shabadspace.com

ਸ਼ਬਦ ਸਪੇਸ

ਭਾਸ਼ਾ  ਸਾਹਿਤ  ਕਲਾ  ਕਲਚਰ

ਖੁਦਕੁਸ਼ੀ ਕਰਨ ਵਾਲੇ ਵਿਸ਼ਵ ਸਾਹਿਤ ਦੇ ਅਹਿਮ ਨਾਂ

ਦੁਨੀਆ ਵਿਚ ਕ੍ਰਾਂਤੀਕਾਰੀ ਸਮਾਜਵਾਦੀ ਲਹਿਰ ਦੇ ਮੋਢੀ ਕਾਰਲ ਮਾਰਕਸ ਦੀ ਇਕ ਬੇਟੀ, ਨਾਮੀ ਲੇਖਕ ਵਰਜੀਨੀਆ ਵੁਲਫ਼, ਅਰਨੈਸਟ ਹੈਮਿੰਗਵੇ, ਸਿਲਵੀਆ ਪਲਾਥ ਕੁੱਝ ਅਜਿਹੇ ਵੱਡੇ ਨਾਂ ਹਨ, ਜਿਨ੍ਹਾਂ ਨੇ ਜੀਵਨ ਦੀਆਂ ਮੁਸ਼ਕਲ ਪ੍ਰਸਥਿਤੀਆਂ ਅੱਗੇ ਹਾਰ ਮੰਨ ਲਈ।

ਕੰਵਰਜੀਤ ਸਿੰਘ ਸਿੱਧੂ

ਐਲਨਰ ਮਾਰਕਸ (1855-31 ਮਾਰਚ, 1898) ਕਾਰਲ ਮਾਰਕਸ ਦੀਆਂ ਤਿੰਨ ਧੀਆਂ ਵਿੱਚੋਂ ਸਭ ਤੋਂ ਛੋਟੀ ਸੀ। 16 ਸਾਲ ਦੀ ਉਮਰ ਵਿੱਚ ਉਹ ਆਪਣੇ ਪਿਤਾ ਦੀ ਸਕੱਤਰ ਬਣੀ ਅਤੇ 17 ਸਾਲ ਦੀ ਉਮਰ ਵਿੱਚ ਉਸਨੂੰ ਫਰੈਂਚ ਪੱਤਰਕਾਰ ਓਲੀਵਰ ਨਾਲ ਇਸ਼ਕ ਹੋ ਗਿਆ ਜੋ ਕਿ ਪੈਰਿਸ ਕਮਿਊਨ ਦਾ ਸੰਘਰਸ਼ੀ ਸੀ। ਕਾਰਲ ਮਾਰਕਸ ਓਲੀਵਰ ਨੂੰ ਨਾਪਸੰਦ ਕਰਦਾ ਸੀ। 1880 ਵਿੱਚ ਮਾਰਕਸ ਨੇ ਇਸ ਰਿਸ਼ਤੇ ਨੂੰ ਮਨਜ਼ੂਰੀ ਦੇ ਦਿੱਤੀ ਪਰ ਐਲਨਰ ਨੇ ਇਰਾਦਾ ਬਦਲ ਲਿਆ ਅਤੇ 1882 ਵਿੱਚ ਇਹ ਰਿਸ਼ਤਾ ਤਿਆਗ ਦਿੱਤਾ। 1884 ਵਿੱਚ ਉਹ ਐਡਵਰਡ ਅੇਵੈਲਿਨ ਨੂੰ ਮਿਲੀ ਜਿਸ ਨਾਲ ਉਸਨੇ ਆਪਣੀ ਬਾਕੀ ਸਾਰੀ ਜ਼ਿੰਦਗੀ ਬਿਤਾਈ। ਐਡਵਰਡ ਨਾਲ ਇਹ ਮੁਹੱਬਤ ਹੀ ਉਸਦੀ ਜ਼ਿੰਦਗੀ ਦਾ ਦੁਖਾਂਤ ਬਣ ਗਈ। ਐਡਵਰਡ ਜੋ ਆਪਣੀਆਂ ਤਕਰੀਰਾਂ ਵਿੱਚ ਸੀ, ਅਸਲੀ ਜ਼ਿੰਦਗੀ ਵਿੱਚ ਉਸਦੇ ਮੂਲੋਂ ਹੀ ਉਲਟ ਸੀ। ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ ਇਸ ਲਈ ਐਲਨਰ ਨਾਲ ਕਾਨੂੰਨਨ ਵਿਆਹ ਨਹੀਂ ਕਰਵਾ ਸਕਦਾ ਸੀ। ਇਸ ਤੋਂ ਇਲਾਵਾ ਉਹ ਕੁੜੀਆਂ ਨੂੰ ਮੁਹੱਬਤ ਵਿੱਚ ਕੀਲ ਕੇ ਤਿਆਗਣ ਲਈ ਵੀ ਬਦਨਾਮ ਸੀ। ਰਿਸ਼ਤਾ ਬੱਝਦਿਆਂ ਹੀ ਐਲਨਰ ਨੂੰ ਉਸਦੇ ਐਨੀ ਬਸੰਤ ਨਾਲ ਸਬੰਧਾਂ ਦਾ ਪਤਾ ਲੱਗਿਆ। ਐਡਵਰਡ ਦੇ ਠੰਡੇ ਵਿਹਾਰ ਤੋਂ ਨਿਰਾਸ਼ ਹੋਈ ਐਲਨਰ ਵਿਸ਼ਵ ਸਾਹਿਤ ਦੇ ਗਲ ਲੱਗ ਗਈ। ਫਲਾਬੇਅਰ ਦੇ ਪ੍ਰਸਿੱਧ ਨਾਵਲ ‘ਮਦਾਮ ਬਾਵੇਰੀ’ ਦਾ ਅੰਗਰੇਜ਼ੀ ਅਨੁਵਾਦ ਕਰਦਿਆਂ ਉਸਨੇ ਆਪਣੀ ਹੋਣੀ ਨੂੰ ਨਾਵਲ ਦੀ ਨਾਇਕਾ ਐਮਾ ਨਾਲ ਇਕਮਿਕ ਦੇਖਿਆ। ਐਲਨਰ, ਐਮਾ ਵਾਂਗ ਬੇਵਫ਼ਾਈ ਵੱਲ ਵੀ ਨਹੀਂ ਤੁਰ ਸਕਦੀ ਸੀ। ਪਹਿਲੀ ਵਾਰ ਉਸਨੇ ਅਫੀਮ ਖਾ ਕੇ ਮਰਨ ਦੀ ਕੋਸ਼ਿਸ਼ 1887 ਵਿੱਚ ਕੀਤੀ। ਐਲਨਰ ਦੀ ਸਿਹਤ ਕਮਜ਼ੋਰ ਸੀ ਪਰ ਸੂਝ ਡੂੰਘੀ ਸੀ। ਉਹ ਆਪਣੀ ਨਿੱਜੀ ਜ਼ਿੰਦਗੀ ਦੇ ਨਾਲ ਨਾਲ ਸਮੇਂ ਦੀਆਂ ਸਮਾਜਵਾਦੀ ਪਾਰਟੀਆਂ ਤੋਂ ਵੀ ਨਿਰਾਸ਼ ਸੀ।

ਐਲਨਰ ਮਾਰਕਸ, ਕਾਰਲ ਮਾਰਕਸ ਦੀ ਬੇਟੀ

1895 ਵਿੱਚ ਮਾਰਕਸ ਦੇ ਦੋਸਤ ਏਂਗਲਸ ਦੀ ਮੌਤ ਹੋਣ ਨਾਲ ਐਲਨਰ ਨੂੰ ਆਪਣੇ ਸਰਪ੍ਰਸਤ ਅਤੇ ਪਿਤਾ ਦੀ ਵਿਰਾਸਤ ਮਿਲ ਗਈ ਜਿਸ ਨਾਲ ਉਹ ਆਰਥਿਕ ਪੱਖ ਤੋਂ ਸੁਖਾਲੀ ਹੋ ਗਈ ਪਰ ਸੰਕਟ ਉਦੋਂ ਬਣਿਆ ਜਦ ਐਡਵਰਡ ਇਹ ਪੈਸਾ ਹੋਰਾਂ ਕੁੜੀਆਂ ਨਾਲ ਅੱਯਾਸ਼ੀ ਲਈ ਵਰਤਣ ਲੱਗਿਆ। ਐਲਨਰ ਸਭ ਕੁਝ ਬਰਦਾਸ਼ਤ ਕਰਦੀ ਰਹੀ ਪਰ ਐਡਵਰਡ ਨੇ ਆਪਣੀ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਚੋਰੀਓਂ ਕਿਸੇ ਹੋਰ ਔਰਤ ਨਾਲ ਕਾਨੂੰਨੀ ਵਿਆਹ ਕਰਵਾ ਲਿਆ ਅਤੇ ਐਲਨਰ ਨੂੰ ਪੈਸਿਆਂ ਲਈ ਧਮਕੀਆਂ ਦੇਣ ਲੱਗਿਆ। ਆਖਰ 31 ਮਾਰਚ, 1898 ਦੇ ਦਿਨ ਐਲਨਰ ਨੇ 2 ਸੰਖੇਪ ਖ਼ੁਦਕੁਸ਼ੀ ਨੋਟ ਲਿਖੇ ਅਤੇ ਨਿਰਵਸਤਰ ਹੋ ਕੇ, ਬੈਡ ’ਤੇ ਲੇਟ ਕੇ ਜ਼ਹਿਰ ਪੀ ਲਿਆ। 2020 ਵਿੱਚ ਉਸਦੀ ਜ਼ਿੰਦਗੀ ਬਾਰੇ ਫੀਚਰ ਫਿਲਮ ‘ਮਿਸ ਮਾਰਕਸ’ ਸੁਸੰਨਾ ਨਿਚੀਅਰੇਲੀ ਨੇ ਬਣਾਈ।

ਜਰਮਨ ਗਲਪਕਾਰ ਸਟੀਫਨ ਜ਼ਵਾਇਗ (1881-22 ਫਰਵਰੀ, 1942) ਦੀ ਵੀਹਵੀਂ ਸਦੀ ਵਿੱਚ ਸੰਸਾਰ ਸਾਹਿਤ ਵਿੱਚ ਤੂਤੀ ਬੋਲਦੀ ਸੀ। ਕਵੀ ਅਤੇ ਅਨੁਵਾਦਕ ਵਜੋਂ ਪਛਾਣ ਬਣਨ ਤੋਂ ਬਾਅਦ ਉਸਨੇ ਜੀਵਨੀਕਾਰ, ਕਹਾਣੀਕਾਰ, ਨਾਟਕਕਾਰ ਅਤੇ ਨਾਵਲਕਾਰ ਵਜੋਂ ਵੱਡੀ ਪ੍ਰਸਿੱਧੀ ਖੱਟੀ। ‘ਬੀਵੇਅਰ ਆਫ ਦਾ ਪਿਟੀ’ ਉਸਦਾ ਸਭ ਤੋਂ ਪ੍ਰਸਿੱਧ ਨਾਵਲ ਹੈ। ਜ਼ਵਾਇਗ ਵਿਆਨਾ ਦੇ ਅਮੀਰ ਯਹੂਦੀ ਪਰਿਵਾਰ ਵਿੱਚ 28 ਨਵੰਬਰ, 1881 ਨੂੰ ਜਨਮਿਆ। ਉਸਦੀ ਪੜ੍ਹਾਈ ਅਤੇ ਪਾਲਣ ਪੋਸ਼ਣ ਆਸਟਰੀਆ, ਫਰਾਂਸ ਅਤੇ ਜਰਮਨੀ ਵਿੱਚ ਹੋਇਆ। ਜ਼ਵਾਇਗ ਨੇ 1920 ਦੇ ਆਲੇ-ਦੁਆਲੇ ਹੀ ਨਾਜ਼ੀ ਉਭਾਰ ਦੇ ਖ਼ਤਰਿਆਂ ਨੂੰ ਮਹਿਸੂਸਣਾ ਸ਼ੁਰੂ ਕਰ ਦਿੱਤਾ ਸੀ। ਦੂਜਾ ਵਿਸ਼ਵ ਯੁੱਧ ਆਰੰਭ ਹੁੰਦਿਆਂ ਹੀ ਯੂਰਪ ਅੰਦਰ ਯਹੂਦੀ ਵਿਰੋਧੀ ਭਾਵਨਾਵਾਂ ਤੀਬਰ ਰੂਪ ਅਖਤਿਆਰ ਕਰ ਗਈਆਂ ਅਤੇ ਇਸ ਨੇ ਜ਼ਵਾਇਗ ਦਾ ਸਾਰਾ ਜੀਵਨ ਨਿਰਾਸ਼ਾ, ਜਲਾਵਤਨੀ ਅਤੇ ਖਿੰਡਾਓ ਨਾਲ ਭਰ ਦਿੱਤਾ। ਉਸਦੇ ਸਮਕਾਲੀ ਵਿਦਵਾਨ ਆਸ ਕਰਦੇ ਸਨ ਕਿ ਉਹ ਨਾਜ਼ੀਆਂ ਵਿਰੁੱਧ ਯਹੂਦੀ ਅਵਾਜ਼ ਦਾ ਪ੍ਰਤੀਕ ਬਣ ਕੇ ਉਭਰੇਗਾ ਪਰ ਉਹ ਬੇਹੱਦ ਇਕੱਲੇਪਣ ਦਾ ਸ਼ਿਕਾਰ ਹੋ ਗਿਆ। ਉਸਦੇ ਇਸ ਇਕੱਲੇਪਣ ਨੂੰ ਉਸਦੇ ਦੋਸਤਾਂ ਨੇ ਬੁਜ਼ਦਿਲੀ ਮੰਨਿਆ। ਉਹ ਤਮਾਮ ਉਮਰ ਸੁੱਖ ਸ਼ਾਂਤੀ ਲਈ ਦਰ ਬਦਰ ਭਟਕਦਾ ਰਿਹਾ ਪਰ ਬੇਵਜ੍ਹਾ ਅਕੇਵਾਂ ਅਤੇ ਉਦਾਸੀ ਉਸਦਾ ਪਿੱਛਾ ਨਾ ਛੱਡਦੀ। ਇਸ ਪ੍ਰਕਾਰ ਦੀ ਭਟਕਣ, ਨਿਰਾਸ਼ਾ, ਡੂੰਘੀ ਉਦਾਸੀ, ਖਾਨਾਬਦੋਸ਼ੀ ਦੇ ਸੰਕਟ ਵਿੱਚ ਉਸਨੇ 22 ਫਰਵਰੀ 1942 ਨੂੰ ਆਪਣੀ ਪਤਨੀ ਲੌਟੇ ਸਮੇਤ ਬ੍ਰਾਜ਼ੀਲ ਦੇ ਰਿਓ-ਡੀ-ਜਨੇਰਿਓ ਵਿੱਚ ਓਵਰਡੋਜ਼ ਨਾਲ ਆਤਮ ਹੱਤਿਆ ਕਰ ਲਈ। ‘ਦ ਵਰਲਡ ਆਫ਼ ਯੈੱਸਟਰਡੇ’ (1943) ਉਸਦੀ ਸਵੈਜੀਵਨੀ ਹੈ ਜਿਸ ਅੰਦਰ ਵੀਹਵੀਂ ਸਦੀ ਦੇ ਦਵੰਦਮਈ ਸੰਕਟਾਂ ਕਾਰਨ ਮਨੁੱਖੀ ਤ੍ਰਾਸਦੀ ਦੀ ਪੇਸ਼ਕਾਰੀ ਮਿਲਦੀ ਹੈ।

ਵਰਜੀਨੀਆ ਵੁਲਫ਼

ਅੰਗਰੇਜ਼ੀ ਲੇਖਿਕਾ ਵਰਜੀਨੀਆ ਵੁਲਫ (1882-28 ਮਾਰਚ, 1941) ਬਿਰਤਾਂਤਕ ਜੁਗਤ ਵਜੋਂ ਚੇਤਨਾ ਪ੍ਰਵਾਹ ਸ਼ੈਲੀ ਦੀ ਵਰਤੋਂ ਦੀ ਪਹਿਲ ਕਰਨ ਵਾਲੀ ਮੰਨੀ ਜਾਂਦੀ ਹੈ। ‘A Room of One’s Own’ ਉਸਦੀ ਸੰਸਾਰ ਪ੍ਰਸਿੱਧ ਰਚਨਾ ਹੈ। ਉਸਦੀ ਮਾਂ ਜੂਲੀਆ ਜੈਕਸਨ ਦਾ ਜਨਮ ਅੰਗਰੇਜ਼ੀ ਰਾਜ ਸਮੇਂ ਭਾਰਤ ਦੇ ਸ਼ਹਿਰ ਕਲਕੱਤਾ ਵਿੱਚ ਹੋਇਆ ਸੀ। ਉਸਦਾ ਪਿਤਾ ਸਰ ਲੈਸਲੀ ਸਟੀਫਨ ਲੇਖਕ, ਇਤਿਹਾਸਕਾਰ, ਜੀਵਨੀਕਾਰ ਆਦਿ ਕਈ ਪ੍ਰਤਿਭਾਵਾਂ ਦਾ ਧਾਰਨੀ ਸੀ। ਆਪਣੇ ਆਖਰੀ ਨਾਵਲ ‘Between the Acts’ਦਾ ਖਰੜਾ ਪੂਰਾ ਕਰਨ ਤੋਂ ਬਾਅਦ ਵੁਲਫ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ। 28 ਮਾਰਚ, 1941 ਨੂੰ ਉਸਨੇ ਆਪਣੇ ਕੋਟ ਦੀਆਂ ਜੇਬਾਂ ਕੰਕਰ ਪੱਥਰ ਨਾਲ ਭਰ ਲਈਆਂ ਅਤੇ ਆਪਣੇ ਘਰ ਨੇੜਲੀ ਨਦੀ ‘ਓਸ’ ਵਿੱਚ ਡੁੱਬ ਗਈ। ਉਸਦੀ ਮ੍ਰਿਤਕ ਦੇਹ 18 ਅਪ੍ਰੈਲ ਤੱਕ ਨਹੀਂ ਮਿਲੀ।

ਵਾਲਟਰ ਬੈਂਜਾਮਿਨ (1891-1940) ਨੇ ਆਰਥਿਕ ਕੰਗਾਲੀ ਤੋਂ ਰੂਹਾਨੀ ਬੇਗਾਨਗੀ ਤੱਕ ਦਾ ਸਫ਼ਰ ਤੈਅ ਕਰਦਿਆਂ ਜਰਮਨ ਸਾਹਿਤ ਦਾ ਮਹਾਨ ਸਮੀਖਿਅਕ ਬਣਨ ਦੀ ਰੀਝ ਪਾਲ ਰੱਖੀ ਸੀ। ਉਸਦਾ ਜਨਮ ਬਰਲਿਨ ਦੇ ਇਕ ਉੱਚ ਵਰਗੀ ਯਹੂਦੀ ਪਰਿਵਾਰ ਵਿੱਚ ਹੋਇਆ। ਉਸਨੂੰ ਪੱਤਰਕਾਰੀ ਵਿੱਚ ਵੱਡੀ ਮਾਨਤਾ ਮਿਲੀ। ਆਪਣੀ ਪਤਨੀ ਡੋਰਾ ਨਾਲੋਂ ਤਲਾਕ ਹੋ ਜਾਣ ਪਿੱਛੋਂ ਮਾਨਸਿਕ, ਪਰਿਵਾਰਕ, ਆਰਥਿਕ ਝਟਕਿਆਂ ਤੋਂ ਨਿਰਾਸ਼ ਹੋ ਕੇ ਉਸਨੇ ਜੁਲਾਈ 1932 ਦੌਰਾਨ ਆਤਮ ਹੱਤਿਆ ਕਰਨ ਦਾ ਮਨ ਬਣਾ ਲਿਆ ਸੀ। ਇਸ ਦੌਰਾਨ ਉਸਨੇ ਆਪਣੀ ਵਸੀਅਤ ਵੀ ਲਿਖ ਦਿੱਤੀ ਜਿਸ ਵਿੱਚ ਉਸਨੇ ਸਕੋਲਮ ਨੂੰ ਆਪਣੀਆਂ ਰਚਨਾਵਾਂ ਦਾ ਅਧਿਕਾਰ ਦਿੱਤਾ ਸੀ। ਮਾਂ-ਬਾਪ ਦਾ ਚਲਾਣਾ ਅਤੇ ਪਰਿਵਾਰਕ ਪੂੰਜੀ ਦੇ ਤਲਾਕ ਦੇ ਹਰਜ਼ਾਨੇ ਵਿੱਚ ਰੁੜ੍ਹ ਜਾਣ ਨੇ ਉਸਨੂੰ ਤੋੜ ਦਿੱਤਾ ਸੀ ਪਰ ਮਹਾਨ ਸਮੀਖਿਅਕ ਬਣਨ ਦੀ ਤਮੰਨਾ ਨੇ ਉਸਨੂੰ ਬਚਾ ਲਿਆ। ਤਲਾਕ ਦੇ ਕੇਸ ਦੌਰਾਨ ਉਸਨੂੰ ਡੋਰਾ ਦੇ ਪਹੁੰਚ ਵਾਲੇ ਪਰਿਵਾਰ ਦੀ ਸ਼ਹਿ ਪ੍ਰਾਪਤ ਬਹੁਤ ਸਾਰੇ ਬੇਬੁਨਿਆਦ ਇਲਜ਼ਾਮਾਂ ਦਾ ਵੀ ਸਾਹਮਣਾ ਕਰਨਾ ਪਿਆ ਜਿਸ ਨਾਲ ਉਸਦੀ ਭੰਡੀ ਹੋਈ। ਇਸ ਦੌਰਾਨ ਬਰਤੋਲਤ ਬਰੈਖਤ ਨਾਲ ਉਸਦੀ ਦੋਸਤੀ ਗੂੜ੍ਹੀ ਹੁੰਦੀ ਗਈ ਅਤੇ ਉਹਨਾਂ ਇੱਕ ਪਰਚਾ ‘Crisis and Critic’ (ਸੰਕਟ ਅਤੇ ਸਮੀਖਿਆ) ਕੱਢਣ ਦੀਆਂ ਵੀ ਸਲਾਹਾਂ ਬਣਾਈਆਂ।

ਜਰਮਨੀ ਵਿੱਚ ਨਾਜ਼ੀ ਚੜ੍ਹਤ ਹੋਣ ਕਾਰਨ ਉਸਨੂੰ ਮਾਨਸਿਕ ਖ਼ਤਰੇ ਮਹਿਸੂਸ ਹੋਣ ਲੱਗ ਪਏ ਅਤੇ ਉਸਨੇ ਆਪ ਸਹੇੜੀ ਜਲਾਵਤਨੀ ਤਹਿਤ ਅਗਲੇ ਦਸ ਸਾਲ ਪੈਰਿਸ ਵਿੱਚ ਬਿਤਾਏ। ਜਦੋਂ ਫਰਾਂਸ ਅੰਦਰ ਵੀ ਨਾਜ਼ੀਆਂ ਨੇ ਕਬਜ਼ਾ ਕਰਕੇ ਆਪਣੀ ਸਮਰਥਕ ਸਰਕਾਰ ਕਾਇਮ ਕਰ ਲਈ ਤਾਂ ਬੈਂਜਾਮਿਨ ਨੂੰ ਕੈਦ ਕਰ ਲਿਆ ਗਿਆ। ਕਈ ਮਹੀਨਿਆਂ ਦੀ ਕੈਦ ਤੋਂ ਉਸਦੀ ਮੁਕਤੀ ਫਰਾਂਸ ਦੇ ਪਾਲ ਵੇਲਰੀ ਵਰਗੇ ਪ੍ਰਸਿੱਧ ਲੇਖਕਾਂ ਦੀ ਮਦਦ ਕਾਰਨ ਹੋ ਗਈ ਪਰ ਉਸਨੂੰ ਪਤਾ ਸੀ ਕਿ ਉਸਨੂੰ ਕਦੇ ਵੀ ਦੁਬਾਰਾ ਕੈਦ ਕਰਕੇ ਜਰਮਨ ਲਿਜਾ ਕੇ ਯਹੂਦੀ ਹੋਣ ਦੇ ਦੋਸ਼ ਵਿੱਚ ਕਤਲ ਜਾਂ ਕੈਦ ਕੀਤਾ ਜਾ ਸਕਦਾ ਹੈ।

ਇਸ ਹੋਣੀ ਤੋਂ ਬਚਣ ਖਾਤਰ ਉਸਨੇ ਫਰਾਂਸ ਛੱਡ ਦੇਣ ਦਾ ਫੈਸਲਾ ਕੀਤਾ। ਹੌਰਕਹਾਈਮਰ ਨੇ ਉਸ ਲਈ ਅਮਰੀਕਾ ਅੰਦਰ ਦਾਖਲ ਹੋਣ ਦੀ ਰਾਹਦਾਰੀ ਦਾ ਪ੍ਰਬੰਧ ਕਰਵਾ ਦਿੱਤਾ। ਪੈਰਿਸ ਵਿੱਚ ਆਪਣੇ ਮਿੱਤਰ ਜੌਰਜਸ ਬਾਤੇਲੈ ਨੂੰ ਆਪਣੇ ਜ਼ਰੂਰੀ ਕਾਗਜ਼ਾਂ ਸਮੇਤ ਹਜ਼ਾਰ ਸਫ਼ਿਆਂ ਦੀ ਹੱਥ ਲਿਖਤ ਸੌਂਪ ਕੇ ਬੈਂਜਾਮਿਨ ਨਾਜ਼ੀ ਕਬਜ਼ੇ ਵਾਲੇ ਖੇਤਰ ਤੋਂ ਆਜ਼ਾਦ ਦੱਖਣੀ ਫਰਾਂਸ ਦੇ ਲੂਰਡਸ ਸ਼ਹਿਰ ਪਹੁੰਚਿਆ। ਇਸ ਸਮੇਂ ਤੱਕ ਉਹ ਕਈ ਗੰਭੀਰ ਬਿਮਾਰੀਆਂ ਵੀ ਸਹੇੜ ਚੁੱਕਿਆ ਸੀ ਜਿਸ ਕਾਰਨ ਉਹ ਉਮਰੋਂ ਪਹਿਲਾਂ ਹੀ ਬਜ਼ੁਰਗ ਦਿਸਣ ਲੱਗ ਪਿਆ ਸੀ। ਬਿਮਾਰੀਆਂ, ਜਲਾਵਤਨੀ ਅਤੇ ਆਰਥਿਕ ਮੰਦਹਾਲੀ ਕਾਰਨ ਉਹ ਏਨਾ ਕਮਜ਼ੋਰ ਹੋ ਗਿਆ ਸੀ ਕਿ ਲਗਾਤਾਰ ਵੀਹ-ਪੱਚੀ ਕਦਮਾਂ ਤੋਂ ਵੱਧ ਤੁਰ ਵੀ ਨਹੀਂ ਸੀ ਸਕਦਾ। 25ਸਤੰਬਰ,1940 ਨੂੰ ਉਹ ਸਪੇਨ ਜਾਣ ਲਈ 2 ਔਰਤਾਂ ਅਤੇ ਇੱਕ ਬੱਚੇ ਸਮੇਤ ਤੁਰਿਆ। ਉਸ ਕੋਲ ਚਮੜੇ ਦਾ ਇੱਕ ਥੈਲਾ ਸੀ ਜਿਸ ਅੰਦਰ ਉਹ ਆਪਣੀ ਜਾਨ ਤੋਂ ਪਿਆਰੀ ਤੇ ਮਹਿੰਗੀ ਚੀਜ਼ ਲਿਜਾ ਰਿਹਾ ਸੀ। ਸਪੇਨ ਦੀ ਸਰਹੱਦ ਉਪਰ ਉਨ੍ਹਾਂ ਨੂੰ ਰੋਕ ਲਿਆ ਗਿਆ ਕਿਉਂਕਿ ਉਹਨਾਂ ਕੋਲ ਅਮਰੀਕਾ ਦੀ ਰਾਹਦਾਰੀ ਤਾਂ ਸੀ ਪਰ ਫਰਾਂਸ ਛੱਡ ਜਾਣ ਦਾ ਪਰਵਾਨਾ ਨਹੀਂ ਸੀ। ਉਥੇ ਉਹਨਾਂ ਨੂੰ ਇੱਕ ਹੋਟਲ ਵਿੱਚ ਠਹਿਰਾਇਆ ਗਿਆ। ਇਥੇ ਬੈਂਜਾਮਿਨ ਅੰਦਰ ਨਿਰਾਸ਼ਾ ਘਰ ਕਰ ਗਈ ਕਿ ਪੈਰਿਸ ਵਾਪਸ ਮੁੜਦਿਆਂ ਹੀ ਉਸਨੂੰ ਨਾਜ਼ੀਆਂ ਹਵਾਲੇ ਕਰ ਦਿੱਤਾ ਜਾਵੇਗਾ ਜੋ ਉਸਨੂੰ ਮਾਰ ਦੇਣਗੇ। ਨਾਜ਼ੀਆਂ ਹੱਥੋਂ ਮਰਨ ਨਾਲੋਂ ਉਸਨੂੰ ਆਤਮ ਹੱਤਿਆ ਕਰਨੀ ਚੰਗੀ ਲੱਗੀ। ਅੱਧੀ ਰਾਤ ਸਮੇਂ ਉਸਨੇ ਮਾਰਫੀਨ ਦੀਆਂ ਗੋਲੀਆਂ ਦਾ ਫੱਕਾ ਮਾਰ ਲਿਆ ਅਤੇ ਸਵੇਰ ਤੱਕ ਸਾਹ ਤਿਆਗ ਦਿੱਤੇ। ਉਸਦੀ ਖ਼ੁਦਕੁਸ਼ੀ ਨੇ ਸਰਹੱਦੀ ਸਪੇਨੀ ਸ਼ਹਿਰ ਦੇ ਅਧਿਕਾਰੀਆਂ ਨੂੰ ਏਨਾ ਡੂੰਘਾ ਸਦਮਾ ਪਹੁੰਚਾਇਆ ਕਿ ਉਨ੍ਹਾਂ ਬਾਕੀ ਬਚੀਆਂ ਦੋਵਾਂ ਔਰਤਾਂ ਅਤੇ ਛੋਟੇ ਮੁੰਡੇ ਨੂੰ ਬਿਨਾਂ ਪਰਵਾਨੇ ਹੀ ਅੱਗੇ ਜਾਣ ਦੀ ਆਗਿਆ ਦੇ ਦਿੱਤੀ। ਇਹਨਾਂ ਔਰਤਾਂ ਨੇ ਹੀ ਉਸਨੂੰ ਉਥੇ ਕਿਸੇ ਅਣਜਾਣ ਕਬਰ ਵਿੱਚ ਦਫ਼ਨਾ ਦਿੱਤਾ ਜਿਸਦੀ ਨਿਸ਼ਾਨਦੇਹੀ ਉਸਦੇ ਪ੍ਰਸਿੱਧ ਹੋਣ ਮਗਰੋਂ ਕਰ ਕੇ ਇੱਕ ਸ਼ਾਨਦਾਰ ਯਾਦਗਾਰ ਉਸਾਰ ਦਿੱਤੀ ਗਈ ਹੈ। ਬਰੈਖਤ ਨੇ ਆਪਣੇ ਇਸ ਦੋਸਤ ਦੀ ਯਾਦ ਵਿੱਚ 4 ਕਵਿਤਾਵਾਂ ਲਿਖੀਆਂ।

ਮਾਰੀਨਾ ਸਵੇਤਲਾਨਾ

ਰੂਸੀ ਕਵਿੱਤਰੀ ਮਾਰੀਨਾ ਇਵਾਨੋਵਨਾ ਸਵੇਤਲਾਨਾ (1892-31 ਅਗਸਤ, 1941) ਨੇ ਪਰਿਵਾਰ ਸਮੇਤ ਲੰਮਾ ਸਮਾਂ ਯੂਰਪੀ ਦੇਸਾਂ ਅੰਦਰ ਜਲਾਵਤਨੀ ਭੋਗੀ। ਉਸਦਾ ਪਤੀ ਸਰਗੇਈ ਐਫਰੋਨ (1893-11 ਸਤੰਬਰ 1941) ਵੀ ਕਵੀ ਸੀ ਅਤੇ ਬਾਲਸ਼ਵਿਕ ਵਿਰੋਧੀ ‘ਵਾਈਟ ਆਰਮੀ’ ਅਫ਼ਸਰ ਸੀ। ਜਲਾਵਤਨੀ ਦੌਰਾਨ ਉਸਨੂੰ ਸੋਵੀਅਤ ਖ਼ੁਫ਼ੀਆ ਵਿਭਾਗ ਨੇ ਆਪਣਾ ਜਾਸੂਸ ਬਣਾ ਲਿਆ ਸੀ ਅਤੇ ਉਸਨੇ ਖ਼ੁਫ਼ੀਆ ਵਿਭਾਗ ਲਈ ਕਈ ਕਤਲ ਵੀ ਕੀਤੇ। ਸਮਝੌਤੇ ਤਹਿਤ ਉਹ ਰੂਸ ਪਰਤਿਆ ਪਰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ 31 ਅਗਸਤ, 1941 ਨੂੰ ਕਤਲ ਕਰ ਦਿੱਤਾ ਗਿਆ। ਆਪਣੇ ਪਤੀ ਦੇ ਸੋਵੀਅਤ ਜਾਸੂਸ ਹੋਣ ਤੋਂ ਮਾਰੀਨਾ ਸ਼ਾਇਦ ਅਣਜਾਣ ਹੀ ਸੀ ਪਰ ਉਸਦੀ ਬੇਟੀ ਆਲੀਆ ਦਾ ਮੰਗੇਤਰ ਵੀ ਜਾਸੂਸ ਸੀ। ਤਸ਼ੱਦਦ ਦੌਰਾਨ ਐਫਰੋਨ ਨੂੰ ਮਾਰੀਨਾ ਖ਼ਿਲਾਫ਼ ਬਿਆਨ ਦੇਣ ਲਈ ਦਬਾਅ ਪਾਇਆ ਗਿਆ ਪਰ ਉਸਨੇ ਕਿਸੇ ਵਿਰੁੱਧ ਵੀ ਬਿਆਨ ਨਹੀਂ ਦਿੱਤਾ ਪਰ ਉਸਦੀ ਬੇਟੀ ਆਲੀਆ ਨੇ ਕੁੱਟਮਾਰ ਕਾਰਨ ਕਬੂਲ ਕਰ ਲਿਆ ਕਿ ਉਸਦਾ ਪਿਤਾ ਟ੍ਰਾਸਕੀਵਾਦੀ ਜਾਸੂਸ ਸੀ, ਜਿਸ ਕਾਰਨ ਐਫਰੋਨ ਦਾ ਸੋਵੀਅਤ ਏਜੰਸੀ ਵੱਲੋਂ ਕਤਲ ਕਰ ਦਿੱਤਾ ਗਿਆ।

ਮਾਰੀਨਾ ਦੀ ਨਾਵਲਕਾਰ ਬੋਰਿਸ ਪਾਸਤਰਨਾਕ ਅਤੇ ਜਰਮਨ ਕਵੀ ਰਿਲਕੇ ਨਾਲ ਬਹੁਤ ਗੂੜ੍ਹੀ ਦੋਸਤੀ ਰਹੀ। ਉਸਨੇ ਆਪਣੇ ਹਾਲਾਤਾਂ ਤੋਂ ਤੰਗ ਹੋ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਉਸਨੇ ਆਪਣੇ ਬੇਟੇ, ਆਪਣੇ ਵਾਕਿਫਾਂ ਅਤੇ ਲੇਖਕ ਅਸੇਯੇਵ ਨੂੰ 3 ਖ਼ਤ ਲਿਖੇ। ਉਸਦੀ ਬੇਟੀ ਅਰੀਆਡਾਨਾ (ਆਲੀਆ) 8 ਸਾਲ ਸੋਵੀਅਤ ਕੈਦ ਵਿੱਚ ਰਹੀ। ਉਸਦਾ ਬੇਟਾ ਜੌਰਜੀ (ਮੂਰ) ਮਾਂ ਦੀ ਮੌਤ ਤੋਂ ਬਾਅਦ ਰੂਸੀ ਫੌਜ ਵਿੱਚ ਵਲੰਟੀਅਰ ਭਰਤੀ ਹੋ ਗਿਆ ਸੀ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ 1944 ਵਿੱਚ 19 ਸਾਲ ਦੀ ਉਮਰ ਵਿੱਚ ਮਾਰਿਆ ਗਿਆ।

ਰੂਸੀ ਕਵੀ ਵਲਾਦੀਮੀਰ ਮਾਇਕੋਵਸਕੀ

ਰੂਸੀ ਕਵੀ ਵਲਾਦੀਮੀਰ ਮਾਇਆ ਕੋਵਸਕੀ (1893-14 ਅਪ੍ਰੈਲ, 1930) 1910 ਵਿੱਚ ਉਭਰੀ ਰੂਸੀ ਕਵਿਤਾ ਦੀ ਭਵਿੱਖਵਾਦੀ ਲਹਿਰ ਦਾ ਮੋਢੀ ਹਸਤਾਖਰ ਸੀ। ਉਸਦੇ ਸੋਵੀਅਤ ਸੱਤਾ ਪ੍ਰਬੰਧ ਨਾਲ ਰਿਸ਼ਤੇ ਹਮੇਸ਼ਾ, ਇਥੋਂ ਤੱਕ ਕਿ ਮਰਨੋਂ ਬਾਅਦ ਵੀ ਗੁੰਝਲਦਾਰ ਰਹੇ। ਭਾਵੇਂ ਕਿ ਉਸਦੀਆਂ ਰਚਨਾਵਾਂ ਅੰਦਰ ਬਾਲਸ਼ਵਿਕਾਂ ਲਈ ਸਿਧਾਂਤਕ ਹਮਾਇਤ ਅਤੇ ਵਲਾਦੀਮੀਰ ਲੈਨਿਨ ਲਈ ਤਕੜੀ ਪ੍ਰਸੰਸਾ ਦਿਸਦੀ ਹੈ ਪਰ ਉਹ ਸਮਾਜਵਾਦੀ ਯਥਾਰਥ ਦੇ ਰਾਜਕੀ ਸਿਧਾਂਤ ਦੇ ਵਿਕਾਸ ਅਤੇ ਸੋਵੀਅਤ ਰਾਜ ਦੇ ਸੱਭਿਆਚਾਰਕ ਦਖਲ ਦੇ ਵਿਰੋਧ ਵਿੱਚ ਆ ਖੜਾ ਹੁੰਦਾ ਸੀ। 12 ਅਪ੍ਰੈਲ ਨੂੰ ਉਸਨੇ ਇਕ ਵਿਚਾਰ ਚਰਚਾ ਵਿੱਚ ਭਾਗ ਲਿਆ ਅਤੇ 14 ਅਪ੍ਰੈਲ ਨੂੰ ਉਸਨੇ ਆਪਣੇ ਘਰ ਅੰਦਰ ਹੀ ਆਪਣੇ ਦਿਲ ਵਿੱਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਸਦਾ ਹੱਥਲਿਖਤ ਖ਼ੁਦਕੁਸ਼ੀ ਨੋਟ ਉਸ ਕੋਲੋਂ ਮਿਲਿਆ ਜਿਸ ਵਿੱਚ ਲਿਖਿਆ ਸੀ: “ਤੁਹਾਨੂੰ ਸਾਰਿਆਂ ਨੂੰ, ਮੈਂ ਮਰ ਰਿਹਾ ਹਾਂ, ਪਰ ਕਿਸੇ ਨੂੰ ਦੋਸ਼ ਨਾ ਦੇਣਾ, ਅਤੇ ਕਿਰਪਾ ਕਰਕੇ ਤੁੱਕੇ ਨਾ ਲਾਉਣਾ। ……… ਇਹ ਚੰਗਾ ਤਰੀਕਾ ਨਹੀਂ (ਮੈਂ ਕਿਸੇ ਨੂੰ ਵੀ ਇਸਦੀ ਸਲਾਹ ਨਹੀਂ ਦਿਆਂਗਾ) ਪਰ ਮੇਰੇ ਕੋਲ ਹੋਰ ਕੋਈ ਰਾਹ ਨਹੀਂ ਸੀ।” ਖ਼ੁਦਕੁਸ਼ੀ ਨੋਟ ਵਿੱਚ ਦਰਜ ਉਸਦੀ ਆਖਰੀ ਅਧੂਰੀ ਕਵਿਤਾ ਦੀਆਂ ਆਖਰੀ ਤੁਕਾਂ ਸਨ: “ਰੋਜ਼ਾਨਾ ਜੀਵਨ ਦੀਆਂ ਚਟਾਨਾਂ ਨਾਲ ਵੱਜ ਕੇ ਮੁਹੱਬਤ ਦੀ ਬੇੜੀ ਚਕਨਾਚੂਰ ਹੋ ਗਈ।” ਉਸਦੀਆਂ ਅੰਤਿਮ ਰਸਮਾਂ ਵਿੱਚ ਡੇਢ ਲੱਖ ਲੋਕ ਸ਼ਾਮਿਲ ਹੋਏ।

ਰੂਸੀ ਕਵੀ ਸਰਗੇਈ ਏਸੇਨਿਨ (1895-28 ਦਸੰਬਰ, 1925) ‘ਇਮੇਜ਼ਨਿਸਟਸ’ਨਾਮ ਦੇ ਰੂਸੀ ਕਵੀਆਂ ਦੇ ਗਰੁੱਪ ਦਾ ਮੁਖੀ ਸੀ। ਉਹ ਸੰਸਾਰ ਪ੍ਰਸਿੱਧ ਅਮਰੀਕੀ ਨਰਤਕੀ ਈਜ਼ਾਡੋਰਾ ਡੰਕਨ ਦਾ ਆਖਰੀ ਪ੍ਰੇਮੀ ਸੀ। ਏਸੇਨਿਨ ਸਿਰਫ਼ 26 ਸਾਲ ਦਾ ਸੀ ਜਦੋਂ ਉਸਨੂੰ ਮਾਸਕੋ ਆਈ 41 ਵਰ੍ਹਿਆਂ ਦੀ ਈਜ਼ਾਡੋਰਾ ਨਾਲ ਇਸ਼ਕ ਹੋਇਆ। ਉਦੋਂ ਈਜ਼ਾਡੋਰਾ ਦੇ ਚਿਹਰੇ ’ਤੇ ਉਮਰ ਨਜ਼ਰ ਆਉਣ ਲੱਗੀ ਸੀ ਅਤੇ ਉਸਦੀ ਦੇਹ ਭਾਰੀ ਹੋ ਗਈ ਸੀ। ਏਸੇਨਿਨ ਵੀ ਇਸ ਤੋਂ ਪਹਿਲਾਂ 2 ਵਿਆਹ ਅਤੇ ਕਈ ਇਸ਼ਕ ਕਰ ਚੁੱਕਿਆ ਸੀ ਅਤੇ ਉਸਦੇ ਬੱਚੇ ਵੀ ਸਨ। ਉਹ ਕਿਸਾਨ ਪਰਿਵਾਰ ਨਾਲ ਸਬੰਧਤ ਸੀ ਅਤੇ ਉਸਦੀ ਮਾਨਸਿਕਤਾ ਉਲਝੀ ਹੋਈ ਸੀ। ਈਜ਼ਾਡੋਰਾ ਨੂੰ ਉਸ ਵਿੱਚ ਪ੍ਰੇਮੀ ਹੀ ਨਹੀ ਸਗੋਂ ਆਪਣਾ ਮ੍ਰਿਤਕ ਪੁੱਤਰ ਵੀ ਨਜ਼ਰ ਆਇਆ। ਰਿਚਰਡ ਆਸਟਿਨ ਅਨੁਸਾਰ ‘ਏਸੇਨਿਨ ਜਿੰਨਾ ਪ੍ਰਤਿਭਾਵਾਨ ਸੀ, ਓਨਾ ਹੀ ਜੁਗਾੜੀ ਅਤੇ ਚਲਾਕ ਵੀ ਸੀ।’ ਉਹ ਭਾਵੇਂ ਈਜ਼ਾਡੋਰਾ ਨੂੰ ਪਿਆਰ ਕਰਦਾ ਸੀ ਪਰ ਫਿਰ ਵੀ ਬਹੁਤ ਸਾਰੇ ਸਮਕਾਲੀ ਲੇਖਕ-ਆਲੋਚਕ ਮੰਨਦੇ ਹਨ ਕਿ ਏਸੇਨਿਨ ਨੂੰ ਈਜ਼ਾਡੋਰਾ ਡੰਕਨ ਨਾਲ ਨਹੀਂ ਸਗੋਂ ਉਸਦੀ ਸੰਸਾਰ ਪੱਧਰੀ ਪ੍ਰਸਿੱਧੀ ਨਾਲ ਪਿਆਰ ਸੀ।

ਏਸੇਨਿਨ ਦੇ ਦੋਸਤ ਕਵੀਆਂ ਨੇ ਦੋਵਾਂ ਦੇ ਸਬੰਧ ਤੁੜਵਾਉਣ ਲਈ ਬਹੁਤ ਵਾਹ ਲਾਈ ਪਰ ਉਹ ਈਜ਼ਾਡੋਰਾ ਬਿਨਾਂ ਨਹੀਂ ਰਹਿ ਸਕਦਾ ਸੀ। ਉਹ ਬਹੁਤ ਜਿਆਦਾ ਸ਼ਰਾਬ ਪੀਣ ਲੱਗਿਆ ਅਤੇ ਅਕਸਰ ਈਜ਼ਾਡੋਰਾ ਨਾਲ ਦੁਰਵਿਹਾਰ ਕਰਦਾ ਪਰ ਉਹ ਇੱਕ ਮਾਂ ਵਾਂਗ ਉਸਨੂੰ ਹਮੇਸ਼ਾ ਮੁਆਫ਼ ਕਰ ਦਿੰਦੀ। 2 ਮਈ,1922 ਨੂੰ ਮਾਸਕੋ ਵਿੱਚ ਦੋਵਾਂ ਨੇ ਅਧਿਕਾਰਕ ਤੌਰ ’ਤੇ ਵਿਆਹ ਕਰਵਾ ਲਿਆ ਅਤੇ ਅੱਧ ਅਗਸਤ, 1923 ਤੱਕ ਕਿਸੇ ਨਾ ਕਿਸੇ ਤਰ੍ਹਾਂ ਇਕੱਠੇ ਰਹੇ। ਉਨ੍ਹਾਂ ਦੇ ਅਧਿਕਾਰਕ ਤਲਾਕ ਲੈਣ ਜਾਂ ਨਾ ਲੈਣ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਮਿਲਦੀ।

ਇਸ ਤੋਂ ਬਾਅਦ ਉਸਦੀ ਸ਼ਰਾਬ ਦੀ ਆਦਤ ਸਭ ਹੱਦਾਂ ਬੰਨੇ ਟੱਪਦੀ ਗਈ। ਉਸਨੂੰ ਕਈ ਵਾਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ। ਉਦੋਂ ਹੀ ਯੇਸੇਨਿਨ ਅਤੇ ਉਸਦੇ 3 ਗੂੜ੍ਹੇ ਦੋਸਤਾਂ ਉਪਰ ਯਹੂਦੀ ਵਿਰੋਧੀ ਹੋਣ ਦੇ ਇਲਜ਼ਾਮ ਵੀ ਲੱਗੇ। 1924 ਦੇ ਪਹਿਲੇ 4 ਮਹੀਨਿਆਂ ਵਿੱਚ ਉਸਦੀ 4 ਵਾਰ ਪੁੱਛਗਿੱਛ ਹੋਈ। 1925 ਦੇ ਆਰੰਭ ਵਿੱਚ ਉਸਨੇ ਪ੍ਰਸਿੱਧ ਨਾਵਲਕਾਰ ਲਿਓ ਟਾਲਸਟਾਏ ਦੀ ਪੋਤਰੀ ਸੋਫੀਆ ਐਂਡਰੀਯੇਵਨਾ ਟਾਲਸਟਾਇਆ ਨਾਲ ਵਿਆਹ ਕਰਵਾਇਆ।

28 ਦਸੰਬਰ, 1925 ਨੂੰ ਉਸਦੀ ਲਾਸ਼ ਲੈਨਿਨਗਰਾਦ ਦੇ ਇੱਕ ਹੋਟਲ ਦੇ ਕਮਰੇ ਵਿੱਚ ਮਿਲੀ ਜਿਥੇ ਉਸਨੇ ਡਿਪਰੈਸ਼ਨ ਕਾਰਨ ਫਾਹਾ ਲੈ ਲਿਆ ਸੀ। ਕਈ ਸਰੋਤ ਉਸਦੀ ਮੌਤ ਨੂੰ ਗੈਰ ਕੁਦਰਤੀ ਕਰਾਰ ਦਿੰਦੇ ਹੋਏ ਇਹ ਰੂਸੀ ਖ਼ੁਫ਼ੀਆ ਪੁਲਿਸ ਵੱਲੋਂ ਕੀਤਾ ਗਿਆ ਕਤਲ ਮੰਨਦੇ ਹਨ। ਮਰਨ ਤੋਂ ਇੱਕ ਦਿਨ ਪਹਿਲਾਂ ਉਸਨੇ ਆਪਣੀ ਆਖਰੀ ਕਵਿਤਾ ‘Goodbye My Friend, Goodbye’ (ਕਿਹਾ ਜਾਂਦਾ ਹੈ ਆਪਣੇ ਖ਼ੂਨ ਨਾਲ) ਲਿਖੀ। ਉਸਦੀ ਮੌਤ ਦੇ ਸੋਗ ਵਿੱਚ ਰੂਸੀ ਕਵੀ ਮਾਇਆਕੋਵਸਕੀ ਨੇ ਕਵਿਤਾ ‘To Sargei Yesenin’ ਲਿਖੀ।

ਏਸੇਨਿਨ ਦੀ ਖ਼ੁਦਕੁਸ਼ੀ ਨੇ ਉਸਨੂੰ ਚਾਹੁਣ ਵਾਲੀਆਂ ਬਹੁਤ ਸਾਰੀਆਂ ਔਰਤਾਂ ਨੂੰ ਵੀ ਉਸਦੀ ਰੀਸ ਵਜੋਂ ਖ਼ੁਦਕੁਸ਼ੀ ਕਰਨ ਲਈ ਪ੍ਰੇਰਿਆ। ਮਿਸਾਲ ਵਜੋਂ ਉਸਦੀ ਸਾਬਕਾ ਪ੍ਰੇਮਿਕਾ ਗਾਲਿਨਾ ਬੇਨੀਸਲਾਵਸਕਾਯਾ ਨੇ ਉਸਦੀ ਕਬਰ ਕੋਲ ਦਸੰਬਰ 1926 ਵਿੱਚ ਖ਼ੁਦਕੁਸ਼ੀ ਕਰ ਲਈ।

ਅਰਨੈਸਟ ਹੈਮਿੰਗਵੇ

ਅਮਰੀਕੀ ਗਲਪ ਲੇਖਕ ਅਰਨੈਸਟ ਹੈਮਿੰਗਵੇ (1899-2 ਜੁਲਾਈ, 1961) ਨੇ 7 ਨਾਵਲ ਅਤੇ 6 ਕਹਾਣੀ ਸੰਗ੍ਰਹਿ ਲਿਖੇ। ਉਸਦੇ ਨਾਵਲਾਂ ‘ਬੁੱਢਾ ਅਤੇ ਸਮੁੰਦਰ’, ‘ਕਿਸ ਲਈ ਮੌਤ ਦਾ ਸੱਦਾ ਹੈ?’, ‘ਹਥਿਆਰਾਂ ਨੂੰ ਵਿਦਾਇਗੀ’ਆਦਿ ਨੂੰ ਪੂਰੀ ਦੁਨੀਆ ਵਿੱਚ ਅੱਜ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 1954 ਵਿੱਚ ਉਸਨੂੰ ਸਾਹਿਤ ਦਾ ਵਕਾਰੀ ਸਨਮਾਨ ਨੋਬਲ ਪ੍ਰਾਈਜ਼ ਮਿਲਿਆ। ਆਪਣੀ ਸਰੀਰਕ ਦੁਰਬਲਤਾ ਤੋਂ ਪ੍ਰੇਸ਼ਾਨ ਹੋ ਕੇ ਉਸਨੇ ਆਪਣੇ ਘਰ ਵਿੱਚ ਹੀ ਡਬਲ ਬੈਰਲ ਬੰਦੂਕ ਨਾਲ ਖ਼ੁਦਕੁਸ਼ੀ ਕਰ ਲਈ। ਉਸਦਾ ਨਾਵਲ ‘ਬੁੱਢਾ ਅਤੇ ਸਮੁੰਦਰ’ ਇਸ ਥੀਮ ਦੁਆਲੇ ਉਸਰਿਆ ਹੋਇਆ ਹੈ ਕਿ ‘ਮਨੁੱਖ ਮਰ ਸਕਦਾ ਹੈ ਪਰ ਕਦੇ ਵੀ ਹਾਰ ਨਹੀਂ ਸਕਦਾ।’

ਅਮਰੀਕਨ ਕਵਿੱਤਰੀ ਅਤੇ ਨਾਵਲਕਾਰਾ ਸਿਲਵੀਆ ਪਲਾਥ (1932-11 ਫਰਵਰੀ, 1963) ਨੂੰ ਮਰਨ ਉਪਰੰਤ ਪੁਲਿਟਜ਼ਰ ਪੁਰਸਕਾਰ 1982 ਵਿੱਚ ਮਿਲਿਆ। ਜਰਮਨ ਮੂਲ ਦੇ ਪਿਤਾ ਅਤੇ ਅਸਟਰੀਅਨ ਮੂਲ ਦੀ ਮਾਤਾ ਦੇ ਘਰ ਬੋਸਟਨ (ਸੰਯੁਕਤ ਰਾਜ ਅਮਰੀਕਾ) ਵਿੱਚ ਜਨਮੀ ਸਿਲਵੀਆ ਨੇ ਕਵੀ ਟੈੱਡ ਹਿਊਗਜ਼ ਨਾਲ 1956 ਵਿੱਚ ਵਿਆਹ ਕਰਵਾਇਆ ਅਤੇ ਉਹ ਪਹਿਲਾਂ ਅਮਰੀਕਾ ਅਤੇ ਫਿਰ ਇੰਗਲੈਂਡ ਰਹਿੰਦੇ ਰਹੇ। ਇਕੱਠੇ ਰਹਿਣ ਦੇ ਬਾਵਜੂਦ ਉਹਨਾਂ ਦਾ ਰਿਸ਼ਤਾ ਗੁੰਝਲਦਾਰ ਸੀ ਅਤੇ ਆਪਣੀਆਂ ਚਿੱਠੀਆਂ ਵਿੱਚ ਸਿਲਵੀਆ ਪਤੀ ਵੱਲੋਂ ਕੀਤੇ ਜਾਂਦੇ ਦੁਰਵਿਹਾਰ ਦੇ ਦੋਸ਼ ਲਾਉਂਦੀ ਹੈ। 1962 ਵਿੱਚ ਅਲੱਗ ਹੋਣ ਤੋਂ ਪਹਿਲਾਂ ਉਹਨਾਂ ਦੇ 2 ਬੱਚੇ ਜਨਮ ਲੈਂਦੇ ਹਨ।

ਸਿਲਵੀਆ ਪਲਾਥ

ਸਿਲਵੀਆ ਆਪਣੀ ਬਾਲਗ ਉਮਰ ਦਾ ਲੰਮਾ ਹਿੱਸਾ ਕਲੀਨੀਕਲੀ ਡਿਪਰੈਸਡ ਰਹਿੰਦੀ ਹੈ ਅਤੇ ਕਈ ਵਾਰ ਉਸਨੂੰ ਬਿਜਲੀਆਂ ਲਗਾਈਆਂ ਜਾਂਦੀਆਂ ਹਨ। ਕਾਲਜ ਪੜ੍ਹਦੇ ਸਮੇਂ ਉਹ ਕਵੀ ਡੇਲਨ ਥੌਮਸ ਦੀ ਦੀਵਾਨੀ ਹੋ ਜਾਂਦੀ ਹੈ ਅਤੇ ਉਸਨੂੰ ਮਿਲਣ ਲਈ ਦੋ ਦਿਨ ਹੋਟਲ ਦੁਆਲੇ ਗੇੜੇ ਕੱਢਦੀ ਹੈ ਪਰ ਮਿਲ ਨਹੀਂ ਸਕਦੀ। ਕੁਝ ਹਫ਼ਤੇ ਬਾਅਦ ਉਹ ਆਪਣੀਆਂ ਲੱਤਾਂ ਨੂੰ ਜ਼ਖ਼ਮੀ ਕਰਦੀ ਹੈ ਤਾਂ ਜੋ ਦੇਖ ਸਕੇ ਕਿ ਉਸ ਕੋਲ ਖ਼ੁਦਕੁਸ਼ੀ ਕਰਨ ਦਾ ਹੌਂਸਲਾ ਹੈ ਜਾਂ ਨਹੀਂ। 24 ਅਗਸਤ, 1953 ਨੂੰ ਉਹ ਆਪਣੀ ਮਾਂ ਦੀਆਂ ਨੀਂਦ ਦੀਆਂ ਗੋਲੀਆਂ ਖਾ ਕੇ ਖ਼ੁਦਕੁਸ਼ੀ ਦੀ ਪਹਿਲੀ ਕੋਸ਼ਿਸ਼ ਕਰਦੀ ਹੈ।

ਜੂਨ 1962 ਵਿੱਚ ਉਹ ਆਪਣੀ ਕਾਰ ਨੂੰ ਇੱਕ ਨਦੀ ਵੱਲ ਤੋਰ ਦਿੰਦੀ ਹੈ ਜਿਸਨੂੰ ਉਹ ਖ਼ੁਦਕੁਸ਼ੀ ਦੇ ਇਕ ਹੋਰ ਯਤਨ ਵਜੋਂ ਹੀ ਕਬੂਲਦੀ ਹੈ। ਜੁਲਾਈ 1962 ਵਿੱਚ ਉਸਨੂੰ ਆਪਣੇ ਪਤੀ ਅਤੇ ਉਸਦੀ ਅਨੁਵਾਦਕ ਆਸੀਆ ਵੇਵਲ ਵਿੱਚ ਇਸ਼ਕ ਦੀ ਖ਼ਬਰ ਲੱਗ ਜਾਂਦੀ ਹੈ ਜਿਸ ਦੇ ਚਲਦਿਆਂ ਸਿਲਵੀਆ ਅਤੇ ਹਿਊਗਜ਼ ਵੱਖ ਹੋ ਜਾਂਦੇ ਹਨ। ਦਸੰਬਰ, 1962 ਵਿੱਚ ਉਹ ਬੱਚਿਆਂ ਸਮੇਤ ਲੰਡਨ ਪਰਤਦੀ ਹੈ। ਮਰਨੋਂ ਪਹਿਲਾਂ ਉਹ ਕਈ ਵਾਰ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕਰਦੀ ਹੈ।

ਜਨਵਰੀ 1963 ਤੱਕ ਉਸਦੀ ਡਿਪਰੈਸ਼ਨ ਸਭ ਹੱਦਾਂ ਲੰਘ ਜਾਂਦੀ ਹੈ ਪਰ ਉਹ ਆਪਣਾ ਕੰਮ ਜਾਰੀ ਰੱਖਦੀ ਹੈ। ਉਸਦਾ ਡਾਕਟਰ ਜੌਹਨ ਹੋਰਡਰ ਉਸਦਾ ਖ਼ਿਆਲ ਰੱਖਣ ਦੀ ਕੋਸ਼ਿਸ਼ ਕਰਦਾ ਹੈ ਅਤੇ ਉਸਨੂੰ ਹਸਪਤਾਲ ਦਾਖਲ ਹੋਣ ਲਈ ਮਨਾਉਣ ਵਿੱਚ ਅਸਫ਼ਲ ਰਹਿਣ ’ਤੇ ਇੱਕ ਨਰਸ ਦਾ ਪ੍ਰਬੰਧ ਕਰਦਾ ਹੈ। 11 ਫਰਵਰੀ, 1963 ਨੂੰ ਨਰਸ ਸਵੇਰੇ 9 ਵਜੇ ਸਿਲਵੀਆ ਦੇ ਘਰ ਪਹੁੰਚਦੀ ਹੈ ਅਤੇ ਕਿਸੇ ਮਜ਼ਦੂਰ ਚਾਰਲਸ ਲੈਂਗਰਿੱਜ ਦੀ ਮਦਦ ਨਾਲ ਘਰ ਅੰਦਰ ਦਾਖਲ ਹੁੰਦੀ ਹੈ। ਉਹ ਦੇਖਦੇ ਹਨ ਕਿ ਸਿਲਵੀਆ ਦਾ ਸਿਰ ਓਵਨ ਵਿੱਚ ਹੈ ਅਤੇ ਉਸਨੇ ਆਪਣੇ ਅਤੇ ਆਪਣੇ ਬੱਚਿਆਂ ਦੇ ਵਿਚਕਾਰਲੇ ਕਮਰੇ ਟੇਪ, ਤੌਲੀਆਂ ਅਤੇ ਕੱਪੜਿਆਂ ਨਾਲ ਬੰਦ ਕੀਤੇ ਹੋਏ ਸਨ। ਉਸਦੀ ਕਾਰਬਨ ਮੋਨੋਆਕਸਾਈਡ ਨਾਲ 30 ਸਾਲ ਦੀ ਜਵਾਨ ਉਮਰ ਵਿੱਚ ਮੌਤ ਹੋ ਗਈ।

ਭਾਵੇਂ ਕਿ ਸਿਲਵੀਆ ਅਤੇ ਹਿਊਗਜ਼ 6 ਮਹੀਨੇ ਪਹਿਲਾਂ ਵੱਖ ਹੋ ਗਏ ਸਨ ਪਰ ਕਾਨੂੰਨੀ ਤੌਰ ’ਤੇ ਉਹ ਪਤੀ ਪਤਨੀ ਹੀ ਸਨ। ਇਸ ਲਈ ਸਿਲਵੀਆ ਦੀ ਸਾਰੀ ਜਾਇਦਾਦ ਅਤੇ ਲਿਖਤਾਂ ਹਿਊਗਜ਼ ਦੀ ਮਲਕੀਅਤ ਬਣ ਗਈਆਂ। ਹਿਊਗਜ਼ ਵੱਲੋਂ ਸਿਲਵੀਆਂ ਦੀਆਂ ਡਾਇਰੀਆਂ ਅਤੇ ਰਚਨਾਵਾਂ ਸਾੜਨ ਜਾਂ ਗੁਆ ਦੇਣ ਲਈ ਲਗਾਤਾਰ ਨਿੰਦਾ ਹੁੰਦੀ ਰਹੀ ਹੈ। ਸਿਲਵੀਆ ਦੀ ਕਬਰ ਦਾ ਪੱਥਰ ਉਨ੍ਹਾਂ ਲੋਕਾਂ ਵੱਲੋਂ ਲਗਾਤਾਰ ਤੋੜਿਆ ਜਾਂਦਾ ਰਿਹਾ ਹੈ ਜੋ ਉਸ ਉਪਰ ਹਿਊਗਜ਼ ਲਿਖਿਆ ਸਹਿਣ ਨਹੀਂ ਕਰ ਸਕਦੇ। ਉਹ ਕਬਰ ਦੇ ਪੱਥਰ ਉਪਰ ਸਿਰਫ਼ ਸਿਲਵੀਆ ਪਲਾਥ ਹੀ ਲਿਖਿਆ ਜਾਣਾ ਲੋਚਦੇ ਹਨ।

ਹਿਊਗਜ਼ ਦੀ ਪ੍ਰੇਮਿਕਾ ਆਸੀਆ ਵੇਵਿਲ ਨੇ ਆਪਣੀ ਚਾਰ ਸਾਲ ਦੀ ਬੇਟੀ ਸ਼ੁਰਾ ਸਮੇਤ 23 ਮਾਰਚ, 1969 ਨੂੰ ਖ਼ੁਦਕੁਸ਼ੀ ਕਰ ਲਈ ਤਾਂ ਵਿਵਾਦ ਹੋਰ ਵਧ ਗਿਆ। ਵੇਵਿਲ ਨੇ ਆਪਣੇ ਲੰਡਨ ਵਿਚਲੇ ਘਰ ਅੰਦਰ ਰਸੋਈ ਦੀਆਂ ਖਿੜਕੀਆਂ ਦਰਵਾਜ਼ੇ ਬੰਦ ਕਰਕੇ ਪਾਣੀ ਦੇ ਗਲਾਸ ਵਿੱਚ ਨੀਂਦ ਦੀਆਂ ਗੋਲੀਆਂ ਘੋਲ ਕੇ, ਉਪਰੋਂ ਵਿਸਕੀ ਪਾ ਕੇ ਉਪਰੋਂ ਸਟੋਵ ਦੀ ਗੈਸ ਸਪਲਾਈ ਚਾਲੂ ਕਰ ਦਿੱਤੀ ਪਰ ਇਸਨੂੰ ਜਲਾਇਆ ਨਾ। ਉਹਨਾਂ ਦੇ ਜਰਮਨ ਨੌਕਰ ਨੇ ਦੋਵਾਂ ਮਾਂ ਧੀ ਨੂੰ ਰਸੋਈ ਦੀ ਚਟਾਈ ’ਤੇ ਇਕੱਠੀਆਂ ਮਰਿਆਂ ਪਿਆ ਵੇਖਿਆ। ਵੇਵਿਲ ਦੀ ਮੌਤ ਨੇ ਇਹ ਤੱਥ ਹੋਰ ਪੱਕਾ ਕਰ ਦਿੱਤਾ ਕਿ ਹਿਊਗਜ਼ ਸਿਲਵੀਆ ਅਤੇ ਵੇਵਿਲ ਦੋਵਾਂ ਨਾਲ ਦੁਰਵਿਹਾਰ ਦਾ ਦੋਸ਼ੀ ਹੈ।

ਕਵਿੱਤਰੀ ਸਿਲਵੀਆ ਪਲਾਥ ਅਤੇ ਅੰਗਰੇਜ਼ ਕਵੀ ਟੈੱਡ ਹਿਊਗਜ਼ ਦੇ ਦੀ ਬੇਟੀ ਫਰੈਡਾ ਹਿਊਗਜ਼ ਇੱਕ ਲੇਖਕ ਅਤੇ ਕਲਾਕਾਰ ਸੀ। ਉਨ੍ਹਾਂ ਦੇ ਪੁੱਤਰ ਨਿਕੋਲਸ ਹਿਊਗਜ਼ ਨੇ ਵੀ ਡਿਪਰੈਸ਼ਨ ਕਾਰਨ 16 ਮਾਰਚ, 2009 ਨੂੰ ਅਲਾਸਕਾ ਵਿੱਚ ਸਥਿਤ ਆਪਣੇ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਹ ਫਰੈਡਾ ਹਿਊਗਜ਼ ਦਾ ਛੋਟਾ ਭਰਾ ਸੀ ਅਤੇ ‘Fishery Biologist’ ਸੀ।

Leave a comment