shabadspace.com

ਸ਼ਬਦ ਸਪੇਸ

ਭਾਸ਼ਾ  ਸਾਹਿਤ  ਕਲਾ  ਕਲਚਰ

ਪਾਣੀ ਦੇ ਰਹੱਸਾਂ ਬਾਰੇ ਕੁੱਝ ਦਿਲਚਸਪ ਖੋਜਾਂ

ਪਾਣੀ ਦੀ ਬਣਤਰ, ਇਸ ਦੇ ਸੁਭਾਅ, ਉਸਦੀ ਕੈਮਿਸਟਰੀ, ਇਸਦੇ ਤੱਤਾਂ ਬਾਰੇ ਜਿੰਨਾ ਅਸੀਂ ਵਿਗਿਆਨਕ ਤੌਰ ਤੇ ਜਾਣਦੇ ਹਾਂ, ਸ਼ਾਇਦ ਉਸ ਤੋਂ ਅੱਗੇ ਹੋਰ ਬਹੁਤ ਕੁੱਝ ਹੈ, ਜਿਸ ਨੂੰ ਜਾਨਣ ਦੀ ਲੋੜ ਹੈ। ਸ਼ਮੀਲ ਦੇ ਕੁੱਝ ਸਾਲ ਪਹਿਲਾਂ ਲਿਖੇ ਇਸ ਆਰਟੀਕਲ ਵਿਚ ਅਜਿਹੇ ਕੁੱਝ ਪੱਖਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਸ਼ਮੀਲ

ਜਪਾਨੀ ਵਿਗਿਆਨੀ ਮਸਾਰੂ ਇਮੋਤੋ ਨੇ ਆਪਣੇ ਪ੍ਰਯੋਗਾਂ ਦੁਆਰਾ ਪਾਣੀ ਦੇ ਅਜਿਹੇ ਪੱਖ ਸਾਹਮਣੇ ਲਿਆਂਦੇ, ਜਿਸ ਨੇ ਦੁਨੀਆ ਚ ਪਾਣੀ ਬਾਰੇ ਇੱਕ ਨਵੀਂ ਦ੍ਰਿਸ਼ਟੀ ਨੂੰ ਜਨਮ ਦਿੱਤਾ। ਉਸਦੇ ਪ੍ਰਯੋਗਾਂ ਬਾਰੇ ਉਸ ਦੀ ਕਿਤਾਬ ਜਪਾਨੀ ਭਾਸ਼ਾ ਵਿੱਚ ਪਹਿਲੀ ਵਾਰ 2001 ਵਿੱਚ ਛਪੀ ਸੀ ਅਤੇ 2004 ਵਿੱਚ ਉਸ ਦਾ ਅੰਗਰੇਜ਼ੀ ਐਡੀਸ਼ਨ ਛਪਿਆ। ਅੰਗਰੇਜ਼ੀ ਐਡੀਸ਼ਨ ਦੇ ਪ੍ਰਕਾਸ਼ਨ ਤੋਂ ਬਾਅਦ ਉਸਦੇ ਪ੍ਰਯੋਗਾਂ ਨੇ ਸਾਰੀ ਦੁਨੀਆ ਦਾ ਧਿਆਨ ਖਿੱਚਿਆ ਅਤੇ ਉਸ ਦੀ ਕਿਤਾਬ ‘ਹਿਡਨ ਮੈਸੇਜਜ਼ ਇਨ ਦਾ ਵਾਟਰ’ ਨੇ ਪਾਣੀ ਬਾਰੇ ਸਾਡੀ ਸੋਚ ਨੂੰ ਬਿਲਕੁਲ ਹੀ ਬਦਲ ਦਿੱਤਾ ਹੈ ਜਾਂ ਕਹਿ ਸਕਦੇ ਹਾਂ ਕਿ ਇੱਕ ਨਵੀਂ ਦ੍ਰਿਸ਼ਟੀ ਦਿੱਤੀ ਹੈ।

ਸਾਡੇ ਪੁਰਾਤਨ ਸਭਿਆਚਾਰ ਅਤੇ ਸਾਹਿਤ ਵਿੱਚ ਵੀ ਪਾਣੀ ਆਦਿ ਸਾਰੇ ਕੁਦਰਤੀ ਸਰੋਤਾਂ ਪ੍ਰਤੀ ਲਗਾਤਾਰ ਇੱਕ ਸਤਿਕਾਰ ਤੇ ਪਵਿਤਰਤਾ ਵਾਲੀ ਸੋਚ ਮੌਜੂਦ ਰਹੀ ਹੈ। ਪੁਰਾਣੇ ਪੰਜਾਬੀ ਜੀਵਨ ਵਿੱਚ ਖੂਹ ਹਮੇਸ਼ਾ ਖੁਆਜਾ ਦੇਵਤਾ ਦੇ ਰੂਪ ਵਿੱਚ ਸਤਿਕਾਰ ਦੇ ਪਾਤਰ ਰਹੇ ਹਨ ਅਤੇ ਤਿੱਥ ਤਿਉਹਾਰ ਮੌਕੇ ਖੂਹਾਂ ਤੇ ਦੀਵੇ ਜਗਾਏ ਜਾਂਦੇ ਸਨ। ਜਦ ਨਲਕੇ ਲੱਗ ਗਏ ਤਾਂ ਲੋਕਾਂ ਨੇ ਨਲਕਿਆਂ ਅੱਗੇ ਵੀ ਦਿਵਾਲੀ ਆਦਿ ਮੌਕਿਆਂ ਤੇ ਦੀਵੇ ਰੱਖਣੇ ਸ਼ੁਰੂ ਕਰ ਦਿੱਤੇ। ਪਰ ਆਧੁਨਿਕ ਜੀਵਨ ਵਿੱਚ ਇਹ ਸੋਚ ਬਦਲ ਗਈ। ਇਸੇ ਤਰਾਂ ਸਾਡੀਆਂ ਧਾਰਮਿਕ ਪਰੰਪਰਾਵਾਂ ਵਿੱਚ ਵੀ ਪਾਣੀ ਨੂੰ ਇੱਕ ਪਵਿੱਤਰ ਪਦਾਰਥ ਮੰਨਿਆ ਜਾਂਦਾ ਹੈ ਅਤੇ ਬਹੁਤ ਸਾਰੀਆਂ ਧਾਰਮਿਕ ਰਸਮਾਂ ਵਿੱਚ ਪਾਣੀ ਦੀ ਵਰਤੋਂ ਵਿਸ਼ੇਸ਼ ਤੌਰ ਤੇ ਕੀਤੀ ਜਾਂਦੀ ਹੈ। ਤੀਰਥਾਂ ਜਾਂ ਪਵਿੱਤਰ ਸਰੋਵਰਾਂ ਵਿੱਚ ਇਸ਼ਨਾਨ ਸਾਡੀਆਂ ਧਾਰਮਿਕ ਪਰੰਪਰਾਵਾਂ ਵਿੱਚ ਇੱਕ ਵਿਸ਼ੇਸ਼ ਪ੍ਰਥਾ ਰਹੀ ਹੈ। ਪਾਣੀ ਦੇ ਸਬੰਧ ਵਿੱਚ ਗੁਰਬਾਣੀ ਦੀ ਇੱਕ ਸਤਰ ਦਾ ਅਕਸਰ ਹਵਾਲਾ ਦਿੱਤਾ ਜਾਂਦਾ ਹੈ: ਪਹਿਲਾ ਪਾਣੀ ਜੀਓ ਹੈ ਜਿਤੁ ਹਰਿਆ ਸਭਿ ਕੋਇ। ਗੁਰਬਾਣੀ ਵਿੱਚੋਂ ਪਾਣੀ ਬਾਰੇ ਇਸ ਤਰਾਂ ਦੇ ਹੋਰ ਹਵਾਲੇ ਵੀ ਮਿਲ ਜਾਂਦੇ ਹਨ। ਹੋਰ ਧਾਰਮਿਕ ਗ੍ਰੰਥਾਂ ਅੰਦਰ ਵੀ ਪਾਣੀ ਸਬੰਧੀ ਇਸ ਤਰਾਂ ਦੀਆਂ ਟਿਪਣੀਆਂ ਜਾਂ ਹਵਾਲੇ ਮਿਲ ਜਾਣਗੇ। ਕਹਿਣ ਦਾ ਮਤਲਬ ਹੈ ਕਿ ਪਾਣੀ ਇਨਸਾਨੀ ਸਭਿਅਤਾ ਵਿੱਚ ਮੁਢ ਤੋਂ ਹੀ ਬੇਹੱਦ ਸਤਿਕਾਰ ਦਾ ਪਾਤਰ ਰਿਹਾ ਹੈ ਅਤੇ ਇਸ ਨਾਲ ਪਵਿਤਰਤਾ ਦਾ ਖਿਆਲ ਜੁੜਿਆ ਰਿਹਾ ਹੈ।

ਆਧੁਨਿਕ ਯੁਗ ਵਿੱਚ ਜਦੋਂ ਭੋਤਿਕਵਾਦੀ ਦ੍ਰਿਸ਼ਟੀ ਦਾ ਜੋਰ ਹੋ ਗਿਆ ਤਾਂ ਪਾਣੀ ਨਾਲ ਜੁੜਿਆ ਪਵਿੱਤਰਤਾ ਦਾ ਖਿਆਲ ਪਿਛੇ ਪੈ ਗਿਆ। ਪਾਣੀ ਪ੍ਰਤੀ ਸਾਡੀ ਦ੍ਰਿਸ਼ਟੀ ਨਿਰੋਲ ਪਦਾਰਥਕ ਅਤੇ ਉਪਯੋਗਤਾਵਾਦੀ ਹੋ ਗਈ।

ਮਸਾਰੂ ਇਮੋਤੋ ਦੀ ਇਸ ਮਾਮਲੇ ਵਿੱਚ ਇਹ ਇਤਿਹਾਸਕ ਦੇਣ ਰਹੇਗੀ ਕਿ ਉਸ ਨੇ ਪਹਿਲੀ ਵਾਰ ਵਿਗਿਆਨਕ ਤਰੀਕੇ ਨਾਲ ਅਤੇ ਵਿਗਿਆਨਕ ਸਬੂਤਾਂ ਸਮੇਤ ਪਾਣੀ ਦੇ ਅਜਿਹੇ ਪਹਿਲੂ ਉਜਾਗਰ ਕੀਤੇ ਹਨ, ਜਿਨ੍ਹਾਂ ਨੇ ਨਾ ਸਿਰਫ ਪਾਣੀ ਸਬੰਧੀ ਸਾਡੀ ਮੌਜੂਦਾ ਸੋਚ ਨੂੰ ਨਵੀਂ ਦਿਸ਼ਾ ਦਿੱਤੀ ਹੈ, ਬਲਕਿ ਜਿਸ ਦਾ ਮਨੁਖੀ ਸਭਿਅਤਾ ਦੇ ਆਉਣ ਵਾਲੇ ਜੀਵਨ ਤੇ ਵੀ ਬਹੁਤ ਵੱਡਾ ਅਸਰ ਪਵੇਗਾ। ਇਮੋਤੋ ਬਦਲਵੀਆਂ ਇਲਾਜ ਪੱਧਤੀਆਂ ਦਾ ਡਾਕਟਰ ਹੈ ਅਤੇ ਉਸ ਦੀ ਜੀਵਨ ਦੇ ਮੂਲ ਸੁਆਲਾਂ ਵਿੱਚ ਵੀ ਖਾਸ ਦਿਲਚਸਪੀ ਰਹੀ ਹੈ। ਇਨਸਾਨੀ ਜੀਵਨ ਨੂੰ ਸਮਝਣ ਦੇ ਚੱਕਰ ਵਿੱਚ ਹੀ ਉਸ ਦੀ ਦਿਲਚਸਪੀ ਪਾਣੀ ਦੀ ਪ੍ਰਕਿਰਤੀ ਜਾਣਨ ਵੱਲ ਮੁੜ ਗਈ। ਇਸ ਦਾ ਕਾਰਨ ਉਸ ਦੇ ਮਨ ਵਿੱਚ ਚੱਲ ਰਹੇ ਕੁੱਝ ਸੁਆਲ ਸਨ। ਉਸ ਨੇ ਇਹ ਮਹਿਸੂਸ ਕੀਤਾ ਕਿ ਹਰ ਇਨਸਾਨ ਦੇ ਸਰੀਰ ਵਿੱਚ 70 ਫੀਸਦੀ ਪਾਣੀ ਹੈ। ਔਰਤ ਦੇ ਗਰਭ ਵਿੱਚ ਭਰੂਣ ਦੇ ਰੂਪ ਵਿੱਚ ਜਦ ਜੀਵਨ ਦਾ ਅਰੰਭ ਹੁੰਦਾ ਹੈ ਤਾਂ ਉਸ ਵੇਲੇ ਇਨਸਾਨ ਵਿੱਚ 99 ਫੀਸਦੀ ਪਾਣੀ ਹੁੰਦਾ ਹੈ। ਜਨਮ ਵੇਲੇ ਇਨਸਾਨ ਦੇ ਜੀਵਨ ਵਿੱਚ 90 ਫੀਸਦੀ ਪਾਣੀ ਹੁੰਦਾ ਹੈ ਅਤੇ ਜਦੋਂ ਇਨਸਾਨ ਵੱਡਾ ਹੁੰਦਾ ਹੈ ਤਾਂ ਇਹ ਮਾਤਰ 70 ਫੀਸਦੀ ਤੱਕ ਰਹਿ ਜਾਂਦੀ ਹੈ। ਇਨ੍ਹਾਂ ਤੱਥਾਂ ਨੇ ਇਮੋਤੋ ਦੇ ਮਨ ਵਿੱਚ ਇਹ ਖਿਆਲ ਪੈਦਾ ਕੀਤਾ ਕਿ ਜਿਹੜਾ ਤੱਤ ਇਨਸਾਨੀ ਜੀਵਨ ਦਾ ਐਨਾ ਵੱਡਾ ਹਿੱਸਾ ਮੱਲੀਂ ਬੈਠਾ ਹੈ, ਉਸ ਨੂੰ ਸਮਝੇ ਬਗੈਰ ਸ਼ਾਇਦ ਇਨਸਾਨੀ ਜੀਵਨ ਵੀ ਪੂਰਾ ਨਹੀ ਸਮਝਿਆ ਜਾ ਸਕਦਾ।

ਕੁੱਝ ਦੇਰ ਦੀ ਸੋਚ ਵਿਚਾਰ ਤੋਂ ਬਾਅਦ ਇੱਕ ਦਿਨ ਮਸਾਰੂ ਇਮੋਤੋ ਇਸ ਗੱਲ ਵਿੱਚ ਕਾਮਯਾਬ ਹੋ ਗਿਆ ਕਿ ਉਹ ਤੇਜ਼ ਗਤੀ ਤੇ ਕੰਮ ਕਰਨ ਵਾਲੇ ਕੈਮਰਿਆਂ ਦੀ ਮਦਦ ਨਾਲ ਜੰਮੇ ਹੋਏ ਪਾਣੀ ਦੇ ਕ੍ਰਿਸਟਲਜ਼ ਦੀਆਂ ਫੋਟੋਆਂ ਖਿੱਚ ਸਕੇ। ਪਾਣੀ ਦੀਆਂ ਅਜਿਹੀਆਂ ਫੋਟੋਆਂ ਖਿੱਚ ਸਕਣਾ ਇੱਕ ਅਦਭੁਤ ਖੋਜ ਸੀ। ਇਸ ਨੇ ਉਸ ਲਈ ਇੱਕ ਨਵਾਂ ਦੁਆਰ ਖੋਲ੍ਹ ਦਿੱਤਾ। ਇਹ ਦੁਆਰ ਖੁਲ੍ਹਣ ਤੋਂ ਬਾਅਦ ਗਿਆਨ ਦਾ ਜੋ ਖਜ਼ਾਨਾ ਉਸ ਦੇ ਹੱਥ ਆਇਆ, ਉਹ ਚਮਤਕਾਰੀ ਸੀ। ਉਸ ਨੇ ਇਹ ਨੋਟ ਕੀਤਾ ਕਿ ਸਾਰੀਆਂ ਫੋਟੋਆਂ ਇੱਕੋ ਜਿਹੀਆਂ ਨਹੀਂ ਹਨ। ਕੁੱਝ ਕ੍ਰਿਸਟਲਜ਼ ਦੀਆਂ ਫੋਟੋਆਂ ਤਾਂ ਬਹੁਤ ਹੀ ਖੂਬਸੂਰਤ ਸਨ ਅਤੇ ਦੇਖਣ ਵਿੱਚ ਇਸ ਤਰਾਂ ਲੱਗ ਰਹੀਆਂ ਸਨ ਜਿਵੇਂ ਕੋਈ ਬਹੁਤ ਹੀ ਸੁੰਦਰ ਗਹਿਣਾ ਹੋਵੇ। ਕੁੱਝ ਫੋਟੋਆਂ ਵਿੱਚ ਇਹ ਅਕਾਰ ਟੁੱਟੇ ਭੱਜੇ ਸਨ। ਇਸੇ ਨੇ ਉਸ ਨੂੰ ਖੋਜ ਦਾ ਅਗਲਾ ਰਾਹ ਦਿਖਾਇਆ। ਫੇਰ ਉਹ ਇਹ ਸਮਝਣ ਦੇ ਰਾਹ ਪੈ ਗਿਆ ਕਿ ਕਿਹੜੇ ਪਾਣੀ ਦੇ ਕ੍ਰਿਸਟਲਜ਼ ਦੀਆਂ ਤਸਵੀਰਾਂ ਸਾਫ, ਸੁੰਦਰ ਅਤੇ ਕਮਾਲ ਦੇ ਅਨੁਪਾਤ ਵਾਲੀਆਂ ਹਨ ਅਤੇ ਕਿਹੜੇ ਦੀਆਂ ਵਿਗੜੀਆਂ ਤਿਗੜੀਆਂ ਹਨ।

ਇਸੇ ਖੋਜ ਨੂੰ ਅੱਗੇ ਵਧਾਉਂਦਿਆਂ ਫੇਰ ਉਸ ਨੇ ਕਈ ਤਰਾਂ ਦੇ ਪ੍ਰਯੋਗ ਕੀਤੇ। ਉਸ ਨੇ ਦੇਖਿਆ ਕਿ ਪਾਣੀ ਵੱਖ ਵੱਖ ਤਰਾਂ ਦੇ ਭਾਵਾਂ, ਵਿਚਾਰਾਂ, ਥਾਵਾਂ ਤੇ ਵਾਤਾਵਰਣ ਪ੍ਰਤੀ ਬੇਹੱਦ ਸੰਵੇਦਨਸ਼ੀਲ ਹੈ ਅਤੇ ਉਸ ਦੇ ਕ੍ਰਿਸਟਲਜ਼ ਦੀਆਂ ਆਕ੍ਰਿਤੀਆਂ ਤੋਂ ਇਹ ਪ੍ਰਤੱਖ ਦੇਖਿਆ ਜਾ ਸਕਦਾ ਹੈ। ਮਿਸਾਲ ਦੇ ਤੌਰ ਤੇ ਉਸ ਨੇ ਦੇਖਿਆ ਕਿ ਜੇ ਪ੍ਰਯੋਗ ਤੋਂ ਪਹਿਲਾਂ ਪਾਣੀ ਦੇ ਗਿਲਾਸ ਅੱਗੇ ਕਿਹਾ ਜਾਵੇ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ ਤਾਂ ਉਸ ਦੇ ਕ੍ਰਿਸ਼ਟਲਜ਼ ਫੁਲਾਂ ਦੀ ਤਰਾਂ ਖਿੜ ਜਾਂਦੇ ਹਨ। ਜੇ ਕਿਹਾ ਜਾਵੇ ਕਿ ਮੈਂ ਤੈਨੂੰ ਨਫਰਤ ਕਰਦਾ ਹਾਂ ਤਾਂ ਇਹੀ ਕ੍ਰਿਸਟਲਜ਼ ਮੁਰਝਾਏ ਤੇ ਬਦਸ਼ਕਲ ਲੱਗਦੇ ਹਨ। ਇਸੇ ਤਰਾਂ ਜੇ ਫੋਟੋਆਂ ਖਿੱਚਣ ਤੋਂ ਪਹਿਲਾਂ ਪਾਣੀ ਦੇ ਨੇੜੇ ਹਲਕਾ ਅਤੇ ਰੂਹ ਨੂੰ ਸਕੂਨ ਦੇਣ ਵਾਲਾ ਰੂਹਾਨੀ ਸੰਗੀਤ ਚਲਾਇਆ ਜਾਵੇ ਤਾਂ ਉਸ ਦੇ ਕ੍ਰਿਸ਼ਟਲਜ਼ ਬਹੁਤ ਸਾਫ ਤੇ ਸੁੰਦਰ ਲੱਗਦੇ ਹਨ ਅਤੇ ਜੇ ਪਾਣੀ ਨੇੜੇ ਕੰਨ ਪਾੜਵਾਂ ਤੇ ਸ਼ੋਰੀਲਾ ਸੰਗੀਤ ਚਲਾਇਆ ਜਾਵੇ ਤਾਂ ਕ੍ਰਿਸਟਲਜ਼ ਬਦਸ਼ਕਲ ਹੋ ਜਾਂਦੇ ਹਨ। ਉਨ੍ਹਾਂ ਇੱਕ ਹੋਰ ਪ੍ਰਯੋਗ ਕੀਤਾ। ਉਨ੍ਹਾਂ ਪਾਣੀ ਦੇ ਦੋ ਗਿਲਾਸ ਲੈ ਲਏ। ਇੱਕ ਤੇ ਪਰਚੀ ਲਾਈ, ਜਿਸ ਦੇ ਖੁਦਾ ਲਿਖਿਆ ਸੀ ਅਤੇ ਦੂਜੀ ਤੇ ਪਰਚੀ ਲਾਈ ਜਿਸ ਦੇ ਸ਼ੈਤਾਨ ਲਿਖਿਆ ਸੀ। ਫੇਰ ਇਨ੍ਹਾਂ ਦੇ ਕ੍ਰਿਸਟਲਜ਼ ਦੀਆਂ ਫੋਟੋਆਂ ਲਈਆਂ ਗਈਆਂ। ਜਿਸ ਗਿਲਾਸ ਦੇ ਖੁਦਾ ਲਿਖਿਆ ਸੀ, ਉਸ ਦੇ ਕ੍ਰਿਸਟਲਜ਼ ਬਹੁਤ ਸਾਫ ਤੇ ਸੁੰਦਰ ਸਨ ਅਤੇ ਜਿਸ ਤੇ ਸ਼ੈਤਾਨ ਲਿਖਿਆ ਸੀ, ਉਸ ਦੇ ਕ੍ਰਿਸਟਲਜ਼ ਬਦਸ਼ਕਲ ਲੱਗਦੇ ਸਨ। ਇਸ ਤੋਂ ਇਲਾਵਾ ਦੇਖਿਆ ਗਿਆ ਕਿ ਘਰਾਂ ਵਿੱਚ ਆਉਂਦੇ ਟੂਟੀ ਵਾਲੇ ਪਾਣੀ ਅਤੇ ਬੰਦ ਬੋਤਲਾਂ ਵਾਲੇ ਪਾਣੀ ਦੇ ਕ੍ਰਿਸਟਲਜ਼ ਮੁਰਝਾਏ ਜਿਹੇ ਅਤੇ ਬਦਸ਼ਕਲ ਸਨ ਤੇ ਕੁਦਰਤੀ ਝਰਨਿਆਂ ਦੇ ਪਾਣੀ ਦੇ ਕ੍ਰਿਸਟਲਜ਼ ਸਾਫ ਤੇ ਸੁੰਦਰ ਸਨ।

ਉਸ ਨੇ ਇਹ ਸਾਰੀਆਂ ਫੋਟੋਆਂ ਖਿੱਚੀਆਂ ਤੇ ਇਨ੍ਹਾਂ ਦੀਆਂ ਸਲਾਈਡਾਂ ਬਣਾਈਆਂ। ਆਪਣੀਆਂ ਇਨ੍ਹਾਂ ਹੀ ਖੋਜਾਂ ਦੇ ਅਧਾਰ ਤੇ ਫੇਰ ਉਸ ਨੇ ਕਿਤਾਬਾਂ ਵੀ ਛਪਵਾਈਆਂ। ਮਸਾਰੂ ਦੇ ਇਨ੍ਹਾਂ ਪ੍ਰਯੋਗਾਂ ਨੇ ਪ੍ਰਤੱਖ ਕਰ ਦਿੱਤਾ ਕਿ ਪਾਣੀ ਇੱਕ ਬੇਹੱਦ ਸੰਵੇਦਨਸ਼ੀਲ ਤੇ ਰਹੱਸਮਈ ਤੱਤ ਹੈ। ਇਹ ਹਰ ਤਰਾਂ ਦੇ ਮਾਨਸਿਕ ਪ੍ਰਭਾਵਾਂ ਨੂੰ ਆਪਣੇ ਵਿੱਚ ਦਰਜ ਕਰਨ ਦੇ ਸਮਰੱਥ ਹੈ। ਇਨ੍ਹਾਂ ਪ੍ਰਭਾਵਾਂ ਕਰਕੇ ਹੀ ਸਾਰਾ ਪਾਣੀ ਇੱਕ ਨਹੀਂ ਹੈ। ਮਸਾਰੂ ਦੀਆਂ ਇਨ੍ਹਾਂ ਖੋਜਾਂ ਦੇ ਅਧਾਰ ਤੇ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦਾ ਪਾਣੀ ਜਾਂ ਗੰਗਾ ਦਾ ਪਾਣੀ ਆਮ ਪਾਣੀ ਨਹੀਂ ਹੈ। ਇਹ ਭਾਖੜਾ ਨਹਿਰ ਦੇ ਪਾਣੀ ਜਾਂ ਕਿਸੇ ਵੀ ਹੋਰ ਆਮ ਸਰੋਤ ਦੇ ਪਾਣੀ ਨਾਲੋਂ ਬੁਨਿਆਦੀ ਤੌਰ ਤੇ ਵੱਖਰਾ ਹੈ। ਅਖੰਡ ਪਾਠ ਵੇਲੇ ਕੁੰਭ ਰੱਖਿਆ ਜਾਂਦਾ ਹੈ, ਜਿਸ ਨੂੰ ਕੁੱਝ ਜ਼ਿਆਦਾ ਪੜ੍ਹੇ ਲਿਖੇ ਲੋਕਾਂ ਨੇ ਵਹਿਮ ਭਰਮ ਕਹਿਕੇ ਅੱਜਕਲ੍ਹ ਬੰਦ ਕਰ ਦਿੱਤਾ ਹੈ। ਮਸਾਰੂ ਦੀਆਂ ਖੋਜਾਂ ਦੀ ਰੌਸ਼ਨੀ ਵਿੱਚ ਅਸੀਂ ਸਮਝ ਸਕਦੇ ਹਾਂ ਕਿ ਜਿਸ ਪਾਣੀ ਦੁਆਲੇ ਲਗਾਤਾਰ ਦੋ 48 ਘੰਟੇ ਗੁਰਬਾਣੀ ਪਾਠ ਹੁੰਦਾ ਰਹੇਗਾ, ਉਸ ਪਾਣੀ ਦੀ ਪ੍ਰਕਿਰਤੀ ਵੱਖਰੀ ਹੋਵੇਗੀ। ਇਹ ਨਿਰਾਪੁਰਾ ਵਹਿਮ ਨਹੀਂ ਸੀ।

ਇਸੇ ਗੱਲ ਨੂੰ ਇੱਕ ਹੋਰ ਨਜ਼ਰੀਏ ਨਾਲ ਵੀ ਦੇਖਿਆ ਜਾ ਸਕਦਾ ਹੈ। ਸਾਡੇ ਸਰੀਰ ਵਿੱਚ ਕਿਉਂਕਿ 70 ਫੀਸਦੀ ਤੱਕ ਪਾਣੀ ਹੁੰਦਾ ਹੈ ਅਤੇ ਸਾਡੇ ਖਾਣੇ ਵੀ ਵਿੱਚ ਪਾਣੀ ਦੀ ਚੋਖੀ ਮਾਤਰਾ ਹੁੰਦੀ ਹੈ, ਇਸ ਕਰਕੇ ਇਹ ਗੱਲ ਵੀ ਅਸਾਨੀ ਨਾਲ ਵੀ ਸਮਝੀ ਜਾ ਸਕਦੀ ਹੈ ਕਿ ਅਸੀਂ ਖੁਦ ਵੀ ਬਾਹਰ ਦੇ ਸੂਖਮ ਮਾਨਸਿਕ ਪ੍ਰਭਾਵਾਂ ਪ੍ਰਤੀ ਬਹੁਤ ਸੰਵੇਦਨਸ਼ੀਲ ਹਾਂ। ਚੰਗੀਆਂ ਥਾਵਾਂ ਅਤੇ ਚੰਗੇ ਲੋਕਾਂ ਦੀ ਸੰਗਤ ਸਾਡੇ ਤੇ ਜੋ ਪ੍ਰਭਾਵ ਪਾਉਂਦੀ ਹੈ, ਬੁਰੀਆਂ ਥਾਵਾਂ ਤੇ ਬੁਰੀ ਸੰਗਤ ਉਸ ਦੇ ਬਿਲਕੁਲ ਉਲਟ ਅਸਰ ਛੱਡਦੀ ਹੈ। ਇਸੇ ਅਧਾਰ ਤੇ ਅਸੀਂ ਇਹ ਵੀ ਸਮਝ ਸਕਦੇ ਹਾਂ ਕਿ ਪਿਆਰ ਨਾਲ ਘਰ ਵਿੱਚ ਬਣਾਏ ਗਏ ਖਾਣੇ, ਸ਼ਰਧਾ ਨਾਲ ਬਣਾਏ ਗਏ ਲੰਗਰ ਦੇ ਖਾਣੇ ਅਤੇ ਬਿਨਾਂ ਕਿਸੇ ਭਾਵ ਦੇ ਬਣਾਏ ਗਏ ਹੋਟਲਾਂ ਦੇ ਖਾਣੇ ਦੀ ਪ੍ਰਕਿਰਤੀ ਕਿਵੇਂ ਵੱਖਰੀ ਹੁੰਦੀ ਹੈ। ਭਾਈ ਹਰਿਭਜਨ ਸਿੰਘ ਯੋਗੀ ਜੀ ਕਿਹਾ ਕਰਦੇ ਸਨ ਕਿ ਇਸ ਗੱਲ ਦਾ ਖਾਣੇ ਦੀ ਤਾਸੀਰ ਤੇ ਬਹੁਤ ਫਰਕ ਪੈਂਦਾ ਹੈ ਕਿ ਖਾਣਾ ਕਿਸ ਤਰਾਂ ਦੇ ਭਾਵਾਂ ਨਾਲ ਬਣਾਇਆ ਗਿਆ ਹੈ। ਇਹ ਸਾਰੀਆਂ ਗੱਲਾਂ ਮਸਾਰੂ ਦੀਆਂ ਪਾਣੀ ਬਾਰੇ ਖੋਜਾਂ ਦੀ ਮਦਦ ਨਾਲ ਅਸੀਂ ਅਸਾਨੀ ਨਾਲ ਸਮਝ ਸਕਦੇ ਹਾਂ।

ਪਾਣੀ ਬਾਰੇ ਇੱਕ ਹੋਰ ਬਹੁਤ ਅਹਿਮ ਗੱਲ ਵੱਲ ਮਸਾਰੂ ਨੇ ਇਸ਼ਾਰਾ ਕੀਤਾ ਹੈ। ਪਾਣੀ ਬਾਰੇ ਸਾਡਾ ਸਥਾਪਿਤ ਵਿਗਿਆਨਕ ਨਜ਼ਰੀਆ ਇਹ ਹੈ ਕਿ ਧਰਤੀ ਜਦੋਂ ਬਣੀ ਤਾਂ ਉਸ ਮੌਕੇ ਤੋਂ ਹੀ ਗੈਸਾਂ ਦੇ ਮਿਲਣ ਨਾਲ ਧਰਤੀ ਤੇ ਪਾਣੀ ਦਾ ਬਣਨਾ ਸ਼ੁਰੂ ਹੋ ਗਿਆ। ਪਰ ਕੁੱਝ ਲੋਕਾਂ ਦੀ ਧਾਰਨਾ ਇਸ ਤੋਂ ਵੱਖਰੀ ਹੈ। ਇਸ ਸਬੰਧ ਵਿੱਚ ਮਸਾਰੂ ਨੇ ਯੂਨੀਵਰਸਿਟੀ ਆਫ ਆਇਓਵਾ ਦੇ ਲੂਈ ਫਰੈਂਕ ਦੀਆਂ ਧਾਰਨਾਵਾਂ ਦਾ ਹਵਾਲਾ ਦਿੱਤਾ ਹੈ। ਲੂਈ ਦੀ ਖੋਜ ਕੁੱਝ ਸੈਟੇਲਾਈਟ ਫੋਟੋਆਂ ਤੋਂ ਸ਼ੁਰੂ ਹੋਈ,ਜਿਨ੍ਹਾਂ ਵਿੱਚ ਉਸਨੇ ਕੁੱਝ ਕਾਲੇ ਨਿਸ਼ਾਨ ਦੇਖੇ। ਆਪਣੀ ਖੋਜ ਤੋਂ ਬਾਅਦ ਉਹ ਇਸ ਨਤੀਜੇ ਤੇ ਪਹੁੰਚਿਆ ਕਿ ਇਹ ਕਾਲੇ ਨਿਸ਼ਾਨ ਕੁੱਝ ਪੂਛਲ ਤਾਰਿਆਂ ਦੇ ਹਨ, ਜਿਹੜੇ ਧਰਤੀ ਤੇ ਲਗਾਤਾਰ ਡਿਗ ਰਹੇ ਹਨ। ਇਹ ਪੂਛਲ ਤਾਰੇ ਅਸਲ ਵਿੱਚ ਪਾਣੀ ਤੇ ਬਰਫ ਦੇ ਵੱਡੇ ਵੱਡੇ ਗੋਲੇ ਹਨ। ਜਿਹੜੇ ਧਰਤੀ ਦੇ ਵਾਤਾਵਰਣ ਵਿੱਚ ਪ੍ਰਤੀ ਮਿੰਟ ਵਿੱਚ ਵੀਹ ਦੀ ਦਰ ਤੇ ਲਗਾਤਾਰ ਡਿੱਗੀ ਜਾ ਰਹੇ ਹਨ। ਧਰਤੀ ਦੀ ਗੁਰੂਤਾ ਖਿੱਚ ਜਦ ਇਨ੍ਹਾਂ ਗੋਲਿਆਂ ਨੂੰ ਆਪਣੇ ਵਾਤਾਵਰਣ ਵਿੱਚ ਖਿਚਦੀ ਹੈ ਤਾਂ ਸੂਰਜ ਦੀ ਗਰਮੀ ਇਨ੍ਹਾਂ ਨੂੰ ਗੈਸ ਵਿੱਚ ਬਦਲ ਦਿੰਦੀ ਹੈ। ਹੋਰ ਨੇੜੇ ਆ ਕੇ ਇਹ ਗੈਸ ਤੱਤ ਹਵਾ ਵਿੱਚ ਮਿਲ ਜਾਂਦੇ ਹਨ ਅਤੇ ਇਨਾਂ ਰਾਹੀਂ ਹੀ ਅੱਗੇ ਫੇਰ ਧਰਤੀ ਤੇ ਜਾਂ ਮੀਂਹ ਪੈਂਦਾ ਹੈ ਜਾਂ ਬਰਫ ਪੈਂਦੀ ਹੈ। ਬਾਦ ਵਿੱਚ ਨਾਸਾ ਤੇ ਯੂਨੀਵਰਸਿਟੀ ਆਫ ਹਵਾਈ ਨੇ ਵੀ ਇਹ ਮੰਨਿਆ ਕਿ ਲੂਈ ਫਰੈਂਕ ਦੇ ਸਿਧਾਂਤ ਵਿਚ ਦਮ ਹੈ ਅਤੇ ਇਸ ਦੇ ਅੱਗੇ ਖੋਜ ਹੋਣੀ ਚਾਹੀਦੀ ਹੈ। ਜੇ ਇਹ ਸਿਧਾਂਤ ਚੰਗੀ ਤਰਾਂ ਸਥਾਪਤ ਹੋ ਗਿਆ ਤਾਂ ਹੁਣ ਤੱਕ ਧਰਤੀ ਤੇ ਜ਼ਿੰਦਗੀ ਸਬੰਧੀ ਬਣੀਆਂ ਸਾਡੀਆਂ ਸਾਰੀਆਂ ਧਾਰਨਾਵਾਂ ਉਲਟ ਪੁਲਟ ਜਾਣਗੀਆਂ। ਡਾ ਮਸਾਰੂ ਕਹਿੰਦੇ ਹਨ ਕਿ ਇਹ ਖੋਜਾਂ ਮਨੁਖ ਦੇ ਜਨਮ ਸਬੰਧੀ ਡਾਰਵਿਨ ਦੇ ਸਿਧਾਂਤਾਂ ਬਾਰੇ ਵੀ ਸਾਨੂੰ ਨਵੇਂ ਸਿਰੇ ਤੋਂ ਸੋਚਣ ਲਈ ਮਜ਼ਬੂਰ ਕਰ ਦੇਣਗੀਆਂ।

ਮਸਾਰੂ ਕਹਿੰਦੇ ਹਨ ਕਿ ਉਨ੍ਹਾਂ ਦਾ ਖੁਦ ਦਾ ਇਹ ਖਿਆਲ ਹੈ ਕਿ ਪਾਣੀ ਇਸ ਗ੍ਰਹਿ ਦਾ ਤੱਤ ਨਹੀਂ ਹੈ। ਇਹ ਕਿਸੇ ਹੋਰ ਗ੍ਰਹਿ ਤੋਂ ਧਰਤੀ ਤੇ ਆਇਆ ਹੈ। ਆਪਣੀ ਧਾਰਨਾ ਦੇ ਪੱਖ ਵਿੱਚ ਉਹ ਦਲੀਲ ਦਿੰਦੇ ਹਨ ਕਿ ਪਾਣੀ ਦੇ ਸੁਭਾਅ ਦੀਆਂ ਕੁੱਝ ਅਜਿਹੀਆਂ ਗੱਲਾਂ ਹਨ, ਜਿਹੜੀਆਂ ਧਰਤੀ ਦੇ ਹੋਰ ਤੱਤਾਂ ਦੇ ਸੁਭਾਅ ਨਾਲੋਂ ਬਿਲਕੁਲ ਵੱਖਰੀਆਂ ਹਨ। ਪਾਣੀ ਸਬੰਧੀ ਕੁੱਝ ਅਜਿਹੇ ਸੁਆਲ ਹਨ, ਜਿਹੜੇ ਹੈਰਾਨ ਕਰਦੇ ਹਨ। ਮਿਸਾਲ ਦੇ ਤੌਰ ਤੇ ਪਾਣੀ ਤੇ ਬਰਫ ਕਿਉਂ ਤੈਰਦੀ ਹੈ? ਆਮ ਕਰਕੇ ਹੁੰਦਾ ਇਹ ਹੈ ਕਿ ਕਿਸੇ ਵੀ ਤੱਤ ਦੇ ਠੋਸ ਰੂਪ ਦੀ ਘਣਤਾ ਉਸ ਦੇ ਤਰਲ ਰੂਪ ਨਾਲੋਂ ਜ਼ਿਆਦਾ ਹੁੰਦੀ ਹੈ, ਪਰ ਪਾਣੀ ਦੇ ਮਾਮਲੇ ਵਿੱਚ ਇਹ ਉਲਟ ਕਿਉਂ ਹੈ? ਪਾਣੀ ਅੰਦਰ ਐਨੇ ਕਾਸੇ ਨੂੰ ਆਪਣੇ ਵਿੱਚ ਘੋਲ ਲੈਣ ਦੀ ਜਾਂ ਜਜ਼ਬ ਕਰ ਲੈਣ ਦੀ ਸਮਰੱਥਾ ਕਿਉਂ ਹੈ? ਹੋਰ ਕਿਸੇ ਤੱਤ ਵਿੱਚ ਇਹ ਗੁਣ ਨਹੀਂ ਹੈ। ਕੋਈ ਤੌਲੀਆ ਜਾਂ ਅਜਿਹੀ ਚੀਜ਼ ਥੱਲੇ ਪਏ ਪਾਣੀ ਨੂੰ ਆਪਣੇ ਵਿੱਚ ਸੋਕ ਲੈਂਦਾ ਹੈ। ਇਸ ਮਾਮਲੇ ਵਿੱਚ ਗੁਰੂਤਾ ਖਿੱਚ ਦਾ ਸਿਧਾਂਤ ਵੀ ਕੰਮ ਨਹੀਂ ਕਰਦਾ। ਅਜਿਹਾ ਕਿਉਂ?

ਪਾਣੀ ਬਾਰੇ ਅਜਿਹੀਆਂ ਬੁਝਾਰਤਾਂ ਇਹ ਸੁਆਲ ਪੈਦਾ ਕਰਦੀਆਂ ਹਨ ਕਿ ਹੋ ਸਕਦਾ ਹੈ ਕਿ ਪਾਣੀ ਇਸ ਧਰਤੀ ਦਾ ਤੱਤ ਨਾ ਹੋਵੇ। ਇਸੇ ਕਰਕੇ ਇਸ ਦਾ ਸੁਭਾਅ ਵੀ ਧਰਤੀ ਦੇ ਹੋਰ ਤੱਤਾਂ ਦੇ ਮੁਕਾਬਲੇ ਬਿਲਕੁਲ ਵੱਖਰਾ ਹੈ। ਪਾਣੀ ਅੰਦਰ ਸੂਚਨਾ ਨੂੰ ਦਰਜ ਕਰਨ ਦੀ ਜੋ ਸਮਰੱਥਾ ਹੈ, ਉਹ ਹੈਰਾਨਕੁੰਨ ਹੈ। ਮਸਾਰੂ ਨੇ ਕਾਜ਼ੂਓ ਮੁਰਾਕਾਮੀ ਨਾਂ ਦੇ ਇੱਕ ਵਿਗਿਆਨੀ ਦੀ ਟਿਪਣੀ ਦਾ ਹਵਾਲਾ ਦਿੱਤਾ ਹੈ। ਉਸ ਨੇ ਰੇਨਿਨ ਨਾਂ ਦੇ ਔਕਸਾਈਡ ਡੀਐਨਏ ਕੋਡ ਦੀ ਵਿਆਖਿਆ ਕਾਰਨ ਵਿਸ਼ਵ ਦੇ ਵਿਗਿਆਨਕ ਹਲਕਿਆਂ ਦਾ ਧਿਆਨ ਖਿੱਚਿਆ ਸੀ। ਆਪਣੀਆਂ ਖੋਜਾਂ ਦੇ ਟਿਪਣੀ ਕਰਦਿਆਂ ਕਾਜ਼ੂਓ ਨੇ ਕਿਹਾ ਕਿ ਡੀਐਨਏ ਨੂੰ ਸਮਝਣ ਲਈ ਜਿੰਨਾ ਤੁਸੀਂ ਗਹਿਰਾ ਉਤਰਦੇ ਜਾਂਦੇ ਹੋ, ਓਨਾ ਹੀ ਇਸ ਗੱਲ ਨੂੰ ਮੰਨਣ ਲਈ ਵੀ ਮਜ਼ਬੂਰ ਹੁੰਦੇ ਜਾਂਦੇ ਹੋ ਕਿ ਐਨੀ ਛੋਟੀ ਤੇ ਸੂਖਮ ਥਾਂ ਤੇ ਐਨੀ ਜ਼ਿਆਦਾ ਅਤੇ ਵਿਸਥਾਰਤ ਸੂਚਨਾ ਦਰਜ ਕਰਨ ਦਾ ਕੰਮ ਕਿਸੇ ‘ਮਹਾਂ ਸ਼ਕਤੀ’ ਦੀ ਦੇਖ ਰੇਖ ਬਿਨਾਂ ਨਹੀਂ ਹੋ ਸਕਦਾ। ਇਸ ਸ਼ਕਤੀ ਨੂੰ ਕੋਈ ਵੀ ਨਾਂ ਦਿੱਤਾ ਜਾ ਸਕਦਾ ਹੈ, ਤੁਸੀਂ ਇਸ ਨੂੰ ਰੱਬ ਵੀ ਕਹਿ ਸਕਦੇ ਹੋ ਤੇ ਬ੍ਰਹਿਮੰਡੀ ਚੇਤਨਾ ਵੀ ਕਹਿ ਸਕਦੇ ਹੋ। ਪਰ ਕੋਈ ਅਜਿਹੀ ਤਾਕਤ ਜਾਂ ਸੱਤਾ ਹੈ, ਜਿਸ ਦੁਆਰਾ ਐਨਾ ਸੂਖਮ ਅਤੇ ਜਟਿਲ ਸਿਸਟਮ ਚਲਾਇਆ ਜਾ ਰਿਹਾ ਹੈ। ਮਸਾਰੂ ਨੇ ਵੀ ਇਹ ਸਵੀਕਾਰ ਕੀਤਾ ਕਿ ਜ਼ਿੰਦਗੀ ਅਤੇ ਪਾਣੀ ਦਾ ਇਹ ਮਹਾਂ ਨਾਟਕ ਕਿਸੇ ਵੱਡੀ ਸ਼ਕਤੀ ਦੀ ਹੋਂਦ ਨੂੰ ਸਵੀਕਾਰ ਕੀਤੇ ਬਗੈਰ ਸਮਝਣਾ ਮੁਸ਼ਕਲ ਹੈ।

ਇਹ ਗੱਲ ਤਾਂ ਵਿਗਿਆਨਕ ਤੌਰ ਤੇ ਸਥਾਪਤ ਹੈ ਕਿ ਧਰਤੀ ਤੇ ਜੀਵਨ ਦਾ ਮੂਲ ਪਾਣੀ ਹੈ। ਇਸ ਗੱਲ ਨੂੰ ਰੂਹਾਨੀ ਦਰਸ਼ਨਾਂ ਨੇ ਵੀ ਸਵੀਕਾਰਿਆ ਹੈ। ਜੇ ਇਸੇ ਕੜੀ ਨਾਲ ਅੱਗੇ ਇਹ ਗੱਲ ਜੁੜ ਜਾਏ ਕਿ ਪਾਣੀ ਮੂਲ ਰੂਪ ਵਿੱਚ ਧਰਤੀ ਦਾ ਤੱਤ ਨਹੀਂ ਹੈ, ਜਿਵੇਂ ਕਿ ਲੂਈ ਫਰੈਂਕ ਦੀ ਧਾਰਨਾ ਹੈ ਤਾਂ ਜ਼ਿੰਦਗੀ ਪ੍ਰਤੀ ਸਾਡਾ ਸਮੁਚਾ ਨਜ਼ਰੀਆ ਨਵਾਂ ਮੋੜ ਲੈ ਲਵੇਗਾ। ਪਾਣੀ ਬਾਰੇ ਹੁਣ ਤੱਕ ਜਿੰਨੀਆਂ ਕੁ ਵੀ ਇਹ ਖੋਜਾਂ ਹੋਈਆਂ ਹਨ, ਉਨ੍ਹਾਂ ਨੇ ਸਾਨੂੰ ਪਹਿਲਾਂ ਹੀ ਇੱਕ ਨਵਾਂ ਦ੍ਰਿਸ਼ਟੀਕੋਣ ਦਿੱਤਾ ਹੈ।

ਭਾਵੇਂ ਅਜੇ ਇਸ ਖੇਤਰ ਵਿੱਚ ਬਹੁਤ ਕੁੱਝ ਜਾਣਿਆ ਜਾਣਾ ਬਾਕੀ ਹੈ, ਪਰ ਹੁਣ ਤੱਕ ਦੀਆਂ ਖੋਜਾਂ ਨੇ ਇਹ ਗੱਲ ਤਾਂ ਸਥਾਪਤ ਕਰ ਹੀ ਦਿੱਤੀ ਹੈ ਕਿ ਪਾਣੀ ਇੱਕ ਅਜਿਹੀ ਤੰਦ ਹੈ, ਜਿਸ ਨੂੰ ਪਕੜਕੇ ਅਸੀਂ ਜੀਵਨ ਦੇ ਕਿੰਨੇ ਹੀ ਗਹਿਰੇ ਰਹੱਸ ਖੋਲ੍ਹ ਸਕਦੇ ਹਾਂ। ਪਾਣੀ ਮਹਿਜ਼ ਹੋਰ ਤੱਤਾਂ ਵਰਗਾ ਇੱਕ ਤੱਤ ਨਹੀਂ ਹੈ। ਨਾ ਮਹਿਜ਼ ਸਾਡੀ ਸਰੀਰਕ ਪਿਆਸ ਬੁਝਾਉਣ ਦਾ ਇੱਕ ਸਾਧਨ ਹੈ। ਨਾ ਹੀ ਸਿਰਫ ਸਿੰਚਾਈ ਜਾਂ ਹਾਈਡਲ ਬਿਜਲੀ ਪੈਦਾ ਕਰਨ ਵਾਸਤੇ ਇੱਕ ਕੁਦਰਤੀ ਸਰੋਤ ਹੈ। ਬਲਕਿ ਮੂਲ ਰੂਪ ਵਿੱਚ ਪਾਣੀ ਜ਼ਿੰਦਗੀ ਦਾ ਸਭ ਤੋਂ ਪ੍ਰਤੱਖ ਪਰ ਸਭ ਤੋਂ ਗਹਿਰਾ ਰਹੱਸ ਹੈ, ਜਿਸ ਦੀ ਪ੍ਰਕਿਰਤੀ ਅਤੇ ਮੂਲ ਨੂੰ ਜਾਣਕੇ ਅਸੀਂ ਜ਼ਿੰਦਗੀ ਦੇ ਮੂਲ ਬਾਰੇ ਕਿੰਨੀਆਂ ਹੀ ਬੁਝਾਰਤਾਂ ਹੱਲ ਕਰ ਸਕਦੇ ਹਾਂ।

Leave a comment