shabadspace.com

ਸ਼ਬਦ ਸਪੇਸ

ਭਾਸ਼ਾ  ਸਾਹਿਤ  ਕਲਾ  ਕਲਚਰ

ਦੁਨੀਆ ਦੇ ਵੱਡੇ ਲੇਖਕਾਂ ਨੇ ਖੁਦਕੁਸ਼ੀ ਕਿਉਂ ਕੀਤੀ?

ਖੁਦਕੁਸ਼ੀ ਜੀਵਨ ਦੀ ਹਾਰ ਹੈ। ਪਰ ਇਹ ਹਕੀਕਤ ਹੈ ਕਿ ਬਹੁਤ ਸਾਰੇ ਹਨ, ਜਿਹੜੇ ਇਹ ਖੇਡ ਹਾਰਦੇ ਹਨ। ਜਿਹੜੇ ਵੱਧ ਸੰਵੇਦਨਸ਼ੀਲ ਹਨ, ਉਹ ਵੱਧ ਹਾਰਦੇ ਹਨ। ਇਹੀ ਵਜ੍ਹਾ ਹੈ ਕਿ ਬਹੁਤ ਸਾਰੇ ਲੇਖਕ, ਕਵੀ, ਆਰਟਿਸਟ ਹਨ, ਜਿਨ੍ਹਾਂ ਨੇ ਖੁਦ ਆਪਣੇ ਜੀਵਨ ਦੀ ਲੀਲ੍ਹਾ ਦਾ ਅੰਤ ਕੀਤਾ। ਕਿਸ ਮਾਨਸਿਕ ਅਵਸਥਾ ਵਿਚ ਲੋਕ ਇਸ ਸਟੇਜ ਤੇ ਪਹੁੰਚਦੇ ਹਨ ਕਿ ਉਨ੍ਹਾਂ ਨੂੰ ਜਿਊਣ ਨਾਲੋਂ ਜੀਵਨ ਦਾ ਅੰਤ ਕਰਨਾ ਸੌਖਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਆਧੁਨਿਕ ਮਨੋਵਿਗਿਆਨਕ ਵਿਧੀਆਂ ਰਾਹੀਂ ਸ਼ਾਇਦ ਇਸ ਅਵਸਥਾ ਨਾਲ ਨਿਪਟਣਾ ਅਸਾਨ ਜਾਂ ਬਹੁਤ ਕਾਰਗਰ ਨਹੀਂ ਹੈ। ਇਸ ਕਹਾਣੀ ਵਿਚ ਇਨ੍ਹਾਂ ਸਵਾਲਾਂ ਦਾ ਜਵਾਬ ਨਹੀਂ ਹੈ, ਸਿਰਫ਼ ਬਹੁਤ ਖੂਬਸੂਰਤ ਅਤੇ ਸੰਵੇਦਨਸ਼ੀਲ ਲੋਕਾਂ ਦੀਆਂ ਕਹਾਣੀਆਂ ਹਨ, ਜਿਹੜੇ ਇਨ੍ਹਾਂ ਮਾਨਸਿਕ ਚਕਰਵਾਤਾਂ ਵਿਚ ਘਿਰ ਗਏ। ਪੁਰਾਤਨ ਭਾਰਤੀ ਸਭਿਅਤਾ ਵਿਚ ਲੋਕ ਜਦੋਂ ਜੀਵਨ ਤੋਂ ਉਚਾਟ ਹੁੰਦੇ ਸਨ ਤਾਂ ਬੁੱਧ ਦੀ ਤਰਾਂ ਸਚਾਈ ਦੀ ਖੋਜ ਵਿਚ ਨਿਕਲਦੇ ਸਨ ਜਾਂ ਸਾਧੂ ਬਣਦੇ ਸਨ, ਪਰ ਆਧੁਨਿਕ ਦੌਰ ਵਿਚ ਮਾਨਸਿਕ ਤੌਰ ਤੇ ਟੁੱਟੇ ਲੋਕ ਖੁਦਕੁਸ਼ੀਆਂ ਕਰਦੇ ਹਨ। ਇਹ ਕਹਾਣੀਆਂ ਅਸਿੱਧੇ ਤੌਰ ਤੇ ਇਹ ਸਵਾਲ ਵੀ ਖੜ੍ਹੇ ਕਰ ਰਹੀਆਂ ਹਨ ਕਿ ਕੀ ਖੁਦਕੁਸ਼ੀ ਕੋਈ ਰਸਤਾ ਹੈ? ਸ਼ਾਇਦ ਬਿਲਕੁੱਲ ਵੀ ਨਹੀਂ, ਪਰ ਇਹ ਜਵਾਬ ਅਧੂਰਾ ਹੈ, ਜਦੋਂ ਤੱਕ ਅਸੀਂ ਉਨ੍ਹਾਂ ਰਸਤਿਆਂ ਨੂੰ ਦੁਬਾਰਾ ਨਹੀਂ ਲੱਭਦੇ, ਜਿਹੜੇ ਸਾਡੀ ਪੁਰਾਤਨ ਸਭਿਅਤਾ ਕੋਲ ਸਨ। ਕੰਵਰਜੀਤ ਸਿੰਘ ਸਿੱਧੂ ਨੇ ਦੁਨੀਆ ਭਰ ਦੇ ਲੇਖਕਾਂ, ਕਲਾਕਾਰਾਂ ਦੀਆਂ ਖੁਦਕੁਸ਼ੀਆਂ ਦੀਆਂ ਮਾਯੂਸ ਕਰਨ ਵਾਲੀਆਂ ਕਹਾਣੀਆਂ ਨੂੰ ਪੇਸ਼ ਕੀਤਾ ਹੈ।

ਕੰਵਰਜੀਤ ਸਿੰਘ ਸਿੱਧੂ

ਮੈਨੂੰ ਪਤਾ ਹੈ ਕਿ ਇਕੱਲਾਪਣ ਸਭ ਤੋਂ ਸੁਰੱਖਿਅਤ ਜਗ੍ਹਾ ਹੈ।- ਐਡਗਰ ਐਲਨ ਪੋ

ਖ਼ੁਦਕੁਸ਼ੀ ਅਜਿਹਾ ਵਰਤਾਰਾ ਹੈ ਜਿਸ ਬਾਰੇ ਅਕਸਰ ਸੰਵਾਦ, ਬਹਿਸ, ਵਿਵਾਦ ਚਲਦਾ ਰਹਿੰਦਾ ਹੈ। ਇਹ ਸਵਾਲ ਹਮੇਸ਼ਾ ਮਘਦਾ ਰਿਹਾ ਹੈ ਕਿ ਕੋਈ ਖ਼ੁਦਕੁਸ਼ੀ ਕਿਉਂ ਕਰਦਾ ਹੈ। ਰਾਜਨੀਤੀ, ਸਾਹਿਤ ਅਤੇ ਕਲਾ ਜਗਤ ਵਿੱਚ ਖ਼ੁਦਕੁਸ਼ੀ ਦੀਆਂ ਘਟਨਾਵਾਂ ਕਤਲ ਬਣਦੀਆਂ ਰਹੀਆਂ ਹਨ ਅਤੇ ਕਤਲ ਨੂੰ ਖ਼ੁਦਕੁਸ਼ੀ ਦੇ ਨਕਾਬ ਵੀ ਪਵਾਏ ਜਾਂਦੇ ਰਹਿੰਦੇ ਹਨ। ਇਥੇ ਅਸੀਂ ਦੁਨੀਆ ਭਰ ਦੇ ਸਾਹਿਤਕ ਜਗਤ ਅੰਦਰ ਵਾਪਰੀਆਂ ਖ਼ੁਦਕੁਸ਼ੀਆਂ ਦੀ ਪੁਣਛਾਣ ਕਰਾਂਗੇ।

ਖ਼ੁਦਕੁਸ਼ੀ ਦਾ ਸ਼ਿਕਾਰ ਹੋਈਆਂ ਵਧੇਰੇ ਸਾਹਿਤਕ ਹਸਤੀਆਂ ਦੇ ਜੀਵਨ ਅੰਦਰ ਬਹੁਤ ਵੱਡੀ ਇਕੱਲ ਕਾਰਨ ਡਿਪਰੈਸ਼ਨ ਦਾ ਹਮਲਾ ਜਾਨਲੇਵਾ ਸਾਬਤ ਹੋਇਆ। ਖ਼ੁਦਕੁਸ਼ੀ ਪਿੱਛੇ ਜਿਥੇ ਬੇਹੱਦ ਨਿੱਜੀ ਕਾਰਨ ਹੁੰਦੇ ਹਨ, ਉਥੇ ਬਾਹਰੀ ਦਬਾਅ ਵੀ ਆਪਣੀ ਭੂਮਿਕਾ ਨਿਭਾਉਂਦਾ ਹੈ। ਪ੍ਰਸਿੱਧ ਨਾਵਲਕਾਰਾਂ ਅਰਨੈਸਟ ਹੈਮਿੰਗਵੇ ਅਤੇ ਵਰਜੀਨੀਆ ਵੁਲਫ ਨੇ ਆਪਣੀਆਂ ਬਹੁਤ ਸਾਰੀਆਂ ਰਚਨਾਵਾਂ ਅੰਦਰ ਖ਼ੁਦਕੁਸ਼ੀ ਦੇ ਥੀਮ ਨੂੰ ਪਰੋਇਆ ਹੋਇਆ ਸੀ। ਸਾਹਿਤ ਅੰਦਰ ਖ਼ੁਦਕੁਸ਼ੀ ਦੀ ਥੀਮਗਤ ਪੇਸ਼ਕਾਰੀ ਬਹੁਤ ਪੁਰਾਣੀ ਹੈ। ਗੁਆਨਾ ਦੇ ਲੇਖਕ ਐਡਗਰ ਮਿਟੇਲਹੋਲਜ਼ਰ ਦੇ ਮਰਨੋਂ ਬਾਅਦ ਛਪੇ ਨਾਵਲ ਵਿੱਚ ਨਾਇਕ ਆਪਣੇ ਆਪ ਨੂੰ ਅੱਗ ਲਗਾ ਕੇ ਸੜ ਜਾਂਦਾ ਹੈ। ਲੇਖਕ ਨੇ ਆਪ ਵੀ ਇਸ ਤਰ੍ਹਾਂ ਹੀ ਖੇਤਾਂ ਵਿੱਚ ਆਪਣੇ ’ਤੇ ਪੈਟਰੋਲ ਛਿੜਕ ਕੇ ਅੱਗ ਲਾ ਲਈ ਸੀ।

ਸੰਸਾਰ ਪ੍ਰਸਿੱਧ ਨਾਟਕਕਾਰ ਸੈਕਸ਼ਪੀਅਰ ਦੇ ਬਹੁਤ ਸਾਰੇ ਪਾਤਰ ਖ਼ੁਦਕੁਸ਼ੀ ਕਰਦੇ ਹਨ। ਜੂਲੀਅਸ ਸੀਜ਼ਰ ਵਿੱਚ ਬਰੂਟਸ ਅਤੇ ਕੈਸੀਅਸ, ਓਥੈਲੋ ਵਿੱਚ ਮੁੱਖ ਪਾਤਰ ਓਥੈਲੋ ਖ਼ੁਦਕੁਸ਼ੀ ਕਰਦੇ ਹਨ। ਐਂਟਨੀ ਅਤੇ ਕਲਿਓਪਟਰਾ ਵਿੱਚ ਨਾਟਕ ਦੇ ਨਾਇਕ ਅਤੇ ਨਾਇਕਾ ਸਮੇਤ ਪੰਜ ਖ਼ੁਦਕੁਸ਼ੀਆਂ ਹੁੰਦੀਆਂ ਹਨ। ਅਰਨੈਸਟ ਹੈਮਿੰਗਵੇ ਨੇ ਆਪਣੀਆਂ ਕਈ ਕਹਾਣੀਆਂ ਵਿੱਚ ਖ਼ੁਦਕੁਸ਼ੀ ਦਾ ਥੀਮ ਪੇਸ਼ ਕੀਤਾ। ਇਸ ਤਰ੍ਹਾਂ ਹੋਰ ਕਈ ਸਾਹਿਤਕਾਰਾਂ ਨੇ ਖ਼ੁਦਕੁਸ਼ੀ ਕਰਨ ਵਾਲੇ ਪਾਤਰ ਸਿਰਜੇ ਅਤੇ ਖ਼ੁਦ ਵੀ ਖ਼ੁਦਕੁਸ਼ੀ ਕੀਤੀ। ਇਸ ਬਾਰੇ ਖੋਜੀ ਚਿੰਤਕ ਲੋਰਨਾ ਰੂਥ ਵੀਡਮੈਨ ਨੇ ਆਪਣੇ ਅਧਿਐਨ ਵਿੱਚ ਦੱਸਿਆ ਹੈ ਕਿ ਨਾਵਲ ਨਿਗਾਰੀ ਵਿੱਚ ਖ਼ੁਦਕੁਸ਼ੀ ਦੇ ਪੈਟਰਨ ਪਹਿਲੀ ਵਾਰ ਉਨੀਂਵੀ ਸਦੀ ਵਿੱਚ ਉਜਾਗਰ ਹੋਏ।

ਫਰੈਂਚ ਸਮਾਜ ਵਿਗਿਆਨੀ ਈਮਾਇਲ ਦੁਰਖੀਮ ਖ਼ੁਦਕੁਸ਼ੀ ਦੇ ਵਰਤਾਰੇ ਨੂੰ ਸਮਝਣ ਲਈ ਕਿਤਾਬ ‘Le Suicide’ ਲਿਖੀ ਹੈ। ਦੁਰਖੀਮ ਮੰਨਦਾ ਹੈ ਕਿ ਸੱਭਿਅਤਾ ਦੇ ਵਿਕਾਸ ਦੇ ਨਾਲ ਨਾਲ ਮਨੁੱਖੀ ਬੌਧਿਕ ਪ੍ਰਗਤੀ ਦੇ ਸਿੱਟੇ ਵਜੋਂ ਜੀਵਨ ਦੀਆਂ ਗੁੰਝਲਤਾਈਆਂ ਵਧ ਗਈਆਂ ਹਨ। ਇਹਨਾਂ ਗੁੰਝਲਾਂ ਕਾਰਨ ਉਪਜੀ ਮਾਨਸਿਕ ਪ੍ਰੇਸ਼ਾਨੀ ਮਨੁੱਖ ਨੂੰ ਖ਼ੁਦਕੁਸ਼ੀ ਵਰਗੇ ਅੱਤ ਦੇ ਕਦਮ ਵੱਲ ਧੱਕਦੀ ਹੈ।

2016 ਵਿੱਚ ਚੇਨਈ ਦੇ ਲੇਖਕ ਸ੍ਰੀਰਾਮ ਅਈਯਰ ਨੇ ਅੰਗਰੇਜ਼ੀ ਨਾਵਲ ‘The Story Of A Suicide’ ਲਿਖਿਆ ਜਿਸਦਾ ਆਰੰਭ ਹੀ ਇੱਕ ਖ਼ੁਦਕੁਸ਼ੀ ਨੋਟ ਨਾਲ ਹੁੰਦਾ ਹੈ। ਇਹ ਗਲਪ ਰਚਨਾ ਨੌਜਵਾਨਾਂ ਵਿੱਚ ਵਾਪਰ ਰਹੀਆਂ ਖ਼ੁਦਕੁਸ਼ੀਆਂ ਦੀਆਂ ਘਟਨਾਵਾਂ ਬਾਰੇ ਸੀ। ਨਸੀਮ ਬਸੀਰੀ ਨੇ ‘Suicide in Literature: A Study of Suicidal Author’s Works And Life’ ਖੋਜ ਪੁਸਤਕ ਲਿਖੀ। ਇਸ ਤਰ੍ਹਾਂ ਦੀਆਂ 5 ਹੋਰ ਅੰਗਰੇਜ਼ੀ ਕਿਤਾਬਾਂ ਮਿਲਦੀਆਂ ਹਨ। 2018 ਵਿੱਚ ਪ੍ਰਕਾਸ਼ਤ ਜੇਅਰਡ ਸਟਾਰਕ ਦੀ ਕਿਤਾਬ ‘A Death of One’s Own: Literature, Lawand the Right to Die’ ਬਾਲਜ਼ਾਕ, ਬੇਂਜਾਮਿਨ, ਐਮਰੀ ਆਦਿ ਉਘੇ ਲੇਖਕਾਂ ਦੇ ਹਵਾਲੇ ਨਾਲ ਖ਼ੁਦਕੁਸ਼ੀ ਬਾਰੇ ਚਰਚਾ ਕਰਦੀ ਹੈ। ਜੌਹਨ ਐਫ. ਦੇਸਮੰਡ ਦੀ ਕਿਤਾਬ ‘Fyodor Dostoevsky, Walker Percy and the Age of Suicide’ (2019) ਦੋਸਤੋਵਸਕੀ ਅਤੇ ਪਰਸੀ ਦੀਆਂ ਗਲਪ ਰਚਨਾਵਾਂ ਰਾਹੀਂ ਖ਼ੁਦਕੁਸ਼ੀ ਦੇ ਵਰਤਾਰੇ ਦੀਆਂ ਤੈਹਾਂ ਫਰੋਲਦੀ ਹੈ। 19ਵੀਂ ਸਦੀ ਵਿੱਚ ਦੋਸਤੋਵਸਕੀ ਆਤਮਹੱਤਿਆ ਨੂੰ ‘ਸਾਡੇ ਸਮਿਆਂ ਦਾ ਭਿਆਨਕ ਸਵਾਲ’ ਆਖਦਾ ਹੈ। ਪਰਸੀ 20ਵੀਂ ਸਦੀ ਦੇ ਪੱਛਮੀ ਸੱਭਿਆਚਾਰ ਨੂੰ ਸਮਾਜਿਕ, ਰਾਜਨੀਤਕ ਅਤੇ ਫੌਜੀ ਵਿਹਾਰ ਪੱਖੋਂ ਅਤੇ ਡੂੰਘੀ ਸਮਝ ਅਨੁਸਾਰ ‘ਸਵੈ ਹੋਂਦ ਗੁਆ ਦੇਣ’ ਦੇ ਪੱਖ ਤੋਂ ਆਤਮਘਾਤੀ ਮੰਨਦਾ ਹੈ। ਥਾਮਸ ਮਰਟਨ 20ਵੀਂ ਸਦੀ ਨੂੰ ‘ਖ਼ੁਦਕੁਸ਼ੀ ਦਾ ਯੁਗ’ ਕਹਿੰਦਾ ਹੈ। ਰਸ਼ੇਲ ਐੱਸ. ਹੈਰਿਸ ਦੀ 2014 ਵਿੱਚ ਛਪੀ ਕਿਤਾਬ ‘An Ideological Death: Suicide in Israeli Literature’ ਇਜ਼ਰਾਈਲ ਦੇ ਕੌਮੀ ਬਿਰਤਾਂਤਾਂ ਦੇ ਸਨਮੁੱਖ ਨੂੰ ਸਾਹਿਤਕ ਚੁਣੌਤੀਆਂ ਨੂੰ ਮੁਖਾਤਿਬ ਹੁੰਦੀ ਹੈ। ਡਰਿਊ ਡੇਨੀਅਲ ਦੀ 2022 ਵਿੱਚ ਛਪੀ ਕਿਤਾਬ ‘Joy of the Worm: Suicide and Pleasure in Early Modern English Literature’ ਸੈਕਸ਼ਪੀਅਰ, ਮਿਲਟਨ ਆਦਿ ਦੀਆਂ ਰਚਨਾਵਾਂ ਰਾਹੀਂ ‘ਸਵੈ ਹੱਤਿਆ ਅਤੇ ਖ਼ੁਦਕੁਸ਼ੀ ਵਿਚਕਾਰ ਇਤਿਹਾਸਕ ਅਤੇ ਸਿਧਾਂਤਕ ਵਖਰੇਵੇਂ ਦੀ ਪਛਾਣ ਕਰਦਾ ਹੈ। ਜੈਫਰੀ ਬਰਮਨ ਦੀ ਕਿਤਾਬ ‘Surviving Literary Suicide’ 1999 ਵਿੱਚ ਛਪਦੀ ਹੈ ਜਿਸ ਵਿੱਚ ‘ਆਤਮਘਾਤੀ ਸਾਹਿਤ’ ਦੇ ਪਾਠਕਾਂ ਉਪਰ ਪ੍ਰਭਾਵ ਦਾ ਅਧਿਐਨ ਕੀਤਾ ਗਿਆ ਹੈ। ਲੇਖਕ ਖ਼ੁਦਕੁਸ਼ੀ ਕਰਨ ਵਾਲੇ 4 ਲੇਖਕਾਂ ਵਰਜੀਨੀਆ ਵੁਲਫ, ਅਰਨੈਸਟ ਹੈਮਿੰਗਵੇ, ਸਿਲਵੀਆ ਪਲਾਥ ਅਤੇ ਐਨੇ ਸੈਕਸਟਨ ਅਤੇ 2 ਹੋਰ ਲੇਖਕਾਂ ਕੇਟ ਚੌਪਿਨ ਅਤੇ ਵਿਲੀਅਮ ਸਟਾਈਰੌਨ ਦੀਆਂ ਰਚਨਾਵਾਂ ਵਿੱਚ ਖ਼ੁਦਕੁਸ਼ੀ ਦੇ ਚਿਤਰਣ ਦੀ ਪੜਤਾਲ ਕਰਦਾ ਹੈ।

ਇਹਨਾਂ ਮਾਮਲਿਆਂ ਦਾ ਬਾਰੀਕੀ ਨਾਲ ਅਧਿਐਨ ਕਰਦਿਆਂ ਖ਼ੁਦਕੁਸ਼ੀ ਦੇ ਪਰਿਵਾਰਕ ਪੈਟਰਨ ਵੀ ਤਲਾਸ਼ੇ ਜਾਂ ਸਕਦੇ ਹਨ। ਅਰਜਨਟੀਨੀ ਲੇਖਕ ਲਿਓਪੋਲਡੋ ਲੁਗੋਨਸ ਨੇ ਬਿਓਨਸ ਆਇਰਸ ਦੇ ਇੱਕ ਰਿਜ਼ੋਰਟ ਵਿੱਚ ਸਾਈਨਾਈਡ ਅਤੇ ਵਿਸਕੀ ਦਾ ਘੋਲ ਪੀ ਕੇ ਖ਼ੁਦਕੁਸ਼ੀ ਕਰ ਲਈ। ਉਸਦੇ ਬੇਟੇ ਪੋਲੋ ਅਤੇ ਪੜਦੋਹਤੇ ਅਲੇਜੇਂਡਰੋ (ਲੁਗੋਨਸ ਦੀ ਬੇਟੇ ਪੀਰੀ ਦਾ ਬੇਟਾ) ਨੇ ਵੀ ਖ਼ੁਦਕੁਸ਼ੀ ਕੀਤੀ।

ਪ੍ਰਸਿੱਧ ਲੇਖਿਕਾ ਸਿਲਵੀਆ ਪਲਾਥ 30 ਸਾਲ ਦੀ ਜਵਾਨ ਉਮਰ ਵਿੱਚ ਖ਼ੁਦਕੁਸ਼ੀ ਕਰਦੀ ਹੈ ਅਤੇ ਉਸ ਦਾ ਪੁੱਤਰ ਨਿਕੋਲਸ ਹਿਊਗਜ਼ 47 ਸਾਲ ਦੀ ਉਮਰ ਵਿੱਚ ਖ਼ੁਦਕੁਸ਼ੀ ਕਰ ਲੈਂਦਾ ਹੈ। ਸਿਲਵੀਆ ਪਲਾਥ ਦੀ ਆਪਣੇ ਪਤੀ ਟੈੱਡ ਹਿਊਗਜ਼ ਨਾਲ ਅਲਹਿਦਗੀ ਆਸੀਆ ਵੇਵਿਲ ਕਾਰਨ ਹੋਈ। ਟੈੱਡ ਹਿਊਗਜ਼ ਦੀ ਪ੍ਰੇਮਿਕਾ ਆਸੀਆ ਵੇਵਿਲ ਵੀ ਆਪਣੀ ਚਾਰ ਸਾਲ ਦੀ ਬੇਟੀ ਸ਼ੁਰਾ ਸਮੇਤ ਸਿਲਵੀਆ ਪਲਾਥ ਨਾਲ ਮਿਲਦੇ ਜੁਲਦੇ ਢੰਗ ਨਾਲ ਹੀ ਖ਼ੁਦਕੁਸ਼ੀ ਕਰ ਲੈਂਦੀ ਹੈ।

ਇਸ ਤਰ੍ਹਾਂ ਹੀ ਇਟਾਲੀਅਨ ਲੇਖਕ ਈਮਾਲੀਓ ਸਾਲਗਰੀ ਦੇ ਮਾਮਲੇ ਵਿੱਚ ਪਿਉ/ਪੁੱਤ/ਪੋਤੇ ਦੀ ਖ਼ੁਦਕੁਸ਼ੀ ਵਿੱਚ 22-22 ਸਾਲ ਦਾ ਅੰਤਰਾਲ ਹੈ।  ਸਾਲਗਰੀ ਨੇ ਆਪਣੇ ਪਿਤਾ ਦੀ ਖ਼ੁਦਕੁਸ਼ੀ (1889 ਵਿੱਚ) ਤੋਂ 22 ਸਾਲ ਬਾਅਦ 1911 ਵਿੱਚ ਖ਼ੁਦਕੁਸ਼ੀ ਕਰ ਲਈ। ਸਾਲਗਰੀ ਦੇ ਇੱਕ ਬੇਟੇ ਨੇ ਵੀ ਇਸ ਤੋਂ ਠੀਕ 22 ਸਾਲ ਬਾਅਦ 1933 ਵਿੱਚ ਖ਼ੁਦਕੁਸ਼ੀ ਕੀਤੀ।

ਜ਼ਿਕਰਯੋਗ ਹੈ ਕਿ ਵਿਸ਼ਵ ਸਾਹਿਤ ਵਿੱਚ ਪੰਜ ਅਜਿਹੇ ਜੋੜੇ (ਪਤੀ-ਪਤਨੀ) ਮਿਲਦੇ ਹਨ ਜਿਨ੍ਹਾਂ ਖ਼ੁਦਕੁਸ਼ੀ ਕੀਤੀ। ਅਮਰੀਕਨ ਗਲਪ ਲੇਖਿਕਾ ਜੇਮਸ ਤਿਪਤਰੀ ਜੂਨੀਅਰ ਨੇ ਪਹਿਲਾਂ ਆਪਣੇ ਪਤੀ ਹਟਿੰਗਟਨ ਡੀ ਸ਼ੈਲਡਨ ਨੂੰ ਗੋਲੀ ਮਾਰੀ ਅਤੇ ਫਿਰ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ। ਹੰਗਰੀਅਨ ਲੇਖਕ ਅਰਥਰ ਕੌਸਲਰ ਨੇ 77 ਸਾਲ ਦੀ ਉਮਰ ਵਿੱਚ ਆਪਣੀ ਪਤਨੀ ਸਿੰਥੀਆ ਸਮੇਤ ਜ਼ਹਿਰੀਲੀ ਦਵਾਈ ਖਾ ਕੇ ਖ਼ੁਦਕੁਸ਼ੀ ਕਰ ਲਈ। ਜਪਾਨੀ ਨਾਵਲਕਾਰ ਦਾਜ਼ਾਈ ਓਸਾਮੂ ਨੇ ਆਤਮ ਹੱਤਿਆ ਦੀਆਂ ਅਨੇਕਾਂ ਕੋਸ਼ਿਸ਼ਾਂ ਤੋਂ ਬਾਅਦ ਆਪਣੀ ਪਤਨੀ ਤੋਮੀ ਸਮੇਤ ਨਹਿਰ ਵਿੱਚ ਡੁੱਬ ਕੇ ਖ਼ੁਦਕੁਸ਼ੀ ਕਰ ਲਈ। ਬੁਲਗਾਰੀਅਨ ਕਵੀ ਪੇਓ ਯਾਵੋਰੋਵ ਨੇ ਆਪਣੀ ਪਤਨੀ ਲੋਰਾ ਕਾਰਾਵਿਲੋਵਾ ਦੇ ਖ਼ੁਦਕੁਸ਼ੀ ਕਰਨ ਤੋਂ ਬਾਅਦ ਉਦੋਂ ਹੀ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਪਰ ਉਹ ਮਰ ਤਾਂ ਨਾ ਸਕਿਆ ਪਰ ਅੱਖਾਂ ਦੀ ਰੌਸ਼ਨੀ ਗੁਆ ਬੈਠਾ। ਇਸ ਘਟਨਾ ਤੋਂ 11 ਮਹੀਨੇ ਬਾਅਦ ਉਸਨੇ ਖ਼ੁਦਕੁਸ਼ੀ ਕਰ ਲਈ। ਜਰਮਨ ਗਲਪਕਾਰ ਸਟੀਫਨ ਜ਼ਵਾਇਗ ਨੇ ਆਪਣੀ ਪਤਨੀ ਲੌਟੇ ਸਮੇਤ ਬ੍ਰਾਜ਼ੀਲ ਵਿੱਚ ਆਤਮ ਹੱਤਿਆ ਕੀਤੀ।

ਖ਼ੁਦਕੁਸ਼ੀ ਕਰਨ ਵਾਲਿਆਂ ਵਿੱਚ 2 ਅਜਿਹੇ ਜੋੜੇ ਹਨ ਜੋ ਪਤੀ ਪਤਨੀ ਨਹੀਂ ਹਨ। ਜਰਮਨ ਲੇਖਕ ਬਰਨਡ ਹੈਨਰਿਚ ਵਿਲਹੈਲਮ ਵੋਨ ਕਲੀਸਟ ਨੇ ਆਪਣੀ ਬਿਮਾਰ ਦੋਸਤ ਹੈਨਰਿਟ ਵੋਗਲ ਦਾ ਦੁੱਖ ਨਾ ਸਹਾਰਦਿਆਂ ਪਹਿਲਾਂ ਉਸ ਨੂੰ ਗੋਲੀ ਮਾਰੀ ਅਤੇ ਫਿਰ ਆਪਣੇ ਆਪ ਨੂੰ ਗੋਲੀ ਮਾਰ ਲਈ। ਰੂਸੀ ਕਵੀ ਸਰਗੇਈ ਏਸੇਨਿਨ ਨੇ ਲੈਨਿਨਗਰਾਦ ਦੇ ਇੱਕ ਹੋਟਲ ਵਿੱਚ ਫਾਹਾ ਲੈ ਲਿਆ ਸੀ। ਉਸ ਦੀ ਸਾਬਕਾ ਪ੍ਰੇਮਿਕਾ ਗਾਲਿਨਾ ਬੇਨੀਸਲਾਵਸਕਾਯਾ ਨੇ ਉਸਦੀ ਕਬਰ ਕੋਲ ਉਸਦੀ ਪਹਿਲੀ ਬਰਸੀ ਮੌਕੇ ਖ਼ੁਦਕੁਸ਼ੀ ਕਰ ਲਈ।

ਆਤਮਘਾਤ : ਇਹ ਬਾਜ਼ਾਰੀ ਕਿਸਮ ਦੀ ਸੂਰਮਤਾਈ ਏ ਦੋਸਤਾ! ਕੋਈ ਵੀ ਮੂਰਖ ਆਪਣੇ ਆਪ ਨੂੰ ਗੋਲੀ ਮਾਰ ਕੇ ਸਕਦੈਮੁਸ਼ਕਿਲ ਤੋਂ ਛੁਟਕਾਰਾ ਪਾਉਣ ਦਾ ਇਹ ਸਭ ਤੋਂ ਸੌਖਾ ਤਰੀਕਾ ਏ, ਬੁਜ਼ਦਿਲਾਂ ਵਾਲਾ ਤਰੀਕਾਜਦੋਂ ਵੀ ਜ਼ਿੰਦਗੀ ਦੇ ਸੁਰਤ ਭੁਲਾ ਦੇਣ ਵਾਲੇ ਥਪੇੜੇ ਪੈਣ ਤਾਂ ਖੋਪੜੀ ਵਿੱਚੋਂ ਗੋਲੀ ਪਾਰ ਕਰਨਾ ਹਮੇਸ਼ਾ ਹੀ ਸੌਖਾ ਹੁੰਦੈ(ਨਾਵਲ ਕਬਹੂ ਨ ਛਾਡੈ ਖੇਤੁ ਵਿੱਚੋਂ)

Leave a comment