shabadspace.com

ਸ਼ਬਦ ਸਪੇਸ

ਭਾਸ਼ਾ  ਸਾਹਿਤ  ਕਲਾ  ਕਲਚਰ

ਕਵਿਤਾ ਦਾ ਸ਼ਗਨ ‘ਰੱਬ ਦਾ ਸੁਰਮਾ’

ਕੰਵਰਜੀਤ ਸਿੰਘ ਸਿੱਧੂ

ਸ਼ਮੀਲ ਨੇ ਰੱਬ ਦਾ ਸੁਰਮਾ ਤੋਂ ਪਹਿਲਾਂ ਇੱਕ ਛਿਣ ਦੀ ਵਾਰਤਾ (1989), ਓ ਮੀਆਂ (2009), ਧੂਫ਼ (2019) ਨਾਲ ਪੰਜਾਬੀ ਕਵਿਤਾ ਵਿੱਚ ਆਪਣੀ ਨਿਵੇਕਲੀ ਥਾਂ ਬਣਾਈ ਹੈ। 2022 ਵਿੱਚ ਛਪੀ ਰੱਬ ਦਾ ਸੁਰਮਾ ਵਿੱਚ ਕੁਝ ਨਵੀਂਆਂ ਅਣਛਪੀਆਂ ਕਵਿਤਾਵਾਂ ਹਨ ਅਤੇ ਕੁਝ ਪਹਿਲੀਆਂ ਕਿਤਾਬਾਂ ਓ ਮੀਆਂ ਅਤੇ ਧੂਫ਼ ਵਿੱਚੋਂ ਲਈਆਂ ਗਈਆਂ ਹਨ। ਪੂਰੀ ਕਿਤਾਬ ਨੂੰ ਭਾਗਾਂ ਕੁਝ ਅੱਖਰ ਕੁਝ ਰੌਸ਼ਨੀ, ਚਿਹਰੇ ਦੇਖੇ ਦੇਖੇ, ਪਿਘਲੇ ਸ਼ਬਦ, ਕਹਾਣੀ ਇਹ ਨਾ ਪੁੱਛ, ਥੋੜ੍ਹੀ ਥੋੜ੍ਹੀ ਨਮੀ ਅਤੇ ਤਾਰਿਆਂ ਦਾ ਹਾਰ ਵਿੱਚ ਵੰਡਿਆ ਗਿਆ ਹੈ ਅਤੇ ਹਰ ਭਾਗ ਅੰਦਰ ਇੱਕ ਖਾਸ ਥੀਮ ਨਾਲ ਸਬੰਧਤ ਕਵਿਤਾਵਾਂ ਹਨ।

ਕਿਤਾਬ ਦੀ ਆਦਿਕਾ ਵਿੱਚ ਨਵਤੇਜ ਭਾਰਤੀ ਨੇ ਇਸ ਕਿਤਾਬ ਦੇ ਆਉਣਾ ਸਾਡੀ ਕਵਿਤਾ ਦਾ ਦਰ ਖੁੱਲ੍ਹਾ ਹੋਣਾ ਦੱਸਿਆ ਹੈ। ਸ਼ਮੀਲ ਨੇ ਆਪਣੀਆਂ ਪਹਿਲੀਆਂ ਕਿਤਾਬਾਂ ਵਿੱਚ ਵੀ ਅਤੇ ਹੋਰ ਮੌਕਿਆਂ ਉੱਤੇ ਵੀ ਕਵਿਤਾ ਦੇ ਭੂਤ ਭਵਿੱਖ ਵਰਤਮਾਨ ਸਮੇਤ ਹੋਰ ਅਨੇਕਾਂ ਅੰਤਰ ਦਿਸ਼ਾਵਾਂ ਬਾਬਤ ਆਪਣੇ ਵਿਚਾਰ ਰੱਖੇ ਹਨ। ਇਸ ਕਿਤਾਬ ਦੀ ਭੂਮਿਕਾ ‘ਜੋ ਦੁਖਦਾ ਉਹੀ ਹਰਾ’ ਵਿੱਚ ਵੀ ਉਹ ਕਵਿਤਾ ਦੇ ਇਹਨਾਂ ਸਦੀਵੀ ਮਸਲਿਆਂ ਨੂੰ ਮੁਖ਼ਾਤਿਬ ਹੁੰਦਾ ਹੈ। ਉਹ ਅਜੋਕੇ ਭੱਜੋ ਦੌੜੀ ਦੇ ਮਸ਼ੀਨੀ ਮਾਹੌਲ ਅੰਦਰ ਕਵਿਤਾ ਦੀ ਥਾਂ ਦੀ ਗੱਲ ਕਰਦਾ ਹੈ। ਮੁਹੱਬਤ ਦੀ ਗੱਲ ਕਰਦਿਆਂ ਉਹ ਨਵਤੇਜ ਭਾਰਤੀ, ਸ਼ਿਵ ਕੁਮਾਰ, ਪਾਤਰ, ਸਵੀ, ਗੁਰਪ੍ਰੀਤ, ਵਿਜੇ ਵਿਵੇਕ, ਪਾਸ਼ ਆਦਿ ਕਵੀਆਂ ਦੇ ਹਵਾਲੇ ਨਾਲ ਇਸ ਦੇ ਬਹੁਤ ਪਾਸਾਰਾਂ ਨੂੰ ਪਾਠਕਾਂ ਦੇ ਦ੍ਰਿਸ਼ਟੀਗੋਚਰ ਕਰਦਾ ਹੈ।

ਇਸ ਕਿਤਾਬ ਨੂੰ ਪੜ੍ਹਦਿਆਂ ਅਸੀਂ ਇਸਦੇ ਕੁਝ ਵਿਸ਼ਿਆਂ ਬਾਰੇ ਸੰਖੇਪ ਚਰਚਾ ਕਰਾਂਗੇ ਕਿਉਂਕਿ ਇਸ ਕਿਤਾਬ ਦਾ ਕੈਨਵਸ ਏਨਾ ਵਿਸ਼ਾਲ ਹੈ ਕਿ ਉਸਨੂੰ ਇੱਕ ਲੇਖ ਵਿੱਚ ਸਮੇਟਿਆ ਨਹੀਂ ਜਾ ਸਕਦਾ।

ਕਿਤਾਬ ਦੇ ਸਿਰਲੇਖ ਵਾਲੀ ਕਵਿਤਾ ਵਿੱਚ ਉਹ ਕੁਦਰਤ ਦੇ ਹੁਸਨ ਨੂੰ ਅਤੇ ਇਸ ਹੁਸਨ ਦੇ ਪ੍ਰਤੱਖ ਦਰਸ਼ਕ ਮਨੁੱਖ ਦੀ ਨੇੜਤਾ ਨੂੰ ਇੰਜ ਪੇਸ਼ ਕਰਦਾ ਹੈ:

‘ਰੱਬ ਨੇ ਸਾਡੇ ਸੁਰਮਾ ਪਾਇਆ

ਤਾਂ ਕਿ ਦੇਖੀਏ ਕਜਲਾਈਆਂ ਅੱਖਾਂ ਨਾਲ’

ਪੈਸੇ ਦੀ ਹਾਬੜ, ਮਾਰੋ ਮਾਰੀ, ਮਸ਼ੀਨੀਕਰਨ, ਉਪਭੋਗੀ ਰੁਚੀਆਂ ਵਿੱਚ ਗਲਤਾਨ ਸੰਸਾਰ ਅੰਦਰ ਮਨੁੱਖ ਦੇ ਜਿਉਂਦੇ ਹੋਣ ਦੀ ਨਿਸ਼ਾਨਦੇਹੀ ਕਰਦਿਆਂ ਉਸ ਲਿਖਿਆ ਹੈ:

‘ਇਥੇ ਦੁਖਦਾ ਕੁਛ

ਥਾਂ ਇਹ ਜਿੰਦਾ ਹੋਣੀ

ਸੁੰਨ ਨਹੀਂ ਹੋਈ ਅਜੇ

ਮਰੀ ਨਹੀਂ ਲਗਦੀ’

ਅਜੋਕੇ ਦੌਰ ਅੰਦਰ ਮਨੁੱਖ ਦੀ ਮਨੁੱਖ ਤੋਂ ਦੂਰੀ ਵੱਡਾ ਮਸਲਾ ਹੈ। ਅੱਜਕਲ੍ਹ ਦਾ ਮਨੁੱਖ ਆਪਣੇ ਆਪੇ ਤੋਂ ਵੀ ਦੂਰ ਹੈ। ਬੇਸ਼ੱਕ ਅਜੋਕਾ ਯੁੱਗ ਏਨਾ ਕੁ ਸਾਧਨ ਸੰਪੰਨ ਹੈ ਕਿ ਧਰਤ ਆਕਾਸ਼ ਵੀ ਇਕਮਿਕ ਹੋਏ ਨਜ਼ਰ ਆਉਂਦੇ ਹਨ ਪਰ ਰੂਹ ਦੀਆਂ ਵਿੱਥਾਂ ਵਧ ਗਈਆਂ ਹਨ। ਅਜਿਹੇ ਅਹਿਸਾਸਾਂ ਨੂੰ ਉਹ ‘ਖੁਦ ਦੀ ਤਲਾਸ਼’ ਵਿੱਚ ਪੇਸ਼ ਕਰਦਾ ਹੈ:

ਮੇਰੀ ਤਲਾਸ਼ ਵੀ ਉਹੀ

ਜੋ ਤੇਰੀ ਤਲਾਸ਼

ਕੁਝ ਪਲ ਦੀ ਵਿੱਥ ਤੋਂ

ਖੁੰਝ ਜਾਂਦੇ ਹਾਂ ਇਕ ਦੂਜੇ ਤੋਂ’

ਬੇਸ਼ੱਕ ਸਾਰੀ ਕਵਿਤਾ ਦਾ ਰੰਗ ਸਰੋਦੀ ਹੈ ਪਰ ਕਿਤਾਬ ਦੇ ਪੰਜਵੇਂ ਭਾਗ ‘ਥੋੜ੍ਹੀ ਥੋੜ੍ਹੀ ਨਮੀ’ ਵਿੱਚ ਬੇਹੱਦ ਖ਼ੂਬਸੂਰਤ ਗੀਤ ਹਨ।

‘ਵਰ ਦੇ ਦੇ ਮੇਰੇ ਵਿਯੋਗ ਨੂੰ

ਮੈਂ ਕੀ ਕਰਾਂਗਾ ਜੋਗ ਨੂੰ

ਐਵੇਂ ਮਨ ਨੂੰ ਕਿਤੇ ਅਰਾਮ ਨਹੀਂ

ਇਸ ਦਰਦ ਦਾ ਕੋਈ ਨਾਮ ਨਹੀਂ’

‘ਐਵੇਂ ਜੱਗ ਦੀ ਹਸਾਈ ਹੈ

ਐਵੇਂ ਸਾਨੂੰ ਹੌਲ ਪਿਆ

ਐਵੇਂ ਅੱਖ ਭਰ ਆਈ ਹੈ’

‘ਰਾਹਾਂ ਦੀ ਇਸ ਭਾਲ-ਭਾਲ ਵਿੱਚ, ਅੱਧੀ ਲੰਘੀ ਰਾਤ

ਏਸ ਜਨਮ ਵਿੱਚ ਮੁਕ ਨੀਂ ਸਕਣੀ, ਤੇਰੀ ਮੇਰੀ ਬਾਤ

ਕਈ ਜਨਮ ਤੱਕ ਮਿਲਦੇ ਰਹਿਣਾ, ਬਦਲ ਬਦਲ ਕੇ ਭੇਸ

ਝੀਲਾਂ ਵਾਲਾ ਦੇਸ’

‘ਜਦ ਕੋਈ ਆਸ ਨਾ ਹੋਵੇ

ਵਜ੍ਹਾ ਵੀ ਖਾਸ ਨਾ ਹੋਵੇ

ਘਰਾਂ ਵਿਚ ਜੀਅ ਨਹੀਂ ਲਗਦਾ’

ਸ਼ਮੀਲ ਕੋਲ ਆਪਣਾ ਕਾਵਿ ਮੁਹਾਵਰਾ, ਸ਼ਬਦ ਸ਼ੈਲੀ ਅਤੇ ਸੁਹਜ ਹੈ। ਪਹਿਲੀ ਤੋਂ ਚੌਥੀ ਕਿਤਾਬ ਤੱਕ ਸਾਰੀ ਕਵਿਤਾ ਇੱਕ ਲੜੀ ਅੰਦਰ ਪਰੋਈ ਹੋਈ ਆਪਣਾ ਵੱਖਰਾ ਮੁਕਾਮ ਹਾਸਲ ਕਰਦੀ ਹੈ। ਸ਼ਮੀਲ ਦੀਆਂ ਪਹਿਲੀਆਂ 3 ਕਿਤਾਬਾਂ 30 ਸਾਲ ਦੇ ਅੰਤਰਾਲ ਨਾਲ ਛਪੀਆਂ ਸਨ ਪਰ‘ਧੂਫ਼’ ਤੋਂ ਬਾਅਦ ‘ਰੱਬ ਦਾ ਸੁਰਮਾ’ ਤੀਜੇ ਸਾਲ ਹੀ ਆ ਜਾਣਾ ਸ਼ੁਭ ਸ਼ਗਨ ਹੈ। ਇਸ ਕਿਤਾਬ ਦੇ ਪੰਨਿਆਂ ਅੰਦਰ ਤੁਸੀਂ ਕਵਿਤਾ ਦੇ ਅਨੰਤ ਰੰਗਾਂ ਦੇ ਰੂਬਰੂ ਹੋ ਸਕਦੇ ਹੋ। ਪਹਿਲੀ ਹੀ ਕਵਿਤਾ ਵਿੱਚ ਕਵੀ ਖ਼ੁਦ ਵੀ ਕੁਝ ਇਸ ਤਰ੍ਹਾਂ ਹੀ ਪਾਠਕ ਨੂੰ ਸੰਬੋਧਿਤ ਹੋ ਰਿਹਾ ਹੈ:

‘ਕਿਤੋਂ ਵੀ ਪੜ੍ਹ ਲੈ

ਇਸ ਕਿਤਾਬ ਦਾ ਨਾ ਅੰਤ ਕੋਈ ਨਾ ਸ਼ੁਰੂਆਤ

ਕਿਤੇ ਵੀ ਮਿਲ ਲੈ ਮੈਨੂੰ ਨੰਗੇ ਪੈਰੀਂ

ਨਦੀ ਜਾਣ ਕੇ

ਹਰ ਵਰਕਾ

ਹਰ ਸਤਰ ਤੇਰੀ ਉਡੀਕ ਵਿੱਚ

ਇਹ ਜਾਣੀਂ-

ਤੇਰੇ ਲਈ ਹੀ ਲਿਖੀ ਗਈ ਇਹ ਕਿਤਾਬ

ਹਰ ਦਰਦ

ਹਰ ਹੁੱਲਾਸ

ਹਰ ਮਾਯੂਸੀ

ਹਰ ਆਸ

ਕਿਸੇ ਨੂੰ ਵੀ ਹੱਥ ਲਾਏਂ

ਤੇਰੇ ਨਾਲ ਹੋ ਤੁਰੇਂਗਾ

ਕਿਤੋਂ ਵੀ ਖੋਲ੍ਹ ਲੈ

ਤੇਰੀ ਹੀ ਪਰਿਕਰਮਾ ਹੋਵੇਗੀ।’

Leave a comment