shabadspace.com

ਸ਼ਬਦ ਸਪੇਸ

ਭਾਸ਼ਾ  ਸਾਹਿਤ  ਕਲਾ  ਕਲਚਰ

ਪੰਜਾਬੀ ਪੁਸਤਕ ਪ੍ਰਕਾਸ਼ਨ ਵਿਚ ਨਵੀਂ ਲਹਿਰ

ਪਿਛਲੇ ਪੰਜ-ਸੱਤ ਸਾਲਾਂ ਦੌਰਾਨ ਪੰਜਾਬੀ ਪੁਸਤਕ ਪ੍ਰਕਾਸ਼ਨ ਦਾ ਮੁਹਾਂਦਰਾ ਵੱਡੇ ਪੱਧਰ ਤੇ ਬਦਲ ਗਿਆ ਹੈ। ਉਸ ਦੌਰ ਵਿਚੋਂ ਪੰਜਾਬੀ ਪ੍ਰਕਾਸ਼ਨ ਹੁਣ ਨਿਕਲ ਚੁੱਕਾ ਹੈ, ਜਦੋਂ ਪ੍ਰਕਾਸ਼ਕ ਅਕਸਰ ਇਹ ਕਹਿੰਦੇ ਸਨ ਕਿ ਪੰਜਾਬੀ ਕਿਤਾਬਾਂ ਤਾਂ ਵਿਕਦੀਆਂ ਨਹੀਂ। ਨਵੇਂ ਪ੍ਰਕਾਸ਼ਕ ਕਿਤਾਬਾਂ ਨਾ ਵਿਕਣ ਦੀ ਸ਼ਿਕਾਇਤ ਘੱਟ ਕਰਦੇ ਹਨ। ਕੁਝ ਹੱਦ ਤੱਕ ਪੰਜਾਬੀ ਲੇਖਕਾਂ ਨੂੰ ਰਾਇਲਟੀ ਦੇਣ ਦਾ ਰੁਝਾਨ ਵੀ ਸ਼ੁਰੂ ਹੋਇਆ ਹੈ। ਪੁਸਤਕ ਮੇਲਿਆਂ ਦੌਰਾਨ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਕਿਤਾਬਾਂ ਖਰੀਦਦੇ ਹੋਏ ਦੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਨੇ ਕਿਤਾਬਾਂ ਪੜ੍ਹਨ ਦੇ ਰੁਝਾਨ ਨੂੰ ਘਟਾਉਣ ਦੀ ਬਜਾਏ ਪਾਠਕਾਂ ਦਾ ਘੇਰਾ ਵੱਡਾ ਕਰਨ ਵਿਚ ਯੋਗਦਾਨ ਪਾਇਆ ਹੈ।

-ਕੰਵਰਜੀਤ ਸਿੰਘ ਸਿੱਧੂ

ਪੰਜਾਬੀ ਪੁਸਤਕ ਪ੍ਰਕਾਸ਼ਨ ਹੱਥ ਲਿਖਤਾਂ ਤੋਂ ਸ਼ੁਰੂ ਹੋ ਕੇ ਡਿਜ਼ੀਟਲ ਛਪਾਈ ਤੱਕ ਪਹੁੰਚ ਗਿਆ ਹੈ। ਇਹ ਪ੍ਰਕਾਸ਼ਨ 1947 ਦੀ ਵੰਡ ਤੱਕ ਸਿਰਫ਼ ਲਾਹੌਰ ਤੱਕ ਸੀਮਤ ਹੁੰਦਾ ਹੈ, ਹੁਣ ਇਹ ਦਿੱਲੀ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਵਰਗੇ ਵੱਡੇ ਸ਼ਹਿਰਾਂ ਸਮੇਤ ਹੋਰ ਬਹੁਤ ਸਾਰੇ ਛੋਟੇ-ਛੋਟੇ ਕਸਬਿਆਂ ਤੱਕ ਵੀ ਫੈਲ ਗਿਆ ਹੈ। 21ਵੀਂ ਸਦੀ ਦੇ ਆਰੰਭ ਵਿੱਚ ਮੋਬਾਇਲ ਅਤੇ ਕੰਪਿਊਟਰ ਆਮ ਹੋਣ ਨਾਲ ਪੁਸਤਕ ਛਪਾਈ ਹਰ ਕਿਸੇ ਦੀ ਸੁਖਾਲੀ ਪਹੁੰਚ ਵਿੱਚ ਹੋ ਗਈ ਹੈ। ਇਸ ਨਾਲ ਜਿੱਥੇ ਵੱਧ ਤੋਂ ਵੱਧ ਪੁਸਤਕਾਂ ਛਪਣ ਲੱਗੀਆਂ ਹਨ, ਉਥੇ ਫੇਸਬੁੱਕ, ਇੰਸਟਾਗ੍ਰਾਮ, ਵੱਟਸਐਪ ਆਦਿ ਸੋਸ਼ਲ਼ ਮੀਡੀਆ ਐਪਾਂ ਰਾਹੀਂ ਪੁਸਤਕਾਂ ਦੇ ਪ੍ਰਚਾਰ ਪ੍ਰਸਾਰ ਦਾ ਘੇਰਾ ਵੱਡਾ ਹੋਇਆ ਹੈ। ਵੱਡੀ ਗਿਣਤੀ ਵਿੱਚ ਪੁਸਤਕਾਂ ਛਪਣ ਦੇ ਨਾਲ -ਨਾਲ ਕਾਫੀ ਗੈਰ ਮਿਆਰੀ ਸਾਹਿਤ ਵੀ ਛਪਣ ਲੱਗਿਆ ਹੈ।

ਪੁਸਤਕ ਪ੍ਰਕਾਸ਼ਨ ਵਿੱਚ ਢਾਈ ਦਹਾਕਿਆਂ ਤੋਂ ਵੱਧ ਸਰਗਰਮ ਰਹਿ ਕੇ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਚੇਤਨਾ ਪ੍ਰਕਾਸ਼ਨ ਨੇ ਆਪਣੇ ਕਿਤਾਬਾਂ ਦੇ ਕੰਮ ਨੂੰ ਪੰਜਾਬੀਆਂ ਦੀ ਵੱਡੀ ਆਬਾਦੀ ਵਾਲੇ ਮੁਲਕ ਕੈਨੇਡਾ ਤੱਕ ਪਸਾਰਿਆ ਹੈ। ਚੇਤਨਾ ਪ੍ਰਕਾਸ਼ਨ ਦੇ ਲੁਧਿਆਣਾ, ਕੋਟਕਪੂਰਾ (ਫ਼ਰੀਦਕੋਟ) ਦੇ ਨਾਲ ਨਾਲ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਵੀ ਸਟੋਰਹਨ। ਅਦਾਰੇ ਵੱਲੋਂ ਹੋਰ ਦੇਸਾਂ ਵਿੱਚ ਵੀ ਆਪਣੇ ਵਿਕਰੀ ਕੇਂਦਰ ਖੋਲ੍ਹੇ ਜਾਣ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਪੰਜਾਬੀ ਪੁਸਤਕ ਪ੍ਰਕਾਸ਼ਨ ਦੀ ਮੌਜੂਦਾ ਹਾਲਤ ਬਾਰੇ ਗੱਲ ਕਰਦਿਆਂ ਚੇਤਨਾ ਪ੍ਰਕਾਸ਼ਨ ਦੇ ਸੁਮੀਤ ਗੁਲਾਟੀ ਨੇ ਦੱਸਿਆ ਕਿ ਮੋਟੀਵੇਸ਼ਨ ਸਾਹਿਤ ਦੀਆਂ ਕਿਤਾਬਾਂ ਵਿਕਰੀ ਪੱਖੋਂ ਸਭ ਤੋਂ ਵੱਧ ਪੌਪੂਰਲ ਹਨ, “ ਪਿਛਲੇ ਵਰ੍ਹਿਆਂ ਵਿੱਚ ਮੋਟੀਵੇਸ਼ਨਲ ਕਿਤਾਬਾਂ ਦੀ ਵੱਡੀ ਮੰਗ ਰਹੀ ਹੈ। ਪੰਜਾਬੀ ਗਲਪ ਸਾਹਿਤ ਨਾਵਲ ਕਹਾਣੀ ਵੀ ਲਗਾਤਾਰ ਵਿਕਦਾ ਰਹਿੰਦਾ ਹੈ ਅਤੇ ਜੇਕਰ ਕਿਸੇ ਲੇਖਕ ਨੂੰ ਕੋਈ ਇਨਾਮ-ਸਨਮਾਨ ਮਿਲ ਜਾਵੇ ਤਾਂ ਉਸਦੀਆਂ ਕਿਤਾਬਾਂ ਦੀ ਮੰਗ ਵਧ ਜਾਂਦੀ ਹੈ। ਨਾਨਕ ਸਿੰਘ, ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ, ਰਾਮ ਸਰੂਪ ਅਣਖੀ ਆਦਿ ਦੀਆਂ ਕਿਤਾਬਾਂ ਦੀ ਸੇਲ ਨਿਰੰਤਰ ਜਾਰੀ ਰਹਿੰਦੀ ਹੈ। ਪਿਛਲੇ ਸਮੇਂ ਦੌਰਾਨ ਪਾਕਿਸਤਾਨੀ ਸ਼ਾਇਰੀ ਵਿਸ਼ੇਸ਼ ਕਰ ਬਾਬਾ ਨਜ਼ਮੀ ਅਤੇ ਤਾਹਿਰਾ ਸਰਾ ਦੀਆਂ ਕਿਤਾਬਾਂ ਪਾਠਕਾਂ ਦੀ ਪਹਿਲੀ ਪਸੰਦ ਰਹੀਆਂ ਹਨ। ਸਿੱਖ ਇਤਿਹਾਸ ਨਾਲ ਸਬੰਧਤ ਕਿਤਾਬਾਂ ਖਾਸ ਕਰ ਮਹਾਰਾਜਾ ਰਣਜੀਤ ਸਿੰਘ ਕਾਲ ਨਾਲ ਸਬੰਧਤ ਕਿਤਾਬਾਂ ਨੂੰ ਪਾਠਕਾਂ ਦਾ ਵੱਡਾ ਹੁੰਗਾਰਾ ਮਿਲਦਾ ਹੈ।’ 

ਪੰਜਾਬੀ ਪੁਸਤਕ ਵਿਕਰੀ ਨੂੰ ਪ੍ਰਮੋਟ ਕਰਨ ਵਿਚ ਜਸਵੀਰ ਬੇਗਮਪੁਰੀ ਆਪਣੇ ਤਰੀਕੇ ਨਾਲ ਸਰਗਰਮ ਹਨ। ਪੁਸਤਕ ਮੇਲਿਆਂ ਤੋਂ ਲੈ ਕੇ ਵਿਆਹਾਂ, ਰੈਲੀਆਂ, ਧਰਨਿਆਂ ਆਦਿ ਤੱਕ ਪੁਸਤਕ ਪ੍ਰਦਰਸ਼ਨੀਆਂ ਰਾਹੀਂ ਬੇਗਮਪੁਰੀ ਨੇ ਆਪਣੀ ਇੱਕ ਵਿਲੱਖਣ ਥਾਂ ਬਣਾਈ ਹੈ। ਕਰੋਨਾ ਕਾਲ ਦੀ ਤਾਲਾਬੰਦੀ ਅਤੇ ਦਿੱਲੀ ਕਿਸਾਨ ਮੋਰਚੇ ਉਪਰੰਤ ਦੀ ਪੰਜਾਬੀ ਪੁਸਤਕਾਂ ਦੀ ਵਿਕਰੀ ਦੀ ਸਥਿਤੀ ਬਾਰੇ ਟਿੱਪਣੀ ਕਰਦਿਆਂ ਉਨਾਂ ਦੱਸਿਆ ਕਿ ਕੁਝ ਕਿਤਾਬਾਂ ਲਗਾਤਾਰ ਵਿਕਦੀਆਂ ਹਨ, ਕੁਝ ਕਿਤਾਬਾਂ ਥੋੜ੍ਹੇ ਸਮੇਂ ਲਈ ਧਿਆਨ ਖਿੱਚਦੀਆਂ ਹਨ। ਉਨ੍ਹਾਂ ਨੇ ਜਿਹੜੀਆਂ ਕਿਤਾਬਾਂ ਪਿਛਲੇ ਸਮੇਂ ਦੌਰਾਨ ਕਾਫੀ ਵੇਚੀਆਂ, ਉਸ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਜੰਗ ਬਹਾਦਰ ਗੋਇਲ ਦੀ ਕਿਤਾਬਾਂ ਸਬੰਧੀ ਕਿਤਾਬ ‘ਸਾਹਿਤ ਸੰਜੀਵਨੀ’ ਲੋਕਾਂ ਨੇ ਬਹੁਤ ਜਿਆਦਾ ਪਸੰਦ ਕੀਤੀ ਹੈ। ਇਹ ਕਿਤਾਬ ਲੋਕਾਂ ਖਰੀਦ ਕੇ ਖ਼ੁਦ ਤਾਂ ਪੜ੍ਹੀ ਹੀ ਸਗੋਂ ਅੱਗੇ ਹੋਰਾਂ ਨੂੰ ਵੀ ਇਹ ਕਿਤਾਬ ਪੜ੍ਹਨ ਲਈ ਪ੍ਰੇਰਿਤ ਕੀਤਾ ਅਤੇ ਤੋਹਫ਼ੇ ਵਜੋਂ ਵੀ ਇਹ ਕਿਤਾਬ ਵੰਡੀ ਗਈ। ਸਿੱਖ ਇਤਿਹਾਸ ਸਬੰਧੀ ਸੋਹਣ ਸਿੰਘ ਸ਼ੀਤਲ ਦੀਆਂ ਲਿਖਤਾਂ ‘ਸਿੱਖ ਰਾਜ ਕਿਵੇਂ ਬਣਿਆ’,ਸਿੱਖ ਰਾਜ ਕਿਵੇਂ ਗਿਆ’ ਆਦਿ ਦੀ ਵੀ ਵੱਡੀ ਮੰਗ ਹਮੇਸ਼ਾ ਵਾਂਗ ਬਣੀ ਰਹੀ। ਪਾਠਕਾਂ ਦਾ ਨਾਵਲ, ਕਹਾਣੀਆਂ ਦੀਆਂ ਕਿਤਾਬਾਂ ਵੱਲ ਰੁਝਾਨ ਆਮ ਵਾਂਗ ਹੀ ਰਿਹਾ ਪਰ ਅਨੁਵਾਦਤ ਕਿਤਾਬਾਂ ਵੱਡੀ ਗਿਣਤੀ ਵਿੱਚ ਛਪ ਕੇ ਆਈਆਂ ਅਤੇ ਪਾਠਕਾਂ ਨੇ ਇਸ ਪਾਸੇ ਉਤਸ਼ਾਹ ਵੀ ਦਿਖਾਇਆ। ‘ਮੁਹੱਬਤ ਦੇ ਚਾਲੀ ਨੇਮ’ (ਔਟਮ ਆਰਟ) ਅਤੇ ‘ਜੀਓ ਪੌਲਟਿਕਸ’ (ਵਾਈਟ ਕਰੋਅ) ਦੀਵੀ ਭਰਪੂਰ ਵਿਕਰੀ ਹੋਈ।’

ਪੰਜਾਬੀ ਪ੍ਰਕਾਸ਼ਨ ਦੇ ਖੇਤਰ ਵਿੱਚ ਸਰਗਰਮ ਯੁਵਾ ਪਬਲਿਸ਼ਰ ਪ੍ਰੀਤੀ ਸ਼ੈਲੀ ਨੇ ਆਪਣੇ ਅਦਾਰੇ ‘ਔਟਮ ਆਰਟ’ ਨੂੰ ਥੋੜ੍ਹੇ ਸਾਲਾਂ ਵਿੱਚ ਹੀ ਤਰੱਕੀ ਦੀ ਲੀਹ ’ਤੇ ਤੋਰਿਆ ਹੈ। ਕਿਤਾਬਾਂ ਨੂੰ ਵੱਖਰੀ ਦਿੱਖ ਕਾਰਨ ਉਸਨੇ ਪੰਜਾਬੀ ਪਾਠਕਾਂ ਦਾ ਧਿਆਨ ਖਿੱਚਿਆ ਹੈ। ਪਿਛਲੇ 2-3 ਸਾਲਾਂ ਦੌਰਾਨ ਪੰਜਾਬੀ ਕਿਤਾਬਾਂ ਦੇ ਪ੍ਰਕਾਸ਼ਨ ਤੇ ਵਿਕਰੀ ਸਬੰਧੀ ਚਰਚਾ ਕਰਦਿਆਂ ਉਨ੍ਹਾਂ ਦੱਸਿਆ ਕਿ ਇਤਿਹਾਸ ਦੇ ਕੁਝ ਪੱਖਾਂ ਬਾਰੇ ਲਿਖੀਆਂ ਗੰਭੀਰ ਕਿਤਾਬਾਂ ਨੇ ਵੀ ਪਾਠਕਾਂ ਦਾ ਧਿਆਨ ਕਾਫੀ ਖਿੱਚਿਆ ਹੈ, ਭਾਵੇਂ ਇਹ ਮੰਨਿਆ ਜਾਂਦਾ ਹੈ ਕਿ ਗੰਭੀਰ ਕਿਤਾਬਾਂ ਦੇ ਪਾਠਕਾਂ ਦਾ ਘੇਰਾ ਸੀਮਤ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿਪੰਜਾਬੀ ਸਾਹਿਤ ਵਿੱਚ ਆਮ ਮੰਨੀ ਜਾਣ ਵਾਲੀ ਗੱਲ ਕਿ ਨਾਵਲ, ਕਹਾਣੀ ਹੀ ਜ਼ਿਆਦਾ ਵਿਕਦੀ ਹੈ, ਦੇ ਉਲਟ ਪਾਠਕਾਂ ਨੇ ਯਾਤਰਾ ਸਾਹਿਤ ਅਤੇ ਅਨੁਵਾਦਤ ਪੁਸਤਕਾਂ ਵੱਲ ਵੀ ਧਿਆਨ ਦਿੱਤਾ ਹੈ। ਪਿਛਲੇ ਸਾਲਾਂ ਦੌਰਾਨ ਛਪੀਆਂ ਸੈਂਕੜੇ ਕਿਤਾਬਾਂ ਵਿੱਚੋਂ ਵੱਧ ਵਿਕਣ ਵਾਲੀਆਂ ਚੋਣਵੀਆਂ ਪੰਜ-ਛੇ ਕਿਤਾਬਾਂ ਬਾਰੇ ਗੱਲ ਕਰਨੀ ਹੋਵੇ ਤਾਂ ਪਾਕਿਸਤਾਨੀ ਲੇਖਕ ਹਾਰੂਨ ਖਾਲਿਦ ਦਾ ਗੁਰੁ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਸਥਾਨਾਂ ਦਾ ਯਾਤਰਾ ਬਿਰਤਾਂਤ ‘ਨਾਨਕ ਸੰਗ ਤੁਰਦਿਆਂ’ ਦੇ ਪੰਜਾਬੀ ਅਨੁਵਾਦ ਨੂੰ ਪਾਠਕਾਂ ਦੇ ਵੱਡੇ ਵਰਗ ਵੱਲੋਂ ਹੁੰਗਾਰਾ ਮਿਲਿਆਹੈ। ਪੰਜਾਬ ਦੀ ਵੰਡ ਦੇ ਦੁਖਾਂਤ ਸਬੰਧੀ ਇਸ਼ਤਿਆਕ ਅਹਿਮਦ ਦੀ ਵੱਡ ਆਕਾਰੀ ਪੁਸਤਕ ‘ਪੰਜਾਬ’ ਦੇ ਅਨੁਵਾਦ ਦੀਆਂ ਵੀ 2000 ਦੇ ਕਰੀਬ ਕਾਪੀਆਂ ਵਿਕੀਆਂ ਹਨ। ਨੌਜਵਾਨਾਂ ਵੱਲੋਂ ਬਹੁਤ ਜਿਆਦਾ ਪਸੰਦ ਕੀਤੀ ਗਈ ਕਿਤਾਬ ‘ਮੁਹੱਬਤ ਦੇ ਚਾਲੀ ਨੇਮ’ ਦਾ ਵੀ ਪਹਿਲਾ ਐਡੀਸ਼ਨ ਛੇ ਮਹੀਨਿਆਂ ਦੇ ਅੰਦਰ ਖਤਮ ਹੋ ਗਿਆ। ਪਾਕਿਸਤਾਨੀ ਪੰਜਾਬੀ ਕਵਿਤਾ ਦੀ ਪੁਸਤਕ ‘ਲਫ਼ਜ਼ੀ ਲਾਂਘੇ’ ਨੂੰ ਵੀ ਹਰ ਵਰਗ ਦੇ ਪਾਠਕਾਂ ਨੇ ਸਲਾਹਿਆ। ਪੰਜਾਬੀ ਨਾਵਲ ਜਗਤ ਵਿੱਚ ਵੱਖਰੀ ਦਾਰਸ਼ਨਿਕ ਲੈਅ ਵਾਲੇ ਨਾਵਲਕਾਰ ਜਸਬੀਰ ਮੰਡ ਦੇ ਨਾਵਲਾਂ ‘ਆਖਰੀ ਬਾਬੇ’ ਅਤੇ ‘ਬੋਲ ਮਰਦਾਨਿਆ’ ਨੂੰ ਪਾਠਕਾਂ ਨੇ ਸਿਰ ਮੱਥੇ ਕਬੂਲ ਕੀਤਾ ਹੈ ਅਤੇ ਇਸ ਦੇ ਕਈ ਐਡੀਸ਼ਨ ਪਿਛਲੇ ਕੁਝ ਸਾਲਾਂ ਦੌਰਾਨ ਹੀ ਛਪੇ ਹਨ। ‘ਆਖਰੀ ਬਾਬੇ’ ਦੀ ਪਿਛਲੇ ਸਾਲਾਂ ਵਿੱਚ ਰਿਕਾਰਡ ਤੋੜ ਵਿਕਰੀ ਹੋਈ ਹੈ ਅਤੇ ਇਸਦੀ ਮੰਗ ਅਜੇ ਵੀ ਜਿਉਂ ਦੀ ਤਿਉਂ ਬਣੀ ਹੋਈ ਹੈ।’

‘ਵਾਈਟ ਕਰੋਅ’ ਅਦਾਰਾ ਪੁਸਤਕ ਪ੍ਰਕਾਸ਼ਨ ਦੇ ਖੇਤਰ ਵਿੱਚ ਪਿਛਲੇ ਸਾਲਾਂ ਦੌਰਾਨ ਹੀ ਸਰਗਰਮ ਹੋਇਆ ਹੈ ਅਤੇ ਹੁਣ ਤੱਕ 25 ਦੇ ਕਰੀਬ ਕਿਤਾਬਾਂ ਛਾਪ ਚੁੱਕਿਆ ਹੈ। ਇਹਨਾਂ ਵੱਲੋਂ ਛਾਪੀਆਂ ਕਿਤਾਬਾਂ ਵਿੱਚ ਅਨੁਵਾਦਤ ਸਾਹਿਤ ਦੇ ਨਾਲ-ਨਾਲ ਰਾਜਨੀਤੀ ਅਤੇ ਇਤਿਹਾਸ ਦੇ ਵੱਖ ਵੱਖ ਪੱਖਾਂ ਬਾਰੇ ਲਿਖੀਆਂ ਕਿਤਾਬਾਂ ਹਨ। ਗਲਪ ਅਤੇ ਕਵਿਤਾ ਦੀਆਂ ਕਿਤਾਬਾਂ ਜਿਆਦਾ ਛਾਪਣ ਦੀ ਪਹੁੰਚ ਤਿਆਗ ਕੇ ਇਹਨਾਂ ਪੰਜਾਬ, ਭਾਰਤ ਅਤੇ ਸੰਸਾਰ ਦੀ ਰਾਜਨੀਤੀ ਬਾਰੇ ਕਿਤਾਬਾਂ ਦੇ ਪੰਜਾਬੀ ਅਨੁਵਾਦ ਛਾਪਣ ਨੂੰ ਪਹਿਲ ਦਿੱਤੀ ਹੈ। ਅਦਾਰੇ ਦੇ ਮਾਲਕ ਕਿੰਦ ਨਾਹਲ ਨੇ ਦੱਸਿਆ ਕਿ ਪਾਲ ਸਿੰਘ ਢਿੱਲੋਂ ਦੀ ਅੰਗਰੇਜ਼ੀ ਕਿਤਾਬ ਦਾ ਪੰਜਾਬੀ ਅਨੁਵਾਦ ‘ਪਾਣੀਆਂ ਦੀ ਗਾਥਾ’ ਨੂੰ ਕਾਫੀ ਵਧੀਆ ਹੁੰਗਾਰਾ ਮਿਲਿਆ ਹੈ। ਜਿਥੇ ਕਿਸਾਨ ਆਗੂਆਂ, ਧਾਰਮਿਕ ਸ਼ਖਸ਼ੀਅਤਾਂ ਵੱਲੋਂ ਇਸ ਕਿਤਾਬ ਦੀ ਸਲਾਘਾ ਹੋ ਰਹੀ ਹੈ, ਉਥੇ ਪਾਣੀਆਂ ਸਬੰਧੀ ਚੱਲ ਰਹੇ ਮੁੱਦਕੀ ਮੋਰਚੇ ‘ਤੇ ਵੀ ਇਸਦੀਆਂ ਕਾਫ਼ੀ ਕਾਪੀਆਂ ਮੰਗਵਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਰਾਜਨੀਤੀ ਸਬੰਧੀ ਵੱਖਰੇ ਵਿਸ਼ਾ ਵਸਤੂ ਵਾਲੀ ਕਿਤਾਬ ‘ਜਿਓ ਪੌਲਟਿਕਸ’, ਰਾਅ ਦੇ ਸਾਬਕਾ ਅਧਿਕਾਰੀ ਦੀ 1984 ਸਬੰਧੀ ਕਿਤਾਬ ‘ਖ਼ਾਲਿਸਤਾਨ ਦੀ ਸਾਜ਼ਿਸ਼’ ਅਤੇ ਨਾਵਲ ‘ਪਟਨਾ ਬਲੂਜ਼’ ਦੀ ਵਿਕਰੀ ਬਹੁਤ ਜਿਆਦਾ ਹੋਈ ਹੈ।’

ਸਿਰਫ਼ ਧਾਰਮਿਕ ਰਾਜਨੀਤਕ ਸਾਹਿਤ ਛਾਪ ਰਹੇ ਨਵੇਂ ਅਦਾਰੇ ‘ਬਿਬੇਕਗੜ੍ਹ ਪ੍ਰਕਾਸ਼ਨ’ ਨੇ ਵੀ ਆਪਣੀਆਂ ਸੋਹਣੀ ਦਿੱਖ ਵਾਲੀਆਂ ਕਿਤਾਬਾਂ ਦੇ ਪ੍ਰਕਾਸ਼ਨ ਨਾਲ ਥੋੜ੍ਹੇ ਸਮੇਂ ਵਿਚ ਹੀ ਆਪਣੀ ਚੰਗੀ ਪਛਾਣ ਬਣਾ ਲਈ ਹੈ। ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਲਗਾਈ ਗਈ ਪ੍ਰਦਰਸ਼ਨੀ ਦੌਰਾਨ ਅਦਾਰੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਿੱਖ ਇਤਿਹਾਸ ਦੇ ਅਹਿਮ ਪੜਾਵਾਂ ਜਿਵੇਂ ਗੁਰੂਦੁਆਰਾ ਸੁਧਾਰ ਲਹਿਰ, 1984 ਸਬੰਧੀ ਦਸਤਾਵੇਜ਼ੀ ਲਿਖਤਾਂ ਛਾਪਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾਕਵਿਤਾ, ਕਹਾਣੀ ਅਤੇ ਅਨੁਵਾਦਤ ਕਿਤਾਬਾਂ ਵੀ ਛਾਪੀਆਂ ਗਈਆਂ ਹਨ। ਉਨ੍ਹਾਂ ਵੱਲੋਂ ਤਿੰਨ ਭਾਗਾਂ ਵਿੱਚ ‘ਵਿਸ਼ਵ ਕੋਸ਼ ਭਾਈ ਵੀਰ ਸਿੰਘ’ ਛਾਪਿਆ ਗਿਆ ਹੈ। ਪ੍ਰੋ. ਪੂਰਨ ਸਿੰਘ ਵੱਲੋਂ ਉਲਥਾਈ ਗਈ ਤਾਮਸ ਕਾਰਲਾਈਲ ਦੀ ਕਿਤਾਬ ‘ਕਲਾਧਾਰੀ ਤੇ ਕਲਾਧਾਰੀ ਪੂਜਾ’ ਵੀ ਪਾਠਕਾਂ ਦੀ ਖਿੱਚ ਦਾ ਕੇਂਦਰ ਬਣੀ ਹੈ।

ਬਠਿੰਡਾ ਤੋਂ ਨੌਜਵਾਨ ਲਵਪ੍ਰੀਤ ਸਿੰਘ ਮਾਨ ਵੱਲੋਂ ਵੀ ਪੰਜਾਬੀ ਪੁਸਤਕ ਪ੍ਰਕਾਸ਼ਨ ਵਿਚ ਆਪਣੀ ਤਰ੍ਹਾਂ ਦਾ ਇਕ ਉਪਰਾਲਾ ਕੀਤਾ ਗਿਆ ਹੈ। ਉਸ ਵਲੋਂ ਵਿਸ਼ਵ ਦੇ ਸ਼ਾਹਕਾਰ ਨਾਵਲਾਂ ਅਤੇ ਵਿਸ਼ੇਸ਼ ਕਰ ਮਹਾਨ ਰੂਸੀ ਨਾਵਲਕਾਰ ਫਿਓਦਰ ਦੋਸਤੋਵਸਕੀ ਦੇ ਨਾਵਲਾਂ ਨੂੰ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕਰ ਕੇ ਛਾਪਣ ਲਈ ‘ਮਾਨ ਬੁੱਕ ਸਟੋਰ’ ਨਾਮ ਦਾ ਪ੍ਰਕਾਸ਼ਨ ਅਦਾਰਾ ਬਣਾਇਆ ਗਿਆ। ਇਸ ਪ੍ਰਕਾਸ਼ਨ ਵੱਲੋਂ ਹੁਣ ਤੱਕ ਦੋਸਤੋਵਸਕੀ ਦੇ ‘ਮਕਾਨ ਮਾਲਕਣ’, ‘ਹਮਸ਼ਕਲ’, ‘ਰਕੀਬ’ ਅਤੇ ‘ਟੁੱਟੇ ਸ਼ੀਸ਼ਿਆਂ ਦੀ ਦਾਸਤਾਨ’ ਨਾਵਲਾਂ ਦਾ ਪੰਜਾਬੀ ਅਨੁਵਾਦ ਛਾਪਿਆ ਜਾ ਚੁੱਕਿਆ ਹੈ।

2020 ਵਿਚ ਕਰੋਨਾ ਆਫ਼ਤ ਤੋਂ ਬਾਦ ਦੇ ਲੌਕਡਾਊਨ ਦੇ ਸਮੇਂ ਨੇ ਪੰਜਾਬੀ ਪੁਸਤਕ ਪ੍ਰਕਾਸ਼ਨ ਨੂੰ ਵੀ ਢਾਹ ਲਾਈ ਸੀ ਅਤੇ ਕਿਤਾਬਾਂ ਦੇ ਪ੍ਰਕਾਸ਼ਕਾਂ ਅਤੇ ਪਾਠਕਾਂ ਵਿਚਾਲੇ ਦੂਰੀ ਵਧਾ ਦਿੱਤੀ ਸੀ, ਪਰ ਸਾਲ 2022-23 ਦੌਰਾਨ ਪੰਜਾਬੀ ਪੁਸਤਕ ਪ੍ਰਕਾਸ਼ਨ ਵੀ ਉਸ ਸੰਕਟ ਵਿਚੋਂ ਨਿਕਲਣ ਲੱਗਾ ਹੈ। ਪਿਛਲੇ ਸਮੇਂ ਦੌਰਾਨ ਪੰਜਾਬੀ ਦੇ ਜੋ ਪੁਸਤਕ ਮੇਲੇ ਹੋਏ, ਉਨ੍ਹਾਂ ਵਿਚ ਪੰਜਾਬੀ ਪਾਠਕਾਂ ਦੀ ਰੌਣਕ ਅਤੇ ਨਵੇਂ-ਪੁਰਾਣੇ ਪ੍ਰਕਾਸ਼ਕਾਂ ਦੀ ਭਰਮਾਰ ਪੰਜਾਬੀ ਪੁਸਤਕ ਪ੍ਰਕਾਸ਼ਨ ਵਿਚ ਹੋ ਰਹੀ ਸਰਗਰਮੀ ਦੀ ਇਕ ਮਿਸਾਲ ਹੈ।

ਨਵੇਂ ਪ੍ਰਕਾਸ਼ਕਾਂ ਵੱਲੋਂ ਕਿਤਾਬਾਂ ਦੇ ਵਿਸ਼ਾ ਵਸਤੂ ਤੋਂ ਲੈ ਕੇ ਕਿਤਾਬ ਦੀ ਬਾਹਰੀ ਦਿੱਖ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਅਤੇ ਕਿਤਾਬ ਦੀ ਵਿਕਰੀ ਲਈ ਪ੍ਰਚਾਰ ਦੇ ਨਵੇਂ ਨਵੇਂ ਢੰਗ-ਤਰੀਕੇ ਈਜਾਦ ਕੀਤੇ ਜਾ ਰਹੇ ਹਨ। ਪਾਠਕਾਂ ਨਾਲ ਕਿਤਾਬਾਂ ਦੀ ਜਾਣ-ਪਛਾਣ ਲਈ ਨਵੇਂ ਪ੍ਰਕਾਸ਼ਕ ਸੋਸ਼ਲ ਮੀਡੀਆ ਦੀ ਵੀ ਕਾਫੀ ਵਰਤੋਂ ਕਰ ਰਹੇ ਹਨ।

Leave a comment