ਜਸਵੰਤ ਦੀਦ ਸਮਕਾਲੀ ਪੰਜਾਬੀ ਕਵਿਤਾ ਦਾ ਇਕ ਅਹਿਮ ਨਾਂ ਹੈ। ਪੰਜਾਬੀ ਲੇਖਕਾਂ ਨੇ ਪਰਵਾਸ ਦੇ ਅਨੁਭਵ ਨੂੰ ਆਪੋ-ਆਪਣੇ ਤਰੀਕੇ ਨਾਲ ਬਿਆਨ ਕੀਤਾ ਹੈ। ਹਰ ਕਿਸੇ ਦੀਆਂ ਪ੍ਰਸਥਿਤੀਆਂ ਅਤੇ ਸੰਵੇਦਨਾ ਨੇ ਪਰਵਾਸੀ ਅਨੁਭਵ ਦੇ ਵੱਖ ਵੱਖ ਰੰਗ-ਰੂਪ ਪੇਸ਼ ਕੀਤੇ ਹਨ। ਜਸਵੰਤ ਦੀਦ ਦੀਆਂ ਇਨ੍ਹਾਂ ਕਵਿਤਾਵਾਂ ਵਿਚੋਂ ਨਿਕਲਦਾ ਪਰਵਾਸ ਇਕ ਆਪ ਸਹੇੜੀ ਜਲਾਵਤਨੀ ਵਰਗਾ ਹੈ, ਜਿਸ ਨੂੰ ਜਸਵੰਤ ਦੀਦ ਨੇ ਬਹੁਤ ਮਾਰਮਿਕ ਅਤੇ ਸੂਖ਼ਮ ਤਰੀਕੇ ਨਾਲ ਪੇਸ਼ ਕੀਤਾ ਹੈ। ਦੀਦ ਦੀ ਕਿਤਾਬ ‘ਬੇਸਮੈਂਟ ਕਵਿਤਾਵਾਂ’ ਬਾਰੇ 8 ਅਪਰੈਲ, 2023 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਇਕ ਗੈਰ-ਰਸਮੀ ਗਲਬਾਤ ਦੌਰਾਨ ਪ੍ਰੋ ਰਾਜੇਸ਼ ਸ਼ਰਮਾ ਨੇ ਆਪਣੇ ਅਹਿਸਾਸ ਸਾਂਝੇ ਕੀਤੇ। ਇਹ ਉਨ੍ਹਾਂ ਵਿਚਾਰਾਂ ਦਾ ਲਿਖਤੀ ਉਤਾਰਾ ਹੈ:
ਜਸਵੰਤ ਦੀਦ ਹੁਰਾਂ ਨੂੰ ਅੱਜ ਮੈਂ ਪਹਿਲੀ ਵਾਰ ਮਿਲਿਆਂ । ਪਰ ਇਹਨਾਂ ਦਾ ਇਕ ਲੇਖ ਸੀ ‘ਪਾਲਦੀ’ ਉਹ ਮੈ ਅਜੇ ਤੱਕ ਨਹੀਂ ਭੁੱਲ ਸਕਿਆ।
ਤੁਹਾਨੂੰ ਮੈਂ ਸੱਚੀ ਦੱਸਾਂ ਕਿ ਇਹਨਾਂ ਦੀ ‘ਬੇਸਮੈਂਟ ਕਵਿਤਾਵਾਂ’ ਪੜ੍ਹਦਿਆਂ ਮੈਨੂੰ ਡਰ ਬੜਾ ਲੱਗਿਆ। ਪਹਿਲੀ ਵਾਰੀ ਮੈਨੂੰ ਮਹਿਸੂਸ ਹੋਇਆ ਕਿ ਡਾਇਆਸਪੋਰਾ ਐਗਜਾਇਲ਼ ਨੂੰ ਕਿਸ ਤਰਾਂ ਭੁੱਲ ਸਕਦਾ । ਮੈਂ ਕਈ ਵਾਰੀ ਸੋਚਦਾ ਹੁੰਨਾਂ ਕਿ ਸਾਰੇ ਟੀ ਵੀ ਚੈਨਲ ਵਿਦੇਸ਼ ਜਾਣ ਦੀਆਂ ਮਸ਼ਹੂਰੀਆਂ ਦਿੰਦੇ ਨੇ ਕਿ ਬਾਹਰ ਕਿਵੇਂ ਜਾਣਾਂ, ਕਨੇਡਾ ਕਿੱਦਾਂ ਪਹੁੰਚਣਾ। ਮੈਨੂੰ ਲਗਦਾ ਕਿ ਇਹ ਸਭ ਬੈਨ ਕਰ ਦੇਣੇ ਚਾਹੀਦੇ ਅਤੇ ਜਾਂ ਹੁਣ ਉਹਦੇ ਪੈਰਲਲ ਦੀਦ ਦੀਆਂ ਬੇਸਮੈਂਟ ਕਵਿਤਾਵਾਂ ਲੋਕਾਂ ਨੂੰ ਪੜ੍ਹਾ ਦੇਣੀਆਂ ਚਾਹੀਦੀਆਂ ਜੀਹਨਾਂ ਤੋਂ ਸਮਝ ਆ ਜਾਏਗੀ ਕਿ ਆਪਣਾ ਦੇਸ ਛੱਡ ਕੇ ਜਾਣ ਦੇ ਮਾਨੇ ਕੀ ਹੁੰਦੇ ਨੇ!
ਕੱਲ੍ਹ ਸ਼ਾਮ ਮੈਨੂੰ ਕਿਤਾਬ ਮਿਲੀ, ਮੈਂ ਕਵਿਤਾਵਾਂ ਪੜ੍ਹੀਆਂ ਤੇ ਅੱਜ ਤੀਹ ਚਾਲੀ ਸਾਲ ਬਾਅਦ ਮੈਂ ਸਵੇਰੇ ਛੇ ਵਜੇ ਉਠ ਕੇ ਸਾਰੀਆਂ ਕਵਿਤਾਵਾਂ ਪੜ੍ਹੀਆਂ। ਵੈਸੇ ਮੈਂ ਇੰਨਾ ਸਵੇਰੇ ਉੱਠ ਕੇ ਪੜ੍ਹਨ ਵਾਲਾ ਬੰਦਾ ਨਹੀਂ ਪਰ ਇਹ ਸਾਰੀਆਂ ਕਵਿਤਾਵਾਂ ਮੈਂ ਸੱਤ ਵਜੇ ਤੱਕ ਪੜ੍ਹ ਲਈਆਂ ਅਤੇ ਅੱਠ ਵਜੇ ਤੱਕ ਕਿਤਾਬ ਦੁਬਾਰਾ ਵੀ ਪੜ੍ਹ ਲਈ।
ਇਹ ਕਵਿਤਾਵਾਂ ਨਿਰਾਸ਼ਾ ਤੇ ਦੁੱਖ ਦੀਆਂ ਕਵਿਤਾਵਾਂ ਨੇ , ਜਿਵੇਂ ਮੈਨੂੰ ਲੱਗਾ, ਹੋ ਸਕਦਾ ਮੇਰੇ ਟੈਂਪਰਾਮੈਂਟ ਮੁਤਾਬਿਕ ਇਹ ਇਸ ਤਰਾਂ ਹੋਣ। ਲੇਕਿਨ ਇਸ ਦੁੱਖ ਅਤੇ ਨਿਰਾਸ਼ਾ ਦੇ ਵਿੱਚ ਇਕ ਰੌਸ਼ਨੀ ਹੈ, ਚਿੰਤਨ ਦੀ ਰੌਸ਼ਨੀ । ਇਹ ਕੰਮ ਬੜਾ ਔਖਾ ਕੰਮ ਹੁੰਦਾ ਕਿ ਜਦੋਂ ਲੋਕ ਡਾਇਆਸਪੋਰਾ ਨੂੰ ਸੈਲੀਬਰੇਟ ਕਰਦੇ ਹੋਣ ਤਾਂ ਕੋਈ ਆਦਮੀ ਉਸ ਸਾਰੇ ਕਲੀਸ਼ੇ ਨੂੰ ਛੱਡ ਕੇ ਜਿਸ ਤਰਾਂ ਉਹ ਇਸਨੁੰ ਮਹਿਸੂਸ ਕਰਦਾ ਹੈ ਉਸ ਤਰਾਂ ਉਸਨੂੰ ਢੁੱਕਵੀਂ ਭਾਸ਼ਾ ਦੇ ਵਿਚ ਬਿਆਨ ਕਰ ਸਕੇ। ਸੋ ਮੈਂ ਚਾਹਾਂਗਾ ਕਿ ਅਸੀਂ ਉਸ ਪਰਵਾਸ ਨੂੰ, ਪਰ-ਵਾਸ ਨੂੰ, ਹਾਇਫਨ ਨਾਲ ਲਿਖੇ ਪਰ-ਵਾਸ ਨੂੰ ਭੋਗਣ ਦੀ ਗੱਲ ਕਰੀਏ, ਜਿਵੇਂ ਨਰਕ ਭੋਗਣ ਦੀ ਗੱਲ ਹੁੰਦੀ, ਜਨਮ, ਜੂਨ ਭੋਗਣ ਦੀ ਗੱਲ। ਇਹ ਪਰ-ਵਾਸ ਨੂੰ ਭੋਗਣ ਦੀ ਕਵਿਤਾ ਹੈ। ਬੇਸਮੈਂਟ ਇੱਕ ਥਾਂ ਤੋਂ ਇਕ ਮੈਟਾਫਰ ਬਣਦੀ ਹੈ, ਫੇਰ ਮੈਟਾਫਰ ਤੋਂ ਇਕ ਲਿਵਡ ਰੀਐਲਟੀ ਬਣਦੀ ਹੈ। ਲਿਵਡ ਰੀਐਲਟੀ ਬਣਕੇ ਇਹ ਨਾ ਤਾਂ ਦਾਸਤੋਵਸਕੀ ਵਾਲੀ ਅੰਡਰਗਰਾਉਂਡ ਬਣਦੀ ਹੈ ਨਾ ਅਮਰੀਕਾ ਦੀ ਸੱਬ ਕਲਚਰ ਬਣਦੀ ਹੈ, ਇਹ ਬੜੀ ਸੋਹਣੀ ਗੱਲ ਹੈ। ਲੇਕਿਨ ਫੇਰ ਬੇਸਮੈਂਟ ਹੈ ਕੀ? ਇਕ ਇਸ਼ਾਰਾ ਮੈਨੂੰ ਮਿਲਦਾ ਹੈ ਕਿ ਕਵੀ ਦੀ ਇਮੇਜਰੀ ਸੁਰਰੀਅਲਿਸਿਟਕ ਹੈ। ਕੁਝ ਉਦਾਹਰਣਾਂ ਨੇ ਇਸ ਕਵਿਤਾ ਦੀਆਂ ਜੀਹਨਾਂ ਨੂੰ ਪੜ੍ਹਦੇ ਹੋਏ ਤੁਹਾਨੂੰ ਖੌਫ਼ ਲੱਗੇਗਾ। ਜਦੋਂ ਗੁਰਬਚਨ ਹੁਰਾਂ ਨੇ ਲਿਖਆ ਹੈ, ਗੁਰਬਚਨ ਨੇ ਬੜੀ ਸੋਹਣੀ ਗੱਲ ਕਹੀ ਹੈ ਕਿ ‘ ਜਿੱਥੇ ਮਨੁੱਖ ਦੀ ਸਪਾਟ ਨਜ਼ਰ ਨਹੀਂ ਪੁੱਜਦੀ ਸਿਰਫ਼ ਕਲਪ ਪੁੱਜ ਸਕਦੇ, ਦੀਦ ਉਹਨਾਂ ਸਿਆਹ ਕੰਦਰਾਂ ਵਿਚ ਸ਼ਬਦਾਂ ਦੇ ਦੀਵੇ ਜਗਾਂਦਾ ਹੈ’ ਠੀਕ ਲਿਖਆ ਹੈ, ਲੇਕਿਨ ‘ਕਲਪ’ਦੀ ਥਾਂ ਅਨੁਭਵ,ਅਸਲੀਅਤ ਦਾ ਅਨੁਭਵ, ਜੀਵੀ ਹੋਈ ਅਸਲੀਅਤ ਦਾ ਅਨੁਭਵ ਉੱਠਦਾ ਹੈ ਇਹਨਾਂ ਕਵਿਤਾਵਾਂ ਅੰਦਰ।
ਜੇ ਮੈਂ ਇਸ ਕਵਿਤਾ ਨੂੰ ਬਿਆਨ ਕਰਨਾ ਹੋਵੇ ਆਪਣੇ ਸ਼ਬਦਾਂ ਵਿਚ ਤਾਂ ਮੈਂ ਕਹਾਂਗਾ ਕਿ ਅੰਗਰੇਜੀ ਵਿਚ ਜਿਸਨੂੰ ਮੈਂ ਕਹਾਂਗਾ ਕਿ ‘ਇਟ ਇਜ਼ ਪੋਇਟਰੀ ਆਫ਼ ਹੌਰਰ ਆਫ਼ ਐਗਜ਼ਾਇਲ’। ਮਤਲਬ ਤੁਸੀਂ ਨੀਂਦ ਦੇ ਵਿਚ ਵੀ ਅਭੜ-ਵਾਹੇ ਉੱਠ ਕੇ ਦੌੜ ਪਵੋਗੇ। ਲੇਕਿਨ ਉਹਨਾਂ ਸੁਪਨਿਆਂ ਦਾ ਜਾਗਦੇ ਹੋਏ ਤੁਸੀਂ ਕਿਵੇਂ ਸਾਹਮਣਾ ਕਰਨਾ ਹੈ, ਕਵੀ ਨੇ ਉਹ ਕੰਮ ਕਰਨ ਦੀ ਜੁਰਅਤ ਕੀਤੀ ਹੈ। ਬਹੁਤ ਈ ਔਖਾ ਕੰਮ । ਸੋ ਤਾਂ ਹੀ ਮੈਂ ਕਿਹਾ ਸੀ ਕਿ ਦੀਦ ਹੁਰਾਂ ਦੀ ਮੁਸਕਾਨ ਪਿੱਛੇ ਨਾ ਜਾਣਾ, ਇਹ ਬੜੀ ਡਿਸਪਟਿਵ ਮੁਸਕਾਨ ਹੈ। ਉਸ ਪਿੱਛੇ ਜਿਸ ਤਰਾਂ ਦੀ ਸਮਝ ਹੈ , ਜਿਸ ਤਰਾਂ ਦੀ ਹਨੇਰਿਆਂ ਨਾਲ ਮੁਲਾਕਾਤ ਹੈ, ਉਸਦੀ ਸਮਝ ਤੁਹਾਨੂੰ ਕਵਿਤਾ ਪੜ੍ਹਕੇ ਹੀ ਆਏਗੀ। ਇਕ ਪਰਵਾਸੀ ਦੀ ਸਟਰਗਲ ਦੀ ਕਵਿਤਾ, ਸਵੇਰੇ ਮੈਂ ਚਾਹ ਪੀਂਦਿਆਂ ਪੜ੍ਹੀ, ਔਰ ਫੇਰ ਮੈਂ ਡਰ ਗਿਆ, ਇੱਥੇ ਇਕ ਪਰਵਾਸੀ ਪੰਜਾਬੀ ਦਿਹਾੜੀ ਕਰਨ ਵਾਲਾ , ਜੰਮੀ ਹੋਈ ਬਰਫ਼ ਵਿਚ ਇਕ ਖੰਭੇ ਨੂੰ ਹੱਥ ਰੱਖਕੇ ਖੜ੍ਹਾ ਹੈ, ਹੱਥ ਚੱਕਦਾ ਹੈ ਤਾਂ ਚਮੜੀ ਉੱਖੜ ਜਾਂਦੀ ਹੈ ਤਲੀ ਦੀ, ਔਰ ਉਹ ਖੂੰਨ ਨਾਲ ਲਿੱਬੜੇ ਹੱਥਾਂ ਨਾਲ ਕੰਮ ਕਰਦਾ ਹੈ: ਨਾਓ ਦਿਸ ਟਾਇਪ ਆਫ ਇਮੇਜ ਆਈ ਹੈਵ ਨੈਵਰ ਸੀਨ ਇਨ ਇੰਡੀਅਨ ਪੋਇਟਰੀ। ਮਤਲਬ ਡਾਇਸਪੋਰਾ ਨੇ ਇਕ ਭੁਲੇਖਾ ਪਾਲ ਲਿਆ, ਅਗਰ ਉਹ ਦੁਖ ਭੋਗਦੇ ਨੇ ਵੀ ਤਾਂ ਮੰਨਦੇ ਨਹੀਂ। ਮੈਨੂੰ ਯਾਦ ਹੈ ਕਿ 70ਵਿਆਂ ਦੀ ਗੱਲ ਹੈ ਜਦੋਂ ਬਾਹਰੋਂ ਲੋਕ ਆਉਂਦੇ ਸੀ ਸਰਦੀਆਂ ਵਿਚ, ਰਜਾਈਆਂ ਵਰਗੀਆਂ ਜੈਕਟਾਂ ਪਾਈਆਂ ਹੋਣੀਆਂ, ਮੋਢੇ ਤੇ ਟੇਪ ਰੀਕਾਰਡ ਵੱਜਦਾ ਹੋਣਾ, ਉੱਚੀ ਸਾਰੀ ਬਾਜਾਰ ਚੋਂ ਲੰਘਣਾ, ਕੁੜੀ ਨੇ ਨੀਲੇ ਪੀਲੇ ਲਾਲ ਵਾਲ ਡਾਈ ਕਰਕੇ ਲੰਘਣਾ, ਕਈ ਵਾਰ ਗਰਮੀਆਂ ਵਿਚ ਈ ਜਾਕਟਾਂ ਪਾ ਕੇ ਆਉਣਾ। ਪੰਜਾਬ ‘ਚ ਵਾਢੀਆਂ ਦੇ ਦਿਨ ਹੁੰਦੇ ਤੇ ਪੰਜਾਬੀਆਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਬਜਾਰਾਂ ਚ ਦਖਾਉਣਾ ਕਿ ਅਸੀਂ ਵਲੈਤੀਏ ਹਾਂ। ਪਰ ਉਸ ਅੰਦਰ ਜਿਹੜਾ ਦੁੱਖ ਸੀ, ਚਾਰ ਚਾਰ ਕੰਮ ਇਕ ਦਿਹਾੜੀ ਚ ਜਿਹੜੇ ਕਰਦੇ ਸੀ ਉਹਦਾ ਜਿਕਰ ਨਾ ਕਰਨਾ। ਸਾਹਿਤ ਵਿਚ ਆਪਣੇ ਆਟੋਗਰਾਫੀ ਚ ਕਿਤੇ ਕਿਤੇ ਇਹ ਜਿਕਰ ਮਿਲਦਾ ਹੈ ਪਰ ਉਹਨਾਂ ਲੁਕੀਆਂ ਹੋਈਆਂ ਪਰਤਾਂ ਦਾ ਦੁੱਖ ਔਰ ਹਨੇਰਾ ਕੀ ਹੈ, ਉਹਦੀ ਗੱਲ ਬਹੁਤ ਔਖੀ ਹੈ ਕਰਨੀ । ਇਸ ਤਰਾਂ ਦੀ ਇਕ ਕਿਤਾਬ ਹੈ ‘ਵੌਲੰਟਰੀ ਅਗਜਾਇਲ’। ਇਹ ਮਰਜੀ ਨਾਲ ਜਾਂਦੇ ਨੇ ਬਾਹਰ। ਪਰ ਕੰਪਲਸਰੀ ਐਗਜਾਇਲ ਜਿਸ ਤਰਾਂ ਬਰੌਡਸਕੀ ਨੇ ਝੱਲਿਆ, ਉਸ ਵਿਚ ਤੇ ਇਸ ਵਿਚ ਬਹੁਤ ਫਰਕ ਹੈ। ਲੇਕਿਨ ਬੇਸਮੈਂਟ ਕਵਿਤਾਵਾਂ ਪੜ੍ਹਕੇ ਮੈਨੂੰ ਅਹਿਸਾਸ ਹੋਇਆ ਕਿ ਇਹ ਬੰਦੇ ਤੇ ਨਿਰਭਰ ਕਰਦਾ ਹੈ ਕਿ ਉਹ ਪਰਵਾਸ ਨੂੰ ਜੀਉਂਦਾ ਕਿਵੇਂ ਹੈ?ਮਤਲਬ ਕਿ ਹੌਰਰ ਨੂੰ ਆਤਮਸਾਤ ਕਰਨਾ,ੳਸਨੂੰ ਸਾਖਿਆਤ ਕਰਨਾ, ਉਸਦੇ ਅੰਦਰ ਉੱਤਰ ਕੇ ਦੇਖਣਾ, ਬਹੁਤ ਮੁਸ਼ਕਿਲ ਕੰਮ ਹੈ।
ਇਕ ਹੋਰ ਗੱਲ ਇਹਨਾਂ ਕਵਿਤਾਵਾਂ ਬਾਰੇ ਕਿ ਜਿਸ ਤਰਾਂ ਕਹਿੰਦੇ ਨੇ ਕਿ ਲਾਇਟ ਐਟ ਦਾ ਅਇੰਡ ਆਫ ਏ ਟਨਲ, ਬੇਸਮੈਂਟ ਵਿਚ ਦੇਅਰ ਇਜ਼ ਨੋ ਲਾਇਟ ਐਟ ਦਾ ਅਇੰਡ ਆਫ ਟਨਲ, ਜਿਸ ਤਰਾਂ ਇਸ ਕਿਤਾਬ ਦੀ ਆਖਰੀ ਕਵਿਤਾ ਹੈ ‘ਛੱਜੂ’, ਬੰਦਾ ਚੁਬਾਰੇ ਚੋਂ ਸਿੱਧਾ ਬੇਸਮੈਂਟ ‘ਚ ਡਿੱਗਦਾ। ਇਟਸ ਏ ਕਮਪਲੀਟ ਸ਼ਿਫਟ ਆਫ ਲਾਇਫ। ਇਟਸ ਏ ਡਿਸੈਂਟ ਫਰਾਮ ਹੈਵਨ ਟੂ ਹੈਲ।ਇਸ ਗੱਲ ਨੂੰ ਇਕ ਛੋਟੀ ਜਿਹੀ ਕਵਿਤਾ ਵਿਚ ਕਹਿ ਦੇਣਾ। ਲੇਕਿਨ ਉਸ ਲਈ ਪਾਠਕ ਵੀ ਤਾਂ ਹੋਵੇ ਜਿਹੜਾ ਇਹਨਾਂ ਤੈਹਾਂ ਨੂੰ ਫੋਲੇ। ਕਿਉਂਕਿ ਬੇਸਮੈਂਟ ਚ ਡਿੱਗ ਜਾਣਾ, ਅੱਯਾਸੀ ਕਰਨ ਲਈ ਨਹੀਂ। ਜਿਸ ਤਰਾਂ ਬੋਰੀ ਦੇ ਵਿਚ ਇਕ ਬੰਦਾ ਬੰਦ ਕਰਤਾ ਉੱਪਰੋਂ ਬੋਰੀ ਦਾ ਮੂੰਹ ਬੰਨ੍ਹ ਦਿੱਤਾ, ਬਾਹਰ ਨਿਕਲਣ ਦਾ ਰਸਤਾ ਨਹੀਂ । ਇਹ ਇਕ ਇਸਤਰਾਂ ਦੇ ਅਹਿਸਾਸ ਦੀ ਕਵਿਤਾ ਹੈ। ਇਸਦਾ ਇਕ ਹਵਾਲਾ ਹੈ ਕਵਿਤਾ ‘ਐਡਿਟਿੰਗ’:
ਦ੍ਰਿਸ਼ ਨਹੀਂ ਬਦਲਦਾ
ਤਸਵੀਰ ਕਿਨਾਰਿਆਂ ਤੋਂ ਹਿਲਦੀ ਰਹਿੰਦੀ
ਕਿਰਦਾਰ ਕੇਂਦਰ ਵਿਚ
ਅਹਿੱਲ
—-
ਤੂਫਾਨ ਐਡਿਟ ਹੋਈ ਜਾਂਦੇ
ਪਰ ਹਿਲਦੇ ਨਾ ਕਿਨਾਰੇ—
ਜਿਹੜੇ ਤੁਹਾਡੇ ਹੌਰਾਇਜ਼ਨ ਤੁਹਾਡੇ ਸ਼ਿਤਜ ਦੀਆਂ ਸੀਮਾਵਾਂ ਨੇ, ਉਹਨਾਂ ਨੂੰ ਬਦਲਨਾ ਹੀ ਕਵਿਤਾ ਦੀ ਕੋਸਿਸ਼ ਹੈ। ਨਵੀਆਂ ਸੰਭਾਵਨਾਵਾਂ ਸਿਰਜਣਾ, ਇਹੀ ਕਵਿਤਾ ਦੀ ਕੋਸਿਸ਼, ਇਹੀ ਪ੍ਰਾਪਤੀ ਹੁੰਦੀ। ਇਸੇ ਸੰਬੰਧ ਵਿਚ ਇਕ ਅਗਲੀ ਕਵਿਤਾ ਹੈ ਜੱਦੀ ਚੁਗਾਠਾਂ। ਇਸਨੂੰ ਪੜ੍ਹਕੇ ਮੈਨੂੰ ਲੱਗਿਆ ਕਿ ਇਕ ਕਵਿਤਾ ਹੁੰਦੀ ਹੈ ਐਗਜਾਇਲ ਟੂ, ਇਕ ਹੁੰਦੀ ਹੈ ਐਗਜਾਇਲ ਫਰਾਮ, ਐਗਜਾਇਲ ਫਰਾਮ ਸਿਰਫ਼ ਨੌਸਟੈਲਜੀਆ ਨਹੀਂ ਹੁੰਦਾ। ਇਹ ਕਵਿਤਾ ਨੌਸਟੈਲਜੀਏ ਦਾ ਪੁੱਠਾ ਪਾਸਾ ਹੈ:
ਇਥੇ ਕਦੇ ਤੇਲ ਚੋਏ ਜਾਂਦੇ ਸਨ
ਮੇਰੇ ਆਉਣ ਤੇ
ਤੇ ਤ੍ਰਿਪ ਤ੍ਰਿਪ ਕਿਰਦੇ ਸਨ ਹੰਝੂ
ਮੇਰੇ ਜਾਣ ਤੇ।
ਹੁਣ ਕੋਈ ਹਰਕਤ ਨਹੀਂ
ਨਾ ਆਉਣ ਤੇ
ਨਾ ਜਾਣ ਤੇ।
ਮਤਲਬ, ਦਿਸ ਇਜ਼ ਦੀ ਹੌਰਰ ਆਫ ਐਗਜਾਇਲ। ਮਤਲਬ ਇਸਨੂੰ ਲਫਜਾਂ ‘ਚ ਉਤਾਰਨਾ, ਇਸ ਪਿੱਛੇ ਕਿੰਨੀ ਖਾਮੋਸੀ ਰਹੀ ਹੋਏਗੀ, ਕਿੰਨੀ ਯਾਤਨਾ,ਇੱਥੋਂ ਤਕ ਪਹੁੰਚਣ ਲਈ। ਇਸ ਨਾਲ ਤੁਹਾਡਾ ਬੋਝ ਉੱਤਰਦਾ ਹੈ ਲੇਕਿਨ ਬੋਝ ਚੁੱਕੇ ਬਗੈਰ ਨਹੀਂ ਉੱਤਰਦਾ।
ਸਭ ਤੋਂ ਚੰਗੀਆਂ ਕਵਿਤਾਵਾਂ ਮੈਨੂੰ ਉਹ ਲੱਗੀਆਂ ਨੇ ਜੀਹਨਾਂ ਵਿਚ ਕਵੀ ਸਿਰਫ ਇਸ ਸੱਭਿਆਚਾਰ ਤੋਂ ਹੀ ਬਾਹਰ ਨਹੀਂ ਹੋਇਆ, ਇਹ ਜੌਗਰਾਫੀਕਲ ਡਿਸਲੋਕੇਸ਼ਨ ਹੈ, ਲੇਕਿਨ ਬਾਹਰ ਨਿਕਲਣ ਨਾਲ ਉਸਨੂੰ ਇਸੇ ਸਭਿਆਚਾਰ ਦੀਆਂ ਕਥਾਵਾਂ, ਕਹਾਣੀਆਂ,ਮੰਨਤਾਂ ਨੂੰ ਦੂਰੀ ਤੇ ਖੜ੍ਹ ਕੇ ਦੇਖਦਾ ਹੈ ਔਰ ਉਸਤੋਂ ਅਗਲੀ ਗੱਲ ਹੈ ਕਿ ਬੌਧਿਕ ਤੌਰ ’ਤੇ ਚੁਣੌਤੀ ਦੇ ਕੇ ਉਹ ਉਹਨਾਂ ਕਹਾਣੀਆ ਨੂੰ ,ਕਥਾਵਾਂ ਨੂੰ , ਵਿਸ਼ਵਾਸਾਂ ਨੂੰ ਉਹ ਢਾਹ ਕੇ ਬਣਾਉਂਦਾ ਹੈ ਲੇਕਿਨ ਇਸ ਲਈ ਨਹੀਂ ਕਿ ਇਸ ਨਾਲ ਸਾਨੂੰ ਦਿਲਾਸਾ ਮਿਲਦਾ ਹੈ। ਇਕ ਕਵਿਤਾ ਹੈ ‘ਅਸ਼ਵਥਾਮਾ’
ਬੇਸਮੈਂਟ ‘ਚ ਬੈਠਾ ਬੰਦਾ
ਸਮੁੰਦਰ ਦਾ ਪਤੰਗ ਉੜਾ ਰਿਹਾ
ਪਤੰਗ
ਧਰਤੀ ਹੇਠਲੇ ਆਕਾਸ਼ ਵੱਲ ਨੂੰ ਉੜ ਰਿਹਾ
ਪਤੰਗ ਹਵਾ ਦੀ ਖੜ ਖੜ ਨਾਲ
ਹਿੱਲ ਰਿਹਾ,
ਡੋਲਦੇ ਪਤੰਗ ਨੂੰ
ਬੌਲਦ ਦੀ ਪੂਛ ਦੀ ਕੰਨੀ ਦਿੱਤੀ ਹੋਈ,
ਬਲਦ ਦੇ ਸਿੰਗਾਂ ਤੇ ਖਲੋਤਾ ਬੰਦਾ
ਸਮੁੰਦਰ ਨੂੰ ਵਾਲਾਂ ਤੋਂ ਫੜੀ
ਧਰਤੀ ਦਾ ਰਥ ਚਲਾ ਰਿਹਾ
ਮੱਥੇ ਦੇ ਜ਼ਖ਼ਮ ਵੱਲ ਜਾ ਰਿਹਾ।
ਹੁਣ ਦੀਦ ਹੁਰਾਂ ਨੇ ਇਸ਼ਾਰਾ ਨਹੀਂ ਕੀਤਾ ਪਰ ਜੇ ਅਸੀਂ ਮਹਾਭਾਰਤ ਦੀ ਕਹਾਣੀ ਵੱਲ ਨੂੰ ਚੱਲੀਏ ਤਾਂ ਅਸ਼ਵਥਾਮਾ ਨੂੰ ਇਕ ਪਾਪ ਦੀ ਸਜਾ ਮਿਲੀ ਜਿਸਨੇ ਕਿਸੇ ਦੇ ਸੌ ਸੁੱਤੇ ਪਏ ਬੱਚਿਆਂ ਦੇ ਕਤਲ ਕੀਤੇ, ਔਰ ਅਸ਼ਵਥਾਮਾ ਅਮਰ ਹੈ। ਕਿਸੇ ਦਾ ਆਪਣੇ ਮੱਥੇ ਦੇ ਜ਼ਖ਼ਮ ਵੱਲ ਖੁਦ ਤੁਰੇ ਜਾਣਾ, ਮਤਲਬ ਤੁਸੀਂ ਖੁਸ਼ੀ ਦੀ ਤਾਲਾਸ਼ ਵਿਚ ਇਕ ਅਮਰ ਦੁੱਖ ਦੀ ਦਿਸਾ ਵੱਲ ਜਾਂਦੇ ਹੋ ਔਰ ਉਸਨੂੰ ਬਿਆਨ ਕਰਨ ਲਈ ਕਹਾਣੀ ਤੁਹਾਨੂੰ ਮਹਾਭਾਰਤ ‘ਚੋਂ ਮਿਲਦੀ ਹੈ । ਇਹ ਐਗਜਾਇਲ ਨਰੇਸ਼ ਮਹਿਤਾ ਦੀ ਹਿੰਦੀ ਕਵਿਤਾ ਹੈ ਮਹਾਪ੍ਰਸਥਾਨ, ਜਿਸ ਵਿਚ ਜਦੋਂ ਪਾਂਡਵ ਹਿਮਾਲਯ ’ਚ ਜਾਂਦੇ ਨੇ , ਮੌਤ ਦਾ ਸਮਾ ਆ ਗਿਆ ਔਰ ਪਾਂਡਵ ਇਕ ਇਕ ਕਰਕੇ ਮਰਦੇ ਗਏ ਤਾਂ ਉੱਥੇ ਇਕ ਬਦਬੂ ਆ ਰਹੀ ਹੈ ਤਾਂ ਦਰੋਪਦੀ ਪੁੱਛਦੀ ਹੈ ਕਿ ਇਹ ਬਦਬੂ ਕਿਊਂ ਆ ਰਹੀ ਹੈ ? ਤਾਂ ਯੁਧਿਸ਼ਟਰ ਦਸਦਾ ਕਿ ਇਹ ਅਸ਼ਵਥਾਮਾ ਦੇ ਜ਼ਖ਼ਮ ਦੀ ਬਦਬੂ ਹੈ। ਅਸ਼ਵਥਾਮਾ ਆਉਂਦਾ ਹੈ ਤੇ ਕਹਿੰਦਾ ਹੈ ਕਿ ਮਾਂ ਦੇਖ ਮੇਰਾ ਕੀ ਹਾਲ ਹੋਇਆ? ਹੁਣ ਤਾਂ ਮੈਨੂੰ ਮਣੀ ਵਾਪਸ ਕਰ ਦੇ । ਮੈਂ ਬਹੁਤ ਦੁੱਖ ਸਹੇ ਨੇ। ਤਾਂ ਦਰੋਪਦੀ ਕਹਿੰਦੀ ਕਿ ਕਾਕਾ ਮੈਨੂੰ ਤਾਂ ਯਾਦ ਵੀ ਨਹੀਂ ਕਿ ਮੈਂ ਮਣੀ ਕੱਢ ਕੇ ਰੱਖੀ ਕਿੱਥੇ ਸੀ ? ਹੁਣ ਦੇਖੋ ਡਿਸਲੋਕੇਸ਼ਨ ਕੀਹਦੀ ਹੈ ? ਅਗਰ ਸਾਨੂੰ ਇਸ ਕਵਿਤਾ ਦੇ ਵਿਚ ਲੁਕੀ ਹੋਈ ਇਸ ਕਹਾਣੀ ਦੇ ਅਰਥ ਨਹੀਂ ਆਉਂਦੇ ਤਾਂ ਸਾਨੂੰ ਇਹ ਵਿਚਾਰਨਾ ਪਏਗਾ ਕਿ ਕੀ ਅਸੀਂ ਇਥੇ ਬੈਠੇ ਬੈਠੇ ਤਾਂ ਡਿਸਲੋਕੇਟ ਨਹੀਂ ਹੋ ਰਹੇ ? ਇਸੇ ਤਰਾਂ ਦੀ ਇਕ ਹੋਰ ਖੌਫ਼ਨਾਕ, ਖ਼ਤਰਨਾਕ ਕਵਿਤਾ ਹੈ ‘ਟਾਇਟੈਨਕ’:
ਨੀਲੇ ਸੋਫੇ ਤੇ
ਕਾਲੇ ਦਸਤਾਨੇ ਇਕ ਦੂਜੇ ਦੇ ਉੱਪਰ ਪਏ
ਜਿਵੇਂ ਪੁਰਾਤਨ ਕਬਰਸਤਾਨ ‘ਚੋਂ ਪੁੱਟੇ
ਹੱਥਾਂ ਦਾ ਜੋੜਾ
ਧੋ ਕੇ ਰਾਤ ਨੂੰ ਸੁੱਕਣੇ ਪਾਇਆ।
ਇਹ ਨੇ ਕਵਿਤਾਵਾਂ । ਦੀਦ ਹੁਰੀਂ ਰਾਤ ਨੂੰ ਸੌਂਦੇ ਕਿਵੇਂ ਨੇ ?ਮੈਨੂੰ ਨਹੀਂ ਪਤਾ ! ਇਹ ਕਵਿਤਾ ਪਰੇਸ਼ਾਨ ਕਰਦੀ ਹੈ। ਫੇਰ ਕਵਿਤਾ ਹੈ ‘ਤਪੋਸਥਾਨ’। ਅਸੀਂ ਸਰਵਣ ਦੀ ਕਹਾਣੀ ਸੁਣਦੇ ਹਾਂ। ਮੈਨੂੰ ਨਹੀਂ ਪਤਾ ਪੰਜਾਬੀ ‘ਚ ਇਸ ਤਰਾਂ ਦਾ ਕੰਮ ਕਿਸੇ ਨੇ ਕੀਤਾ ਕਿ ਨਹੀਂ ਕਿ ਡਾਇਅਸਪੋਰਾ ਦੇ ਕਨਟੈਕਸਟ ’ਚ ਬੱਚਿਆਂ, ਮਾਪਿਆਂ ਦੇ ਨਾਲ ਜੋੜ ਕੇ ਸਰਵਣ ਦੀ ਕਹਾਣੀ ਨੂੰ ਨਵੇਂ ਸਿਰੇ ਤੋਂ ਪੜ੍ਹਿਆ ਜਾਵੇ। ਮੈਂ ਤਾਂ ਇਸਨੂੰ ਇਸ ਤਰਾਂ ਪੜ੍ਹਿਆ।
ਤਪੋਸਥਾਨ:
ਤਪ ਕਰਦੇ ਕਵੀ ਨੂੰ
ਸੁਣਦੀ
ਲੋਟਾ ਡਿਗਣ ਦੀ ਆਵਾਜ਼—
ਬੇਸਮੈਂਟ ਲੋਟਾ ਖਿਚ ਕੇ ਲੈ ਗਈ।
ਅੰਨ੍ਹੇ ਮਾਂ ਬਾਪ ਦਾ ਸਰਾਪ-
ਹਰ ਜਨਮ ਸਰਵਣ
ਇਸੇ ਛੰਭ ਕਿਨਾਰੇ
ਆਵੇਗਾ
ਪਸ਼ਚਾਤਾਪ ਕਰਨ,
ਬੇਸਮੈਂਟ ‘ਚੋਂ ਲੋਟਾ ਡਿਗਣ ਦੀ ਆਵਾਜ਼।
ਯੂ ਸੀ ਦਾ ਲੋਨਲੀਨੈਸ, ਏਲੀਏਨੇਸ਼ਨ ਆਫ ਦਾ ਪਰਸਨ। ਮਾਂ ਬਾਪ ਨੂੰ ਛੱਡ ਕੇ ਤੁਸੀਂ ਚਲੇ ਗਏ। ਔਰ ਕਵਿਤਾ ਹੈ ‘ਰੀਹਰਸਲ’। ਸੁਰਰੀਅਲ ਇਮੇਜ਼ਜ਼ ਨੂੰ ਮਾਡਰਨ ਬਣਾਉਣ ਦੀ ਇਹ ਕਵਿਤਾ ਮੈਨੂੰ ਬਹੁਤ ਖੂਬਸੂਰਤ ਔਰ ਡਰਾਵਣੀ ਲੱਗੀ।
ਬੇਸਮੈਂਟ ‘ਚ ਕਿਰਾਏਦਾਰ ਦੌੜ ਰਿਹਾ
ਦੌੜਦੇ ਕਿਰਾਏਦਾਰ ਨੂੰ ਲਗਦਾ
ਉਹ ਬਾਬਾ ਦੀਪ ਸਿੰਘ ਹੈ—
ਉਹ ਆਪਣੀ ਤਲੀ ਤੇ
ਆਪਣਾ ਕੱਟਿਆ ਦੇਸ ਲੈ ਕੇ ਦੌੜਦਾ ਹੈ
ਤੇ ਤਲੀ ਤੇ ਰੱਖੇ
ਕੱਟੇ, ਲਹੂ ਚੋਂਦੇ ਦੇਸ ਅੰਦਰ
ਅਜੇ ਵੀ ਸਵਾਸ ਬਾਕੀ ਨੇ–
ਗੁਰੂ ਤੱਕ ਪਹੁੰਚਣਾ ਹੈ।
ਵਾਹ !—ਇਹ ਕਵਿਤਾਵਾਂ ਪੜ੍ਹਨ ਵਾਲੀਆਂ ਨੇ ਇਹਨਾਂ ਬਾਰੇ ਅਸੀਂ ਬਹੁਤੀ ਗੱਲ ਵੀ ਨਹੀਂ ਕਰ ਸਕਦੇ । ਤੇ ਲਾਸਟ, ਇਕ ਹੋਰ ਕਵਿਤਾ ਦੇਖੋ, ਗਦਰੀ ਬਾਬੇ:
ਬੇਸਮੈਂਟ ‘ਚ
ਬਾਬਾ ਵਸਾਖਾ ਸਿੰਘ
ਰੋਟੀ ਪਕਾ ਰਿਹਾ
ਭਕਨਾ ਭਾਂਡੇ ਮਾਂਜਦਾ
ਸਰਾਭਾ ਗੇੜੇ ਪ੍ਰਿਟਿੰਗ ਪ੍ਰੈਸ
ਲਾਜਪਤ ਪੜ੍ਹ ਰਿਹਾ ਪਰੂਫ਼—
ਇਨਕਲਾਬ ਕਦੀ ਜਿੰਦਾਬਾਦ ਹੁੰਦਾ ਸੀ।
ਇਕ ਸੁਆਲ ਹੈ ਆਇਡੈਂਟਿਟੀ। ਘਰੋਂ ਬੇਘਰ ਹੋ ਕੇ ਅਸੀਂ ਜੀਉਂਦੇ ਕਿਵੇਂ ਹਾਂ ? ਇਥੇ ਸ਼ਹਾਦਤ ਦੀ ਇਕ ਕਵਿਤਾ ਹੈ, ਜਿੱਥੇ ਆਇਡੈਂਟਿਟੀ ਵੀ ਸ਼ਹਾਦਤ ਹੈ—ਔਰ ਫਿਰ ਇਕ ਵਾਰ, ਦੀਦ ਹੁਰਾਂ ਨੇ ਮਿੱਥ ਨੂੰ ਮੋੜ ਕੇ ਲਿਆਂਦਾ। ਕਵਿਤਾ ਹੈ ‘ਕਤਰਨ’:
ਮੇਰੇ ਨਾਮ ਪਿੱਛੇ ਲੱਗਾ
ਇਹ ਲਫ਼ਜ਼ ਹਟਾ ਦੇਵੋ
ਕੱਟ ਦੇਵੋ ਕੜੱਚ ਕਰਕੇ
ਜਿਵੇਂ ਮੇਰੇ ਕੇਸਾਂ ‘ਚ
ਕੈਂਚੀ ਫੇਰੀ ਸੀ।
ਧੰਨਾ ਧਰਮਾ ਹਿੰਮਤ ਮੋਹਕਮ ਤੇ ਸਾਹਿਬ
ਮੇਰੇ ਅੰਦਰ ਜੋ
ਤੁੰਨ ਦਿੱਤੇ ਗਏ ਸਨ
ਉਹ ਉਸੇ ਤਰਾਂ ਬੇਗੁਰੇ
ਤੰਬੂ ਚੋਂ ਬਾਹਰ ਡਰੇ ਬੈਠੇ-
ਮੇਰੇ ਅੰਦਰੋਂ ਛਿੱਲ ਕੇ
ਇਹਨਾਂ ਦਾ ਨਾਰੀਅਲ
ਮੇਰੀ ਸਿਰੀ ਮੇਰੀ ਤਲੀ ਟਿਕਾ ਦੇਵੋ—
ਪ੍ਰੇਮ ਖੇਲਨ ਕਾ ਚਾਓ।
ਦੇਖੋ ਕਵਿਤਾ ਮੁੱਕਦੀ ਕਿੱਥੇ ਹੈ? ਹੌ ਬਰੀਫਲੀ ਦਾ ਹੋਲ ਕਾਨਸੈਪਟ ਆਫ ਲੌਸਟ ਆਇਡੈਂਟਿਟੀ ਇਜ਼ ਪੌਸੀਬਲ ਇਨ ਏ ਪੋਇਮ ! ਐਂਡ ਯੂ ਅਕਸੈਪਟ ਇਟ।
ਸੋ ਆਖਰੀ ਗੱਲ ਮੈਂ ਕਰਾਂਗਾ ਦੋ ਚਾਰ ਲਫ਼ਜਾਂ ‘ਚ ਕਿ ਦੀਦ ਹੁਰਾਂ ਦੀ ਕਵਿਤਾ ਵਿਚ ਇਕ ਅਧਿਆਤਮਿਕਤਾ ਹੈ, ਪਰ ਇਹ ਉਸ ਕਿਸਮ ਦੀ ਅਧਆਤਮਿਕਤਾ ਨਹੀਂ ਜਿਸਨੂੰ ਅਸੀਂ ਗਲਤ ਸ਼ਬਦਾਂ ‘ਚ ਸਮਝ ਲੈਂਦੇ ਹਾਂ ਕਿ ਅਧਿਆਤਮ ਸ਼ਾਇਦ ਸਰੀਰ ਤੋਂ ਪਰ੍ਹੇ ਹੁੰਦਾ ਹੈ। ਜਦ ਕਿ ਇਸ ਦੇਸ ਦੀ ਪ੍ਰਥਾ ਵਿਚ ਅਧਿਆਤਮ ਸੈਲਫ ਨੂੰ ਹੀ ਕਿਹਾ ਗਿਆ। ਜਿਸਨੂੰ ਅਸੀਂ ਆਮ ਤੌਰ ਤੇ ਸਪਿਰਚੂਅਲ ਕਹਿੰਦੇ ਹਾਂ ਉਸ ਵਾਸਤੇ ਆਵੀਦੈਵਿਕ ਸ਼ਬਦ ਇਸਤੇਮਾਲ ਕੀਤਾ ਗਿਆ ਹੈ। ਜਿਹੜਾ ਤੁਹਾਡਾ ਅਸੈਂਸ਼ੀਅਲ ‘ਆਈ’ ਹੈ, ਇਨਕਲੂਈਡਿੰਗ ਹੋਲ ਬੌਡੀ ਐਂਡ ਮਾਈਂਡ, ਹੋਲ ਬੀਂਗ, ਉਹ ਅਧਿਆਤਮ ਹੈ। ਦੀਦ ਹੁਰਾਂ ਦਾ ਅਧਿਆਤਮ ਬੜਾ ਅਜੀਬ ਗੱਲ ਹੈ ਕਿ ਬੜਾ ਸਕੈਪਟੀਕਲ ਹੈ । ਆਮ ਤੌਰ ਤੇ ਅਸੀਂ ਕਹਿੰਦੇ ਹਾਂ ਕਿ ਸਕੈਪਟੇਸਿਜ਼ਮ ਔਰ ਫੇਥ ਆਪੋਜਿਟ ਹੈ ਪਰ ਇਸਦੇ ਵਿਚ ਇਕ ਸਕੈਪਟੀਕਲ ਸਪਿਰਚੂਐਲਿਟੀ ਹੈ, ਅਸੀਂ ਅਮਰਜੀਤ ਚੰਦਨ ਦੀ ਗੱਲ ਕੀਤੀ ਸੀ, ਅਧਿਆਤਮ ਚੰਦਨ ਵਿਚ ਵੀ ਹੈ ਪਰ ਚੰਦਨ ਕੋਸ਼ਸ਼ ਕਰ ਰਿਹਾ ਹੈ ਕਿ ਕਿਤੇ ਨਾ ਕਿਤੇ ਕੋਈ ਜਿੰਦਗੀ ਦੀ ਹੋਰ ਡਾਇਮੈਨਸ਼ਨ ਹੋਵੇ । ਪਰ ਕੀ ਕਿਸੇ ਹੋਰ ਡਾਇਮੈਨਸ਼ਨ ‘ਚ ਵਿਸ਼ਵਾਸ ਕੀਤੇ ਬਗੈਰ, ਇਸੇ ਜਿੰਦਗੀ ’ਚ , ਜੋ ਵੀ ਜਿੰਦਗੀ ਅਸੀਂ ਜੀ ਰਹੇ ਹਾਂ, ਕੀ ਉਸ ਵਿਚ ਕੋਈ ਸਪਿਰਚੂਐਲਿਟੀ ਦਿਸਦੀ ਹੈ ਕਿ ਨਹੀਂ ਦਿਸਦੀ ? ਫੈਸਲਾ ਨਹੀਂ ਕੀਤਾ ਜਾ ਸਕਦਾ।
ਸੋ ਇਹ ਕਵਿਤਾਵਾਂ ਮੈਂ ਦੋ ਤਿੰਨ ਵਾਰ ਫੇਰ ਪੜ੍ਹਾਂਗਾ। ਹੋ ਸਕਦਾ ਮੈਂ ਇਹਨਾਂ ਦੀਆਂ ਹੋਰ ਕਿਤਾਬਾਂ ਵੀ ਪੜ੍ਹਾਂ।