shabadspace.com

ਸ਼ਬਦ ਸਪੇਸ

ਭਾਸ਼ਾ  ਸਾਹਿਤ  ਕਲਾ  ਕਲਚਰ

ਗ਼ਾਲਿਬ ਅਤੇ ਮੰਟੋ ਵਿਚਾਲੇ ਸੰਵਾਦ ‘ਦੋਜ਼ਖਨਾਮਾ’

ਹਰਿੰਦਰ ਕੌਰ ਸਿੱਧੂ

‘ਦੋਜ਼ਖਨਾਮਾ’ ਰਬੀਸ਼ੰਕਰ ਬੱਲ ਦਾ ਬੰਗਲਾ ਭਾਸ਼ਾ ਦਾ ਨਾਵਲ ਹੈ। ਪੰਜਾਬੀ ਵਿੱਚ ਇਹ ਅੰਮ੍ਰਿਤਾ ਬੇਰਾ ਦੇ ਹਿੰਦੀ ਅਨੁਵਾਦ ਰਾਹੀਂ ਆਇਆ ਹੈ।

ਇਸ ਵੱਡ ਆਕਾਰੀ ਨਾਵਲ ਦਾ ਅਨੁਵਾਦ ਪਵਨ ਟਿੱਬਾ ਨੇ ਕੀਤਾ ਹੈ। ਉਸਨੇ ਇਹ ਅਨੁਵਾਦ 2017 ਤੱਕ ਮੁਕੰਮਲ ਕਰ ਲਿਆ ਸੀ ਪਰ ਦਸੰਬਰ 17 ਵਿੱਚ ਨਾਵਲਕਾਰ ਰਬੀਸ਼ੰਕਰ ਬੱਲ ਦੀ ਮੌਤ ਹੋ ਜਾਣ ਕਾਰਨ ਭਾਵੁਕ ਦਿਲ ਵਾਲੇ ਪਵਨ ਦਾ ਮਨ ਇਸ ਰਚਨਾ ਵੱਲੋਂ ਅਜਿਹਾ ਉਚਾਟ ਹੋਇਆ ਕਿ ਉਸਨੇ ਇਸ ਨੂੰ ਛਪਵਾਉਣ ਤੋਂ  5 ਵਰ੍ਹੇ ਟਾਲਾ ਵੱਟੀ ਰੱਖਿਆ। ਆਖਰ ਕਈ ਸਾਰੀਆਂ ਪ੍ਰੇਰਨਾਵਾਂ ਦੇ ਸਦਕਾ ਇਹ ਨਾਵਲ 2022 ਵਿੱਚ ਛਪਕੇ ਪਾਠਕਾਂ ਦੇ ਹੱਥਾਂ ਵਿੱਚ ਆਇਆ।

ਇਹ ਨਾਵਲ ਗ਼ਾਲਿਬ ਅਤੇ ਮੰਟੋ ਵਿਚਾਲੇ ਕਾਲਪਨਿਕ ਸੰਵਾਦ ਹੈ।

ਇਹ ਦੋਵੇਂ ਵੱਡੇ ਅਦੀਬ ਆਪੋ ਆਪਣੇ ਸਮਿਆਂ ਵਿੱਚ ਵਾਪਰੇ 1857 ਦੇ ਗ਼ਦਰ ਅਤੇ 1947 ਦੀ ਵੰਡ ਨੂੰ ਬਹੁਤ ਨੇੜਿਓਂ ਵੇਖਦੇ ਹੀ ਨਹੀਂ ਸਗੋਂ ਮਹਿਸੂਸ ਕਰਦੇ ਹਨ। ਬਹੁਤ ਸਾਰੇ ਪੱਖਾਂ ਤੋਂ ਦੋਵੇਂ ਦੁੱਖਾਂ ਦਾ ਸਾਹਮਣਾ ਕਰਦੇ ਹਨ। ਦੋਵਾਂ ਦੀ ਰੂਹ ਇਸ ਦੁਨੀਆ ਅੰਦਰ ਅਜਬ ਬੇਚੈਨੀ ਦਾ ਸ਼ਿਕਾਰ ਰਹਿੰਦੀ ਹੈ।

ਇਹ ਨਾਵਲ 4 ਸੌ ਸਫ਼ਿਆਂ ਅੰਦਰ 45 ਕਾਂਡਾਂ ਵਿੱਚ ਫੈਲਿਆ ਹੋਇਆ ਹੈ। ਕਹਾਣੀ ਸ਼ੁਰੂ ਹੁੰਦਿਆਂ ਹੀ ਗ਼ਾਲਿਬ ਅਤੇ ਮੰਟੋ ਆਪਣੀਆਂ ਕਬਰਾਂ ਵਿੱਚੋਂ ਬੋਲਦੇ ਹਨ। ਨਾਵਲ ਦੇ ਇੱਕ ਕਾਂਡ ਵਿੱਚ ਮੰਟੋ ਗੱਲ ਕਰਦੇ ਹਨ ਤਾਂ ਅਗਲੇ ਕਾਂਡ ਵਿੱਚ ਗ਼ਾਲਿਬ ਗੱਲ ਕਰਦੇ ਹਨ।

ਇਸ ਸਾਰੇ ਸੰਵਾਦ ਵਿੱਚ ਦੋਵਾਂ ਅਦੀਬਾਂ ਦੇ ਸਮਿਆਂ ਦੀ ਗਾਥਾ ਪੜ੍ਹਨ ਨੂੰ ਮਿਲਦੀ ਹੈ। ਦੋਵੇਂ ਆਪਣੇ ਆਪਣੇ ਸਮੇਂ ਦੇ ਅਦਬੀ, ਸਮਾਜੀ, ਰਾਜਸੀ ਹਾਲਾਤ, ਦਾਨਿਸ਼ਵਰਾਂ ਸਬੰਧੀ ਵੇਰਵਾ ਦਿੰਦੇ ਹੋਏ ਆਪਣੀ ਜੀਵਨੀ ਅਤੇ ਰਚਨਾਵਾਂ ਨੂੰ ਵੀ ਨਾਵਲ ਦੀ ਲੈਅ ਵਿਚ ਪਰੋ ਕੇ ਪੇਸ਼ ਕਰਦੇ ਹਨ।

ਗ਼ਾਲਿਬ, ਮੀਰ ਤਕੀ ਮੀਰ, ਹਾਫਿਜ਼ ਦੀ ਸ਼ਾਇਰੀ ਦੇ ਵੀ ਅਨੇਕਾਂ ਰੰਗ ਇਸ ਖ਼ੂਬਸੂਰਤ ਨਾਵਲ ਦਾ ਹਿੱਸਾ ਹਨ।

Leave a comment