ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਵੇਗੀ ਕਿ ਜਾਣੇ-ਪਛਾਣੇ ਪੰਜਾਬੀ ਸ਼ਾਇਰ/ਗੀਤਕਾਰ ਨੰਦਲਾਲ ਨੂਰਪੁਰੀ ਨੇ ਆਪਣੇ ਜੀਵਨ ਦਾ ਅੰਤ ਖੁਦਕੁਸ਼ੀ ਨਾਲ ਕੀਤਾ। ਸ਼ਿਵ ਕੁਮਾਰ ਬਾਰੇ ਵੀ ਕਿਹਾ ਜਾਂਦਾ ਹੈ ਕਿ ਉਸ ਦੇ ਜੀਵਨ ਦੇ ਆਖਰੀ ਸਾਲ ਹੌਲੀ-ਹੌਲੀ ਕੀਤੀ ਜਾ ਰਹੀ ਖੁਦਕੁਸ਼ੀ ਵਰਗੇ ਹੀ ਸਨ। ਇਸੇ ਤਰਾਂ ਦੇ ਕੁੱਝ ਹੋਰ ਵੀ ਨਾਂ ਹਨ, ਜਿਹੜੇ ਆਪਣੇ ਜੀਵਨ ਨਾਲ ਨਰਾਜ਼ ਹੋ ਗਏ।
ਕੰਵਰਜੀਤ ਸਿੰਘ ਸਿੱਧੂ
ਪੰਜਾਬੀ ਸਾਹਿਤਕ ਜਗਤ ਵਿੱਚ 4 ਖ਼ੁਦਕੁਸ਼ੀਆਂ ਵਾਪਰਦੀਆਂ ਹਨ ਨੰਦ ਲਾਲ ਨੂਰਪੁਰੀ, ਅਮਰ ਸਿੰਘ ਆਨੰਦ, ਅਫ਼ਰੋਜ਼ ਅੰਮ੍ਰਿਤ ਅਤੇ ਸਤਨਾਮ । ਸ਼ਿਵ ਕੁਮਾਰ ਬਟਾਲਵੀ ਦੀ ਸਾਰੀ ਕਵਿਤਾ ਅੰਦਰ ਮੌਤ ਵੱਲ ਤੇਜ਼ ਚਾਲ ਨਜ਼ਰ ਆਉਂਦੀ ਹੈ। ਉਹ ਆਪਣੀ ਕਵਿਤਾ ਅੰਦਰ ਵਾਰ-ਵਾਰ ਜੋਬਨ ਰੁੱਤੇ ਮਰ ਜਾਣ ਦਾ ਦਾਅਵਾ ਕਰਦਾ ਹੈ। ਬੀਬੀਸੀ ਲੰਡਨ ਨਾਲ ਇੰਟਰਵਿਊ ਵਿੱਚ ਉਹ ਸਾਰੇ ਸਮਾਜ ਖਾਸ ਕਰ ਮਿਡਲ ਕਲਾਸ ਨੂੰ ਸਲੋਅ ਡੈੱਥ ਦੇ ਰਾਹ ਪਿਆ ਦਸਦਾ ਹੈ। ਆਪਣੀ ਇੱਕ ਕਵਿਤਾ ਵਿੱਚ ਉਹ ਆਪਣੇ ਮਨ ਦੇ ਭਾਵ ਇਸ ਤਰ੍ਹਾਂ ਵਿਅਕਤ ਕਰਦਾ ਹੈ:
‘ਆਤਮ ਹੱਤਿਆ ਦੇ ਰੱਥ ਉੱਤੇ
ਜੀ ਕਰਦੈ ਚੜ੍ਹ ਜਾਵਾਂ ਨੀ,
ਕਾਇਰਤਾ ਦੇ ਦੱਮਾਂ ਦਾ-
ਪਰ ਕਿਥੋਂ ਦਿਆਂ ਕਿਰਾਇਆ ਨੀ।’
ਇਹ ਵੀ ਜ਼ਿਕਰਯੋਗ ਹੈ ਕਿ ਮੌਜੂਦਾ ਦੌਰ ਦਾ ਨੌਜਵਾਨ ਕਵੀ ਜਗਦੀਪ ਸਿੱਧੂ ਆਪਣੀ ਕਵਿਤਾ ‘ਇਹ ਕਿਵੇਂ ਵੀ ਚੰਗਾ ਨਹੀਂ’ ਅੰਦਰ ਖ਼ੁਦਕੁਸ਼ੀ ਵਿਰੁੱਧ ਸ਼ਕਤੀਸ਼ਾਲੀ ਪ੍ਰਵਚਨ ਦੀ ਉਸਾਰੀ ਕਰਦਾ ਹੈ।
ਨੰਦ ਲਾਲ ਨੂਰਪੁਰੀ (1906-1966) ਦਾ ਜਨਮ ਅਣਵੰਡੇ ਪੰਜਾਬ ਦੇ ਪਿੰਡ ਨੂਰਪੁਰ ਜ਼ਿਲ੍ਹਾ ਲਾਇਲਪੁਰ (ਹੁਣ ਪਾਕਿਸਤਾਨ) ਵਿੱਚ ਹੋਇਆ। ਸਿਆਸੀ ਮਾਹੌਲ, ਆਰਥਿਕ ਔਂਕੜਾਂ ਅਤੇ ਕਵਿਤਾ ਦੇ ਸ਼ੌਂਕ ਕਾਰਨ ਉਸਨੇ ਕਾਲਜ ਦੀ ਪੜ੍ਹਾਈ ਛੱਡ ਕੇ ਸਕੂਲ ਅਧਿਆਪਕ ਦੀ ਨੌਕਰੀ ਕਰ ਲਈ। ਇਥੇ ਵੀ ਮਨ ਨਾ ਲੱਗਿਆ ਤਾਂ ਬੀਕਾਨੇਰ ਪੁਲਿਸ ਵਿੱਚ ਥਾਣੇਦਾਰ ਲੱਗ ਗਿਆ। ਇਥੇ ਇੱਕ ਸ਼ਰਾਬ ਦੀ ਭੱਠੀ ’ਤੇ ਛਾਪੇ ਦੌਰਾਨ ਮੁਕਾਬਲਾ ਹੋ ਗਿਆ ਜਿਸ ਵਿੱਚ ਸਖਤ ਕਾਰਵਾਈ ਕਾਰਨ ਭਾਵੇਂ ਸਰਕਾਰ ਵੱਲੋਂ ਇਨਾਮ ਮਿਲਿਆ ਪਰ ਉਸ ਅੰਦਰ ਅਪਰਾਧ ਬੋਧ ਜਾਗ ਪਿਆ ਕਿ ਆਪਣੇ ਹੀ ਭਰਾ ਕਤਲ ਕਰਨੇ ਪਏ। ਸੋ ਇਥੋਂ ਵੀ ਅਸਤੀਫ਼ਾ ਦੇ ਕੇ ਵਾਪਸ ਪੰਜਾਬ ਪਰਤ ਆਇਆ। ਉਦੋਂ ਹੀ ਉਸਨੇ ਧਾਰਮਿਕ ਰਾਜਨੀਤਕ ਰੰਗ ਵਾਲੀਆਂ ਕਵਿਤਾਵਾਂ ਲਿਖ ਕੇ ਆਪਣਾ ਵੱਖਰਾ ਮੁਕਾਮ ਕਾਇਮ ਕੀਤਾ। ਉਸਨੇ ਬਹੁਤ ਸਾਰੀਆਂ ਫਿਲਮਾਂ ਮੰਗਤੀ, ਵਲਾਇਤ ਪਾਸ ਆਦਿ ਦੇ ਗੀਤ ਲਿਖੇ। ਗੀਤਾਂ ਤੋਂ ਇਲਾਵਾ ਉਸਨੇ ਨਜ਼ਮਾਂ ਵੀ ਲਿਖੀਆਂ। ਨੂਰਪੁਰੀ ਦੀ ਰੋਜ਼ੀ ਰੋਟੀ ਦਾ ਜ਼ਰੀਆ ਗੀਤਕਾਰੀ ਹੀ ਸੀ ਪਰ ਪੰਜਾਬ ਦੀ ਵੰਡ ਨਾਲ ਉਸਦੀ ਆਰਥਿਕ ਹਾਲਤ ਮਾੜੀ ਹੁੰਦੀ ਗਈ। ਉਸਨੇ ਭਾਸ਼ਾ ਵਿਭਾਗ ਪੰਜਾਬ ਵਿੱਚ ਵੀ ਕੁਝ ਸਮਾਂ ਨੌਕਰੀ ਕੀਤੀ ਪਰ ਕਿਸੇ ਕਾਰਨ ਛੱਡ ਦਿੱਤੀ। ਉਸਦਾ ਵੱਡਾ ਪਰਿਵਾਰ ਸੀ ਜਿਸ ਵਿੱਚ 10 ਜੀਅ ਸਨ, 6 ਧੀਆਂ ਅਤੇ 2 ਪੁੱਤਰ। ਇਸ ਦੇ ਨਾਲ ਹੀ ਉਸਨੂੰ ਸ਼ਰਾਬ ਜਿਆਦਾ ਪੀਣ ਦੀ ਵੀ ਆਦਤ ਪੈ ਚੁੱਕੀ ਸੀ। ਖਰਚਾ ਬਹੁਤ ਸੀ ਪਰ ਰੇਡੀਓ ਤੋਂ ਮਿਲਣ ਵਾਲੀ ਆਮਦਨ ਨਿਗੂਣੀ ਸੀ। ਇਸ ਤਰ੍ਹਾਂ ਤੰਗਦਸਤੀ ਦੀ ਹਾਲਤ ਵਿੱਚ ਉਸਨੇ 13 ਮਈ, 1966 ਨੂੰ ਜਲੰਧਰ ਵਿਖੇ ਆਪਣੇ ਘਰ ਨੇੜੇ ਖੂਹ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਅਮਰ ਸਿੰਘ ਆਨੰਦ ਦਿੱਲੀ ਦਾ ਕਵੀ ਸੀ ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਉਸਦੀ ਇੱਕੋ ਇੱਕ ਕਿਤਾਬ ‘ਇਹ ਜਨਮ ਤੁਮ੍ਹਾਰੇ ਲੇਖੇ’ ਉਸਦੇ ਮਰਨ ਤੋਂ ਬਾਅਦ1964 ਵਿੱਚ ਹੀ ਛਪੀ। ਉਸ ਦੌਰ ਵਿੱਚ ਪੰਜਾਬੀ ਬੇਬਾਕ ਲੇਖਿਕਾ ਅਜੀਤ ਕੌਰ ਨਾਲ ਉਸਦਾ ਨਾਮ ਜੁੜਦਾ ਰਿਹਾ। ਲੇਖਿਕਾ ਨੇ ਆਪਣੀ ਸਵੈਜੀਵਨੀ ਵਿੱਚ ਉਸ ਬਾਰੇ 15 ਸਫ਼ੇ ਲਿਖ ਕੇ ਉਸ ਨਾਲ ਆਪਣੇ ਰਿਸ਼ਤੇ ਦਾ ਰਹੱਸ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਸਦੀ ਖ਼ੁਦਕੁਸ਼ੀ ਦੇ ਹਾਲਾਤ ਦਾ ਜ਼ਿਕਰ ਕੀਤਾ ਹੈ। ਡਾ. ਹਰਿਭਜਨ ਸਿੰਘ ਨੇ ਆਪਣੀ ਸਵੈਜੀਵਨੀ ‘ਚੋਲਾ ਟਾਕੀਆਂ ਵਾਲਾ’ ਦੇ ਅਧਿਆਇ ‘ਆਰੰਭ ਇਕ ਸਿਲਸਿਲੇ ਦਾ’ ਵਿੱਚ ਉਸ ਬਾਰੇ ਜ਼ਿਕਰ ਕੀਤਾ। ਉਸਨੇ ਆਪਣੀ ਦੁਕਾਨਦਾਰੀ, ਕਵਿਤਾ ਸਭ ਤਿਆਗ ਕੇ ਉਸ ਲੇਖਿਕਾ ਦੇ ਨਾਮ ਦੀ ਰਟ ਫੜ ਲਈ, ਉਂਜ ਉਹ ਉਸਨੂੰ ਆਹਮੋ-ਸਾਹਮਣੇ ਮਿਲਦਿਆਂ ਮਾਂ ਕਹਿ ਕੇ ਸੰਬੋਧਨ ਕਰਦਾ ਸੀ। ਉਹ ਆਪ ਵੀ ਛੇ ਬੱਚਿਆਂ ਦਾ ਪਿਤਾ ਸੀ। ਆਖਰ ਸੰਨ 1964 ਦੇ ਇੱਕ ਦਿਨ ਉਸਨੇ ਵਿਆਹੀ ਵਰ੍ਹੀ ਲੇਖਿਕਾ ਵੱਲੋਂ ਦਰਵਾਜ਼ਾ ਨਾ ਖੋਲ੍ਹਣ ’ਤੇ ਰਿਕਸ਼ੇ ਰਾਹੀਂ ਘਰ ਜਾਂਦਿਆਂ ਬਾਜ਼ਾਰੋਂ ਪਾਣੀ ਲੈ ਕੇ ਗੋਲੀਆਂ ਦਾ ਫੱਕਾ ਮਾਰ ਲਿਆ ਅਤੇ ਹਸਪਤਾਲ ਪਹੁੰਚ ਕੇ ਮਰ ਗਿਆ। ਏਦਾਂ ਮਰ ਜਾਣ ਦੀਆਂ ਗੱਲਾਂ ਉਹ ਕਈ ਚਿਰ ਤੋਂ ਕਰ ਰਿਹਾ ਸੀ। ਉਸਦੇ ਮਰਨੋਂ ਬਾਅਦ ਛਪੇ ਕਾਵਿ ਸੰਗ੍ਰਹਿ ‘ਇਹ ਜਨਮ ਤੁਮ੍ਹਾਰੇ ਲੇਖੇ’ ਦੇ ਮੁੱਢਲੇ ਸ਼ਬਦ ਦੇਵਿੰਦਰ ਸਤਿਆਰਥੀ, ਡਾ. ਹਰਿਭਜਨ ਸਿੰਘ, ਹਰਨਾਮ, ਹਰਚਰਨ ਸਿੰਘ ਸੋਬਤੀ ਅਤੇ ਸੁਰਜੀਤ ਸਿੰਘ ਨਿਆਜ਼ ਵੱਲੋਂ ਲਿਖੇ ਗਏ ਸਨ।
ਅਫ਼ਰੋਜ਼ ਅੰਮ੍ਰਿਤ (ਅਸਲ ਨਾਮ ਅੰਮ੍ਰਿਤਬੀਰ ਸਿੰਘ) (1993-3 ਅਕਤੂਬਰ, 2014) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇੜਲੇ ਪਿੰਡ ਦਾ ਨੌਜਵਾਨ ਕਵੀ ਸੀ ਜਿਸਦਾ ਨਾਮ ਸੋਸ਼ਲ ਮੀਡੀਆ ਦੇ ਦੌਰ ਵਿੱਚ ਇਕਦਮ ਉਭਰਿਆ। ਪੰਜਾਬੀ ਯੂਨੀਵਰਸਿਟੀ ਪੜ੍ਹਦਿਆਂ 2013 ਵਿੱਚ ਉਸਦੀ ਕਵਿਤਾ ਦੀ ਪਹਿਲੀ ਕਿਤਾਬ ‘ਸ਼ਬਦ ਸ਼ਹਾਦਤ’ ਛਪੀ। ਰੁਜ਼ਗਾਰ ਵਜੋਂ ਹਰਮਨ ਰੇਡੀਓ ਲਈ ਕੰਮ ਕਰਦਿਆਂ ਉਸਨੇ 3 ਅਕਤੂਬਰ 2014 ਨੂੰ ਪਟਿਆਲੇ ਰੇਡੀਓ ਦਫ਼ਤਰ ਵਿੱਚ ਹੀ ਫਾਹਾ ਲੈ ਲਿਆ। ਉਸਦੇ ਮਰਨ ਬਾਅਦ ਉਸਦੀਆਂ ਸਾਰੀਆਂ ਕਵਿਤਾਵਾਂ ‘ਟੁੱਟਦੇ ਹੋਏ ਮਹਿਕਣਾ’ ਵਿੱਚ ਸ਼ਾਮਲ ਕਰਕੇ ਛਾਪੀਆਂ ਗਈਆਂ ਹਨ।
ਸਤਨਾਮ (ਅਸਲ ਨਾਮ ਗੁਰਮੀਤ ਸਿੰਘ) (1952-28 ਅਪ੍ਰੈਲ, 2016) ਪੰਜਾਬ ਨਾਲ ਸਬੰਧਤ ਨਕਸਲੀ ਸਮਰਥਕ ਸੀ ਜਿਸਨੇ 2001 ਵਿੱਚ ਬਸਤਰ ਦੇ ਲਾਲ ਜ਼ੋਨ ਵਿੱਚ ਨਕਸਲੀ ਗੁਰੀਲਿਆਂ ਨਾਲ 2 ਮਹੀਨੇ ਵਿਚਰਦਿਆਂ ਇਕੱਠੇ ਕੀਤੇ ਅਨੁਭਵਾਂ ਨੂੰ ਆਪਣੀ ਕਿਤਾਬ ‘ਜੰਗਲਨਾਮਾ’ ਰਾਹੀਂ 2004 ਵਿੱਚ ਪਾਠਕਾਂ ਦੇ ਰੂਬਰੂ ਕੀਤਾ ਸੀ। 28 ਅਪ੍ਰੈਲ, 2016 ਨੂੰ ਉਸਨੇ ਪਟਿਆਲੇ ਵਿਖੇ ਆਪਣੇ ਘਰ ਵਿੱਚ ਫਾਹਾ ਲੈ ਲਿਆ। ਕੁਝ ਸਮੇਂ ਤੋਂ ਉਹ ਨਿੱਜੀ ਅਤੇ ਸਿਆਸੀ ਤੌਰ ਤੇ ਖਿੰਡਿਆ ਹੋਇਆ ਮਹਿਸੂਸ ਕਰ ਰਿਹਾ ਸੀ। ਇਸ ਤੋਂ ਪਹਿਲਾਂ ਉਸਦੀ ਯਾਦਗਾਰੀ ਇੰਟਰਵਿਊ ਕਰਨ ਵਾਲੇ ਅਫ਼ਰੋਜ਼ ਨੇ ਵੀ 2014 ਵਿੱਚ ਪਟਿਆਲੇ ਹੀ ਖ਼ੁਦਕੁਸ਼ੀ ਕਰ ਲਈ ਸੀ। ਉਦੋਂ ਅਫ਼ਰੋਜ਼ ਦੇ ਇਸ ਕਦਮ ਨੂੰ ਉਸਨੇ ਬੇਹੱਦ ਗਲਤ ਦੱਸਿਆ ਸੀ।
ਮੌਤ ਬਾਰੇ ਪੰਜਾਬੀ ਕਵਿਤਾਵਾਂ
ਅਸਾਂ ਤਾਂ ਜੋਬਨ ਰੁੱਤੇ ਮਰਨਾ
ਅਸਾਂ ਤਾਂ ਜੋਬਨ ਰੁੱਤੇ ਮਰਨਾ
ਮੁੜ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾ
ਅਸਾਂ ਤਾਂ ਜੋਬਨ ਰੁੱਤੇ ਮਰਨਾ
ਜੋਬਨ ਰੁੱਤੇ ਜੋ ਵੀ ਮਰਦਾ
ਫੁੱਲ ਬਣੇ ਜਾਂ ਤਾਰਾ
ਜੋਬਨ ਰੁੱਤੇ ਆਸ਼ਿਕ ਮਰਦੇ
ਜਾਂ ਕੋਈ ਕਰਮਾਂ ਵਾਲਾ
ਜਾਂ ਉਹ ਮਰਨ
ਕਿ ਜਿਨ੍ਹਾਂ ਲਿਖਾਏ
ਹਿਜਰ ਧੁਰੋਂ ਵਿਚ ਕਰਮਾਂ
ਹਿਜਰ ਤੁਹਾਡਾ ਅਸਾਂ ਮੁਬਾਰਕ
ਨਾਲ ਬਹਿਸ਼ਤੀਂ ਖੜਨਾ
ਅਸਾਂ ਤਾਂ ਜੋਬਨ ਰੁੱਤੇ ਮਰਨਾ।
ਸੱਜਣ ਜੀ
ਭਲਾ ਕਿਸ ਲਈ ਜਾਣਾ
ਸਾਡੇ ਜਿਹਾ ਨਿਕਰਮਾ
ਸੂਤਕ ਰੁੱਤ ਤੋਂ
ਜੋਬਨ ਰੁੱਤ ਤਕ
ਜਿਨ੍ਹਾਂ ਹੰਢਾਈਆਂ ਸ਼ਰਮਾਂ
ਨਿੱਤ ਲੱਜਿਆ ਦੀਆਂ ਜੰਮਣ-ਪੀੜਾਂ
ਅਣਚਾਹਿਆਂ ਵੀ ਜਰਨਾ
ਨਿੱਤ ਕਿਸੇ ਦੇਹ ਵਿਚ
ਫੁੱਲ ਬਣ ਕੇ ਖਿੜਨਾ
ਨਿੱਤ ਤਾਰਾ ਬਣ ਚੜ੍ਹਨਾ
ਅਸਾਂ ਤਾਂ ਜੋਬਨ ਰੁੱਤੇ ਮਰਨਾ।
ਸੱਜਣ ਜੀ
ਦਿਸੇ ਸਭ ਜੱਗ ਤਾਈਂ
ਗਰਭ ਜੂਨ ਵਿਚ ਮਰਨਾ
ਜੰਮਣੋਂ ਪਹਿਲਾਂ ਔਧ ਹੰਢਾਈਏ
ਫੇਰ ਹੰਢਾਈਏ ਸ਼ਰਮਾਂ
ਮਰ ਕੇ ਕਰੀਏ
ਇਕ ਦੂਜੇ ਦੀ
ਮਿੱਟੀ ਦੀ ਪਰਕਰਮਾ
ਪਰ ਜੇ ਮਿੱਟੀ ਵੀ ਮਰ ਜਾਏ
ਤਾਂ ਜਿਊ ਕੇ ਕੀ ਕਰਨਾ?
ਅਸਾਂ ਤਾਂ ਜੋਬਨ ਰੁੱਤੇ ਮਰਨਾ
ਮੁੜ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾ
ਅਸਾਂ ਤਾਂ ਜੋਬਨ ਰੁੱਤੇ ਮਰਨਾ।
ਸ਼ਿਵ ਕੁਮਾਰ
ਇਹ ਕਿਵੇਂ ਵੀ ਚੰਗਾ ਨਹੀਂ
ਉਸ ਨੇ ਖ਼ੁਦਕਸ਼ੀ ਬਾਰੇ ਸੋਚਿਆ
ਛੱਤ ਤੋਂ ਡਿੱਗ ਕੇ ਮਰਨ ਬਾਰੇ ਸੋਚਿਆ
ਗਿਰਨਾ, ਡਿੱਗਣਾ ਸ਼ਬਦ ਚੰਗਾ ਨਾ ਲੱਗਾ
ਗਿਰਾਵਟ ਜਿਹੀ ਮਹਿਸੂਸ ਹੋਈ
ਗੱਡੀ ਥੱਲੇ ਆਉਣ ਬਾਰੇ ਸੋਚਿਆ
ਐਵੇਂ ਥੱਲੇ ਲੱਗਣਾ ਥੱਲੇ ਆਉਣਾ
ਇਹ ਸ਼ਬਦ ਉਸਦੇ ਸਵੈਮਾਣ ਨੂੰ ਜਚੇ ਨਾ
ਉਸ ਨੇ ਡੁੱਬ ਕੇ ਮਰਨ ਬਾਰੇ ਸੋਚਿਆ
ਡੁੱਬ ਕੇ ਮਰਨਾ ਉਸਨੂੰ ਸ਼ਰਮ ਨਾਲ ਸੰਬੰਧਿਤ ਲੱਗਾ
ਫਾਹਾ ਲੈ ਕੇ ਮਰਨਾ ਅਪਰਾਧਿਕ ਜਿਹਾ ਲੱਗਾ
ਕੁਝ ਖਾ ਕੇ ਮਰਨਾ ਨਹੀਂ, ਖਾ ਕੇ ਜੀਣਾ ਹੁੰਦਾ
ਇਹ ਵੀ ਖਾਣ ਦੇ ਅਪਮਾਨ ਜਿਹਾ ਲੱਗਾ
ਇਹ ਕਿਵੇਂ ਵੀ ਚੰਗਾ ਨਹੀਂ
ਉਹਨੇ ਸਿਰ ਉੱਚਾ ਕੀਤਾ
ਤੇ ਜਿਉਣ ਲੱਗਿਆ…….
ਜਗਦੀਪ ਸਿੱਧੂ