shabadspace.com

ਸ਼ਬਦ ਸਪੇਸ

ਭਾਸ਼ਾ  ਸਾਹਿਤ  ਕਲਾ  ਕਲਚਰ

ਪੈਰਾਂ ਦੀ ਭਟਕਣ, ਮਨ ਦੇ ਫੁੱਲ

ਜਸਵੰਤ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਰਹਿਣ ਵਾਲਾ ਜਾਣਿਆ-ਪਛਾਣਿਆ ਪੰਜਾਬੀ ਆਰਟਿਸਟ ਹੈ। ਕੈਨੇਡਾ ਉਸਦੀ ਲੰਬੀ ਭਟਕਣ ਦਾ ਆਖਰੀ ਪੜਾਅ ਹੈ। ਅੰਮ੍ਰਿਤਸਰ, ਚੰਡੀਗੜ੍ਹ, ਨੈਰੋਬੀ, ਕਾਠਮੰਡੂ, ਨਿਊਯਾਰਕ, ਯੂਰੋਪ ਦੇ ਕਈ ਮੁਲਕਾਂ ਵਿਚੋਂ ਹੁੰਦਾ ਹੋਇਆ ਉਹ ਕੈਨੇਡਾ ਪਹੁੰਚਿਆ। ਪੈਰਾਂ ਦੀ ਭਟਕਣ ਦੇ ਨਾਲ ਨਾਲ ਚੱਲ ਰਹੀ ਆਂਤਰਿਕ ਖੋਜ ਉਸਦੇ ਚਿਤਰਾਂ ਵਿਚੋਂ ਝਲਕਦੀ ਹੈ। ਪੰਜਾਬੀ ਲੇਖਕ ਅਤੇ ਸ਼ਾਇਰ ਗੁਰਦੇਵ ਚੌਹਾਨ ਨੇ ਜਸਵੰਤ ਦੀ ਸਵੈ-ਜੀਵਨ ਇਕ ਬੁਲਬੁਲੇ ਦੀ ਆਤਮਕਥਾ ਵਿਚ ਜਸਵੰਤ ਦੇ ਸਫ਼ਰ ਬਾਰੇ ਆਪਣੇ ਕੁੱਝ ਅਹਿਸਾਸ ਲਿਖੇ ਹਨ।

ਗੁਰਦੇਵ ਚੌਹਾਨ

ਆਰਟਿਸਟ ਜਸਵੰਤ ਸਿੰਘ ਨੇ ਮੁਖ ਤੌਰ ਤੇ ਸਿੱਖ ਅਧਿਆਤਮਿਕਤਾ ਅਤੇ ਜਿ਼ੰਦਗੀ ਦੇ ਯਥਾਰਥ ਨੂੰ ਆਪਣੀਆਂ ਪੇਟਿੰਗ਼ਜ਼ ਦਾ ਵਿਸ਼ਾ ਬਣਾਇਆ ਪਰ ਜਿਹੜੀ ਗੱਲ ਉਸਨੂੰ ਪਹਿਲੇ ਸਿੱਖ ਗੁਰੂਆਂ ਨੂੰ ਚਿੱਤਰਣ ਵਾਲੇ ਕਲਾਕਾਰਾਂ ਨਾਲੋਂ ਅਲਗ ਕਰਦੀ ਹੈ ਉਹ ਹੈ ਉਸ ਦਾ ਆਧੁਨਿਕ ਕਲਾ-ਬੋਧ। ਇਹ ਜਸਵੰਤ 1960 ਵਿਚ ਅੰਮ੍ਰਿਤਸਰ ਦੇ ਉਤਰ ਵਿਚ ਪੈਂਦੇ ਨਿੱਕੇ ਜਿਹੇ ਪਿੰਡ ਤੁੰਗ ਵਿਚ ਪੈਦਾ ਹੋਇਆ। ਜਸਵੰਤ ਅੰਦਰਲੇ ਕਲਾਕਾਰ ਦਾ ਮਨ ਕਿਸੇ ਇਕ ਥਾਂ ਨਾ ਟਿਕਿਆ ਤੇ ਉਹ ਸਾਧੂਆਂ ਤੇ ਜੋਗੀਆਂ ਵਾਂਗ ਸੱਚ ਤਲਾਸ਼ ਵਿਚ ਤੁਰ ਨਿਕਲਿਆ। ਅੰਮ੍ਰਿਤਸਰ, ਚੰਡੀਗੜ੍ਹ, ਅੰਬਾਲਾ, ਦਿੱਲੀ, ਕਠਮੰਡੂ, ਨੈਰੋਬੀ, ਬਰਤਾਨੀਆਂ ਅਤੇ ਅਮਰੀਕਾ ਤੋਂ ਹੁੰਦਾ ਹੋਇਆ ਆਖਰ ਟੋਰਾਂਟੋ ਵਿਚ ਆ ਕੇ ਟਿਕ ਗਿਆ।

ਉਸਦੀ ਕਲਾ਼ ਨੇ ਵੀ ਉਸ ਦੀਆਂ ਯਾਤਰਾਵਾਂ ਵਾਂਗ ਹੀ ਅਨੇਕਾਂ ਉਦਾਸੀਆਂ ਹੰਢਾਈਆਂ ਹਨ ਅਤੇ ਇਸ ਦਾ ਰੰਗ ਉਸ ਦੀਆਂ ਵਖੋ ਵੱਖਰੇ ਥ੍ਹਾਵਾਂ ਤੇ ਚਿੱਤਰੀਆਂ ਪੇਟਿੰਗਜ਼ ਵਿਚ ਚੜ੍ਹਿਆ ਸਪਸ਼ਟ ਨਜ਼ਰ ਆਉਂਦਾ ਹੈ। ਉਸ ਦਾ ਕਹਿਣਾ ਹੈ ਕਿ “ਚਿਤਰਕਾਰੀ ਉਸ ਦੀ ਰੂਹ ਦੀ ਖ਼ੁਰਾਕ ਹੈ ਅਤੇ ਉਹ ਰੰਗਾਂ ਰਾਹੀਂ ਆਪਣੀਆਂ ਮਨ ਤਰੰਗਾਂ ਨੂੰ ਆਕਾਰਾਂ ਵਿਚ ਉਲੀਕਦਾ ਹੈ। ਅਸਲ ਵਿਚ ਰੰਗ ਹੀ ਹਨ ਜਿਹੜੇ ਵਸਤਾਂ ਦੀ ਅਸਲ ਪੌਸ਼਼ਾਕ ਹੁੰਦੇ ਹਨ ਅਤੇ ਇਕ ਕਲਾਕਾਰ ਹੀ ਰੰਗਾਂ ਦੀ ਰੂਹ ਨੂੰ ਬਾਖ਼ੂਬੀ ਨਾਲ ਸਮਝਕੇ ਫੜ ਸਕਦੇ ਹਨ।

ਆਪਣੇ ਪਿੰਡ ਤੁੰਗ ਦੀਆਂ ਭੀੜੀਆਂ ਅਤੇ ਵਲੇਵੇਂਦਾਰ ਗਲੀਆਂ, ਧੁਆਂਖੇ ਚੁਲ੍ਹੇ-ਚੌਂਕੇ, ਲਿੰਬੇ ਤੰਦੂਰ, ਕਾਲੇ ਹੋਏ ਹਾਰੇ, ਭੜੋਲੀਆਂ, ਧਿੰਦੇ ਬੂਹੇ, ਚਰਦੀਆਂ ਮੱਝਾਂ, ਕੁੜੀਆਂ ਜਿਹਨਾਂ ਦੀਆਂ ਗਲੇਦਾਰ ਕਮੀਜ਼ਾਂ ਦੀਆਂ ਬਾਹਵਾਂ ਕੂਹਣੀਆਂ ਨੂੰ ਢਕਦੀਆਂ ਹੋਈਆਂ ਉਹਨਾਂ ਦੇ ਗੁੱਟਾਂ ਤੀਕ ਜਾਂਦੀਆਂ, ਸੰਘਣੀਆਂ ਦਾੜ੍ਹੀਆਂ ਵਾਲੇ ਬੰਦੇ, ਨੰਗੀਆਂ ਇੱਟਾਂ ਵਾਲਾ ਸਕੂਲ, ਪਸ਼ੂਆਂ ਨਾਲ ਭਰੀਆਂ ਹਵੇਲੀਆਂ ਅਤੇ ਬੀਜਣ ਤੋਂ ਖਾਲੀ ਛੱਡੇ ਖੇਤ ਜਿਹਨਾਂ ਵਿਚ ਜਦ ਖੇਡਦੇ ਸਾਂ ਤਾਂ ਉਡਦੀ ਹੋਈ ਧੂੜ ਡੁਬਦੇ ਸੂਰਜ ਨੂੰ ਢਕ ਦਿੰਦੀ ਸੀ। ਗੁਰਦਵਾਰੇ ਤੋਂ ਠਰੀ ਹੋਈ ਆਵਾਜ਼ ਵਾਲੀ ਰਹਿਰਾਸ ਅਤੇ ਖੁਲ੍ਹਦੇ ਬੰਦ ਹੁੰਦੇ ਬੂਹੇ। ਇਹ ਸਾਰੇ ਕੁਝ ਦੀਆਂ ਯਾਦਾਂ ਉਸ ਦੀ ਕਲਾ ਦਾ ਸਾਮਾਨ ਹੈ ਅਤੇ ਉਸ ਦੀਆਂ ਅੱਮੁਲ ਯਾਦਾਂ ਦੀ ਪੂੰਜੀ।

ਘਰ ਵਾਲੇ ਚਾਹੁੰਦੇ ਸਨ ਕਿ ਜਸਵੰਤ ਪਿਤਾ ਪੁਰਖੀ ਕਿੱਤੇ ਵਿਚ ਪੈ ਜਾਵੇ ਪਰ ਉਸਦੇ ਅੰਦਰਲੇ ਕਲਾਕਾਰ ਨੇ ਉਸ ਨੂੰ ਘਰ ਟਿਕਣ ਨਾ ਦਿਤਾ ਤੇ ਉਹ ਵਿਦਰੋਹੀ ਕਲਾਕਾਰ ਘਰੋਂ ਭੱਜ ਕੇ ਚੰਡੀਗੜ੍ਹ ਦੇ ਗੌਰਮਿੰਟ ਕਾਲਜ ਆਫ ਆਰਟ ਵਿਚ ਦਾਖਲਾ ਹੋ ਗਿਆ। ਕਾਲਜ ਦੇ ਦਿਨਾਂ ਵਿਚ ਹੀ ਉਸ ਦੀ ਦੋਸਤੀ ਮਸ਼ਹੂਰ ਕਲਾਕਾਰ ਸਿਧਾਰਥ ਨਾਲ ਪਈ ਜਿਹੜੀ ਹੁਣ ਤੀਕ ਕਾਇਮ ਹੈ। ਸਿਧਾਰਥ ਉਸ ਤੋਂ ਦੋ ਸਾਲ ਅਗੇ ਸੀ। ਉਸ ਦੇ ਉਸਤਾਦਾਂ ਵਿਚੋਂ ਜਗਦੀਪ ਸਿੰਘ ਗਰਚਾ ਅਤੇ ਰਾਜ ਕੁਮਾਰ ਜੈਨ ਨੇ ਵਿਸ਼ੇਸ਼ ਤੌਰ ਉਸ ਦੀ ਕਲਾ ਅਤੇ ਸ਼ੈਲੀ ਨੂੰ ਨਵਾਂ ਰੁਖ਼ ਦਿੱਤਾ।

ਭਾਵੇਂ ਸਿਥਾਰਥ ਅਤੇ ਮੰਨਾ ਦੋਵੇਂ ਕਲਾਕਾਰ ਬਾਅਦ ਵਿਚ ਕ੍ਰਮਵਾਰ ਦਿੱਲੀ ਅਤੇ ਚੰਡੀਗੜ੍ਹ ਵਿਚ ਹੀ ਵਸ ਗਏ ਪਰ ਜਸਵੰਤ ਦੀ ਕਿਸਮਤ ਦੇ ਖਾਨੇ ਵਿਚ ਘਾਟ ਘਾਟ ਦਾ ਪਾਣੀ ਪੀਣਾ ਲਿਖਿਆ ਸੀ ਅਤੇ ਤਰਾਂ ਤਰਾਂ ਦੇ ਕਲਾ ਮਾਧਿਅਮਾਂ ਦੀ ਵਰਤੋਂ ਕਰਨਾ ਵੀ।

ਅੰਬਾਲਾ ਦਾ ਪੋ਼ਲੀਟੈਕਨਿਕ ਕਾਲਜ ਉਸ ਦੇ ਪੈਰਾਂ ਦਾ ਪਹਿਲਾ ਪੜਾਅ ਸੀ ਜਿਥੇ ਓਸ ਨੇ ਦੋ ਸਾਲ ਫਾਈਨ ਆਰਟ ਪੜ੍ਹਾਇਆ। ਉਸਦੇ ਅੰਦਰ ਬੈਠੇ ਕਲਾਕਾਰ ਨੂੰ ਇਹ ਕੰਮ ਰਾਸ ਨਹੀਂ ਆ ਰਿਹਾ ਸੀ। ਉਹ ਜਦ ਵੀ ਕਦੇ ਵਿਹਲਾ ਹੁੰਦਾ ਤਾਂ ਕਲਾ ਉਸ ਦੀ ਵਿਹਲ ਵਿਚ ਉਸ ਨਾਲ ਲੰਬੀ ਗੁਫ਼ਤਗੂ ਕਰਦੀ ਰਹਿੰਦੀ ਅਤੇ ਉਸਦਾ ਉੱਤਰ ਉਡੀਕਦੀ। ਉਸ ਦੀ ਚੁੱਪ ਉਹਦੇ ਕੋਲੋਂ ਉਸ ਦੀ ਆਪਣੀ ਕਲਾ ਲਈ ਵਕਤ ਮੰਗਦੀ ਅਤੇ ਇੰਜ ਕਈ ਚਿਤਰ ਕੈਨਵਸ ਦੀ ਛਾਤੀ ਉਤੇ ਕਾਹਲੇ ਸਾਹਾਂ ਵਾਂਗ ਧੜਕਣ ਲਗਦੇ। ਪੋਲੀਟੈਕਨਿਕ ਵਿਚ ਪੜ੍ਹਾਉਂਦਿਆਂ ਉਸ ਨੂੰ ਅਨੰਦ ਨਾ ਆਉਂਦਾ ਜਿਹੜਾ ਉਹ ਆਪਣੇ ਚਿਤਰ ਬਣਾਉਂਦਿਆਂ ਖੁਦ ਮਹਿਸੂਸ ਕਰਦਾ। ਪਤਾ ਨਹੀਂ ਕਿਉਂ ਅੰਬਾਲਾ ਛੇਤੀ ਹੀ ਉਸ ਲਈ ਓਪਰਾ ਹੁੰਦਾ ਗਿਆ ਤੇ ਉਹ ਸਰਕਾਰੀ ਨੌਕਰੀ ਛਡ ਕੇ ਆਪਣੇ ਬੁਰਸ਼ ਅਤੇ ਰੰਗ ਕੱਛੇ ਮਾਰ ਦੁਨੀਆ ਵੇਖਣ ਤੁਰ ਪਿਆ।

ਉਸ ਦੀ ਕਲਾ ਨੂੰ ਜਿਹੜੀ ਅਗਲੀ ਧਰਤੀ ਮਿਲੀ, ਉਹ ਸੀ ਨੈਰੋਬੀ। ਇਹ ਧਰਤੀ ਜਿੰਨੀ ਕਾਲੀ ਤੇ ਉਪਜਾਊ ਸੀ, ਓਨੀ ਹੀ ਉਸ ਦੀ ਕਲਾ ਲਈ ਉਤਸ਼ਾਹਜਨਕ ਸਿੱਧ ਹੋਈ। ਇਥੇ ਰਹਿੰਦਿਆਂ ਉਸ ਦਾ ਵਾਹ ਬਹੁਤ ਸਾਰੇ ਪੰਜਾਬੀ ਅਤੇ ਭਾਰਤੀ ਮੂਲ ਦੇ ਸਾਹਿਤਕਾਰਾਂ ਅਤੇ ਕਲਾਕਾਰਾਂ ਨਾਲ ਪਿਆ ਜਿਨ੍ਹਾਂ ਵਿਚ ਕਵੀ ਅਤੇ ਨਾਟਕਕਾਰ ਮਹਿਰਮਯਾਰ ਅਤੇ ਕਵੀ ਅਜਾਇਬ ਕਮਲ ਸੀ ਜਿਹੜਾ ਉੱਥੇ ਪੜ੍ਹਾਉਂਦਾ ਸੀ। ਉਹ ਜਦ ਵੀ ਵਿਹਲ ਮਿਲਦੀ ਕਿਸੇ ਨਾ ਕਿਸੇ ਢਾਬੇ ਨੁਮਾ ਹੋਟਲ ਵਿਚ ਬਹਿ ਜਾਂਦੇ ਅਤੇ ਦੇਸ਼ ਦੀਆਂ ਗੱਲਾਂ ਕਰਦੇ। ਦੂਰ ਰਹਿ ਗਿਆ ਘਰ ਉਸਦੇ ਅਚਾਨਕ ਕੋਲ ਸਰਕ ਆਉਂਦਾ। ਅਫਰੀਕਾ ਦੇ ਲੋਕ ਵੀ ਸੰਘਣੇ ਰੰਗਾਂ ਵਾਲੇ ਸਨ ਜਿਹਨਾਂ ਦੇ ਜ਼ਜ਼ਬਾਤ ਵੀ ਉਤਨੇ ਹੀ ਸੰਘਣੇ ਸਨ। ਉਹ ਕਲਾ ਦਾ ਮਾਧਿਅਮ ਬਨਣ ਦੇ ਸਾਰੇ ਗੁਣ ਰਖਦੇ ਸਨ ਅਤੇ ਇਸੇ ਤਰਾਂ ਉਥੋਂ ਦੇ ਜੰਗਲੀ ਜਾਨਵਰ ਅਤੇ ਜੰਗਲੀ ਵਾਤਾਵਰਣ ਵੀ।

ਅਸਲ ਵਿਚ ਇਸ ਸਾਰੇ ਲੋਕ ਮੁਢ ਕਦੀਮੀ ਕਬੀਲੇ ਦਾ ਸਾਰਾ ਭਾਰ ਸਾਂਭੀ ਬੈਠੇ ਸਨ। ਇਹ ਮੁਢਲੀ ਸਭਿਅਤਾ ਦੀ ਰਿਵਾਇਤ ਦਾ ਭਾਰ ਸੀ ਅਤੇ ਇਹ ਭਾਰ ਇਥੋਂ ਦੇ ਸਾਰੇ ਜਲ ਵਾਯੂ ਨੇ ਵੀ ਚੁੱਕਿਆ ਹੋਇਆ ਸੀ। ਜਸਵੰਤ ਦੀ ਕਲਾ ਲਈ ਇਹ ਇਕ ਢੁਕਵੀਂ  ਚੁਣੌਤੀ ਅਤੇ ਵਰਦਾਨ ਸੀ। ਜਿਤਨੇ ਕੁ ਚਿਤਰ ਅਤੇ ਜੰਗਲੀ-ਜੀਵ ਚਿਤਰ ਉਸ ਅਫਰੀਕਾ ਦੇ ਇਸ ਵਿਕਾਸਸ਼਼ੀਲ ਦੇਸ਼ ਵਿਚ ਰਹਿੰਦਿਆਂ ਵਾਹੇ, ਉਤਨੇ ਫਿਰ ਕਦੇ ਉਸ ਦੇ ਬੁਰਸ਼ ਦੀ ਕਿਸਮਤ ਵਿਚ ਨਹੀਂ ਆਏ। ਹੁਣ ਤੀਕ ਉਸ ਦੀਆਂ ਪੇਟਿੰਗਜ਼ ਨੇ ਸ਼ਹਿਰ ਦੀਆਂ ਗੈਲਰੀਆਂ ਵਿਚ ਜਾਣਾ ਸ਼ੁਰੂ ਕਰ ਦਿੱਤਾ ਸੀ ਅਤੇ ਕਈ ਕਲਾ-ਪ੍ਰੇਮੀਆਂ ਦੇ ਘਰਾਂ ਦੀ ਸਜਾਵਟ ਬਨਣਾ ਵੀ। ਜਸਵੰਤ ਖ਼ੁਸ਼ ਸੀ। ਉਸ ਦੇ ਸੁਪਨਿਆਂ ਦੇ ਬੂਟਿਆਂ ਨੂੰ ਹੁਣ ਆਸਾਂ ਅਤੇ ਤਾਂਘਾਂ ਦਾ ਬੂਰ ਪੈਣ ਲਗ ਪਿਆ ਸੀ।

ਜਸਵੰਤ ਦਾ ਕਹਿਣਾ ਹੈ ਕਿ ਉਸ ਲਈ ਨੈਰੋਬੀ ਦਾ ਸਮਾਂ ਇਸ ਲਈ ਵੀ ਸੁਹਾਵਣਾ ਬਣ ਗਿਆ ਸੀ ਕਿਉਂਕਿ ਇੱਥੇ ਹੀ ਉਸ ਨੂੰ ਪ੍ਰੇਰਨਾ ਮਿਲੀ। ਜਿਸ ਕੰਮ ਲਈ ਉਹ ਨੈਰੋਬੀ ਗਿਆ ਸੀ ਉਹ ਅੱਖ ਝਪਕਦਿਆਂ ਹੀ ਬੀਤ ਗਿਆ। ਹੁਣ ਵਾਰੀ ਸੀ ਫਿਰ ਦੇਸ਼ ਪਰਤਣ ਦੀ। ਭਾਵੇਂ ਉਹ ਕਦੇ ਵੀ ਘਰ ਤੋਂ ਮਾਨਸਿਕ ਤੌਰ ਤੇ ਦੂਰ ਨਹੀਂ ਸੀ ਗਿਆ ਪਰ ਸਥਾਨ ਦੀ ਦੂਰੀ ਤਾਂ ਲਗਾਤਾਰ ਸਤਾਅ ਰਹੀ ਹੀ ਸੀ। ਪਰ ਹੁਣ ਤੀਕ ਉਹ ਇਹ ਜ਼ਰੂਰ ਜਾਣ ਗਿਆ ਸੀ ਕਿ ਆਪਣੀ ਕਲਾ ਖ਼ਾਤਰ ਉਸ ਨੂੰ ਹੁਣ ਬਹੁਤ ਦੂਰ ਦੀਆਂ ਥਾਵਾਂ ਨਾਲ ਵੀ ਯਾਰੀ ਪੌਣੀ ਪਵੇਗੀ। ਕਲਾ ਵਿਯੋਗ ਵੀ ਮੰਗਦੀ ਸੀ ਅਤੇ ਆਪੇ ਚੁਣਿਆ ਦੇਸ਼ ਨਿਕਾਲਾ ਵੀ।

ਉਹੀ ਹੋਇਆ ਜਿਹੜਾ ਅਚਣਚੇਤ ਉਸ ਦੇ ਮਨ ਵਿਚ ਵਾਪਰ ਰਿਹਾ ਸੀ। ਉਹ ਨਿਪਾਲ ਚਲਾ ਗਿਆ ਜਿਹੜਾ ਭਾਰਤ ਤੋਂ ਇਤਨਾ ਦੂਰ ਤਾਂ ਨਹੀਂ ਸੀ ਪਰ ਹੇਰਵੇ ਦੀ ਭਾਵਨਾ ਨੂੰ ਜਨਮ ਦੇਣ ਲਈ ਕਾਫੀ ਦੂਰ ਸੀ। ਕਾਠਮੰਡੂ ਵਿਚ ਉਸ ਦੀ ਕਲਾ ਨੂੰ ਅਸਲ ਖੰਭ ਲੱਗੇ। ਉਸ ਨੂੰ ਆਧੁਨਿਕ ਜਿ਼ੰਦਗੀ ਦਾ ਬੋਧ ਵੀ ਉੱਥੇ ਰਹਿੰਦਿਆਂ ਹੀ ਹੋਇਆ। ਉੱਥੇ ਉਸ ਨੂੰ ਯਾਕ ਐਂਡ ਯੇਤੀ ਅਤੇ ਓਬਰਾਏ ਸ਼ੈਰੀਟਨ ਵਰਗੇ ਪੰਜ ਸਟਾਰ ਹੋਟਲਾਂ ਵਿਚ ਕੰਧ ਚਿੱਤਰ ਬਨਾਉਣ ਦਾ ਮੌਕਾ ਮਿਲਿਆ। ਮਿਊਰਲਜ਼ ਉਸ ਲਈ ਨਵੇਂ ਸਨ ਅਤੇ ਨਵੀਂਆਂ ਸੰਭਾਵਨਾਵਾਂ ਨਾਲ ਭਰੇ ਹੋਏ ਵੀ। ਉਹ ਦੋ ਸਾਲ ਉੱਥੇ ਰਿਹਾ ਪਰ ਇਹ ਦੋ ਸਾਲ ਉਸ ਦੀ ਸਿਮਰਤੀ ਵਿਚ ਸਿ਼ਲਾਲੇਖਾਂ ਵਾਂਗ ਉੱਕਰੇ ਗਏ।

ਕਾਠਮੰਡੂ ਵਿਚ ਦਸਹਿਰੇ ਨੂੰ ਦਿਸਾਈ ਕਹਿੰਦੇ ਹਨ। ਉਹ ਇਸ ਮੌਕੇ ਤੇ ਝੋਟਿਆਂ ਅਤੇ ਬੱਕਰਿਆਂ ਦੀ ਬਲੀ ਦਿੰਦੇ ਹਨ ਅਤੇ ਬਾਅਦ ਵਿਚ ਇਹਨਾਂ ਦੇ ਸਿਰ ਪੰਡਤ ਖਾਂਦੇ ਹਨ ਅਤੇ ਪੈਰ ਸ਼ੂਦਰਾਂ ਦੇ ਹਿੱਸੇ ਆਉਂਦੇ। ਵਿਚਕਾਰਲਾ ਧੜ ਵਿਚਕਾਰਲੇ ਵਰਗਾਂ ਲਈ ਰਾਖਵਾਂ ਹੁੰਦਾ। ਉਸ ਨੂੰ ਜਾਪਦਾ ਜਿਵੇਂ ਉਹ ਕਈ ਸਦੀਆਂ ਪੁਰਾਣੇ ਮਨੂ ਸਿਮਰਤੀ ਦੇ ਸਮਿਆਂ ਵਿਚ ਪਹੁੰਚ ਗਿਆ ਹੋਵੇ। ਹਿੰਦੂ ਮੰਦਰਾਂ ਦੀਆਂ ਮੂਰਤੀਆਂ ਉਪਰ ਜਾਨਵਰਾਂ ਦੀ ਬਲੀ ਦਿੰਦਿਆਂ ਡੁਲ੍ਹਿਆ ਖੂਨ ਉਸ ਦੀ ਸੋਚ ਤੇ ਸਵਾਰ ਹੋ ਗਿਆ ਸੀ ਅਤੇ ਉਹ ਸੱਚੇ ਧਰਮ ਦੀ ਭਾਲ ਵਿਚ ਕਠਮੰਡੂ ਦੇ ਇਰਦ ਗਿਰਦ ਬਣੇ ਬੋਧੀ ਸਤੂਪਾਂ ਵਿਚ ਭਟਕਣ ਲੱਗਾ। ਇਥੇ ਰਹਿੰਦਿਆਂ ਬੋਧੀ ਲਾਮਿਆਂ ਕੋਲੋਂ ਉਸ ਨੇ ਜਿ਼ੰਦਗੀ ਦੇ ਸੱਚ ਬਾਰੇ ਬਹੁਤ ਕੁਝ ਸਿਖਿਆ ਤੇ ਧਿਆਨ ਦੀਆਂ ਅਨੇਕਾਂ ਵਿਧੀਆਂ ਵੀ ਸਿੱਖਣ ਦਾ ਮੌਕਾ ਮਿਲਿਆ। ਇਸ ਅਸਰ ਹੇਠ ਉਸਦੇ ਕੈਨਵਸ ਉਪਰ ਧਿਆਨ ਦੇ ਤਜਰਬੇ ਦਿਖਣੇ ਸ਼ੁਰੂ ਹੋ ਗਏ। ਇਹਨਾਂ ਪ੍ਰਸਥਿਤੀਆਂ ਵਿਚੋਂ ਲੰਘਦਿਆਂ ਉਸਦੇ ਚਿੱਤਰ ਹੁਣ ਹੋਰ ਵੀ ਐਬਸਟਰੈਕਟ ਤੇ ਆਧੁਨਿਕੀ ਹੋ ਗਏ ਸਨ।

ਅਗਲਾ ਪੜਾਅ ਅਮਰੀਕਾ ਦਾ ਸ਼ਹਿਰ ਨਿਊਯਾਰਕ ਸੀ। ਜਸਵੰਤ ਕਈ ਸਾਲ ਨਿਊਯਾਰਕ ਵਿਚ ਰਹਿਣ ਪਿਛੋਂ ਕੈਨੇਡਾ ਆ ਗਿਆ। ਪਰ ਓਨਟੇਰੀਓ ਦੇ ਸ਼ਹਿਰ ਬਰੈਂਪਟਨ ਵਿਚ ਪੱਕਾ ਠਿਕਾਣਾ ਬਣਾਉਣ ਤੋਂ ਪਹਿਲਾਂ ਕੈਨੇਡਾ ਦੇ ਕਈ ਹੋਰ ਸ਼ਹਿਰਾਂ ਦੀ ਭਟਕਣ ਵੀ ਉਸ ਦੇ ਪੈਰਾਂ ਵਿਚ ਲਿਖੀ ਸੀ।

ਜਸਵੰਤ ਅੰਤਰ-ਧਿਆਨ ਦਾ ਚਿਤਰਕਾਰ ਹੈ। ਅਧਿਆਤਮ ਉਸ ਦੇ ਚਿਤਰਾਂ ਦਾ ਇਕ ਅਨਿਖੜਵਾਂ ਰੰਗ ਹੈ। ਉਹ ਕਾਇਨਾਤੀ ਜਲਵਿਆਂ ਦਾ ਅਤੇ ਅੰਤਰ ਉਡਾਰੀ ਦਾ ਚਿਤੇਰਾ ਹੈ। ਪੰਛੀ, ਬੱਦਲ, ਨਦੀ ਅਤੇ ਸਮੁੰਦਰ ਉਸ ਦੇ ਬਹੁਤੇ ਚਿਤਰਾਂ ਦੇ ਨਕਸ਼ ਹਨ। ਉਸ ਦੀ ਤਲਾਸ਼ ਅਤੇ ਪਿਆਸ ਅੰਤਰੀਵੀ ਹੈ। ਉਸ ਲਈ ਆਕਾਰ ਅਤੇ ਰੰਗ ਕੋਈ ਠੋਸ ਗੁਣ ਨਹੀਂ ਰਖਦੇ। ਸਭ ਕੁਝ ਤਰਲ ਅਵਸਥਾ ਵਿਚ ਹੈ। ਉਹ ਤੇ ਉਸ ਦੇ ਚਿਤਰ ਇਕ ਦੂਜੇ ਵਿਚ ਅਭੇਦ ਹੋ ਸਕਦੇ ਹਨ। ਜਸਵੰਤ ਸਮਝਦਾ ਹੈ ਕਿ ਸਥੂਲ ਕੁਝ ਵੀ ਨਹੀਂ ਹੈ। ਹਰ ਵਸਤ ਅਤੇ ਹਰ ਤੱਤ ਆਪਣੇ ਆਖ਼ਰੀ ਅਤੇ ਸਭ ਤੋਂ ਸੂਖਮ ਰੂਪ ਵਿਚ ਕੇਵਲ ਪ੍ਰਵਾਹ ਵਾਂਗ ਹੈ। ਜਿਵੇਂ ਹਰ ਇਕ ਚੀਜ਼ ਵਿਚ ਇਕੋ ਆਤਮਾ ਦਾ ਤਰਲ ਰੂਪ ਹੋਵੇ, ਅਨੰਤ ਰੂਪ । ਇਹੀ ਕਾਰਣ ਹੈ ਕਿ ਹੁਣ ਉਸ ਨੂੰ ਪਾਰ-ਯਥਾਰਥਵਾਦ ਸਚਾਈ ਦੇ ਵਧ ਨੇੜੇ ਜਾਪਦਾ ਹੈ।

Leave a comment