ਸਵਰਨਜੀਤ ਸਵੀ ਪੰਜਾਬੀ ਸਾਹਿਤ ਜਗਤ ਵਿਚ ਇਸ ਪੱਖ ਤੋਂ ਵਿਲੱਖਣ ਕਵੀ/ਰਚਨਾਕਾਰ ਹਨ, ਜਿਹੜੇ ਲਗਾਤਾਰ ਆਪਣੇ ਵਿਸ਼ਿਆ ਅਤੇ ਪੇਸ਼ਕਾਰੀ ਦੀਆਂ ਵਿਧੀਆਂ ਨਾਲ ਪ੍ਰਯੋਗ ਕਰਦੇ ਰਹਿੰਦੇ ਹਨ। 1985 ਤੋਂ ਸ਼ੁਰੂ ਹੋਇਆ ਉਨ੍ਹਾਂ ਦਾ ਲੰਬਾ ਸਾਹਿਤਕ ਸਫ਼ਰ ਹਰ ਪੜਾਅ ਤੇ ਨਵਾਂ ਨਜ਼ਰ ਆਉਂਦਾ ਹੈ। ਇਕ ਕਵੀ, ਚਿਤਰਕਾਰ, ਮੂਰਤੀਕਾਰ, ਫੋਟੋਕਾਰ ਦੇ ਤੌਰ ਤੇ ਸਵੀ ਨੇ ਰਚਨਾਤਮਕਤਾ ਦੇ ਹਰ ਪੱਖ ਨਾਲ ਤਜ਼ਰਬੇ ਕੀਤੇ ਹਨ। ਹੈਰਾਨੀ ਦੀ ਗੱਲ ਹੈ ਕਿ ਅਜੇ ਵੀ ਰਚਨਾਕਾਰੀ ਪ੍ਰਤੀ ਉਸੇ ਤਰਾਂ ਦੀ ਸ਼ਿੱਦਤ ਅਤੇ ਉਤਸ਼ਾਹ ਕਾਇਮ ਹੈ, ਜਿਹੜਾ ਤਿੰਨ/ਚਾਰ ਦਹਾਕੇ ਪਹਿਲਾਂ ਸੀ। ਕਵਿਤਾ ਦੀਆਂ ਹੁਣ ਤੱਕ 14 ਕਿਤਾਬਾਂ ਛਪ ਚੁੱਕੀਆਂ ਹਨ। ਆਪਣੀ ਕਵਿਤਾ ਵਿਚ ਵਿਸ਼ਿਆਂ ਦੀ ਚੋਣ ਦੇ ਪੱਖ ਤੋਂ ਸਵਰਨਜੀਤ ਸਵੀ ਹਮੇਸ਼ਾ ਪੰਜਾਬੀ ਪਾਠਕਾਂ ਨੂੰ ਅਚੰਭਿਤ ਕਰਦੇ ਹਨ। ਉਨ੍ਹਾਂ ਦੀਆਂ ਕੁੱਝ ਤਾਜ਼ਾ ਕਵਿਤਾਵਾਂ ਸ਼ੇਅਰ ਕਰ ਰਹੇ ਹਾਂ, ਜਿਹੜੀਆਂ ਇਕ ਨਾਨੇ ਨੇ ਆਪਣੀ ਦੋਹਤੀ ਲਈ ਲਿਖੀਆਂ ਹਨ:
ਖੁਸ਼ੀਆਂ ਦਾ ਪਾਸਵਰਡ
ਮਾਂ ਦੀ ਲੋਰੀ
ਪਿਓ ਦੀ ਉਂਗਲੀ
ਚਿੜੀਆਂ ਤੋਤੇ
ਫੁੱਲ ਪੱਤੇ ਰੁੱਖ ਬਾਗ
ਯਾਰ ਪਿਆਰ
ਬਹਾਰਾਂ ਪਤਝੜਾਂ ਦੇ
ਅਖੀਰਲੇ ਸਾਲਾਂ ’ਚ
ਵਿੱਸਰ ਜਾਂਦੇ ਖੁਸ਼ੀਆਂ ਦੇ
ਜੰਗਾਲੇ ਚਾਬੀਆਂ ਤੇ ਤਾਲੇ
ਕਿਊਟੀ ਦਾ
ਲੁਗਲੁਗਾ ਹੱਥ
ਤੁਹਾਡੀ ਉਂਗਲ ਛੂੰਹਦਿਆਂ ਹੀ
ਫੜਾ ਦਿੰਦਾ
ਖੁਸ਼ੀਆਂ ਦਾ ਪਾਸਵਰਡ
ਕਰੀਏਟਿਵ ਕਿਊਟੀ-1
ਮਾਂ
ਘੂਰ ਦਿੰਦੀ ਹੈ
ਸੋਫੇ ’ਤੇ
ਪੇਂਟ ਕਰਦੀ ਨੂੰ
“ਹੂੰ..ਅ. ” ਕਹਿਕੇ
ਬੁਰਸ਼
ਅਸਮਾਨ ਵੱਲ ਕਰਕੇ
ਸ਼ੁਰੂ ਕਰ ਦਿੰਦੀ ਹੈ
ਆਪਣੀ ਨਵੀਂ ਪੇਟਿੰਗ
ਹਵਾ ਦੀ ਕੈਨਵਸ ’ਤੇ…
ਕਰੀਏਟਿਵ ਕਿਊਟੀ-2
ਬਲੌਕਸ ਖੇਡਦੀ
ਬਣਾਉਂਦੀ ਹੈ
ਦੀਵਾਰ
ਵਿਚਕਾਰ ਰੱਖਦੀ ਬਾਰੀਆਂ
‘ਵਾਓ!’ ਕਹਿਕੇ
ਤਾਲੀਆਂ ਮਾਰ
ਤਾਰੀਫ ਕਰਦਾਂ
ਪਲ ਕੁ ਨਿਹਾਰਕੇ
‘ਪੁਰਾਣੀ ਹੋਗੀ’ ਕਹਿ
ਢਾਹ ਦਿੰਦੀ ਹੈ
ਸੋਹਣੀ ਦੀਵਾਰ
ਡਰਾਇੰਗ ਕਰਦੀ
ਕਾਪੀ ’ਤੇ
ਰੰਗ ਭਰਦੀ
ਇਕ ਪਲ ਨਿਹਾਰਦੀ
ਫਿਰ ਸ਼ੁਰੂ ਕਰ ਲੈਂਦੀ ਹੈ
ਨਵੇਂ ਵਰਕੇ ’ਤੇ
ਨਵੀਂ ਡਰਾਇੰਗ
ਮੈਂ ਦੇਖਦਾਂ
ਉਸਦੀਆਂ ਉਂਗਲਾਂ ਨੂੰ
ਕੁਝ ਨਵਾਂ
ਸਿਰਜਣ ‘ਚ
ਰੁਝ ਗਈਆਂ ਜੋ…
ਮੇਲਾ
ਦੂਸਰੇ ਕਮਰੇ ’ਚੋਂ
ਕਿਊਟੀ ਬੋਲੀ
‘ਕੂਅ…ਕੂਅ’
ਮੈਂ ਵੀ ਬੋਲਿਆ
‘ਕੂਅ…ਕੂਅ’
ਕਿਊਟੀ ਫਿਰ ਬੋਲੀ
‘ਕੂਅਅ… ਕੂਅਅ…ਕੂਅਅ’
ਮੈਂ ਵੀ ਬੋਲਿਆ
‘ਕੂਅਅ… ਕੂਅਅ… ਕੂਅਅ!!!’
…ਤੇ ਖ਼ਾਮੋਸ਼ ਘਰ
ਮੇਲੇ ’ਚ ਬਦਲ ਗਿਆ!
ਸਭ ਖੇਡ ਹੈ
ਖਿਡੌਣੇ ਹੀ ਨਹੀਂ
ਸਭ ਖੇਡ ਹੈ
ਰੰਗ
ਅੱਖਰ
ਦੁੱਧ
ਪਾਣੀ
ਕਿਤਾਬਾਂ
ਰੋਟੀ
ਚਾਕਲੇਟ
ਹੱਸਣਾ
ਰੋਣਾ
ਕਿਊਟੀ ਹੈ ਤਾਂ
ਦਵਾਈਆਂ ਦੇ ਪੈਕਟ ’ਚੋਂ
ਗੋਲ਼ੀਆਂ ਕੈਪਸੂਲ ਕੱਢਣੇ
ਬਾਕਸ ’ਚ ਰੱਖਣੇ ਵੀ ਖੇਡ ਹੈ
‘ਵਾਈਟ!
ਯੈਲੋ !
ਬ੍ਰਾਊਨ!
ਬੋਲੋ ਨਾਨੂੰ!’
ਕਿਊਟੀ ਤੋਂ ਵੱਡੀ
ਨਾ ਖੇਡ
ਨਾ ਦੁਆਈ!