ਪੰਜਾਬੀ ਕਵਿਤਾ ਵਿਚ ਸੁਖਪਾਲ ਇਕ ਜਾਣਿਆ-ਪਛਾਣਿਆ ਨਾਂ ਹੈ। ਕੈਨੇਡੀਅਨ ਸੂਬੇ ਓਨਟੇਰੀਓ ਦੇ ਗੁਆਲ਼ਫ ਸ਼ਹਿਰ ਵਿਚ ਰਹਿਣ ਵਾਲਾ ਸੁਖਪਾਲ ਉਨ੍ਹਾਂ ਪੰਜਾਬੀ ਕਵੀਆਂ ਦੀ ਮੂਹਰਲੀ ਕਤਾਰ ਵਿਚ ਸ਼ਾਮਲ ਹੈ, ਜਿਹੜੇ ਆਧੁਨਿਕ ਮੁਹਾਵਰੇ ਵਾਲੀ ਬਿਰਤਾਂਤਕ ਕਵਿਤਾ ਲਿਖਦੇ ਹਨ। ਕਵਿਤਾ ਦੀਆਂ ਕਿਤਾਬਾਂ ਚੁਪ ਚੁਪੀਤੇ ਚੇਤਰ ਚੜ੍ਹਿਆ, ਏਸ ਜਨਮ ਨਾ ਜਨਮੇ ਅਤੇ ਰਹਣੁ ਕਿਥਾਊ ਨਾਹਿ ਨੇ ਨਵੀਂ ਪੰਜਾਬੀ ਕਵਿਤਾ ਵਿਚ ਸੁਖਪਾਲ ਨੂੰ ਇਕ ਖਾਸ ਪਛਾਣ ਦਿੱਤੀ ਹੈ। ਉਸਦੀ ਕਾਵਿ-ਸੰਵੇਦਨਾ ਉਸਦੇ ਗਲੋਬਲ ਪੰਜਾਬੀ ਅਨੁਭਵ ਵਿਚੋਂ ਪੈਦਾ ਹੋਈ ਹੈ ਅਤੇ ਇਕੋ ਵੇਲੇ ਪੱਛਮੀ ਮੁਲਕਾਂ ਦੀ ਜ਼ਿੰਦਗੀ ਅਤੇ ਪੰਜਾਬ ਜਾਂ ਭਾਰਤ ਦੇ ਸਰੋਕਾਰ ਉਸਦੇ ਕਾਵਿ ਸੰਸਾਰ ਵਿਚ ਨਾਲ ਨਾਲ ਤੁਰਦੇ ਹਨ। ਉਸਦੀਆਂ ਇਨ੍ਹਾਂ ਚਾਰ ਨਵੀਆਂ ਕਵਿਤਾਵਾਂ ਵਿਚੋਂ ਵੀ ਉਸਦੀ ਇਸੇ ਤਰਾਂ ਦੀ ਕਾਵਿ-ਸੰਵੇਦਨਾ ਦੀ ਝਲਕ ਮਿਲਦੀ ਹੈ:
ਨਵਸ਼ਰਨ ਲਈ…
ਸਾਡਾ ਕੋਈ ‘ਮੁਕਾਬਲਾ’ ਨਹੀਂ
‘ਉਨ੍ਹਾਂ’ ਨਾਲ
‘ਉਨ੍ਹਾਂ’ ਕੋਲ ਫੌਜ ਹੈ – 14 ਲੱਖ
ਇੱਕ ਕਮਾਂਡਰ ਦੇ ਅਧੀਨ
ਅਸੀਂ 14 ਹਜ਼ਾਰ ਵੀ ਨਹੀਂ ਬੋਲਣ ਵਾਲ਼ੇ
ਤੇ ਜਿਹੜੇ ਹਾਂ ਜਾਣਦੇ ਤਕ ਨਹੀਂ
ਦੂਜਾ ਜਣਾ ਕਿੱਥੇ ਹੈ
ਜੀਂਦਾ ਹੈ ਕਿ ਮਰ ਚੁੱਕਾ ਹੈ
ਫੇਰ ਵੀ ਸਾਥੋਂ ਗਿਣਤੀ ਦਿਆਂ ਤੋਂ
ਬਚਣ ਲਈ
‘ਉਨ੍ਹਾਂ’ ਸੋਲਾਂ ਲੱਖ ਪੁਲਸ ਹੈ ਰੱਖੀ
ਜਿਸਦਾ 1100 ਅਰਬ ਰੁਪਈਆ
ਸਾਲਾਨਾ ਖਰਚਾ ਦੇਂਦੇ ਹਾਂ ਅਸੀਂ
ਸੋਚੋ ਤਾਂ ਸਹੀ
ਸਾਡੇ ਵਿਚੋਂ ਹਰ ਇਕ ਨਾਲ ਲੜਣ ਲਈ
‘ਉਨ੍ਹਾਂ’ ਨੂੰ ਸਵਾ ਸਵਾ ਲੱਖ ਲਸ਼ਕਰ ਦੀ
ਲੋੜ ਕਿਉਂ ਪਈ …?
‘ਉਨ੍ਹਾਂ’ ਕੋਲ ਅਦਾਲਤਾਂ ਹਨ ਆਪਣੇ ਤੇ
ਹੋਣ ਵਾਲ਼ੇ ਮੁਕੱਦਮੇ ਰੋਕਣ ਲਈ
ਅਖ਼ਬਾਰਾਂ ਹਨ
ਆਪਣੀ ਹਰ ਕਰਤੂਤ ਲੁਕੋਣ ਲਈ
‘ਉਨ੍ਹਾਂ’ ਕੋਲ ਜਾਸੂਸ ਹਨ
ਜੁਰਮ ਨਹੀਂ ਬਗਾਵਤ ਸੁੰਘਣ ਲਈ
ਆਮਦਨ ਕਰ ਵਿਭਾਗ ਹੈ
ਸੱਚ ਬੋਲਦਿਆਂ ਤੇ ਜਜ਼ੀਆ ਠੋਸਣ ਲਈ
ਛਾਪਾਮਾਰ ਦਸਤੇ ਹਨ
ਨਾ-ਅਹਿਲਾਂ ਨੂੰ ਡੱਕਣ ਲਈ
ਦੇਸ ਦੇ 50 ਕਰੋੜ ਮਰਦਾਂ ਵਿਚੋਂ
ਉਹ 20-30 ਕਰੋੜ ਵੀ ਹਨ ‘ਉਨ੍ਹਾਂ’ ਕੋਲ
ਜਿੰਨ੍ਹਾਂ ਨੂੰ ਹਜ਼ਾਰ ਸਾਲਾਂ ਬਾਦ ਪਹਿਲੀ ਵਾਰ
“ਮਰਦ” ਹੋਣ ਦਾ ਅਹਿਸਾਸ ਨਸੀਬ ਹੋਇਆ ਹੈ
ਪਰ ‘ਉਨ੍ਹਾਂ’ ਕੋਲ ਜੇ ਕੁਝ ਨਹੀਂ ਤਾਂ
ਉਹ – ਅਸੀਂ ਹਾਂ …
ਜੋ ਘੋਰ ਚੁੱਪ ਦੇ ਸਮੇਂ ਵਿਚ ਵੀ ਬੋਲਦੇ ਹਾਂ
‘ਉਨ੍ਹਾਂ’ ਕੋਲ ਇਸ ਦੇਸ ਦੀਆਂ
ਕਈ ਕਰੋੜ ਨਾਰੀਆਂ ਵੀ ਨਹੀਂ
ਕਿਉਂਕਿ ਹਜ਼ਾਰ ਸਾਲਾਂ ਵਿਚ ਕਿਸੇ ਨਾਰੀ
ਨੂੰ ਨਾਰੀ ਹੋਣ ਤੋਂ ਰੋਕ ਨਹੀਂ ਸਕਿਆ
ਕੋਈ ਗਜ਼ਨਵੀ ਅਬਦਾਲੀ ਜਾਂ ਗੌਰੀ
ਨਾ ਕਿਸੇ ਨੂੰ ਔਰਤ ਹੋਣ ਲਈ ਲੋੜ ਪਈ ਕਦੀ
ਕਿਸੇ ਸਿਆਸਤਦਾਨ ਦੀ ਤਸਦੀਕ ਦੀ
ਇਸਤ੍ਰੀ ਸਦਾ ਇਸਤ੍ਰੀ ਹੀ ਰਹੀ
ਪਿੰਜਰੇ ਜਾਂ ਜ਼ੰਜੀਰ ਵਿਚ ਵੀ …
ਕਿਸੇ ਵੀ ਨਵੀਂ ‘ਨਵਸ਼ਰਨ’ ਤੋਂ
ਘਬਰਾਹਟ ਹੁੰਦੀ ਹੈ ‘ਉਨ੍ਹਾਂ’ ਨੂੰ
ਏਸੇ ਲਈ …
ਇਸ ਨਾ-ਬਰਾਬਰ ਲੜਾਈ ਵਿਚ ਅਸੀਂ
ਸ਼ਾਇਦ ‘ਉਨ੍ਹਾਂ’ ਤੋਂ ਜਿੱਤ ਨਾ ਸਕੀਏ
‘ਉਨ੍ਹਾਂ’ ਨੂੰ ਗੱਦੀ ਤੋਂ ਲਾਹ ਨਾ ਸਕੀਏ
ਪਰ ਅਸੀਂ ਚੁੱਪ ਹੋ ਕੇ
‘ਉਨ੍ਹਾਂ’ ਨੂੰ ਇਹ ਵਿਸ਼ਵਾਸ ਨਹੀਂ ਕਰਨ ਦਿਆਂਗੇ
ਕਿ ਅਸੀਂ ਕਰ ਲਿਆ ਹੈ ਸਵੀਕਾਰ
ਸਾਨੂੰ ਵੰਡਣ ਵੱਢਣ ਤੇ ਵੇਚਣ ਦਾ ਕਾਰੋਬਾਰ
ਅਸੀਂ ਬੋਲ ਬੋਲ ਕੇ ਸੌਣ ਨਹੀਂ ਦਿਆਂਗੇ
ਕਿਸੇ ਵੀ ਰਾਤ ‘ਉਨ੍ਹਾਂ’ ਨੂੰ
ਭਰੋਸਾ ਨਹੀਂ ਆਉਣ ਦਿਆਂਗੇ ‘ਉਨ੍ਹਾਂ’ ਨੂੰ
ਕਿ ਉਹ – ‘ਠੀਕ’ ਨੇ !
ਜਾਂ ਕਿ – ਉਹੀ ‘ਠੀਕ’ ਨੇ !
ਇਸ ਨਾ-ਬਰਾਬਰ ਲੜਾਈ ਵਿਚ
ਏਨਾ ਤਾਂ ਕਰ ਹੀ ਸਕਦੇ ਹਾਂ ਅਸੀਂ
ਜਦ ਤਕ ‘ਆਖ਼ਰੀ’ ਵਾਰੀ ਹਾਰ ਨਹੀਂ ਜਾਂਦੇ
ਓਦੋਂ ਤਕ ਤਾਂ ਲੜ ਹੀ ਸਕਦੇ ਹਾਂ ਅਸੀਂ
ਉਹ ‘ਆਖ਼ਰੀ’ ਵਾਰ ਕਦੋਂ ਹੋਵੇਗੀ
ਏਹ ਨਿਰਣਾ ਕਰਾਂਗੇ ਅਸੀਂ …
ਅਸੀਂ ਹੀ ਤਾਂ ਹਾਂ
ਜਿੰਨ੍ਹਾਂ ਦਾ ਮੁਕਾਬਲਾ ਹੈ –
‘ਏਨ੍ਹਾਂ’ ਨਾਲ …
ਜੋ ਸਹੀ ਹੈ
ਉਹ –
ਜਿਸਨੂੰ ਕਰਨਾ ਸਹੀ ਸੀ
ਪਰ ਮੈਂ ਨਹੀਂ ਕੀਤਾ
ਤੇ ਬਾਰ ਬਾਰ ਨਹੀਂ ਕੀਤਾ
ਉਹ ਕੋਈ ਕੰਮ ਨਹੀਂ –
ਜਿਊਂਦਾ ਜਾਗਦਾ ਜੀਵ ਹੈ ਕਿਸੇ
ਵਾਇਰਸ ਵਾਂਗ ਮਹੀਨ ਅਦਿੱਖ ਤੇ ਸ਼ਕਤੀਸ਼ਾਲੀ
ਹਰ ਹਾਲ ਹੋਣਾ ਚਾਹੁੰਦਾ
ਹਰ ਹੀਲੇ ਆਪਣਾ ਮਕਸਦ ਪਾਉਣਾ ਚਾਹੁੰਦਾ …
ਉਹ ਜੋ ਸਹੀ ਹੈ –
ਉਹ ਹੋਰ ਕਿਤੇ ਨਹੀਂ ਜਾਏਗਾ
ਹੁਣ ਮੇਰੇ ਅੰਦਰ ਲਹਿ ਜਾਏਗਾ
ਤੇ ਲੱਭੇਗਾ ਉਸਨੂੰ
ਜਿਸਨੇ ਰੋਕ ਦਿੱਤਾ ਸੀ ਮੈਨੂੰ
ਉਸ ਸਹੀ ਨੂੰ ਕਰਨ ਤੋਂ …
ਤੇ
ਲੱਭ ਲੈਣ ਮਗਰੋਂ –
ਤਲਵਾਰ ਨਾਲ ਚੀਰ ਦਏਗਾ ਮੈਨੂੰ
ਓਸ ਡੂੰਘਾਈ ਤਕ ਜਿੱਥੋਂ ਉੱਠੀ ਸੀ ਨਾਂਹ
ਮੇਰੇ ਅੰਦਰੋਂ ਉਸ ਸਹੀ ਨੂੰ ਕਰ ਦੇਣ ਦੀ …
ਤੇ ਚੀਰੇਗਾ ਇਉਂ –
ਕਿ ਮੈਂ ਨਾਂਹ ਨਹੀਂ ਕਰ ਸਕਾਂਗਾ
ਅਗਲੀ ਵਾਰ …
ਉਹ ਜੋ ਸਹੀ ਸੀ ਕਰਨਾ
ਉਹ ਭਾਵੇਂ ਨਿੱਕਾ ਸੀ ਕਿੰਨਾ –
ਇਕ ਰੋਟੀ ਘੱਟ ਖਾਣਾ
ਰੋਜ਼ ਚਾਰ ਮੀਲ ਭੱਜਣਾ
ਕੀਤੇ ਦੀ ਮਾਫ਼ੀ ਮੰਗਣਾ
ਜਾਂ ਖ਼ਤ ਦਾ ਜੁਆਬ ਵੇਲਾ ਰਹਿੰਦੇ ਦੇਣਾ
ਜਾਂ ਉਹ ਸੀ ਕਿੱਡਾ ਵੀ ਵੱਡਾ
ਵੇਲ਼ੇ ਸਿਰ ਸੱਚ ਬੋਲਣਾ
ਧੱਕੇਸ਼ਾਹ ਅੱਗੇ ਖੜ੍ਹਣਾ
ਹਾਅ ਦਾ ਨਾਰ੍ਹਾ ਮਾਰਣਾ
ਜਾਂ ਨਿਆਸਰੇ ਨਾਲ ਖੜ੍ਹਣਾ
ਉਹ ਸਹੀ –
ਕੋਈ ਲਾਵਾਰਸ ਬੱਚਾ ਨਹੀਂ
ਨਾ ਕੋਈ ਮੰਗਤਾ
ਜੋ ਮੇਰਾ ਬੂਹਾ ਬੰਦ ਵੇਖ਼ ਕੇ
ਅਗਲਾ ਬੂਹਾ ਖੜਕਾਏਗਾ
ਉਹ ਮੇਰਾ ਸ਼ਬਦ ਹੈ
ਮੈਨੂੰ ਹੀ ਬੋਲਣਾ ਪਏਗਾ
ਮੇਰਾ ਕਰਤੱਵ ਹੈ
ਮੈਨੂੰ ਹੀ ਕਰਨਾ ਪਏਗਾ …
ਤੇ ਜਦ ਤਕ –
ਉਸ ਸਹੀ ਨੂੰ ਮੈਂ ਕਰਦਾ ਨਹੀਂ
ਉਹ ਮੇਰੇ ਅੰਦਰਲੀ ਘੜੀ ਦੀਆਂ ਸੂਈਆਂ
ਉਸੇ ਪਲ ਤੇ ਕਰ ਦਏਗਾ ਖੜ੍ਹੀਆਂ
ਜਿਵੇਂ ਵਾਪਰਦਾ ਹੈ ਮੌਤ ਦੇ ਪਲ ਵਿਚ …
ਮੈਂ ਜੰਮ ਜਾਵਾਂਗਾ ਸਹੀ ਤੋਂ
ਮੁਕਰਣ ਦੇ ਪਲ ਦੀ ਬਰਫ਼ਾਨੀ ਸਿੱਲ ਅੰਦਰ
ਸੁੰਨ ਹੋ ਜਾਣਗੀਆਂ ਮੇਰੀਆਂ ਲੱਤਾਂ
ਕਿਤੇ ਵੀ ਜਾਵਾਂ ਮੈਂ ਖੜ੍ਹਾ ਹੀ ਰਹਾਂਗਾ
ਖੁਰ ਜਾਣਗੇ ਅਗਲੇ ਸਭ ਰੰਗ
ਨਾ ਮੈਂ ਕਿਸੇ ਨਾਲ ਸਕਾਂਗਾ ਵੰਡ
ਆਪਣੀ ਆਰਜ਼ੀ ਮੌਤ ਦੀ ਉਦਾਸੀ …
ਤੇ ਏਹ ਸਭ ਵਾਪਰਦਾ ਰਹੇਗਾ
ਓਦੋਂ ਤਕ –
ਜਦ ਤਕ ਮੈਂ ਉਸ ਸਹੀ ਨੂੰ
ਉੱਠ ਕੇ ਕਰ ਨਹੀਂ ਦੇਂਦਾ …
ਤੇ ਸਹੀ ਨੂੰ
ਕਰ ਦੇਣ ਮਗਰੋਂ –
ਫਿਰ ਘੜੀ ਚੱਲਣ ਲੱਗੇਗੀ ਮੇਰੀ
ਫਿਰ ਅੰਦਰੋਂ ਆਗਿਆ ਮਿਲੇਗੀ ਮੈਨੂੰ
ਖੁਲ੍ਹ ਕੇ ਡੂੰਘਾ ਸਾਹ ਲੈਣ ਦੀ
ਰੁੱਖ ਦੀ ਹਰਿਆਲੀ ਤੱਕਣ ਦੀ
ਆਪਣੇ ਬੱਚੇ ਨਾਲ ਮੁੜ ਹੱਸਣ ਦੀ …
ਚੀਰ
ਲਾਲ ਬੱਤੀ ਤੇ ਕਾਰ ਰੁਕਦੀ
ਕੁੜੀ ਕਾਰ ਚਲਾਉਂਦੀ
ਓਨੀ ਲੰਮੀ ਅੰਗੜਾਈ ਲੈਂਦੀ
ਕਾਰ ਜਿੰਨੀ ਕੁ ਉਸਨੂੰ ਥਾਂ ਦਿੰਦੀ
ਉਹ ਜਾ ਰਹੀ ਅੱਜ ਲਈ
ਅੰਨ ਕਮਾਉਣ ਲਈ
ਮੂੰਹ ਹਨੇਰਾ ਹੈ ਹਾਲੇ …
ਜੇ ਏਹ ਦੇਸ ਸੱਚੀਂ ਸਭਿਅਕ ਹੁੰਦਾ
ਤਾਂ ਬੰਦਿਆਂ ਨੂੰ ਪਸ਼ੂਆਂ ਵਾਂਗ
ਤੜਕੇ ਹੀ ਜੋਤਣ ਤੋਂ ਪਹਿਲਾਂ
ਨੀਂਦਰਾਂ ਤਾਂ ਪੂਰੀਆਂ ਕਰਨ ਦਿੰਦਾ
ਜੇ ਸੱਚਮੁਚ ਚੰਗਾ ਹੁੰਦਾ
ਹਰ ਬੰਦਾ ਬਿਮਾਰ ਘੱਟ ਤੇ ਖੁਸ਼ ਵਧ ਹੁੰਦਾ
ਜੇ ਏਹ ਦੇਸ ਮਨੁੱਖਵਾਦੀ ਹੁੰਦਾ
ਬੰਦਿਆਂ ਕੋਲ ਬੱਚੇ ਜੰਮਣ ਤੇ ਪਾਲਣ ਦਾ
ਆਪਣਿਆਂ ਤੇ ਗ਼ੈਰਾਂ ਨਾਲ ਗੱਲ ਕਰਨ ਦਾ
ਵੀ ਸਮਾਂ ਦੇਂਦਾ
ਚੱਲਣ ਦੀ ਉਡੀਕ ਵਿਚ ਖੜੀ ਕੁੜੀ
ਆਪਣੇ ਨਹੁੰ ਤਕਦੀ ਹੈ
ਸ਼ੀਸ਼ੇ ਵਿਚ ਮੂੰਹ ਵੇਖ਼ਦੀ ਹੈ
ਛੇਤੀ ਛੇਤੀ ਕਰੀਮ ਲਾਉਂਦੀ ਹੈ
ਫਿਰ ਵਾਲ ਸੁਆਰਦੀ ਹੈ
ਸਿਆੜ ਵਰਗਾ ਚੀਰ ਕਢਦੀ ਹੈ
ਤੇ ਖੁਸ਼ੀ ਵਿਚ ਸਿਰ ਹਲਾਉਂਦੀ ਹੈ
ਜਿਵੇਂ ਸਾਰੀ ਹੀ ਜ਼ਿੰਦਗੀ
ਠੀਕ ਠਾਕ ਹੋ ਗਈ ਹੋਵੇ …
ਜ਼ਿੰਦਗੀ ਸਾਰੀ ਤਾਂ ਠੀਕ ਨਹੀਂ ਹੋਈ
ਹਾਲੇ
ਪਰ ਸਿੱਧੇ ਚੀਰ ਜਿੰਨੀ ਠੀਕ ਹੋਈ
ਵੀ ਬਹੁਤ ਹੈ ਹਾਲੇ …
ਜਿੰਨੀ ਕੁ ਥਾਂ ਮਿਲੇ ਓਨੀ ਕੁ ਵੱਡੀ
ਅੰਗੜਾਈ ਲੈ ਲੈਣ ਵਾਂਗ …
‘ਵਧੀਆ ਸਿਸਟਮ’ ਇਸ ਦੇਸ ਦਾ
ਕੋਸ਼ਿਸ਼ ਕਰ ਰਿਹਾ
ਉਸ ਕੁੜੀ ਨੂੰ ਬਲਦ ਬਣਾਉਣ ਦਾ
ਉਹ ਕੋਸ਼ਿਸ਼ ਕਰ ਰਹੀ
ਹਲ ਦਾ ਫਾਲਾ ਬਣਨ ਦੀ
ਜਿਹੜਾ ਧਰਤੀ ਵਿਚ ਚੀਰ ਕਢਦਾ
ਉਸ ਵਿਚ ਬੀਜ ਬੀਜਦਾ
ਜਿਸ ਵਿਚੋਂ ਅੰਨ ਉੱਗਦਾ
ਤੇ ਕਦੇ ਕਦਾਈਂ ਕੋਈ ਬੱਚਾ ਵੀ
ਉਸ ਵਿਚ ਅਲ੍ਹੜਵਾਹੇ ਤੁਰਦਾ
ਕਈ ਵਾਰੀ ਉਸੇ ਸਿਆੜ ਵਿਚ
ਫੁੱਲ ਵੀ ਉੱਗਦਾ
ਖੂਬਸੂਰਤ …
ਖੂਬਸੂਰਤੀ ਨਾਲ ਕੱਢੇ
ਟੇਢੇ ਚੀਰ ਵਰਗਾ …
ਸ਼ਾਇਦ ਏਸੇ ਲਈ …
ਬਹੁਤ ਖ਼ੂਬਸੂਰਤ ਸੀ ਪਿਆਰ
ਬਹੁਤ ਮਿੱਠਾ …
ਵੈਸੇ –
ਖ਼ੂਬਸੂਰਤ – ਤਾਂ ਛੋਟਾ ਸ਼ਬਦ ਹੈ ਪਿਆਰ ਲਈ
ਸਿਰਫ਼ ਨਿਗਾਹ ਤਕ ਸੁੰਗੜਿਆ ਹੋਇਆ
ਮਿੱਠਾ – ਕਿੰਨਾ ਸੰਕੀਰਣ ਸ਼ਬਦ
ਬਸ ਜ਼ੁਬਾਨ ਵਿਚ ਸਿਮਟਿਆ ਹੋਇਆ
ਸ਼ਾਇਦ ਏਸੇ ਕਰਕੇ
ਕੁਝ ਚਿਰ ਠਹਿਰ ਕੇ
ਥੋੜ੍ਹਾ ਸਮਾਂ ਉਡੀਕ ਕੇ
ਚਲਾ ਗਿਆ ਪਿਆਰ …
ਮੈਂ ਉਸ ਲਈ ਸਹੀ ਸ਼ਬਦ ਨਾ ਲੱਭ ਸਕਿਆ
ਸ਼ਬਦਾ ਲਭਦਾ ਮੈਂ ਗੁਆਚ ਗਿਆ
ਗੁਆਚਣਾ ਤਾਂ – ਪਿਆਰ ਵਿਚ ਸੀ …
ਪਿਆਰ ਵਰਗਾ ਜੋ ਵੀ ਹੋਇਆ ਜਾਂ ਆਇਆ –
ਉਹ ਠਹਿਰਿਆ ਨਹੀਂ …
ਇਸ ਜਗਤ ਵਿਚ ਜੋ ਠਹਿਰਦਾ ਨਹੀਂ
ਉਹ – ਹੋ ਕੇ ਵੀ
ਹੋ ਜਾਂਦਾ ਹੈ – ਅਣਹੋਇਆ …
ਸੰਸਾਰ ਤਾਂ ਕਰਮਭੂਮੀ ਹੈ ਕਰਮਯੋਧਿਆਂ ਦੀ
ਜਿਹੜਾ ਏਥੇ ਕੁਝ ‘ਕਰਦਾ’ ਨਹੀਂ
ਸੰਸਾਰ ਵਿਚ ਖੜੇ ਰਹਿਣ ਨੂੰ ਥਾਂ
ਉਹਨੂੰ ਮਿਲਦੀ ਨਹੀਂ …
ਜਿਸਨੂੰ ਪਿਆਰ ਕਰੋ
ਉਹ ਵੀ ਇਹੀ ਚਾਹੁੰਦਾ –
ਤੁਸੀਂ ਸਿਰਫ਼ ਪਿਆਰ ਹੀ ਨਾ ਕਰੋ
ਤੁਸੀਂ ਪਿਆਰ ਵਿਚ ਵੀ ਤਾਂ ਕੁਝ ਕਰੋ …
ਪਰ ਜੋ ਜੋ ਵੀ ਕਰੋ –
ਉਹ – ਹਰ ਕੰਮ ਹਰ ਕਰਮ – ਪੂਰਾ ਹੋਣ ਮਗਰੋਂ
ਝੜ ਜਾਂਦਾ ਬੰਦੇ ਨਾਲੋਂ ਸੁੱਕੇ ਪੱਤੇ ਵਾਂਗ
ਹਰ ਪੱਤੇ ਨਾਲ ਝੜ ਜਾਂਦੀ
ਥੋੜ੍ਹੀ ਥੋੜ੍ਹੀ ਬਹਾਰ
ਹਰ ਕਰਮ ਨਾਲ ਝੜਦਾ ਗਿਆ
ਸ਼ਾਇਦ ਥੋੜ੍ਹਾ ਥੋੜ੍ਹਾ ਪਿਆਰ …
ਹੁਣ ਜਾਪਦਾ –
ਕਈ ਕੁਝ ਕੀਤਾ ਗਿਆ ਪਿਆਰ ਵਿਚ
ਇਕ ਪਿਆਰ ਹੀ ਨਾ ਕੀਤਾ ਗਿਆ …
ਉਂਜ ਮੈਂ – ਪਿਆਰ ਨੂੰ
ਕਰਦਾ – ਵੀ ਕਿਵੇਂ … ?
ਕਿੰਨਾ ਸੀਮਤ ਸ਼ਬਦ ਹੈ – ‘ਕਰਨਾ’
ਹੱਥਾਂ ਪੈਰਾਂ ਹੋਠਾਂ ਅੰਗਾਂ ਤੇ ਆ ਕੇ ਠਹਿਰ ਜਾਂਦਾ –
ਭਾਂਡੇ ਕਪੜੇ ਧੋਣ ਵਾਂਗ
ਕੰਮ ਤੇ ਜਾਣ ਵਾਂਗ
ਪਿਆਰ ਵਿਚ ਆਪਣੇ ਹਿੱਸੇ ਦੇ ਕੰਮ ਕਰਨ ਵਾਂਗ
ਆਪਣੇ ਹਿੱਸੇ ਦੇ ਸੰਭੋਗ ਵਾਂਗ …
ਹਰ ਕੰਮ ਹਰ ਕਰਮ ਦੀ ਇਕ ਸੀਮਾ ਹੁੰਦੀ
ਓਥੇ ਪਹੁੰਚ ਕੇ ਹਰ ਕਰਮ
ਰੁਕ ਜਾਂਦਾ ਜਾਂ ਮੁੱਕ ਜਾਂਦਾ ਜਾਂ ਮੁੜ ਜਾਂਦਾ
ਤੇ ਹੋ ਜਾਂਦਾ ਅਣਹੋਇਆ …
ਪਿਆਰ ਲਈ ਪਿਆਰ ਵਿਚ –
ਸਭ ਕਰਮ ਜੋ ਕੀਤੇ
ਸੀਮਤ ਰਹਿ ਗਏ
ਪਿਆਰ ਸ਼ਾਇਦ –
ਅਸੀਮਤ ਜਿਹਾ ਕੁਝ ਸੀ …
ਸ਼ਾਇਦ ਏਸੇ ਲਈ –
ਚਲਾ ਗਿਆ ਪਿਆਰ
ਮੇਰੀ ਸੀਮਾ ਤੋਂ ਪਾਰ …