shabadspace.com

ਸ਼ਬਦ ਸਪੇਸ

ਭਾਸ਼ਾ  ਸਾਹਿਤ  ਕਲਾ  ਕਲਚਰ

ਕਾਵਿਕ ਸੁਰ ਵਾਲੀ ਵਾਰਤਕ ‘ਮਾਣ ਸੁੱਚੇ ਇਸ਼ਕ ਦਾ’

ਕੰਵਰਜੀਤ ਸਿੰਘ ਸਿੱਧੂ

ਗੁਰਦੀਪ ਸਿੰਘ ਅੰਤਰ ਮਨ ਤੋਂ ਕਵੀ ਹੈ। ਉਸਦੇ ਬੋਲਣ-ਚੱਲਣ, ਮਿਲਣ-ਗਿਲਣ ਦੇ ਅੰਦਾਜ਼ ਵਿਚ ਕਾਵਿਕਤਾ ਝਲਕਦੀ ਹੈ। ਮੈਨੂੰ ਯਕੀਨ ਹੈ ਉਸਦਾ ਇਹ ਗੁਣ ਉਸਦੇ ਅਧਿਆਪਨ ਦੌਰਾਨ ਜ਼ਰੂਰ ਹੀ ਉਸਨੂੰ ਦੂਜਿਆਂ ਨਾਲੋਂ ਵੱਖਰਾ ਬਣਾਉਂਦਾ ਹੋਵੇਗਾ। 2021 ਦੇ ਫਰਵਰੀ ਮਹੀਨੇ ਗੁਰਦੀਪ ਦੀ ਸ਼ਬਦ ਚਿੱਤਰਾਂ ਦੀ ਕਿਤਾਬ ਆਈ ‘ਮਾਣ ਸੁੱਚੇ ਇਸ਼ਕ ਦਾ’ ਤਾਂ ਇਸ ਕਿਤਾਬ ਦੀ ਦਿੱਖ, ਨਾਮ ਸਭ ਕਾਵਿਕ ਰੰਗ ਵਿਚ ਰੰਗਿਆ ਹੋਇਆ ਏ। ਇਸ ਕਿਤਾਬ ਵਿਚ 13 ਸ਼ਬਦ ਚਿੱਤਰਾਂ ਨੂੰ ਗੁਰਦੀਪ ਨੇ ਆਪਣੀ ਕਾਵਿਕ ਛੁਹ ਨਾਲ ਲਿਖਿਆ ਹੈ। ਗੁਰਦੀਪ ਦੀ ਇਸ ਲਿਖਤ ਦੇ ਅਰਥ ਵੱਡੇ ਹਨ।

ਇਹਨਾਂ ਸ਼ਬਦ ਚਿੱਤਰਾਂ ਵਿਚ 13 ਸਾਹਿਤਕ, ਅਦਬੀ, ਕਲਾ ਅਤੇ ਖੇਡ ਜਗਤ ਦੀਆਂ ਹਸਤੀਆਂ ਦਾ ਚਿਤਰਣ ਕਰਦਿਆਂ ਗੁਰਦੀਪ ਨੇ ਉਹਨਾਂ ਦੀ ਜ਼ਿੰਦਗੀ ਦੇ ਅਨੰਤ ਰੰਗਾਂ ਨੂੰ ਆਪਣੀ ਬਾਰੀਕਬੀਨ ਨਜ਼ਰ ਨਾਲ ਫੜਨ ਦੀ ਕੋਸ਼ਿਸ਼ ਕੀਤੀ ਹੈ।

ਪੰਜਾਬੀ ਚਿੰਤਕ ਸੁਖਦੇਵ ਸਿੰਘ ਸਿਰਸਾ ਤੋਂ ਸ਼ੁਰੂ ਕਰਕੇ ਖੇਡ ਜਗਤ ਵਿਚ ਨਾਮਣਾ ਖੱਟਣ ਵਾਲੀ ਮੁਖ਼ਤਿਆਰ ਤੱਕ ਇਹ ਸ਼ਬਦ ਚਿੱਤਰ ਇਕ ਲੜੀ ਵਿਚ ਪਰੋਏ ਮਿਲਦੇ ਹਨ। ਹਜ਼ਾਰ ਰੰਗਾਂ ਦੀ ਰਮਜ਼ (ਡਾਕਟਰ ਸੁਖਦੇਵ ਸਿੰਘ ਸਿਰਸਾ), ਦਾਇਰਿਆਂ ਤੋਂ ਪਾਰ (ਸਤਿਗੁਰ ਸਿੰਘ), ਕਥਾ ਵਿਚ ਤੁਰਦਾ ਪਿੰਡ (ਦਰਸ਼ਨ ਜੋਗਾ), ਪੁੱਠੇ ਦਿਮਾਗ ਦਾ ਸਿੱਧਾ ਸੁਪਨਸਾਜ਼ (ਸਾਗਰ ਸੁਰਿੰਦਰ), ਮੁਹੱਬਤ ਦਾ ਗੁਲਾਬੀ ਪੰਨਾ (ਦੇਬੀ), ਸਾਡੀ ਮਿੱਟੀ ਦਾ ਗੌਰਵ (ਮੁਖ਼ਤਿਆਰ) ਆਦਿ ਸਿਰਲੇਖ ਹੀ ਪਾਠਕ ਦੇ ਮਨ ਵਿਚ ਪੜ੍ਹਨ ਦੀ ਗੰਭੀਰ ਉਤਸੁਕਤਾ ਜਗਾ ਦਿੰਦੇ ਹਨ। ਇਹਨਾਂ ਸ਼ਬਦ ਚਿੱਤਰਾਂ ਦੀ ਵਿਲੱਖਣਤਾ ਇਸ ਗੱਲ ਵਿਚ ਵੀ ਹੈ ਕਿ ਇਹਨਾਂ ਰਾਹੀਂ ਗੁਰਦੀਪ ਨੇ ਤਤਕਾਲੀ ਸਾਹਿਤਕ, ਸਮਾਜਿਕ ਅਤੇ ਰਾਜਨੀਤਕ ਵੇਰਵਿਆਂ ਬਾਰੇ  ਵੀ ਭਰਪੂਰ ਤਬਸਰਾ ਪੇਸ਼ ਕੀਤਾ ਹੈ। ਇਸ ਕਿਤਾਬ ਰਾਹੀਂ ਗੁਰਦੀਪ ਦੀ ਆਪਣੀ ਬਹੁਪੱਖੀ ਸ਼ਖ਼ਸੀਅਤ ਦੇ ਵੀ ਅਨੇਕ ਪਾਸਾਰ ਸਾਹਮਣੇ ਆਉਂਦੇ ਹਨ।

Leave a comment