shabadspace.com

ਸ਼ਬਦ ਸਪੇਸ

ਭਾਸ਼ਾ  ਸਾਹਿਤ  ਕਲਾ  ਕਲਚਰ

ਕਵਿਤਾ ਵਿਚ ਬਚਿਆ ਬੰਦਾ

ਹਰਮਿੰਦਰ ਢਿੱਲੋਂ ਪਿਛਲੇ ਕਰੀਬ ਚਾਰ ਦਹਾਕਿਆਂ ਤੋਂ ਕੈਨੇਡਾ ਵਿਚ ਰਹਿ ਰਿਹਾ ਹੈ। ਕਿੱਤੇ ਵਜੋਂ ਲੰਬਾ ਸਮਾਂ ਇੰਜਨੀਅਰ ਰਿਹਾ ਅਤੇ ਬਾਦ ਵਿਚ ਵਕੀਲ ਬਣ ਗਿਆ। ਇਹ ਦੋਵੇਂ ਕਿੱਤੇ ਅਜਿਹੇ ਹਨ, ਜਿਨ੍ਹਾਂ ਬਾਰੇ ਆਮ ਕਰਕੇ ਮੰਨਿਆ ਜਾਂਦਾ ਹੈ ਕਿ ਕਵਿਤਾ ਤੋਂ ਬਹੁਤ ਦੂਰ ਹਨ। ਪਰ ਬੰਦੇ ਦੇ ਅੰਦਰ ਜੇ ਕਵਿਤਾ ਹੋਵੇ ਤਾਂ ਕਿਸੇ ਵੀ ਹਾਲਤ ਵਿਚ ਬਚੀ ਰਹਿੰਦੀ ਹੈ। ਕਵਿਤਾ ਨਾਲੇ ਆਪ ਬਚਦੀ ਹੈ ਅਤੇ ਨਾਲ ਬੰਦੇ ਨੂੰ ਬਚਾ ਲੈਂਦੀ ਹੈ। ਹਰਮਿੰਦਰ ਅੰਦਰ ਵੀ ਕਵਿਤਾ ਨੇ ਇਹ ਦੋਵੇ ਕੰਮ ਕੀਤੇ ਹਨ। ਉਸਦੀ ਆ ਰਹੀ ਪਹਿਲੀ ਕਿਤਾਬ ‘ਚਾਹ ਵੇਲਾ’ ਵਿਚੋਂ ਕੁੱਝ ਕਵਿਤਾਵਾਂ:

ਕੰਮ ਦਾ ਬੰਦਾ

ਮੈਂ ਸਾਂ

ਬੰਦਾ ਤਾਂ

ਬੜਾ ਕੰਮ ਦਾ ਸਾਂ

ਪਰ ਕੀ ਕਰਾਂ

ਕੀ ਦੱਸਾਂ

ਕੀ ਨਾ ਦੱਸਾਂ

ਤੂੰ ਨਹੀਂ ਸੱਚ ਜਾਣੀਂ

ਮੈਨੂੰ ਵੀ ਪਤੈ

ਜੱਗ ਕਹਿੰਦਾ ਸੀ

ਮੈਂ ਸਾਂ

ਬੰਦਾ ਤਾਂ

ਬੜਾ ਕੰਮ ਦਾ ਸਾਂ

ਪਰ ਕੀ ਕਰਾਂ

ਮੇਰੇ ਕੰਮ ਨੇ ਹੀ

ਕੰਮ ਦਾ ਨਾ ਰਹਿਣ ਦਿੱਤਾ   

ਉਂਝ ਮੈਂ ਸਾਂ

ਬੰਦਾ ਤਾਂ

ਬੜਾ ਕੰਮ ਦਾ ਸਾਂ 

ਮਰਨ ਸੂਚੀ

ਜਦੋਂ ਕਿਤੇ

ਬੰਬ ਫਟਦੈ

ਗੋਲੀ ਚੱਲਦੀ ਜਾਂ

ਬੱਸ ਦਰਿਆ ‘ਚ ਡਿਗਦੀ ਹੈ

ਭੁੱਖਮਰੀ ਸੋਕਾ

ਹੜ੍ਹ ਭੂਚਾਲ ਜਾਂ

ਜੰਗ ਮੱਚਦੀ ਹੈ

ਸਕੂਲ ਘਰ ਦੁਕਾਨਾਂ ‘ਚੋਂ

ਲਾਂਬੂ ਉੱਠਦੇ ਹਨ

ਅਖ਼ਬਾਰ ਦੀ ਸੁਰਖ਼ੀ ‘ਚੋਂ

ਚੀਖ਼ ਨਿਕਲਦੀ ਹੈ

ਟੀਵੀ ਦੀਆਂ ਅੱਖਾਂ ‘ਚੋਂ

ਲਹੂ ਟਪਕਦਾ ਹੈ

ਉਦੋਂ ਜਾਰੀ ਹੁੰਦੀ

ਹਰ ਮਰਨ ਸੂਚੀ ‘ਚ

ਮੇਰਾ ਨਾਮ ਵੀ ਸ਼ਾਮਿਲ ਹੁੰਦੈ ਹੈ

ਮੁਕਤੀ

ਅੱਜ ਅਣਹੋਣੀ ਹੋਈ

ਮੇਰੀ ਪੱਚੀ ਵਰ੍ਹੇ ਪੁਰਾਣੀ

ਕਲਮ ਗੁਆਚ ਗਈ

ਪਹਿਲੀ ਵਾਰ ਹੋਇਆ ਮੇਰੀ

ਕੋਈ ਸ਼ੈਅ ਗੁਆਚੀ ਹੋਵੇ

ਮੇਰੇ ਪੋਟਿਆਂ ‘ਚ ਚੁੰਬਕ ਹੈ

ਹਰ ਸ਼ੈਅ  ਹਰ ਯਾਦ  ਹਰ ਗੱਲ

ਚੁੰਬੜ ਜਾਂਦੇ ਹਨ ਮੈਨੂੰ

ਭੂਤ ਪ੍ਰੇਤਾਂ ਵਾਂਗੂੰ

ਇਕ ਵਾਰ ਹੱਥ ਲੱਗੀ ਸ਼ੈਅ

ਫਿਰ ਨਹੀਂ ਗੁਆਚਦੀ

ਮੇਰੇ ਪੋਟਿਆਂ ਰੋਮ ਰੋਮ ‘ਚ ਅੱਜ ਵੀ

ਵਰ੍ਹਿਆਂ ਪੁਰਾਣੇ ਗੁੱਸੇ ਗਿਲੇ

ਤਾਹਨੇ ਮਿਹਣੇ ਚਿੰਬੜੇ ਪਏ ਨੇ

ਮੇਰੇ ਪੋਟਿਆਂ ‘ਚ ਘਣਾ ਜੰਗਲ

ਉਮਰ ਭਰ ਦੀ ਟੁੱਟ ਭੱਜ

ਜਿਥੇ ਨਾ ਧੁੱਪ ਨਾ ਹਵਾ

ਬੱਸ ਇਕ ਕਾਲਾ-ਬੋਲਾ ਜੰਗਲ

ਟੁੱਟੇ ਭੱਜੇ ਰਿਸ਼ਤੇ ਅਣਲਿਖੀਆਂ ਕਵਿਤਾਵਾਂ

ਕੁਝ ਸਹਿਕਦੀਆਂ ਯਾਦਾਂ ਦਾ ਜੰਗਲ

ਮਨੁੱਖੀ ਹਾਦਸਿਆਂ ਦੀ

ਨਿੱਕਸੁੱਕ ਰਹਿੰਦ-ਖੂੰਦ

ਮੇਰੀ ਮੁਕਤੀ ਨਹੀਂ ਜਿਸਤੋਂ

ਮੇਰੇ ਪੋਟਿਆਂ ਵਿਚ ਚੁੰਬਕ ਹੈ

ਮੇਰਾ ਨਾ ਕੁਝ ਗੁਆਚਦਾ ਹੈ

ਨਾ ਟੁੱਟਦਾ ਨਾ ਵਿਸਰਦਾ

ਗੁਆਚੀ ਕਲਮ ਦਾ ਕ੍ਰਿਸ਼ਮਾ

ਮੇਰੀ ਮੁਕਤੀ ਦੀ ਸਰਦਲ

ਮੰਗ ਉਧਾਰੀ ਚਾਹ

ਸਰਦੀ ਦੇ ਦਿਨ ਜਲੰਧਰ ਬੱਸ ਅੱਡੇ

ਚਾਹ ਪੀਣ ਨੂੰ ਜੀਅ ਕੀਤਾ

ਖਾਲੀ ਖੀਸਾ ਪਰ ਚਾਹ ਦੀ ਤੇਜ਼ ਇੱਛਾ

ਚਾਹ ਵਾਲੇ ਤੋਂ ਮੰਗ ਕੇ ਚਾਹ ਪੀਤੀ

ਬਹੁਤ ਹੀ ਸੁਆਦ ਲੱਗੀ

ਚਾਹ ਵਿਚ ਖੰਡ ਦੀ ਹੀ ਨਹੀਂ

ਖਾਲੀ ਖੀਸੇ ਦੀ ਮਿਠਾਸ ਸੀ

ਚਾਹ ਵਾਲੇ ਨਾਲ ਪਈ ਨਵੀਂ ਦੋਸਤੀ ਦੀ

ਜਦੋਂ ਮੈਂ ਮੰਗਵਾਂ ਕੋਟ ਪਾਇਆ

ਬੜਾ ਹੀ ਨਿੱਘ ਆਇਆ

ਸਰਦੀ ਕਫੂਰ ਹੋ ਗਈ

ਕੋਟ ‘ਚ ਮੇਰੇ ਨਾਲ

ਉਹਦੇ ਸਰੀਰ ਦਾ ਨਿੱਘ ਵੀ ਸੀ

ਮੁਫਤ ਦੀ ਚਾਹ

ਮੰਗਵੇਂ ਕੱਪੜੇ

ਬੜੀ ਮਿੱਠੀ ਤੇ ਨਿੱਘੀ ਹੈ

ਮੰਗ ਉਧਾਰੀ ਹੁਣ ਜ਼ਿੰਦਗੀ

ਚਿਟੱਕਣਾ

ਹਨੇਰੇ ਕਮਰੇ       ਇਕ ਚਿਟੱਕਣਾ

ਕਪਾਹੀ    ਚਾਨਣ ਦੀ ਲੀਰ

ਖਿੜਕੀ ਚ ਨਿੱਕੀ    ਮੋਰੀ ਥਾਣੀਂ

ਸਟਰੀਟ ਲੈਂਪ ਦੀ ਇਕ ਝਾਤ

ਕੁਰਸੀ ਦੇ ਕਾਲ਼ੇ ਲੈਦਰ ’ਤੇ ਟਿਕੀ

ਚੁੱਪ-ਚਾਪ     ਅਡੋਲ      ਕੂਲ਼ੀ-ਕੂਲ਼ੀ

ਅੰਬਰ ਤੈਰਦੇ ਚੰਦ ਦੀ ਟੁਕੜੀ                

ਨਾ ਗੋਲ    ਤਿਕੋਣ     ਨਾ ਚਿਕੋਣ

ਪਾੜੇ ਪਿਆਰ ਪੱਤਰ ਦੀ     

ਉੱਘੜ ਦੁੱਘੜੀ ਕਿਨਾਰੀ ਜਿਹੀ

ਗਿੱਠ ਕੁ ਮਾਲਤੀ

ਚੱਪਾ ਕੁ ਚਿਟੱਕਣਾ

ਚਾਨਣ ਦੀ ਇੱਕ ਲੀਰ

ਹਨੇਰੇ ਕਮਰੇ

ਫਰਸ਼ ਖਿਲੇਰੀ

ਚੱਪਾ ਕੁ ਚਾਨਣ

ਕਦੇ ਕਦੇ

ਕਦੇ ਕਦੇ

ਕੁੱਝ ਨਾ ਕਰਨਾ

ਐਵੇਂ ਹੀ ਖੁੱਲ੍ਹੀ ਖਿੜਕੀ ‘ਚ ਖੜਨਾ

ਬਾਹਰ ਝਾਕਣਾ ਤੇ ਝਾਕੀ ਜਾਣਾਂ

ਕੁੱਝ ਨਾ ਕਰਨਾ

ਖਾਲੀ ਨੀਲਾਂਬਰ ਦੀ ਦੂਰ ਨੁੱਕਰੇ

ਇੱਕੜ ਦੁੱਕੜ ਬੱਦਲੀ ਦਾ ਟੁਕੜਾ ਲੱਭਣਾ

ਲੁਕੇ ਹਾਥੀ ਸ਼ੇਰ ਜਾਂ ਸਰਵਣ ਦੀ ਵਹਿੰਗੀ

ਕਮਰੇ ‘ਚ ਇੱਧਰ ਉੱਧਰ ਚੱਕਰ ਲਾਉਣੇ

ਬਿਨ-ਪੜ੍ਹੇ ਕਿਤਾਬ ਦੇ ਵਰਕੇ ਉਲੱਦਣੇ

ਘਾਹ ਤੇ ਲੇਟ ਕੇ ਅਸਮਾਨ ਨਿਹਾਰਨਾ

ਮੰਜੇ ਤੇ ਲੇਟਣਾ ਤੇ ਲੇਟੇ ਹੀ ਰਹਿਣਾ

ਪਰ ਕੁਝ ਨਾ ਕਰਨਾ

ਅਵਾਗੌਣ ਬੇਮਤਲਬ ਘੁੰਮਣਾ

ਕੁਝ ਨਾ ਕਰਨਾ

ਕਰਨੇ ਨੂੰ ਜੀਅ ਕਰੇ ਵੀ ਤਾਂ

ਟਾਲ ਮਟੋਲ ਕਰਨਾ

ਫਿਰ ਖਿੜਕੀ ‘ਚ ਖੜ

ਨਦੀ ਕਿਨਾਰੇ ਉੱਗੇ ਦਿੱਬ ਦੇ ਸਿੱਟੇ

ਦੁੰਬਾਂ ਨੂੰ ਹਵਾ ਚ ਝੂਮਦੇ ਦੇਖਣਾ

ਪਿੱਦੀ ਚਿੜੀ ਦਾ ਫਰਰ ਕਰਕੇ ਉੱਡਣਾ

ਦੁੰਬ ਚੋਂ ਉੱਡੇ ਫੰਬੇ ਦੀ ਪੈੜ ਦੱਬਣੀ

ਕਿਰਦੇ ਵਕਤ ਦੇ ਲਮਹੇ ਵੇਖਣੇ

ਤਿਲਕਦੇ ਜਾਂਦੇ ਸਮੇਂ ‘ਚ ਤੈਰਨਾ

ਪਰ ਕੁਝ ਨਾ ਕਰਨਾਂ

ਮੁੱਠੀ ‘ਚੋਂ ਕਿਰਦੇ ਪਲਾਂ ਨੂੰ ਫੜਨਾ

ਫਿਰ ਤਲ਼ੀ ਰੱਖ ਫੂਕ ਮਾਰ ਛੱਡ ਦੇਣਾ

ਫੜ ਛੱਡੀ ਤਿਤਲੀ ਵਾਂਗ

ਦੂਰ ਉੱਡਦੇ ਜਾਂਦੇ ਵਕਤ ਨੂੰ ਵੇਖਣਾ

ਪੱਤਝੜ ਦੀ ਹਵਾ ‘ਚ ਤੈਰਦੇ

ਮੇਪਲ ਦੇ ਸੁੱਕੇ ਪੱਤੇ ਵਾਂਗ

ਪਰ ਕੁਝ ਨਾ ਕਰਨਾ

ਖੁੱਲ੍ਹੀ ਖਿੜਕੀ ‘ਚ ਖੜ

ਇੱਧਰ ਉੱਧਰ ਝਾਕਣਾ

ਪਰ ਕੁਝ ਨਾ ਕਰਨਾ

Leave a comment