shabadspace.com

ਸ਼ਬਦ ਸਪੇਸ

ਭਾਸ਼ਾ  ਸਾਹਿਤ  ਕਲਾ  ਕਲਚਰ

ਸਧਾਰਨ ਗੱਲਾਂ ਦੀ ਅਸਧਾਰਨ ਕਵਿਤਾ ‘ਰਾਹਕ’

ਗੁਰਪ੍ਰੀਤ ਆਪਣੇ ਸੁਭਾਅ ਅਨੁਸਾਰ ਕਵਿਤਾ ਨਾਲ਼ ਵੀ ਸਹਿਜੇ-ਸਹਿਜੇ ਤੇ ਮੜਕ ਨਾਲ਼ ਤੁਰਦਾ ਹੈ। ‘ਰਾਹਕ’ ਉਸਦੀ ਪੰਜਵੀਂ ਕਾਵਿ-ਪੁਸਤਕ ਹੈ। ਇਸ ਤੋਂ ਪਹਿਲਾਂ ਉਹ ‘ਸ਼ਬਦਾਂ ਦੀ ਮਰਜ਼ੀ’(1996), ‘ਅਕਾਰਨ’ (2001), ‘ਸਿਆਹੀ ਘੁਲੀ ਹੈ’ (2011, 2014), ਅਤੇ ‘ਓਕ’ (2016) ਪੰਜਾਬੀ ਸਾਹਿਤ ਦੀ ਝੋਲ਼ੀ ਪਾ ਚੁੱਕਿਆ ਹੈ। ‘ਰਾਹਕ’ ਨਾਲ਼ ਇਕ ਵਾਰ ਫਿਰ ਉਹ ਕਵਿਤਾ ਦੇ ਨਾਲ਼-ਨਾਲ਼ ਤੁਰਦਾ ਹੈ। ਉਸਦੀ ਕਵਿਤਾ ਸਾਹਾਂ ਦੇ ਆਉਣ-ਜਾਣ ਵਾਂਗ ਸਹਿਜ ਹੈ। ਉਸਦੀ ਕਵਿਤਾ ਜੀਵਨ ਦੀਆਂ ਉਹਨਾਂ ਸੰਵੇਦਨਾਵਾਂ ਦੀ ਕਵਿਤਾ ਹੈ ਜਿਹੜੀਆਂ ਸਧਾਰਨ ਮਨੁੱਖ ਦੀ ਅੱਖ ਅਤੇ ਜ਼ਿਹਨ ਤੋਂ ਪਾਸੇ ਸਰਕ ਜਾਂਦੀਆਂ ਹਨ। ਗੁਰਪ੍ਰੀਤ ਜੀਵਨ ਦੀ ਹਰ ਨਿੱਕੀ ਤੇ ਸੂਖ਼ਮ ਗੱਲ ਤੋਂ ਲੈ ਕੇ ਵੱਡੀ ਤੋਂ ਵੱਡੀ ਘਟਨਾ ਦੁਆਲੇ ਕਵਿਤਾ ਸਿਰਜ ਲੈਂਦਾ ਹੈ। ਇਸ ਲਈ ਉਹ ਕੋਈ ਤਰੱਦਦ ਨਹੀਂ ਕਰਦਾ ਸਗੋਂ ਸਭ ਕੁਝ ਸਹਿਜ ਅਤੇ ਸੁਭਾਵਿਕ ਰੂਪ ਵਿਚ ਏਨੀ ਸਧਾਰਨਤਾ ਤੇ ਚਮਤਕਾਰੀ ਢੰਗ ਨਾਲ਼ ਵਾਪਰਦਾ ਹੈ ਕਿ ਕਈ ਵਾਰ ਪਾਠਕ ਅਚੰਭਿਤ ਹੋ ਉੱਠਦਾ ਹੈ। ਮਿਸਾਲ ਵਜੋਂ ਉਸਦੀ ਇਕ ਛੋਟੀ ਜਿਹੀ ਨਜ਼ਮ ‘ਆਵਾਜ਼’ ਦੇਖੀ ਜਾ ਸਕਦੀ ਹੈ:-

ਜੇ ਕੋਈ ਪੁੱਛੇ ਮੈਨੂੰ

ਸਭ ਤੋਂ ਸੁਹਣੀ ਆਵਾਜ਼

ਕਿਹੜੀ ਲਗਦੀ ਹੈ ਤੈਨੂੰ ?

ਤਾਂ ਆਖਾਂ

ਕਿਤਾਬ ਦੇ ਪੰਨੇ

ਪਰਤਣ ਦੀ ਆਵਾਜ਼

ਕੰਨਾਂ ਵਿੱਚ ਪੈਂਦੀਆਂ ਹਜ਼ਾਰਾਂ ਵਿਕੋਲਿਤਰੀਆਂ ਆਵਾਜ਼ਾਂ ਵਿਚੋਂ ਕਿਤਾਬ ਦੇ ਪੰਨੇ ਪਰਤਣ ਦੀ ਆਵਾਜ਼ ਇਕ ਸਧਾਰਨ ਮਨੁੱਖ ਲਈ ਅਤਿ ਸਧਾਰਨ ਹੋ ਸਕਦੀ ਹੈ ਪਰ ਕਵੀ ਦੀ ਕਾਵਿ-ਅਭਿਵਿਅਕਤੀ ਵਿਚ ਢਲ ਕੇ ਇਹ ਚਮਤਕਾਰੀ ਹੋ ਜਾਂਦੀ ਹੈ। ਇਕ ਦਮ ਕਿਤਾਬ ਦੇ ਪੰਨੇ ਪਰਤਣ ਦੀ ਆਵਾਜ਼ ਪਾਠਕ ਦੇ ਮਸਤਕ ’ਚ ਦਸਤਕ ਦਿੰਦੀ ਹੈ ਤਾਂ ਉਸਨੂੰ ਅਚੰਭਿਤ ਕਰਦੀ ਹੈ। ਕਿਤਾਬ ਦੇ ਪੰਨੇ ਪਰਤਣ ਦੀ ਮੱਧਮ ਜਿਹੀ ਆਵਾਜ਼ ਉਹ ਖੂਬਸੂਰਤ ਆਵਾਜ਼ ਹੈ ਜੋ ਹਰ ਕਿਸਮ ਦੇ ਉੱਚੇ ਸ਼ੋਰ ਨੂੰ ਆਪਣੇ ਥੱਲੇ ਦੱਬ ਲੈਂਦੀ ਹੈ। ਇਹੀ ਆਵਾਜ਼ ਚਾਨਣ ਵੱਲ ਖੁੱਲ੍ਹਦੀ ਖਿੜਕੀ ਵੱਲ ਜਾਣ ਦਾ ਸੱਦਾ ਦਿੰਦੀ ਹੈ।

ਗੁਰਪ੍ਰੀਤ ਅਸਲ ਵਿੱਚ ਜੀਵਨ ਦੀਆਂ ਨਿੱਕੀਆਂ-ਨਿੱਕੀਆਂ ਤੇ ਸਧਾਰਨ ਗੱਲਾਂ ’ਚੋਂ ਅਸਧਾਰਨ ਕਵਿਤਾ ਤਲਾਸ਼ ਲੈਂਦਾ ਹੈ। ਉਹ ਸਧਾਰਨ ਜਿਹੀਆਂ ਜਾਪਦੀਆਂ ਚੀਜ਼ਾਂ/ਗੱਲਾਂ ਬਾਰੇ ਜਿਵੇਂ ਸ਼ਰਟ ਦੇ ਬਟਨਾਂ ਬਾਰੇ, ਸ਼ਰਟ ਦੇ ਕਾਜਾਂ ਬਾਰੇ, ਚਾਹ ਪੀਣ ਬਾਰੇ, ਸੰਤਰੇ ਬਾਰੇ, ਘਾਹ ਬਾਰੇ, ਹਾਸੇ ਬਾਰੇ, ਰੰਗਾਂ ਬਾਰੇ, ਦਿਨਾਂ-ਵਾਰਾਂ ਬਾਰੇ, ਆਵਾਜ਼ਾਂ ਬਾਰੇ, ਫੋਟੋ ਬਾਰੇ, ਸੂਰਜ, ਚੰਨ, ਧਰਤੀ ਬਾਰੇ ਅਸਧਾਰਨ ਕਵਿਤਾ ਸਿਰਜ ਲੈਂਦਾ ਹੈ। ਸਧਾਰਨਤਾ ਵਿੱਚੋਂ ਚਮਤਕਾਰੀ ਅਸਧਾਰਨਤਾ ਲੱਭ ਲੈਣਾ ਹੀ ਉਸਨੂੰ ਬਾਕੀ ਸਮਕਾਲੀ ਕਵੀਆਂ ਤੋਂ ਨਿਵੇਕਲਾ ਅਤੇ ਵੱਖਰਾ ਕਰ ਦਿੰਦਾ ਹੈ। ਇਹ ਚਮਤਕਾਰੀ ਅਸਧਾਰਨਤਾ ਉਸਦੀ ਪੂਰੀ ਕਵਿਤਾ ਦੇ ਆਰ-ਪਾਰ ਫੈਲੀ ਹੋਈ ਹੈ:-

ਜ਼ਿੰਦਗੀ

ਅੱਥਰ ਨੇ

ਅਕਾਸ਼ ਦੀਆਂ ਅੱਖਾਂ ’ਚੋਂ ਵਹਿੰਦੇ

ਧਰਤੀ ਨੇ ਆਪਣੇ ਬੁੱਕ ’ਚ ਸਾਂਭੇ

……..

ਕੀ ਇਸ ਤਰ੍ਹਾਂ ਵੀ ਪੜ੍ਹੀ ਜਾ ਸਕਦੀ ਹੈ

ਕੋਈ ਸਤਰ?

ਦੇਖੀ ਜਾ ਸਕਦੀ ਹੈ

ਇਕ ਦੂਜੇ ਨਾਲ਼ ਜੁੜੇ

ਰਹਿਣ ਲਈ

ਬਣਦਾ ਫ਼ਾਸਲਾ ਜ਼ਰੂਰੀ ਹੈ

………..

ਗੱਡੀ

ਲੱਦੀ

ਜਾਵੇ

ਭਾਰੇ

ਫੌਜੀ

ਟੈਂਕ

ਮੇਰੇ ਮਨ ’ਤੇ ਭਾਰ

ਗੁਰਪ੍ਰੀਤ ਦੀ ਕਾਵਿ-ਯਾਤਰਾ ਸ਼ਬਦ ਤੋਂ ਸ਼ੁਰੂ ਹੁੰਦੀ ਹੈ। ਸ਼ਬਦ ਉਸਦਾ ਆਸਰਾ ਬਣਦਾ ਹੈ। ਸ਼ਬਦ ਉਸਦੀ ਸਲਾਮਤੀ ਲਈ ਸੁਰੱਖਿਆ ਵੀ ਬਣਦਾ ਹੈ। ਸ਼ਬਦ ਦੀ ਮਹਿਮਾ ਪੰਜਾਬੀ ਦੇ ਗੁਰਮਤਿ-ਕਾਵਿ ਤੋਂ ਲੈ ਕੇ ਸਮਕਾਲ ਦੀ ਕਵਿਤਾ ਤੱਕ ਫੈਲੀ ਹੋਈ ਹੈ। ਸ਼ਬਦ ਅਜਿਹੀ ਸ਼ਕਤੀ ਹੈ ਜਿਸ ਰਾਹੀਂ ਮਨੁੱਖ ਇਸ ਧਰਤੀ ਤੋਂ ਰੁਖ਼ਸਤ ਹੋ ਕੇ ਵੀ ਜਿਉਂਦੇ ਹਨ। ਸ਼ਬਦ ਸਦੀਵੀ ਹੈ। ਸ਼ਬਦ ਜਿਉਂਦੇ ਮਨੁੱਖਾਂ ਵਾਂਗ ਧੜਕਦੇ ਹਨ। ਕਵੀ ਦੀ ਸੰਵੇਦਨਾ ਸ਼ਬਦ ਦੀ ਧੜਕਣ ਮਹਿਸੂਸ ਕਰਦੀ ਹੈ। ਸ਼ਬਦ ਆਦਿ ਵੀ ਹੈ ਤੇ ਅੰਤ ਵੀ। ਸ਼ਬਦ ਪੂਰੇ ਬ੍ਰਹਿਮੰਡ ‘ਚ ਗੂੰਜਣ ਵਾਲ਼ਾ ਨਾਦ ਹੈ:-

ਸ਼ਬਦ

ਉਛਾਲਦਾ ਹੈ ਮੈਨੂੰ

ਹਵਾ ’ਚ ਗੇਂਦ ਵਾਂਗ

ਤੇ ਬੁੱਚ ਲੈਂਦਾ ਹੈ।

………

ਸ਼ਬਦਾਂ ਨੂੰ ਸੁਣਨਾ ਪੜ੍ਹਨਾ

ਅਸਲ ਵਿਚ

ਉਹਨਾਂ ’ਤੇ ਹੱਥ ਰੱਖ ਦੇਖਣਾ

ਉਹ ਦਿਲ ਵਾਂਙੂੰ

ਧੜਕ ਰਹੇ ਹੁੰਦੇ ਨੇ

ਧਕ-ਧਕ

……

ਸ਼ਬਦ

ਮੇਰਾ ਆਦਿ ਅੰਤ

ਅਨੁਭਵ ਦਾ ਅੱਧਾ-ਅਧੂਰਾ ਪ੍ਰਗਟਾ

ਅਹਿਸਾਸਾਂ ਦੀ ਧਰਤੀ ਨੂੰ ਛੂਹ ਕੇ ਲੰਘਦਾ

ਮੇਰਾ ਸੂਰਜ

ਇਹਦੇ ’ਚ ਹੀ

ਚੜ੍ਹਦਾ ਛਿਪਦਾ

ਸ਼ਬਦ ਦੇ ਇਸ ਸਜੀਵ ਰੂਪ ਵਿਚੋਂ ਗੁਜ਼ਰ ਕੇ ਅਸਲ ਜ਼ਿੰਦਗੀ ਦੀ ਯਾਤਰਾ ਸ਼ੁਰੂ ਹੁੰਦੀ ਹੈ। ਜ਼ਿੰਦਗੀ, ਜਿਸ ਵਿੱਚ ਮਨੁੱਖੀ ਸੰਵੇਦਨਾ ਹੈ। ਇਥੇ ਕਵਿਤਾ ਜ਼ਿੰਦਗੀ ਦੇ ਅਸਲ ਰਾਹੋਂ ਭਟਕਣ ਲੱਗੇ ਕਵੀ ਦੇ ਕੰਨ ਮਰੋੜ ਦਿੰਦੀ ਹੈ। ਇਸ ਕੰਨ ਮਰੋੜਣ ਨਾਲ਼ ਹੀ ਕਵੀ ਨੂੰ ਪਰਾਏ ਦਰਦ ਨੁੰ ਅਹਿਸਾਸ ਤੇ ਸੰਵੇਦਨਾ ਦੀ ਅੱਖ ਥਾਣੀ ਦੇਖਣ ਦਾ ਔਖਾ ਹੁਨਰ ਆਉਂਦਾ ਹੈ:-

ਇੱਥੇ ਹੀ

ਇਸੇ ਸੜਾਂਦ ਵਿਚ

ਸਾਹਮਣੇ ਘਰ ’ਚੋਂ ਇੱਕ ਸੱਜਣ

ਬਾਹਰ ਆਉਂਦਾ

ਦੇਖਦਾਂ

ਹੁਣੇ ਨ੍ਹਾਤਾ, ਤਰੋ-ਤਾਜ਼ਾ, ਸਹਿਜ ਉਹ

ਨੱਕ ’ਤੇ ਬੰਨ੍ਹਣ ਲਈ ਕੱਢਿਆ ਰੁਮਾਲ

ਮੈਂ ਮੁੜ ਜੇਬ ’ਚ ਪਾ ਲੈਂਦਾ

ਕਵਿਤਾ ਕਈ ਵਾਰ

ਮੇਰੇ ਕੰਨ ਵੀ ਮਰੋੜ ਦਿੰਦੀ ਹੈ

ਜ਼ਿੰਦਦੀ ਅਸਲ ਵਿੱਚ ਸਿੱਧੀ ਤੇ ਸਪਾਟ ਹੈ ਪਰ ਮਨੁੱਖ ਦੇ ਖ਼ੁਦ ਸਿਰਜੇ ਤਾਣੇ-ਬਾਣੇ ਤੇ ਤਥਾਕਥਿਤ ਸੱਭਿਅਕ ਵਰਤਾਰੇ ਨੇ ਜ਼ਿੰਦਗੀ ਉਲਝਾ ਦਿੱਤੀ ਹੈ। ਇਸਦੀ ਸਰਲਤਾ ਇਸਦੇ ਨਿੱਤਾਪ੍ਰਤੀ ਦੇ ਕਾਰ-ਵਿਹਾਰ ਵਿੱਚ ਪਈ ਹੈ। ਇਸ ਕਾਰ-ਵਿਹਾਰ ਵਿੱਚ ਦੁਹਰਾਅ ਹੈ। ਇਹ ਦੁਹਰਾਅ ਬੰਦੇ ਲਈ ਨੀਰਸ ਵੀ ਹੋ ਸਕਦਾ ਹੈ ਤੇ ਇਕ ਸਾਕਾਰਾਤਮਿਕ ਕਵੀ ਮਨ ਲਈ ਇਹ ਦੁਹਰਾਅ ਖੂਬਸੂਰਤ ਵੀ ਹੋ ਸਕਦਾ ਹੈ:-

ਮੁੜ ਆਇਆ ਆਥਣੇ ਘਰ

ਥੋੜ੍ਹਾ ਬੀਵੀ-ਬੱਚਿਆਂ ’ਚ ਬਹਿੰਦਾ

ਪੈ ਜਾਂਦੀ ਰਾਤ

ਖਾਂਦਾ ਗਰਮ-ਗਰਮ ਰੋਟੀ

ਸੌਣ ਲਈ ਵੜ ਜਾਂਦਾ ਬਿਸਤਰੇ ’ਚ

ਕਈ ਦੁਹਰਾਅ ਕਿੰਨੇ ਚੰਗੇ ਹੁੰਦੇ

……

ਮੁੜ੍ਹਕੇ ਨਾਲ਼

ਉਹਦਾ ਰੰਗ ਚੋਵੇ

ਢਲ਼ਦੇ ਪ੍ਰਛਾਵੇਂ

ਨਾਹਵੇ ਧੋਵੇ

ਸੁਰਖ਼ੀ ਲਾਵੇ

ਸੱਜਣ ਆਪਣੇ ਲਈ ਸਜੇ

ਸਭ ਕੁਝ ਭੁੱਲ ਭੁਲਾ ਕੇ

ਕੱਪੜੇ ਬਦਾਮੀ ਰੰਗੇ

ਹੋਰ ਵੀ ਸੁਹਣੇ ਹੋ ਜਾਂਦੇ

ਗੱਲੀਂ ਲੱਗਿਆ ਬੰਦਾ

ਕਿੰਨਾ ਜਚਦਾ

ਇਹ ਦੁਹਰਾਅ ਜ਼ਿੰਦਗੀ ’ਚ ਰੰਗ ਭਰ ਦਿੰਦਾ ਹੈ। ਇਸੇ ਨੂੰ ਕਵੀ ਮਨ ਜਿਉਣਾ ਆਖਦਾ ਹੈ। ਤੇ ਇਹ ਜ਼ਿੰਦਗੀ ਜਿਉਣ ਤੋਂ ਬਿਨਾ ਹੋਰ ਕਿਸੇ ਕੰਮ ਨਹੀਂ ਆਉਂਦੀ:-

ਜ਼ਿੰਦਗੀ

ਜਿਉਣ ਤੋਂ ਬਿਨਾਂ

ਹੋਰ ਕਿਸੇ ਕੰਮ ਨੀਂ’ ਆਉਂਦੀ

ਮੈਂ ਅਕਸਰ

ਇਹਦੀਆਂ ਗੱਲਾਂ ’ਚ ਆ ਜਾਂਦਾ

ਬੂਟਾਂ ਦੇ ਫੀਤੇ ਕਸਦਾ

ਇਸ ਜ਼ਿੰਦਗੀ ਦਾ ਪ੍ਰਾਇਮਰੀ ਰੰਗਮੰਚ ਘਰ ਹੈ। ਘਰ ਵਿੱਚ ਵੀ ਇਸ ਦੀ ਨੀਂਹ ਸਹਿਜਤਾ ਤੇ ਸੁਭਾਵਿਕਤਾ ਹੈ। ਕਿਧਰੇ ਕੋਈ ਉਚੇਚ ਨਹੀਂ ਹੈ। ਘਰ ਦੀ ਉਘੜ-ਦੁਘੜਤਾ ਹੀ ਘਰ ਵਸਦੇ ਹੋਣ ਦੀ ਗਵਾਹੀ ਹੈ। ਘਰਾਂ ਦੀ ਇਹ ਉਘੜ-ਦੁਘੜਤਾ ਹੀ ਮਕਾਨ ਨੂੰ ਘਰ ਵਿੱਚ ਤਬਦੀਲ ਕਰਦੀ ਹੈ। ਪਰ ਦੂਸਰੇ ਪਾਸੇ ਘਰ ਇਕ ਘਰ ਇਕ ਬੰਦਿਸ਼ ਅਤੇ ਵਲਗਣ ਵੀ ਹੈ। ਦੁਨੀਆਂ ਦੇ ਵੱਡੇ ਦਾਨਿਸ਼ਵਰ ਜਦ ਭ੍ਰਮਣ ’ਤੇ ਨਿਕਲੇ ਤਾਂ ਉਹਨਾਂ ਨੂੰ ਘਰ ਤਿਆਗਣਾ ਵੀ ਪਿਆ। ਘਰ ਦੀ ਚਾਰ-ਦੀਵਾਰੀ ’ਚ ਸੁਰੱਖਿਅਤ ਮਹਿਸੂਸ ਕਰਦਾ ਬੰਦਾ ਬਾਹਰਲੀ ਦੁਨੀਆਂ ਤੋਂ ਅਭਿੱਜ ਵੀ ਰਹਿ ਜਾਂਦਾ ਹੈ। ਅਜਿਹੀ ਸਥਿਤੀ ਵਿਚ ਘਰ ਕਵੀ ਨੂੰ ਅਣਦਿਸਦਾ ਪਿੰਜਰਾ ਮਹਿਸੂਸ ਹੁੰਦਾ ਹੈ :-

ਜਿਹੜੀ ਬੁਰਕੀ ਨਾਲ

ਮੇਰੀ ਸਵੇਰ ਰੱਜਦੀ

ਰਾਤ

ਉਹਦੀ ਇਕ ਬੁਰਕੀ ਨਾਲ

ਚੂਹੀ ਪਿੰਜਰੇ ’ਚ ਫਸ’ਗੀ

ਮੇਰਾ ਪਿੰਜਰਾ ਮੈਨੂੰ ਦਿਸਦਾ ਨਹੀਂ?

ਗੁਰਪ੍ਰੀਤ ਦੀ ਕਵਿਤਾ ਦਾ ਇਕ ਹੋਰ ਅਹਿਮ ਪੱਖ ਇਹ ਹੈ ਕਿ ਉਹ ਰਿਸ਼ਤਿਆਂ ਦੀ ਧਰਾਤਲ ’ਤੇ ਖੜ੍ਹ ਕੇ ਕਾਵਿ-ਸਿਰਜਣਾ ਦੇ ਅਮਲ ’ਚੋਂ ਲੰਘਦਾ ਹੈ। ਇਹਨਾਂ ਰਿਸ਼ਤਿਆਂ ਵਿੱਚ ਉਸਦੀ ਧੀ ਹੈ, ਪੁੱਤਰ ਹੈ, ਪਤਨੀ ਹੈ, ਮਹਿਬੂਬ ਹੈ ਅਤੇ ਮਾਂ ਹੈ। ਇਹਨਾਂ ਰਿਸ਼ਤਿਆਂ ਨੂੰ ਉਹ ਗਹਿਰੀ ਸੰਵੇਦਨਾ ਦੀ ਦ੍ਰਿਸ਼ਟੀ ਤੋਂ ਦੇਖਦਾ ਹੈ ਤੇ ਇਹਨਾਂ ਵਿਚਲੀਆਂ ਉਹਨਾਂ ਬਾਰੀਕ ਤੰਦਾਂ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ ਜਿਹੜੀਆਂ ਸਧਾਰਨ ਬੰਦੇ ਦੀ ਪਕੜ ਤੋਂ ਪਾਸੇ ਸਰਕ ਜਾਂਦੀਆਂ ਹਨ। ਇਥੇ ਰਿਸ਼ਤੇ ਇਕ-ਦੂਜੇ ਉਤੇ ਬੋਝ ਨਹੀਂ ਬਣਦੇ ਸਗੋਂ ਸੁਤੰਤਰ ਰੂਪ ਵਿੱਚ ਤੇ ਸਹਿਜ ਰੂਪ ਵਿੱਚ ਵਿਚਰਦੇ ਹਨ। ਇਹਨਾਂ ਰਿਸ਼ਤਿਆਂ ਦੀਆਂ ਨਿੱਕੀਆਂ-ਨਿੱਕੀਆਂ ਖ਼ੁਸ਼ੀਆਂ ਕਵੀ ਮਨ ਨੂੰ ਸ਼ਰਸਾਰ ਕਰਦੀਆਂ ਹਨ। ਇਥੇ ਉਸਦੀ ਕਵਿਤਾ ‘ਡੇ-ਆਊਟ’ ਦੇਖੀ ਜਾ ਸਕਦੀ ਹੈ:-

ਅਸੀਂ ਪਿਉ-ਧੀ ਕਰਦੇ ਰਹੇ

ਬਹੁ ਗੱਲਾਂ ਬਿਨਾਂ ਸ਼ਬਦਾਂ ਤੋਂ

ਉਹ ਇਸ ਕਵਿਤਾ ਵਿੱਚ ਵੀ ਨਹੀਂ ਆਈਆਂ

ਉਹਦੇ ਜਨਮ ਦਿਨ ’ਤੇ

ਮੈਂ ਉਹਦੀ ਹੋਸਟਲ ਵਾਰਡਨ ਨੂੰ

ਅੱਜ ਨਿੱਕਾ ਜਿਹਾ ਝੂਠ ਬੋਲ

ਉਹਦੇ ਲਈ ਡੇ-ਆਊਟ ਲੈ ਦਿੱਤਾ

‘ਰਾਹਕ’ ਦੀਆਂ ਕਾਫ਼ੀ ਸਾਰੀਆਂ ਕਵਿਤਾਵਾਂ ਮਾਂ ਬਾਰੇ ਹਨ। ਇਹਨਾਂ ਵਿੱਚੋਂ ਬਹੁਤੀਆਂ ਮਾਂ ਦੇ ਰੁਖ਼ਸਤ ਹੋ ਜਾਣ ਤੋਂ ਬਾਅਦ ਸਿਰਜੀਆਂ ਗਈਆਂ ਹਨ। ਇਹਨਾਂ ਕਵਿਤਾਵਾਂ ਵਿੱਚ ਮਾਂ ਦੇ ਤੁਰ ਜਾਣ ਤੋਂ ਬਾਅਦ ਕਵੀ ਅੰਦਰ ਪੈਦਾ ਹੋਏ ਖਾਲੀਪਣ ਦੀ ਵੇਦਨਾ ਹੈ। ਮਾਂ ਭਾਵੇਂ ਸਰੀਰਕ ਰੂਪ ਵਿੱਚ ਇਸ ਸੰਸਾਰ ਤੋਂ ਰੁਖ਼ਸਤ ਹੋ ਗਈ ਹੈ ਪਰ ਉਸਦੀ ਸੰਵੇਦਨਾ ਵਿੱਚ ਹਮੇਸ਼ਾ ਉਸਦੇ ਨਾਲ਼-ਨਾਲ਼ ਹੈ:-

ਉਹਦੀ ਬੁਣਾਈ ਦਰੀ

ਮੇਰੇ ਹੇਠਾਂ ਵਿਛੀ ਹੈ

ਉਹਦੀ ਬੁਣੀ ਸਵੈਟਰ

ਮੈਂ ਇਸ ਸਿਆਲ ਫਿਰ ਪਾਵਾਂਗਾ

ਉਹ ਮਾਂ ਹੈ

ਮੇਰੇ ਨਾਲ ਕਿਵੇਂ ਨਾ ਕਿਵੇਂ

ਕਿਸੇ ਨਾ ਕਿਸੇ ਬਹਾਨੇ

ਜ਼ਰੂਰ ਰਹੇਗੀ……

ਗੁਰਪ੍ਰੀਤ ਜਦੋਂ ਇਸ ਤਰ੍ਹਾਂ ਦੀ ਕਵਿਤਾ ਲਿਖਦਾ ਹੈ ਤਾਂ ਉਹ ਹਾਜ਼ਰ ਬਨਾਮ ਗ਼ੈਰਹਾਜ਼ਰ ਮਨੁੱਖ ਵਜੋਂ ਵਿਚਰਦਾ ਹੈ। ਉਸਦੀਆ ਬਹੁਤ ਸਾਰੀਆ ਕਵਿਤਾਵਾਂ ਵਿੱਚ ਵਿਅਕਤੀ/ਰਿਸ਼ਤੇ ਗ਼ੈਰਹਾਜ਼ਰ ਹੋ ਕੇ ਵੀ ਹਾਜ਼ਰ ਰਹਿੰਦੇ ਹਨ। ਮਾਂ ਇਸ ਦੁਨੀਆਂ ਤੋਂ ਰੁਖ਼ਸਤ ਹੋ ਕੇ ਵੀ ਉਸਦੇ ਨਿਤਾਪ੍ਰਤੀ ਦੇ ਕਾਰ-ਵਿਹਾਰ ਵਿੱਚ ਉਸਦੇ ਨਾਲ਼-ਨਾਲ਼ ਜਿਉਂਦੀ ਹੈ। ਮਹਿਬੂਬ ਗ਼ੈਰਹਾਜ਼ਰ ਹੋ ਕੇ ਵੀ ਉਸਦੀ ਸੰਵੇਦਨਾ ਵਿੱਚ ਹਾਜ਼ਰ ਹੈ। ਕਾਫ਼ੀ ਸਾਰੀਆਂ ਕਵਿਤਾਵਾਂ ਵਿਚ ਉਹ ਆਪ ਵੀ ਗ਼ੈਰਹਾਜ਼ਰ ਹੋ ਕੇ ਵੀ ਹਾਜ਼ਰ ਹੁੰਦਾ ਹੈ ਜਾਂ ਦੂਜੇ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਉਹ ਭਾਵੇਂ ਸਰੀਰਕ ਰੂਪ ਵਿਚ ਕਿਤੇ ਵੀ ਹੋਵੇ ਜ਼ਿਹਨੀ ਪੱਧਰ ’ਤੇ ਉਹ ਉੱਥੇ ਹਾਜ਼ਰ ਹੋ ਜਾਂਦਾ ਹੈ ਜਿੱਥੇ ਉਸਦੀ ਸਭ ਤੋਂ ਵੱਧ ਲੋੜ ਹੈ:-

ਪ੍ਰਾਰਥਨਾ ’ਚ

ਖੜ੍ਹਾ ਜੋ

ਹੱਥ ਜੋੜੀ

ਉਹ ਕੋਈ ਹੋਰ ਹੈ

ਮੈਂ ਤਾਂ

ਪਤੰਗ ਉਡਾਉਂਦੇ ਬੱਚੇ ਦੀ

ਡੋਰ ਵਾਲ਼ੀ ਚਰਖੜੀ ਫੜੀ ਖੜ੍ਹਾ ਹਾਂ

ਇਸ ਕਾਵਿ-ਪੁਸਤਕ ਦੀ ਇਕ ਪ੍ਰਤੀਨਿੱਧ ਕਵਿਤਾ ‘ਬਾਬੇ ਨਾਨਕ ਦਾ ਘਰ’ ਹੈ ਜੋ ਕਿਸੇ ਨਾ ਕਿਸੇ ਰੂਪ ਵਿੱਚ ਸਮੁੱਚੀ ਕਵਿਤਾ ਵਿਚ ਵੀ ਪ੍ਰਵਾਹਿਤ ਹੁੰਦੀ ਹੈ। ਬਾਬੇ ਨਾਨਕ ਦਾ ਘਰ ਸਭ ਧਰਮਾਂ, ਜਾਤਾਂ, ਨਸਲਾਂ, ਰੰਗਾਂ, ਭੇਦਾਂ ਤੋਂ ਪਰੇ ਹੈ। ਉੱਥੇ ਹਿੰਦੂ, ਮੁਸਲਿਮ, ਸਿੱਖ, ਈਸਾਈ ਸਿਰਫ ਮਨੁੱਖ ਦੇ ਰੂਪ ਵਿੱਚ ਪਛਾਣੇ ਜਾਂਦੇ ਹਨ। ਇਥੇ ਨਿਮਰਤਾ ਹੈ, ਧਰਮ ਨਿਰਪੱਖਤਾ ਹੈ। ਇਹੀ ਗੁਰਮਤਿ ਦੀ ਅਸਲ ਪਰਿਭਾਸ਼ਾ ਹੈ। ਕਮਾਲ ਦੀ ਗੱਲ ਇਹ ਹੈ ਕਿ ਬਾਲ-ਮਨਾਂ ਅੰਦਰ ਤਾਂ ਇਹ ਸਹਿਜ ਰੂਪ ਵਿੱਚ ਵਿਦਮਾਨ ਹੈ ਪਰ ਮਨੁੱਖ ਜਿਵੇਂ-ਜਿਵੇਂ ਵੱਡਾ ਹੁੰਦਾ ਜਾਂਦਾ ਹੈ ਓਵੇਂ-ਓਵੇਂ ਵੰਡੀਦਾ ਜਾਂਦਾ ਹੈ। ਇਸੇ ਲਈ ਕਵੀ ਵਾਰ-ਵਾਰ ਬੱਚਾ ਬਣਦਾ ਹੈ। ਬੱਚਾ ਜੋ ਕਿ ਨਿਰਛਲ ਹੈ, ਸਹਿਜ ਹੈ ਤੇ ਸਿਰਫ਼ ਮਨੁੱਖ ਹੈ। ‘ਬਾਬੇ ਨਾਨਕ ਦਾ ਘਰ’ ਕਵਿਤਾ ਤੋਂ ਲੈ ਕੇ ਉਹ ਬਹੁਤ ਸਾਰੀ ਕਵਿਤਾ ਵਿੱਚ ਬੱਚਾ ਹੈ। ਕਿਤੇ ਉਹ ਬੱਚਾ ਬਣ ਕੇ ‘ਬਾਬੇ ਨਾਨਕ ਦਾ ਘਰ’ ਵਾਲ਼ੀ ਖੇਡ ਖੇਡਦਾ ਹੈ, ਕਦੇ ਬੱਚੇ ਦੀ ਪਤੰਗ ਚੜ੍ਹਾਉਣ ਵਾਲ਼ੀ ਚਰਖੜੀ ਫੜ ਕੇ ਖੜਦਾ ਹੈ, ਕਦੇ ਉਹ ਬੱਚਾ ਬਣ ਕੇ ਹਾਸ਼ੀਆਗਤ ਮਜ਼ਦੂਰ ਵਰਗ ਦਾ ਦਰਦ ਮਹਿਸੂਸ ਕਰਦਾ ਹੈ, ਕਦੇ ਬੱਚਿਆਂ ਤੋਂ ਆਪਣਾ ਦਿਲ ਨਿਛਾਵਰ ਕਰਦਾ ਹੈ। ਉਹ ਬਾਬੇ ਨਾਨਕ ਦੀ ਕਿਰਤ ਦਾ ਪਹਿਲਾ ਸਬਕ ਬੱਚਿਆਂ ਵਿਚੋਂ ਦੀ ਪੜ੍ਹਦਾ ਹੈ। ਇਹੀ ਉਸਦੀ ਸੂਖ਼ਮਤਾ ਹੈ ਤੇ ਕਵਿਤਾ ਦੀ ਖ਼ੂਬਸੂਰਤੀ ਹੈ:-

ਹਰਫ਼ਾਂ ਸ਼ਬਦਾਂ ਦੇ ਅੰਗ ਸੰਗ

ਜੁਆਕਾਂ ਨੂੰ ਦਿਲ ਦੇਣਾ

ਕਿਰਤ ਦਾ ਪਹਿਲਾ ਸਬਕ ਹੈ। 

ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਸਮੇਤ ਸਮੁੱਚੇ ਵਿਸ਼ਵ ਵਿੱਚ ਕਾਫ਼ੀ ਕੁਝ ਅਜਿਹਾ ਵਾਪਰਿਆ ਹੈ ਜਿਸਨੇ ਮਨੁੱਖ ਦੇ ਜੀਵਨ ਨੂੰ ਨਵੀਂ ਦਸ਼ਾ ਤੇ ਦਿਸ਼ਾ ਦਿੱਤੀ। ਇਹਨਾਂ ਵਿੱਚੋਂ ਸਭ ਤੋਂ ਅਹਿਮ ਸਮਾਂ ਕਰੋਨਾ ਕਾਲ ਦਾ ਸੀ। ਇਹ ਨਜ਼ਰਬੰਦੀ ਦਾ ਸਮਾਂ ਡਰ ਅਤੇ ਸਹਿਮ ਭਰਿਆ ਸੀ। ਕੋਈ ਅਣਦਿਸਦੀ ਸ਼ੈਅ ਡਰਾ ਧਮਕਾ ਰਹੀ ਸੀ। ਅਜਿਹੇ ਸਮੇਂ ਇਕੱਲਤਾ ਹੰਢਾ ਰਹੇ ਬੰਦੇ ਨੂੰ ਫੋਨ ਦੀ ਘੰਟੀ ਹੀ ਧਰਵਾਸ ਦਿੰਦੀ ਹੈ ਤੇ ਬਾਹਰਲੇ ਜਗਤ ਦੀ ਖਿੜਕੀ ਬਣਦੀ ਹੈ। ਅਜਿਹੇ ਸਮੇਂ ਬੰਦਾ ਸਵੈ-ਵਿਸਲੇਸ਼ਣ ਦੇ ਅਮਲ ’ਚੋਂ ਵੀ ਲੰਘਦਾ ਹੈ:-

ਅਣਦਿਸਦੀ ਸ਼ੈਅ

ਕੋਈ ਡਰਾ ਰਹੀ

ਧਮਕਾ ਰਹੀ

ਅਸੀਂ

ਫਿਰ ਵੀ ਦੀਵੇ ਨਹੀਂ ਜਗਾਉਂਦੇ

ਥਾਲੀਆਂ ਨਹੀਂ ਵਜਾਉਂਦੇ

ਸਾਨੂੰ ਇਕ ਦੂਜੇ ਦੇ ਫ਼ੋਨ ਦਾ ਧਰਵਾਸਾ

ਇਸੇ ਗੱਲ ਵਿੱਚ ਹੀ ਸਾਡਾ ਰੋਣਾ ਹਾਸਾ

ਅਜਿਹੇ ਸੰਕਟ ਦੇ ਸਮੇਂ ਵੀ ਕਵੀ ਆਪਣੀ ਚੇਤਨਾ ਨਹੀਂ ਮਰਨ ਦਿੰਦਾ। ਉਹ ਕਵਿਤਾ ਦੇ ਅੰਗ-ਸੰਗ ਵਿਚਰਦਾ ਹੈ। ‘ਰੋਜ਼ ਇਕ ਕਵਿਤਾ’ ਰਾਹੀਂ ਉਸ ਅੰਦਰ ਦੁਨੀਆਂ ਭਰ ਦੇ ਕਵੀ ਜਿਉਂਦੇ ਹਨ।

ਕਰੋਨਾ ਦੇ ਨਾਲ਼-ਨਾਲ਼ ਪੰਜਾਬ ਦੇ ਇਤਿਹਾਸ ਵਿੱਚ ਕਿਸਾਨੀ ਸੰਘਰਸ਼ ਵੀ ਇਕ ਵੱਡੀ ਘਟਨਾ ਸੀ। ਇਸ ਸੰਘਰਸ਼ ਨੇ ਇਕ ਵਾਰ ਫਿਰ ਸਾਬਤ ਕੀਤਾ ਕਿ ਪੰਜਾਬ ਦੀ ਮਿੱਟੀ ਆਪਣੀ ਖ਼ਸਲਤ ਨਹੀਂ ਭੁੱਲੀ। ਇਸ ਸੰਘਰਸ਼ ਰਾਹੀਂ ‘ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ’ ਵਰਗੇ ਕਥਨ ਫਿਰ ਸਾਕਾਰ ਹੁੰਦੇ ਹਨ। ਲਿਹਾਜ਼ਾ ਪੰਜਾਬ ਦੇ ਲੋਕ ਦਿੱਲੀ ਵੱਲ ਨੂੰ ਵਹੀਰਾਂ ਘੱਤਦੇ ਹਨ। ਸਬਰ ਤੇ ਸਿਦਕ ਦਾ ਮੀਲਾਂ ਲੰਮਾ ਸਫ਼ਰ ਤੈਅ ਹੁੰਦਾ ਹੈ। ਇਸ ਸੰਘਰਸ਼ ਨੂੰ ਪੰਜਾਬੀ ਇਕ ਜਸ਼ਨ ਵਾਂਗ ਲੜਦੇ ਹਨ। ਹਾਕਮ ਦੇ ਸਿਤਮ ਨੂੰ ਉਹ ਫੂਕ ਮਾਰ ਕੇ ਹਵਾ ਵਿੱਚ ੳੇਡਾ ਦਿੰਦੇ ਹਨ। ਗੁਰਪ੍ਰੀਤ ਦੀ ਕਵਿਤਾ ਵਿੱਚ ਇਸਦੀ ਬੜੀ ਮਾਰਮਿਕ ਅਭਿਵਿਅਕਤੀ ਹੋਈ ਹੈ:-

ਕੀ ਕਰਨਗੀਆਂ ਪਾਣੀ ਦੀਆਂ ਬੁਛਾੜਾਂ

ਸਿੱਧਾ ਖੇਤੋਂ ਆਏ ਸੀ

ਮਿੱਟੀ ਲਹਿ ਗਈ ਚੰਗਾ ਹੋਇਆ

ਦਿੱਲੀ ਨੂੰ ਮਿਲਣ ਲਈ ਨਹਾਉਣਾ ਜ਼ਰੂਰੀ ਸੀ

ਇਕ ਬਜ਼ੁਰਗ ਨੇ ਮਸ਼ਕਰੀ ਕੀਤੀ

ਗੁਰਪ੍ਰੀਤ ਦੀ ਕਵਿਤਾ ਵਿੱਚ ਮਾਨਸਾ ਸਾਹ ਲੈਂਦਾ ਹੈ। ‘ਮਾਨਸਾ ਦਾ ਗੀਤ’ ਜਿਉਂਦਾ ਹੈ। ਉਸਦੀ ਕਵਿਤਾ ਵਿੱਚ ਪ੍ਰੋ.ਅਜਮੇਰ ਔਲਖ ਦੀ ਅੰਤਿਮ ਇੱਛਾ ਦੀ ਆਵਾਜ਼ ਸਮੁੱਚੇ ਪੰਜਾਬ ਦੀ ਆਵਾਜ਼ ਹੋ ਕੇ ਗੂੰਜਦੀ ਹੈ। ਇਹ ਆਵਾਜ਼ ਹਰ ਦੱਬੇ-ਕੁਚਲੇ ਤੇ ਹਾਸ਼ੀਆਗਤ ਬੰਦੇ ਦੀ ਆਵਾਜ਼ ਬਣਦੀ ਹੈ। ਇਹੀ ਆਵਾਜ਼ ‘ਮਾਨਸਾ ਦਾ ਗੀਤ’ ਬਣਦੀ ਹੈ। ਕਠੋਰਤਾ ਨੇ ਮਾਨਸਾ ਦਾ ਸੰਵੇਦਨਸ਼ਲਿ ਗੀਤ ਕਿਧਰੇ ਦੱਬ ਲਿਆ ਹੈ। ਕਵੀ ਵਾਰ-ਵਾਰ ਉਸਨੂੰ ਯਾਦ ਕਰਦਾ ਹੈ ਤੇ ਉਸਨੂੰ ਮੁੜ ਸੁਰਜੀਤ ਕਰਨਾ ਚਾਹੁੰਦਾ ਹੈ। ਉਹ ਸੰਗਮਰਮਰ ਦੇ ਸ਼ਹਿਰ ਵਿੱਚ ਆਪਣੀ ਸੰਵੇਦਨਾ ਪੱਥਰ ਨਹੀਂ ਹੋਣ ਦਿੰਦਾ। ਉਹ ਪਿੰਡੋਂ ਆਏ ਭੋਲੇ ਨੂੰ ਲੱਭਦਾ ਹੈ ਤੇ ਉਸ ਨਾਲ਼ ਬੈਠ ਕੇ ਪਿੰਡੋਂ ਆਈ ਪੋਣੇ ’ਚ ਬੰਨ੍ਹੀ ਹੋਈ ਸਬਰ-ਸੰਤੋਖ ਦੀ ਰੋਟੀ ਖਾਣੀ ਚਾਹੁੰਦਾ ਹੈ:-

ਮੈਂ ਲੱਭਦਾ ਫਿਰਦਾਂ

ਮਾਨਸਾ ’ਚ ਉਹ ਕਿੱਕਰ

ਜੀਹਦੀ ਛਾਂ ਹੇਠ ਬਹਿ

ਭੋਲੇ ਨਾਂ ਦੇ ਮੁੰਡੇ ਨੇ

ਖਾਧੀ ਸੀ ਰੋਟੀ

ਪਿੰਡੋਂ ਲਿਆਂਦੀ

ਪੌਣੇ ’ਚ ਬੰਨ੍ਹੀ

ਗੁਰਪ੍ਰੀਤ ਇਕ ਰਾਹਕ ਵਾਂਗ ਕਵਿਤਾ ਦੀ ਸਿਰਜਣਾ ਦੇ ਅਮਲ ਵਿੱਚ ਹੈ। ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ਼ ਪੱਧਰ) ਵਿੱਚ ਰਾਹਕ ਦਾ ਅਰਥ ਖੇਤੀਬਾੜੀ ਕਰਨ ਵਾਲ਼ਾ, ਕਿਸਾਨ, ਕਾਸ਼ਤਕਾਰ, ਮੁਜ਼ਾਰਾ ਜਾਂ ਕਾਮਾ ਦਿੱਤਾ ਹੋਇਆ ਹੈ। ਹੋਰ ਵੀ ਕਈ ਕੋਸ਼ਾਂ ਵਿੱਚ ਰਾਹਕ ਦੇ ਇਹੋ ਅਰਥ ਹਨ। ਕਿਸਾਨ., ਕਾਸ਼ਤਕਾਰ ਜਾਂ ਕਾਮਾ ਪਹਿਲਾਂ ਜ਼ਮੀਨ ਤਿਆਰ ਕਰਦਾ ਹੈ, ਫਿਰ ਬੀਜ ਬੀਜਦਾ ਹੈ ਤੇ ਦਿਨ-ਰਾਤ ਸਖ਼ਤ ਮੁਸ਼ੱਕਤ ਕਰਕੇ ਕੁਝ ਪੈਦਾ ਕਰਦਾ ਹੈ। ਕਾਵਿ-ਸਿਰਜਣਾ ਵੀ ਇਹੋ ਜਿਹਾ ਹੀ ਅਮਲ ਹੈ। ਗੁਰਪ੍ਰੀਤ ਇਸ ਅਮਲ ਵਿੱਚ ਨਿਰੰਤਰ ਜੁਟਿਆ ਹੋਇਆ ਹੈ। ਉਸਦੀ ਮੁਸ਼ੱਕਤੀ ਕਾਵਿ-ਸਿਰਜਣਾ ਦਾ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਇਕ ਵੱਖਰਾ ਮੁਕਾਮ ਹੈ।

ਮਨਜੀਤ ਪੁਰੀ

Leave a comment