ਪੰਜਾਬੀ ਸਾਹਿਤ ਵਿਚ ਨੀਰੂ ਅਸੀਮ ਦੀ ਕਵਿਤਾ ਨਾਲ ਵਾਕਫੀ ਉਸਦੀਆਂ ਦੋ ਕਿਤਾਬਾਂ ‘ਭੂਰੀਆਂ ਕੀੜੀਆਂ’ ਅਤੇ ‘ਸਿਫ਼ਰ’ ਦੁਆਰਾ ਹੈ। ਉਸ ਤੋਂ ਬਾਦ ਲੱਗਦਾ ਹੈ ਕਿ ਉਸ ਨੇ ਕਵਿਤਾ ਤੋਂ ਲੰਬੀ ਛੁੱਟੀ ਲਈ ਹੈ। ਨੀਰੂ ਅਸੀਮ ਬਹੁਤ ਹੀ ਗਹਿਰੇ ਅਤੇ ਸੂਖਮ ਅਹਿਸਾਸਾਂ ਵਾਲੀ ਸ਼ਾਇਰਾ ਹੈ। ਉਸ ਲਈ ਸਿਫ਼ਰ ਸ਼ੂੰਨਯ ਦਾ ਰੂਪ ਹੈ। ਮਿੱਥ ਤੇ ਅਧਿਆਤਮ ਨੂੰ ਜਿਸ ਸੰਜੀਦਗੀ ਨਾਲ ਨੀਰੂ ਨੇ ਵਰਤਿਆ ਹੈ, ਉਹ ਉਸ ਦਾ ਨਿਵੇਕਲਾ ਅੰਦਾਜ਼ ਬਣ ਜਾਂਦਾ ਹੈ। ਉਸਦੀਆਂ ਇਹ ਕਵਿਤਾਵਾਂ ਪੰਜਾਬੀ ਸਾਹਿਤ ਤੋਂ ਉਸਦੀ ਲੰਬੀ ਛੁੱਟੀ ਤੋਂ ਪਹਿਲਾਂ ਦੀਆਂ ਲਿਖੀਆਂ ਹੋਈਆਂ ਹਨ:
ਆਹਟ
ਤੇਰੇ ਪੈਰਾਂ ਦੀ ਆਹਟ
ਬ੍ਰਹਮ ਨਾਦ ਲੱਗਦੀ ਏ
ਤੇਰੀ ਮੂਰਤ
ਹੋਰ ਹੋਰ ਪਾਰਦਰਸ਼ੀ ਹੋ ਰਹੀ
ਦੁਧੀਆ ਅਕਾਸ਼ ਗੰਗਾ ‘ਚ ਤੈਰਦੀ
ਤਿੱਤਰ ਖੰਭੀ ਬੱਦਲੀ
ਅੱਖਾਂ ‘ਚ ਤਾਜਮਹਲ
ਪਰੀ ਲੋਕ ਤੋਂ
ਅਪਸਰਾਵਾਂ ਉਤਰ ਰਹੀਆਂ ਨੇ
ਮਹਾਂਨਾਚ ਹੋਣ ਵਾਲੈ…।
ਥੋੜਾ ਜਿਹਾ ਸੂਰਜ
ਕੋਈ ਰਾਤ
ਕਦੀ ਇੰਝ ਵੀ ਬੀਤਦੀ
ਜਦੋਂ ਜਿਸਮ
ਜ਼ਮੀਰ ਦੀ ਸੌਂਹ ਚੁਕ ਕੇ
ਚੁੱਪ ਬੈਠਦਾ…
ਉਸ ਰਾਤ
ਬਹੁਤ ਸੰਘਣੇ ਹਨੇਰਿਆਂ ‘ਚ
ਮੱਸਿਆ ਦੀ ਪ੍ਰਾਹੁਣਚਾਰੀ
ਕਰਨ ਵਾਲੇ ਹੱਥ
ਐ ਖ਼ੁਦਾ!
ਜਦੋਂ ਤੇਰੇ ਤੋਂ
ਦੁਆ ਮੰਗ ਰਹੇ ਹੋਣ
ਤਾਂ ਉਹਨਾਂ ਨੂੰ
ਰੁੱਗ ਭਰ ਕੇ
ਚਾਨਣ ਦਾ ਦੇ ਦਵੀਂ…
ਥੋੜਾ ਜਿਹਾ ਸੂਰਜ
ਤੂੰ ਉਨਾਂ ਦੀਆਂ
ਤਲੀਆਂ ‘ਤੇ ਧਰ ਦਵੀਂ…
ਕਾਵਿਕਤਾ
ਇਹ ਭਟਕਣਾ ਸੀ
ਤੇਰੇ ਲਈ
ਤੂੰ ਇਕ ਆਂਕੜਾ ਸੀ
ਮੇਰੀਆਂ ਜ਼ਰਬਾਂ ਤਕਸੀਮਾਂ ‘ਚ
ਫੈਲਦਾ
ਬਾਕੀ ਬਚਦਾ
ਅਨੰਤ ਆਂਕੜਾ…
ਤੂੰ ਮੈਨੂੰ ਜੁਆਬ ਵਾਂਗ ਵੇਖਦਾ
ਮੈਂ ਸਵਾਲ ਬਣ ਕੇ
ਤੇਰੇ ਸਾਹਮਣੇ ਖੜੀ ਰਹਿੰਦੀ
ਮੈਂ ਤੈਨੂੰ
ਤੂੰ ਮੈਨੂੰ
ਹੱਲ ਨਾ ਕਰ ਸਕੇ…
ਸਿਰਿਆਂ ‘ਤੇ ਗੰਢਾਂ ਮਾਰ ਕੇ
ਕੱਚੇ ਜਿਹੇ ਧਾਗਿਆਂ ਨਾਲ
ਖੁੰਗੀਆਂ ਤੇ ਤਰੋਪੇ ਭਰਦੇ ਰਹੇ
ਨੰਗੇਜ ਕੱਜਦੇ ਰਹੇ…
ਕੂਲੇ ਦਿਨਾਂ ਤੋਂ ਦੀ
ਤਿਲ ਕਦੇ
ਝੁਰੜੀਆਂ ਦੀਆਂ ਵੱਟਾਂ ਨੂੰ ਹੱਥ ਪਾ
ਝੂਲਦੇ ਜਿਹੇ ਲੰਘਦੇ…
ਗਣਿਤ ਦੇ ਸਵਾਲ
ਹੱਲ ਕਰਦੇ
ਪੂਰਨ ਸੰਖਿਆਵਾਂ ਤੋਂ
ਅਪੂਰਨ ‘ਚ ਬਦਲ ਗਏ
ਸੰਖਿਆ…
ਜਿਹੜੀ ਕਦੇ
ਮੁਹੱਬਤ ਦੇ ਆਂਕੜੇ ਨਾਲ
ਪੂਰੀ ਪੂਰੀ ਤਕਸੀਮ ਹੁੰਦੀ ਸੀ
ਅੱਜ
ਦਸ਼ਮਲਵ ਭਿੰਨ ‘ਚ
ਤਬਦੀਲ ਹੋਈ
ਕਿਸੇ ਵੀ ਆਂਕੜੇ ਨਾਲ
ਤਕਸੀਮ ਨਹੀਂ ਹੁੰਦੀ।
ਕਾਵਿਤਾ…!
ਪਤਾ ਨਹੀਂ
ਆ ਚੁੱਕੀ ਹੈ!
ਕਾਵਿਤਤਾ…
ਪਤਾ ਨਹੀਂ
ਜਾ ਚੁੱਕੀ ਹੈ।
ਪਿਆਰ
ਪਿਆਰ
ਜ਼ਰੂਰਤ ਦਾ ਦੂਜਾ ਨਾਂ
ਕਦ ਤੱਕ
ਕਾਇਮ ਰਹੇ
ਕੀ ਪਤਾ?
ਮਾਂ
ਮਾਂ ! ਤੂੰ ਇਕ ਵਾਰ ਫੇਰ
ਜੰਮਣ ਪੀੜਾਂ ਸਹਿ ਲੈ
ਮੈਂ ਮੁੜ ਤੋਂ ਜੰਮਣਾ ਚਾਹੁੰਦੀ ਹਾਂ
ਮਾਂ ! ਤੂੰ ਇਕ ਵਾਰ ਫੇਰ
ਰਿਸ਼ਤਿਆਂ ਦਾ ਕੌੜਾ ਅੱਕ ਚੱਬ
ਅੰਕ ਫੰਬੜੀਆਂ ਫੜਣ ਦੀ ਕੋਸ਼ਿਸ਼ ਕਰ।
ਫ਼ਰੇਬ ਤਾਂ ਫੌੜੀਆਂ ਨੇ ਮਾਂ!
ਵਿਸ਼ਵਾਸ ਰੱਖ।
ਵਿਸ਼ਵਾਸ ਤਾਂ ਸ਼ਰਾਬ ਹੈ
ਫਰੇਬ ‘ਚੋਂ ਕਸ਼ੀਦ ਲਵਾਂਗੇ…
ਨਸ਼ੇ ‘ਚ ਆਪਾਂ ਬੜੀ ਦੇਰ ਰਵਾਂਗੇ।
ਇਕ ਵਾਰ ਤਾਂ ਮਾਂ
ਤੀਆਂ ਤੇ ਬੁਲਾ
ਮੁੜ ਤੋਂ ਤ੍ਰਿੰਞਣਾਂ ਦੇ ਜੋਗ ਜੁੜਨ
ਮੈਂ ਇਕ ਗੇੜਾ ਦੇ ਲਵਾਂ…
ਕੌੜਤੁੰਮੇ ਦਾ ਰਸ
ਤੇਰੇ ਸਿਰ ਤੋਂ ਵਾਰ ਕੇ ਪੀ ਲਵਾਂ…
ਇਕ ਰਿਸ਼ਤਾ ਜੋ ਸਮੇਂ ਦੀ ਹਿੱਕ ਤੇ
ਖੁਣਨੋਂ ਰਹਿ ਗਿਆ
ਤੇਰੇ ਦਰਬਾਰ ‘ਚ ਹਾਜ਼ਰ ਕਰਨਾ ਹੈ
ਤੂੰ ਇਕ ਵਾਰ ਫੇਰ ਤੋਂ
ਜੰਮਣ ਪੀੜਾਂ ਸਹਿ ਲੈ ਮਾਂ…।
ਤੂੰ ਸਾਵਿੱਤਰੀ
ਰੱਬ ਦੇ ਪੁਗਾਏ ਬੋਲਾਂ ਵਰਗੀਏ!
ਵਿਸ਼ਵਾਸ ਦੇ ਅੰਨੇਪਣ ਨਾਲ
ਤੂੰ ਰਿਸ਼ਤੇ ਸਿਰਜਦੀ
ਅੱਖਰਾਂ ਦੇ ਕੌਲ ਪੁਗਾ ਕੇ
ਜ਼ਿੱਦ ਦੀ ਕਨੇੜੀ ਚੜ
ਤੂੰ ਯਮਰਾਜ ਕੋਲੋਂ
ਸੱਤਿਆਵਾਨ ਮੋੜ ਲਿਆ ਸਕਦੀ…
ਸੱਤਿਆਵਾਨ ਦੀ ਲੋੜ ‘ਚ
ਪੂਰੀ ਗੜੁੱਚ
ਤੂੰ ਹਰ ਵਕਤ
ਯਮਰਾਜ ਦੇ ਪਿੱਛੇ
ਤੁਰਦੀ ਜਾਂਦੀ…।
ਪੁਨਰ ਜਨਮ
ਫਤਵੇ ਹਨ ਅਕਸਰ
ਹੋਠਾਂ ਤੋਂ ਲਾਹ ਕੇ
ਕਿਰਦਾਰਾਂ ਤੇ ਧਰੇ ਜਾਂਦੇ
ਕਾਲੀਦਾਸ ਹੱਸ ਰਿਹੈ…
ਕਹਾਣੀ ‘ਚ ਸਸਪੈਂਸ ਹੈ।
ਆਦਿ ਪੁਰਖ ਨਵੀਂ ਫ਼ਿਲਮ ਲਈ
ਅਦਾਕਾਰਾਂ ਦੀ
ਤਾਲਾਸ਼ ਵਿੱਚ ਹੈ…
ਸਕਰੀਨ ਟੈਸਟ ਲਈ
ਆ ਸਕਦੇ ਹੋ।
ਲੰਕਾ ਦਹਿਣ
ਸੀਤਾ ਬਣਨ ਦੀ ਹੋੜ ਵਿਚ
ਮੈਂ ਕਈ ਵਰੇ
ਦਿਸਹੱਦੇ ਨੇੜੇ ਖੜੀ ਰਹੀ
ਉਡੀਕਦੀ…
ਧਰਤੀ ਫਟੇਗੀ
ਕਤਲ ਹੋਏ ਵਿਸ਼ਵਾਸ ਦੀ ਲਾਸ਼
ਆਪਣੀ ਗੋਦ ‘ਚ ਸਮੋਵੇਗੀ…
ਹੇ ਧਰਤੀ ਮਾਂ
ਤੇਰਾ ਵੀ ਨਿੱਘ
ਕਾਠ ਮਾਰ ਗਿਆ?
ਖ਼ੈਰ!
ਸੀਤਾ ਬਣਨ ਦੀ
ਹੁਣ ਕੋਈ ਖ਼ਾਹਿਸ਼ ਨਹੀਂ
ਅੰਦਰ ਦੀ ਦੁਰਗਾ ਦਾ
ਜਾਗਰਣ ਵੇਖ ਰਹੀ ਹਾਂ
ਚੰਡੀ ਰੂਪ ਦਾ
ਕਾਵਿ ਵਰਣਨ ਸੁਣ ਰਹੀ ਹਾਂ
ਰਾਵਣ ਨਾਲ ਹੁਣ ਮੈਂ ਆਪ ਲੜਾਂਗੀ
ਰਾਮ ਨੂੰ ਕਹੋ
ਵਿਸ਼ਵਾਸ ਨੂੰ
ਅਵਿਸ਼ਵਾਸ ਦੇ ਪਿਆਲੇ ‘ਚ ਘੋਲ ਕੇ
ਹਨੂੰਮਾਨ ਦੀ ਪੂਛ ਨੂੰ
ਅੱਗ ਨਾ ਲੁਆਵੇ।
ਬਾਕੀ ਦਾ ਸੱਚ
ਤਰਕ ਗਵਾਚਗਿਆ
ਸਹਿਜ ਵੀ
ਮਹਿਕ ਵੀ
ਗਾਇਨ
ਵਾਦਨ ਤੇ
ਨਰਤਨ ਵੀ
ਵੇਖਣਾ ਬਾਕੀ ਬਚ ਗਿਆ।
ਨਿਰਵਾਣ
ਕਾਇਨਾਤ ਜਿਸ ਵੇਲੇ ਸੌਂ ਜਾਵੇ
ਤੂੰ ਜਾਗੀਂ ਚੁੱਪਚਾਪ
ਠੰਡ ‘ਚ ਠਰਦਾ
ਕੂਲਾ ਛੋਟਾ ਪੱਥਰ
ਤਲੀਆਂ ‘ਤੇ ਰੱਖੀਂ
ਬਰੀਕ ਚੀਰਵੀਂ ਕੰਬਣੀ
ਹੱਡਾਂ ‘ਚ ਭਰੀਂ
ਲਹੂ ਨੂੰ ਸਰਗੋਸ਼ੀਆਂ ਕਰਨ ਦੇਈਂ
ਜਿਲਦ ਠਰ ਕੇ ਤਿੜਕਣ ਦੇਈਂ
ਲਭੂੰ ਲਭੂੰ ਤੱਕਣੀਂ
ਖ਼ਾਮੋਸ਼ ਤਸਕੀਨ ਵਾਲੀ ਮੁਸਕਾਨ ਨਾਲ
ਸਰਾਬੋਰ ਕਰ ਦੇਈਂ
ਸਾਰੀ ਕਾਇਨਾਤ ਜਿਸ ਵੇਲੇ ਸੌਂ ਜਾਵੇ
ਸਭ ਨੂੰ ਜਗਾ ਦੇਵੀਂ
ਕਿ ਹੌਲੀ ਹੌਲੀ
ਬਹੁਤ ਹੌਲੀ
ਆਪਣੀਆਂ ਪਲਕਾਂ ਖੋਲੋ
ਖ਼ੂਬਸੂਰਤ ਸਰਦ ਰੌਸ਼ਨੀ
ਮੱਥੇ ‘ਚ ਜਜ਼ਬ ਕਰ ਲਵੋ
ਕਿ ਸਵੇਰ ਦੀ ਲਾਲੀ ਤਾਂ
ਭੋਲੇ ਭਾਅ
ਪੋਲੇ ਪੈਰੀਂ
ਆ ਰਹੀ ਏ…।
ਚੀਰ ਹਰਨ ਕਰੋ
ਛਾਂ ਵਿੱਚ ਸੇਕ ਬੜਾ ਹੈ
ਹਰੇਕ ਅੱਖਰ ਮੇਰੇ ਵਕਤ ਦਾ ਰੁਦਨ ਹੈ।
ਤੁਸੀਂ ਰੰਗ ਬਿਰੰਗੇ ਅੰਗਿਆਰਾਂ ਦਾ
ਆਨੰਦ ਮਾਨਣੇ ਹੋ
ਇਹ ਆਤਿਸ਼ਬਾਜ਼ੀ
ਮੇਰੇ ਜਿਸਮ ‘ਚੋਂ ਉੱਠੀ ਹੈ
ਮੇਰੀ ਮੌਲਿਕ ਅਗਨ।
ਮੈਂ ਦੀਵਾਲੀ ਨਹੀਂ ਮਨਾ ਰਹੀ।
ਦੁਰਯੋਧਨ!
ਮੈਂ ਦ੍ਰੋਪਦੀ
ਤੇਰੇ ਦਰਬਾਰ ‘ਚ ਖੜੀ ਹਾਂ।
ਪਿਤਾਮਾ!
ਫ਼ਲ ਲੱਦੇ ਬਿਰਖ ਵਾਂਗ
ਨੀਵੀਂ ਨਾ ਪਾਇਓ
ਨਦੀਨ ਕੱਢਣ ਦਾ ਵੇਲਾ ਬੀਤ ਗਿਆ।
ਅੱਜ ਮੈਂ ਕ੍ਰਿਸ਼ਨ ਨੂੰ ਨਹੀਂ ਪੁਕਾਰਾਂਗੀ
ਮੈਂ ਆਪਣਾ ਢਿੱਡ ਵਿਖਾਣਾ ਹੈ
ਮੈਂ ਤਿਆਰ ਹਾਂ
ਚੀਰ ਹਰਨ ਕਰੋ।
ਆਓ
ਬੀਤੇ ਦਿਨਾਂ ਦੀ
ਕੁੰਡਲੀ ਮਾਰੀਏ
ਤੇ ਫੁੰਕਾਰੀਏ
ਨਿੱਕਲ ਚੱਲੀਏ ਦੂਰ…
ਚੰਦਨ ਵਨਾਂ ਨੂੰ
ਖ਼ਰੂਦ ਪਾਉਣ
ਡਸ ਆਈਏ
ਦੋ ਚਾਰ
ਖ਼ੁਸ਼ਬੂ-ਚੋਰ…
ਵਜੂਦ
ਮੈਂ ਆਪਣਾ ਕੁਝ ਹਿੱਸਾ
ਸਮੁੰਦਰ ਨੂੰ ਦੇ ਆਈ ਹਾਂ
ਨਮਕੀਨ ਪਾਣੀਆਂ ‘ਚ
ਸਿੰਮਦੇ ਰਹਿਣ ਨੂੰ
ਕੁਝ ਹਵਾਵਾਂ ਨੂੰ ਵੰਡ ਆਈ ਹਾਂ
ਠੰਡੀਆਂ ਤੱਤੀਆਂ ਛੋਹਾਂ
ਹਿੱਕ ‘ਤੇ ਜਰ ਲੈਣ ਨੂੰ
ਕੁਝ ਰੇਤਥਲਾਂ ‘ਚ
ਬਿਖੇਰ ਆਈ ਹਾਂ
ਤੇ ਕੁਝ ਕੁ ਆਪਣਾ ਵਜੂਦ ਮੈਂ
ਹਿਮ-ਸਿਖਰਾਂ ਦੇ
ਹਵਾਲੇ ਕਰ ਆਈ ਹਾਂ
ਬਾਕੀ
ਮੈਂ ਜਿੰਨੀ ਵੀ ਬਚੀ ਹਾਂ
ਤੇਰੇ ਕੈਨਵਸ ‘ਤੇ
ਉਤਰਨ ਲਈ ਹਾਜ਼ਰ ਹਾਂ
ਆਪਣੇ ਬੁਰਸ਼ ਦੀ
ਪਹਿਲੀ ਛੋਹ ਨਾਲ
ਕੈਨਵਸ ਨੂੰ ਯਕੀਨ ਦਵਾ
ਕਿ ਮੁਕੰਮਲ ਚਿੱਤਰ
ਕੈਨਵਸ ‘ਚ ਨਹੀਂ ਉਤਰਦਾ
ਕੁਦਰਤ ਦੇ ਪਸਾਰ ‘ਚ
ਪਿੰਡ ਜਾਂਦੈ…
ਨਜ਼ਰੀਆ
ਅਕਸਰ ਹੀ ਗੁੰਮ ਜਾਂਦੀਆਂ ਰਹੀਆਂ ਨੇ
ਘਰ ‘ਚ ਕਿਤਾਬਾਂ, ਕਾਪੀਆਂ, ਕੰਘੇ, ਚਾਬੀਆਂ…
ਥੋੜੀ ਕੋਸ਼ਿਸ਼ ਤੋਂ ਬਾਅਦ
ਖਿਝ ਖਪਾਈ ਤੋਂ ਬਾਅਦ
ਲੱਭਦੀਆਂ ਰਹੀਆਂ ਨੇ
ਬੜੇ ਦਿਨਾਂ ਤੋਂ ਲੱਭ ਰਹੀ ਹਾਂ
ਘਰ ‘ਚ ਮੇਰਾ ਨਜ਼ਰੀਆ ਗਵਾਚ ਗਿਐ
ਖ਼ਦਸ਼ਾ ਹੋ ਰਿਹੈ
ਏਥੇ ਸੀ ਵੀ ਕਦੇ…
ਇਸ ਦੀ ਨਿਸ਼ਾਨਦੇਹੀ ਦੇ ਤਾਂ
ਸਬੂਤ ਵੀ ਨਹੀਂ ਮਿਲ ਰਹੇ
ਕਿਸੇ ਕਿਤਾਬ ਦੇ ਵਰਕੇ…
ਕੋਈ ਫੁੱਲਾਂ ਦਾ ਹਾਰ…
ਸੋਫ਼ੇ ਦੀਆਂ ਸੀਟਾਂ ਹੇਠੋਂ ਵੀ
ਬੈੱਡ ਦੇ ਗੱਦਿਆਂ ਹੇਠੋਂ ਵੀ
ਲੱਭ ਰਹੀਆਂ ਨੇ ਅਣਲਿਖੀਆਂ ਚਿੱਠੀਆਂ
ਚੁੰਨੀ ਦੇ ਪੂਰੇ ਹੋਏ ਚਾਰੇ ਲੜ
ਖੋਲ ਕੇ ਵੇਖ ਲਏ ਨੇ
ਸੁੱਖਾਂ ਦੁੱਖਾਂ ਦੇ ਖ਼ਿਆਲ ਕਿੱਲੀਆਂ ‘ਤੇ
ਟੰਗਿਆ ਹੀ ਲਿਫ਼ਦੇ ਜਾ ਰਹੇ ਨੇ…
ਪੂਜਾ ਘਰ ‘ਚੋਂ ਲੱਭਦਿਆਂ
ਕੁਝ ਪਾਪ ਪੁੰਨ ਹੱਥ ਲੱਗੇ ਨੇ
ਮੇਰੇ ਰੱਬ ਦੀਆਂ ਅੱਖਾਂ ‘ਚ ਡਰ ਹੈ
ਘਰ ਵਿਚ ਪਸਰਿਆ ਹੋਇਆ
ਇਹ ਵੀ ਇਕ ਨਿੱਕਾ ਜਿਹਾ ਯੱਭ ਹੈ
ਮੈਂ ਰੱਬ ਨੂੰ ਪੁੱਛ ਲਿਆ ਹੈ –
ਜੇ ਤੂੰ ਫੈਲ ਜਾਣ ਦੀ ਅਦਾ ਹੈਂ ਤਾਂ ਦੱਸ ਸ
ਮੇਰੇ ਗਵਾਚੇ ਦਾ ਪਤਾ ਦੇ
ਰੱਬ ਕਹਿ ਰਿਹੈ
ਰਤਾ ਖੜੋ
ਮੈਂ ਸਿਮਟ ਕੇ ਦੁੱਖ ਹੋਇਆ ਪਿਆਂ
ਜ਼ਰਾ ਪੂਜਾ ਘਰ ‘ਚੋਂ ਬਾਹਰ ਰੀਂਗ ਲਵਾਂ…
ਮੈਂ ਖਲੋ ਕੇ
ਚੁੰਨੀ ਵਾਲੇ ਸਿਤਾਰੇ
ਹੱਥਾਂ ‘ਤੇ ਟੰਗ ਲਏ ਨੇ
ਸਿਤਾਰਿਆਂ ਵਾਲੇ ਹੱਥਾਂ ਨਾਲ
ਕਲਮ ਫੜ ਲਈ ਹੈ
ਲਿਖ ਰਹੀ ਹਾਂ ਨਵੇਂ ਲੇਖ
ਕਰਮਾਂ ਦੇ ਮੇਚ ਦੇ ਕਿੱਸੇ
ਕਿੱਸਿਆਂ ‘ਚੋਂ ਲੰਘਦੀਆਂ ਨਜ਼ਮਾਂ
ਨਜ਼ਮਾਂ ਪੱਥਰ ਚੱਟ ਨੇ ਕਿ ਧੁੱਪ ਖਿੜੀਆਂ
ਉਗਮਣ ਲਈ ਇਨਾਂ ਨੂੰ
ਬੀਜ ਨਹੀਂ ਹੋਣਾ ਪੈ ਰਿਹਾ
ਧਰਤ ਛੋਹ ਮਿਲੀ ਕਿ ਉੱਗੀਆਂ
ਮੈਂ ਨਜ਼ਮ ਨੂੰ ਕਹਿ ਰਹੀ ਹਾਂ –
ਬਹੁਤਾ ਨਹੀਂ ਬੋਲੀਦਾ
ਇਹ ਫੇਰ ਵੀ ਬਾਤਾਂ ਪਾ ਰਹੀ ਹੈ
ਸਵਾਲ ਦਰ ਸਵਾਲ ਨਹਾ ਰਹੀ ਹੈ
ਕਹਾਣੀਆਂ ਦੇ ਸਿਆੜ ਵਾਹੀ ਜਾ ਰਹੀ ਹੈ
ਰੱਬ ਕਿਧਰੇ ਹੋਰ ਫੈਲ ਗਿਐ
ਨਜ਼ਮ ਕਿਧਰੇ ਹੋਰ ਰੁੱਝ ਗਈ ਐ
ਤੇ ਘਰ ‘ਚ ਮੇਰਾ ਨਜ਼ਰੀਆ
ਹਾਲੀ ਵੀ ਗੁੰਮਿਆ ਪਿਐ…
ਸਾਧਨਾ
ਪਹਿਲਾ ਕਦਮ ਹਥੇਲੀਆਂ ‘ਤੇ
ਫਿਰ ਦੂਜਾ…ਤੀਜਾ…
ਤੁਰ ਰਹੀ ਹਾਂ ਅੰਗ ਅੰਗ
ਵੇਖਾਂ
ਰਿਸ ਰਹੀਆਂ ਨੇ
ਵੇਦਨਾਵਾਂ ਕਿੱਥੇ…ਕਿੱਥੇ…?
ਜੰਮੀਆਂ ਪਈਆਂ ਨੇ
ਚੱਟਾਨਾਂ
ਰਗਾਂ ‘ਚ
ਤੇ ਮੇਰੀ ਬੁੱਕਲ ‘ਚ ਹੈ
ਅੱਗ ਬੜੀ
ਅਣੂ ਅਣੂ ਕਾਇਆ ‘ਚ
ਸਿਮਟਿਆ
ਤੂੰ ਖੜਾ ਕਿੱਥੇ…
ਮੇਰੇ ਹੱਥਾਂ ‘ਚ
ਤੇਰੇ ਹੱਥ…ਕਿੱਥੇ…
ਕਿੱਥੇ ਕੁ ਖੜਾ ਹੋਇਐਂ
ਸਾਹਾਂ ‘ਚ
ਨਕਸ਼ਾਂ ‘ਚ…
ਮੇਰੀ ਚੇਤਨਾ ਅਚੰਭੇ ‘ਚ ਜੜ
ਮੈਂ ਲੱਭ ਰਹੀ ਹਾਂ ਤੈਨੂੰ
ਜਾਂ ਮੈਂ ਲੱਭ ਰਹੀ
ਆਪਣਾ ਆਪ
ਕੀ ਤੂੰ ਕੋਈ ਹੋਰ ਹੈਂ?
ਮਾਂ ਤੇ ਪੀਜ਼ਾ
ਮਾਂ ਨਹੀਂ ਖਾ ਸਕਦੀ
ਪੀਜ਼ਾ ਹੱਟ ‘ਚ ਬੈਠ ਕੇ
ਪੀਜ਼ਾ
ਇਕੱਲਿਆਂ…
ਮਾਂ ਕੋਲ ਨਹੀਂ
ਇਕੱਲ
ਤੇ ਇਕੱਲਤਾ ਦੀ ਚਾਹ
ਮਾਂ ਹਰ ਥਾਈਂ
ਪਰਿਵਾਰ ਸਮੇਤ ਜਾਂਦੀ
ਸ੍ਰਿਸ਼ਟੀ
ਬਹੁਤ ਮਿੱਟੀ ਪਿਆਸੀ ਹੈ
ਤਪੀ ਤੇ ਤਪ ਰਹੀ ਮਿੱਟੀ
ਇਹ ਸਭ ਕੁਝ ਬੂੰਦ ਜਾਣੇਗੀ
ਜਦੋਂ ਮਿੱਟੀ ਨੂੰ ਛੋਹੇਗੀ
ਕਿਤੇ ਇਕ ਬੀਜ ਉਗਮੇਗਾ
ਹਵਾ ਵਿਚ ਖ਼ੂਬ ਰਮਕੇਗਾ
ਅਗਨ ਮਿੱਟੀ ਤੇ ਪਾਣੀ ਦੇ
ਮਿਲਣ ਦੀ ਗੱਲ ਆਖਣ ਲਈ
ਕਹਾਣੀ ਫਿਰ ਕੋਈ
ਆਕਾਸ਼ ਦੇ ਸੀਨੇ ‘ਤੇ ਖਿਲਰੇਗੀ
ਸ੍ਰਿਸ਼ਟੀ ਫਿਰ ਰਚੇਗੀ
ਅੱਗ ਕੋਈ ਦੇਰ ਤਕ ਬਲਦੀ ਰਹੇਗੀ
ਅਤਿਆਤਮ ਤੇ ਨਜ਼ਮ
ਜਿੱਦਾਂ ਚੁਣਦਿਆਂ
ਦਾਲ ‘ਚੋਂ ਰੋੜ ਲੱਭਦੇ ਨੇ
ਲੱਭਣੀ ਹੋਵੇ ਤਾਂ ਲੱਭ ਸਕਾਂ
ਅਧਿਆਤਮ ‘ਚੋਂ ਨਜ਼ਮ ਏਦਾਂ
ਇੱਛਾ ਅਧਆਤਮ ਦੀ ਹੋਵੇ
ਕਿ ਅਨਾਤਮ ਦੀ
ਸਵਾਦ ਬਦਲਣ ਦੀ ਹੀ ਗੱਲ ਹੈ
ਬਹੁਤੀ ਵਾਰ
ਨਜ਼ਮ ਜਿੱਥੋਂ ਵੀ ਆਵੇ
ਇਕੋ ਰੂਪ ਦਿਸੇਗੀ
ਪਛਾਣ ਵੇਖਣਾ…
ਤੁਸੀਂ ਪੁੱਛਦੇ ਹੋ
ਅਧਿਆਤਮ ‘ਚੋਂ ਕਿੰਝ ਲੱਭਦੀ ਹਾਂ ਨਜ਼ਮ
ਮੈਂ ਸੋਚਦੀ ਹਾਂ
ਅਧਿਆਤਮ ਹੈ ਕਿੱਥੇ ਮੇਰੇ ਕੋਲ…
ਇਕ ਤ੍ਰਿਸ਼ਨਾ ਹੈ
ਬਹੁਤ ਥਾਈਂ ਜਾ ਥੱਕੀ
ਹੁਣ ਅਧਿਆਤਮ ਦੀ ਹੈ…
ਦੂਰ ਤਕ ਤੁਰਦਿਆਂ ਸਮੁੰਦਰ ਤਟ ‘ਤੇ
ਕੋਈ ਤੁਰਨ ਲੱਗਦੈ
ਕਦਮ ਤਾਲ ਨਾਲ ਨਾਲ…
ਮਲਕੜੇ ਫੜ ਲੈਂਦੀ ਹਾਂ
ਉਸ ਦਾ ਹੱਥ
ਤੇ ਦੂਰ ਤਕ ਆਨੰਦ ਵਿਸਮਾਦ ‘ਚ
ਚੱਲਦੇ ਹਾਂ
ਮੈਂ ਤੇ ਕਵਿਤਾ
ਨਾਲੋ ਨਾਲ…
ਮੈਂ ਕਵਿਤਾ ਲੱਭਣ ਨਹੀਂ ਜਾਂਦੀ
ਨਾ ਕਵਿਤਾ ਕੋਲ ਰਹਿਣਾ ਚਾਹੁੰਦੀ
ਮੈਂ ਕਵਿਤਾ ਦੇ
ਤੁਰ ਜਾਣ ਦੀ
ਇੰਤਜ਼ਾਰ ‘ਚ ਹਾਂ
ਜੋ ਖੜੀ ਹੈ
ਮੇਰੇ ਤੇ ਮਹਾਂ-ਆਨੰਦ ਵਿਚਕਾਰ
ਮੈਂ ਕਵਿਤਾ
ਅਧਿਆਤਮ ‘ਚੋਂ ਨਹੀਂ ਲੱਭਦੀ
ਮੈਂ ਕਵਿਤਾ ‘ਚੋਂ ਲੱਭ ਰਹੀ ਹਾਂ
ਅਧਿਆਤਮ
ਅਨਾਤਮ
ਆਤਮ
ਮਮ
ਕਵਿਤਾ ਤਾਂ ਮੇਰੇ ਕੋਲ ਹੀ ਹੈ…
ਕਿਸੇ ਦਿਨ
ਬਹੁਤੇ ਤਾਂ
ਮੇਰੀਆਂ ਆਂਦਰਾਂ ‘ਚ ਬੀਜੇ
ਮੇਰੀ ਮਾਂ ਦੇ
ਸੰਸੇ ਤੇ ਡਰ ਨੇ
ਤੁਹਾਨੂੰ ਲਗਦੈ
ਮੇਰੇ ਮੌਲਿਕ ਖ਼ਿਆਲ ਨੇ
ਕਿੰਨੇ ਹੀ
ਪਿਤਾ ਦੇ ਬੋਲੇ
ਵਰਿਆਂ ਪਹਿਲਾਂ
ਸੁਣੇ ਵਾਕ ਨੇ
ਤੁਹਾਨੂੰ ਲੱਗਦੈ
ਕਵਿਤਾ ‘ਚ
ਨਵੇਕਲੇ ਵਿਚਾਰ ਨੇ
ਮੇਰੀ ਕਬੀਲਾ ਜਾਤੀ ‘ਚ
ਕੁੜੀ
ਪਾਲਨੇ ‘ਚ ‘ਕੱਲੀ ਸੌਂਦੀ
‘ਕੱਲੀ ਜਾਗਦੀ ਏ
ਕਵਿਤਾ ਨੂੰ ਇਜ਼ਾਜ਼ਤ ਨਹੀਂ
ਕੁੜੀ ਦੇ
ਛੁਣਛੁਣਿਆਂ ਨੂੰ ਛੋਹਵੇ
ਅਦਬ ਦਰਕਾਰ ਨਹੀਂ
ਕੁੜੀ ਦੇ ਖਿਡੌਣਿਆਂ ਨੂੰ
ਫੇਰ ਉਹ ਅਦਬ ਦਾ
ਸ਼ਊਰ ਕਿੰਝ ਜਾਣ ਸਕਦੀ
ਅਜੇ ਮੈਂ ਅੱਗ ਦੀ
ਪਰਿਕਰਮਾ ‘ਚ ਵਿਅਸਤ ਹਾਂ
ਕਿਸੇ ਘੜੀ ਅਗਨ ਦੇਵ
ਮੇਰੀ ਅਗਨ ‘ਚ ਰਮੇਗਾ
ਮੈਂ ਮੌਲਿਕਤਾ ‘ਚ
ਪ੍ਰਚੰਡ ਬਲਾਂਗੀ
ਤੇ ਅਜਿਹੇ ਕਿਸੇ ਦਿਨ
ਮੈਂ ਕਵਿਤਾ ਕਹਾਂਗੀ…
ਸ਼ਿਵ
ਕਦੇ ਨਹੀਂ ਆਉਂਦੀ
ਮੇਰੇ ਕੋਲ ਕਵਿਤਾ
ਮੋਰਾਂ ਵਾਂਗ ਪੈਲਾਂ ਪਾਉਂਦੀ
ਮੈਨੂੰ ਤਾਂ ਡੰਗਦੀ ਇਹ
ਫ਼ਨ ਖਿਲਾਰੇ ਨਾਗ ਵਾਂਗ…
ਜ਼ਹਿਰ ਚੜਦਾ ਹੈ…
ਮੈਂ ਨੀਲੱਤਣ ‘ਚ ਸਰਾਬੋਰ
ਪਤਾ ਨਹੀਂ ਪਰ
ਇੰਝ ਕਿਉਂ ਸਮਝ ਰਹੀ ਹਾਂ
ਕਿ ਮੈਂ ਸ਼ਿਵ ਹਾਂ
ਤੇ ਕੋਈ ਨਦੀ
ਸੁੱਤੀ ਪਈ ਹੈ
ਮੇਰੀਆਂ ਜਟਾਵਾਂ ‘ਚ
ਉਡੀਕ ਰਹੀ
ਭਾਗੀਰਥ
ਵਹਿਣ ਲਈ ਉਤਾਵਲੀ ਹੈ
ਪਤਾ ਨਹੀਂ
ਮੈਨੂੰ ਇੰਝ ਕਿਉਂ ਲੱਗ ਰਿਹੈ
ਕਿ ਜ਼ਹਿਰ ਮੈਂ
ਗਲੇ ‘ਚ ਰੋਕ ਸਕੀ ਹਾਂ
ਫੈਲਣ ਨਹੀਂ ਦਿੱਤਾ
ਆਪਣੀ ਸਮੁੱਚਤਾ ‘ਚ
ਤੇ ਮੈਂ
ਤੁਹਾਨੂੰ ਵੀ
ਬਚਾ ਸਕਦੀ ਹਾਂ
ਪਤਾ ਨਹੀਂ
ਕਿਉਂ ਲੱਗ ਰਿਹੈ
ਕਿ ਮੈਂ ਹਰੇਕ ਲੜਾਈ
ਜਿੱਤਦੀ ਜਾ ਰਹੀ ਹਾਂ
ਕਿ ਕੁੱਲ ਲੋਕਾਈ
ਮੇਰੇ ਨਾਲ ਹੈ
ਮੈਂ ਜ਼ਾਲਿਮਾਂ ਦੇ
ਮੁਕਾਬਿਲ ਖੜੀ ਹਾਂ
ਤੇ ਮਜ਼ਲੂਮਾਂ ਦੇ ਹਜ਼ੂਮ ਦੀ
ਪਹਿਰੇਦਾਰੀ ਕਰ ਰਹੀ ਹਾਂ
ਕਿ ਮੈਂ ਵੱਢੀ ਟੁੱਕੀ ਵੀ
ਤੁਰਦੀ ਜਾ ਰਹੀ ਹਾਂ
ਕਿ ਮੈਂ ਅੱਖੋਂ ਅੰਨੀ ਵੀ
ਵੇਖ ਰਹੀ ਹਾਂ
ਕਿ ਮੈਂ
ਹਾਰੀ ਹੋਈ ਵੀ
ਜਿੱਤੀ ਪਈ ਹਾਂ
ਕਿ ਮੈਂ ਬੁਝਣ ਤੋਂ ਬਾਅਦ ਵੀ
ਭੜਕੀ ਹੋਈ ਹਾਂ
ਮੈਂ ਭੂਤਾਂ ਨੂੰ
ਮਸਾਣਾਂ ‘ਚੋਂ
ਜਗਾ ਜਗਾ ਕੇ
ਲਿਆ ਰਹੀ ਹਾਂ
ਕਿ ਮਰ ਚੁੱਕਿਆਂ ਦਾ ਅਧੂਰਾ ਛੱਡਿਆ
ਕੰਮ ਬੜਾ ਪਿਐ
ਪਤਾ ਨਹੀਂ
ਮੈਨੂੰ ਇੰਞ ਕਿਉਂ ਲੱਗ ਰਿਹੈ
ਕਿ ਮੈਂ ਸ਼ਿਵ ਹਾਂ
ਤੇ ਮੇਰੇ ਕਰਨ ਲਈ
ਅਜੇ ਕੰਮ ਹੀ ਬੜਾ ਪਿਐ
ਸਿਫ਼ਰ
ਕੇਵਲ
ਸਮਰੱਥਾ ਹਾਂ
ਹਰੇਕ ਹਿੰਦਸੇ ਨਾਲ
ਤੁਰ ਪੈਣ ਦੀ
ਅਣਗਿਣਤ ਵਾਰ
ਸਿਫ਼ਰੋ ਸਿਫ਼ਰ
ਕਿ ਵਧਦਾ ਹੀ ਜਾਵੇ
ਹਿੰਦਸਿਆਂ ਦਾ ਵਕਾਰ
ਉਂਝ ਮੈਂ
ਕੁਝ ਵੀ ਨਹੀਂ
ਖ਼ਾਲੀ
ਸਿਫ਼ਰ