ਕਰ

ਜਲਦੀ ਕਰ

ਛੱਜੂ

ਛੱਜੂ ਨੇ

ਆਪਣੇ ਚੁਬਾਰੇ ‘ਚੋਂ ਛਾਲ਼ ਮਾਰੀ

ਤੇ ਸਿੱਧਾ ਬੇਸਮੈਂਟ ‘ਚ ਡਿੱਗਾ.

ਰਾਮ ਚੰਦਰ

ਦਿਲ ਦੀ ਦੱਸਾਂ

ਦਿਲ ਨਹੀਂ ਲਗਦਾ

ਨਾ ਏਥੇ ਨਾ ਓਥੇ

ਏਥੇ ਆਖਾਂ ਤਾਂ ਕਹਿੰਦੇ ਨੇ-

ਕੌਣ ਕਨੇਡਾ ਛੱਡ ਕੇ ਮੁੜਦਾ?

ਸੁਰਗ ਨੂੰ ਧੱਕਾ ਕੌਣ ਮਾਰਦਾ?

ਓਥੇ ਆਖਾਂ ਤਾਂ ਕਹਿੰਦੇ ਨੇ-

ਏਡਾ ਔਖਾ ਏਂ ਤਾਂ ਮੁੜ ਜਾ ਆਪਣੇ ਦੇਸ

ਮੁੜਦਾ ਕਿਉਂ ਨਹੀਂ?

ਹੌਲੀ ਜੇਹੇ ਮੂੰਹ ਬਣਾ ਕੇ

ਕਹਿੰਨਾਂ-

ਔਲਾਦ ਖਾਤਰ ਕੀ ਨਹੀਂ ਕਰਨਾ ਪੈਂਦਾ?

ਜੀਂਦੇ ਮਰਨਾ ਪੈਂਦਾ!

ਪਰਦੇ ਪਿੱਛੋਂ ਮੁੰਡਾ ਕਹਿੰਦਾ-

ਸਾਡੀ ਏਥੇ ਰਹਿਣ ਦੀ ਕੋਈ ਲੋੜ ਨਹੀਂ

ਸਾਡੀ ਵਲੋਂ ਕੱਲ੍ਹ ਮੁੜਦਾਂ ਅੱਜ ਮੁੜਜਾ

ਹੇ! ਧਰਤੀ ਮਾਂ!

ਵਿਹਲ ਜਰਾ ਕੁ ਦੇਹ

ਤੇਰੇ ਵਿਚ ਸਮਾ ਜਾਂ

ਸੁਣਕੇ ਧਰਤੀ ਪਹਿਲਾਂ ਤੋਂ ਵੀ ਤੇਜ ਦੌੜ ਪਈ

ਖਿਣ ਵਿਚ ਗੱਲ ਮੁਕਾ ਗਈ

ਚੰਦ ਸੂਰਜ ਨੂੰ ਮਾਰਕੇ ਧੱਕਾ

ਨੇਰ੍ਹਾ ਮੂੰਹ ਤੇ ਪਾ ਗਈ.

ਗਾਇਬ

ਕਵਿਤਾਵਾਂ ‘ਚ ਘੋੜੇ ਹੁੰਦੇ ਸਨ

ਕਿੱਥੇ ਗਏ?

ਤੀਰ

ਮੱਛੀ?

ਬੂਟਾਂ ਦਾ ਖੜਾਕ

ਯੁੱਧ

ਧਰਤੀ ਦੇ ਘੁੰਮਣ ਦੀ ਆਵਾਜ਼?

ਕਿਤਾਬ ਹੁੰਦੀ ਸੀ ਕਵਿਤਾਵਾਂ ਅੰਦਰ ਕਿੱਥੇ ਗਈ?

ਰਿਆਜ਼

ਸੁਰ ਨੱਪਦੇ ਹੱਥਾਂ ਅੰਦਰ

ਰੋਟੀ ਦਾ ਅਕੜਾਅ!

ਮਜੂਰੀ

ਹੱਥ ਦੇ ਵਿਚਕਾਰ

ਹੱਡੀ ਉੱਭਰ ਆਈ

ਰਾਤੋ ਰਾਤ

ਸਵੇਰੇ ਰੋਟੀ ਵੇਲਣ ਵੇਲੇ

ਬਾਪ ਨੂੰ ਪਤਾ ਲੱਗਾ

ਪੁੱਤ ਨੇ ਕਿਹਾ-

ਬੜਾ ਚੱਲੇਗਾ ਏਸ ਮੁਲਕ

ਦੇਸੀ ਢਾਬਾ…

Leave a comment