shabadspace.com

ਸ਼ਬਦ ਸਪੇਸ

ਭਾਸ਼ਾ  ਸਾਹਿਤ  ਕਲਾ  ਕਲਚਰ

ਪੰਜਾਬੀ ਪ੍ਰਕਾਸ਼ਨ ਦਾ ਦੋ ਸਦੀਆਂ ਦਾ ਸਫ਼ਰ

ਪੰਜਾਬੀ ਪ੍ਰਕਾਸ਼ਨ ਵਿਚ ਅੱਜ ਦਾ ਦੌਰ ਪਹਿਲਾਂ ਦੇ ਕਿਸੇ ਵੀ ਸਮੇਂ ਦੇ ਮੁਕਾਬਲੇ ਵਿਚਾਰਧਾਰਕ ਤੌਰ ਤੇ ਵੱਧ ਖੁੱਲ੍ਹਾ ਅਤੇ ਉਦਾਰ ਲੱਗ ਰਿਹਾ ਹੈ। ਕਿਸੇ ਇਕ ਵਿਚਾਰਧਾਰਾ ਦੀ ਚੜ੍ਹਤ ਨਾ ਹੋਣ ਕਾਰਨ ਵੱਧ ਪ੍ਰੋਫੈਸ਼ਨਲ ਸਰੋਕਾਰਾਂ ਵਾਲੇ ਛੋਟੇ ਛੋਟੇ ਪ੍ਰਕਾਸ਼ਕਾਂ ਦੀ ਇਕ ਲਹਿਰ ਸ਼ੁਰੂ ਹੋ ਚੁੱਕੀ ਹੈ। ਇਸ ਨਾਲ ਪੰਜਾਬੀ ਵਿਚ ਅਸਲੀ ਅਰਥਾਂ ਵਿਚ ਆਧੁਨਿਕ ਅਤੇ ਪ੍ਰੋਫੈਸ਼ਲ ਪ੍ਰਕਾਸ਼ਨ ਦੀ ਸੰਭਾਵਨਾ ਬਣ ਗਈ ਹੈ

ਭਾਵੇਂ ਕਿਤਾਬਾਂ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ, ਪਰ ਆਧੁਨਿਕ ਪੰਜਾਬੀ ਪ੍ਰਕਾਸ਼ਨ ਦਾ ਜਨਮ ਪ੍ਰਿੰਟਿੰਗ ਮਸ਼ੀਨ ਦੇ ਆਉਣ ਨਾਲ ਹੁੰਦਾ ਹੈ। ਉਸ ਤੋਂ ਪਹਿਲਾਂ ਪੰਜਾਬੀ ਵਿਚ ਹੱਥਲਿਖਤ ਕਿਤਾਬਾਂ ਦੀ ਪ੍ਰਥਾ ਸੀ, ਜਿਸ ਦਾ ਦਾਇਰਾ ਬਹੁਤ ਸੀਮਤ ਰਹਿੰਦਾ ਸੀ।

ਆਧੁਨਿਕ ਪੰਜਾਬੀ ਪੁਸਤਕ ਪ੍ਰਕਾਸ਼ਨ ਦੀ ਤਵਾਰੀਖ ਦੋ ਕੁ ਸਦੀਆਂ ਪੁਰਾਣੀ ਹੈ। ਪੰਜਾਬੀ ਦਾ ਪਹਿਲਾ ਛਾਪਾਖਾਨਾ 1809 ਈ. ਵਿੱਚ ਵਜੂਦ ਵਿੱਚ ਆਉਂਦਾ ਹੈ। ਪੱਥਰ ਛਾਪੇ ਤੋਂ ਆਰੰਭ ਹੋ ਕੇ 19ਵੀਂ ਸਦੀ ਦੇ ਅਖੀਰ ਵਿੱਚ ਟਾਈਪ ਦੀ ਛਪਾਈ ਹੋਣ ਲੱਗ ਪਈ ਸੀ। ਈਸਾਈ ਮਿਸ਼ਨਰੀਆਂ ਦੁਆਰਾ ਆਪਣੇ ਪ੍ਰਚਾਰ ਲਈ ਨਵੀਂ ਪ੍ਰਿੰਟਿੰਗ ਟੈਕਨੌਲੋਜੀ ਦੀ ਸਭ ਤੋਂ ਪਹਿਲਾਂ ਵਰਤੋਂ ਸ਼ੁਰੂ ਕੀਤੀ ਗਈ। ਪੰਜਾਬੀ ਛਾਪੇਖਾਨੇ ’ਤੇ ਪਹਿਲੀ ਪੁਸਤਕ ਮਸੀਹੀ ਧਰਮ ਪੋਥੀ ‘ਬਾਈਬਲ’ ਸੀਰਾਮਪੁਰ ਤੋਂ 1811 ਵਿੱਚ ਛਪਦੀ ਹੈ। 1812ਵਿੱਚ ‘ਪੰਜਾਬੀ ਵਿਆਕਰਣ’ ਦਾ ਪ੍ਰਕਾਸ਼ਨ ਹੁੰਦਾ ਹੈ। 1885 ਈ. ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਦੀ ਸਥਾਪਨਾ ਹੋਣ ਨਾਲ ਪੰਜਾਬ ਦੇ ਸਕੂਲਾਂ ਕਾਲਜਾਂ ਦੀਆਂ ਸਿਲੇਬਸ ਲੋੜਾਂ ਦੇ ਮੱਦੇਨਜ਼ਰ ਪੰਜਾਬੀ ਕੋਰਸ ਛਪਣੇ ਸ਼ੁਰੂ ਹੋਏ।ਇਸ ਸਮੇਂ ਤੱਕ ਹੱਥ ਨਾਲ ਲਿਖ ਕੇ ਪੱਥਰ ਛਾਪੇ ਰਾਹੀਂ ਛਪਾਈ ਦੀ ਥਾਂ ਟਾਈਪ ਛਾਪਾ ਵਿਕਸਿਤ ਹੋ ਗਿਆ ਸੀ।

ਨਿਰੋਲ ਧਾਰਮਿਕ ਸਾਹਿਤ ਤੋਂ ਸ਼ੁਰੂ ਹੋ ਕੇ ਵਿਦਿਅਕ ਸਾਹਿਤ ਤੱਕ ਪੰਜਾਬੀ ਛਪਾਈ ਪੱਥਰ ਛਾਪੇ ਤੋਂ ਟਾਈਪ ਤੱਕ ਵਿਕਸਿਤ ਹੋ ਕੇ ਆਪਣੇ ਦੋ ਦੌਰ ਪੂਰੇ ਕਰ ਚੁੱਕੀ ਸੀ। ਵੀਹਵੀਂ ਸਦੀ ਦੇ ਮੁੱਢ ਵਿੱਚ ਭਾਈ ਮੋਹਨ ਸਿੰਘ ਵੈਦ ਨੇ ਸਵਦੇਸ਼ੀ ਪ੍ਰਚਾਰ ਲੜੀ ਸ਼ੁਰੂ ਕੀਤੀ ਜਿਸ ਤਹਿਤ ਧਾਰਮਿਕ ਕਿਤਾਬਾਂ, ਸਮਾਜਿਕ ਨਾਵਲ ਅਤੇ ਇਲਾਜ ਸਬੰਧੀ ਪੁਸਤਕਾਂ ਦਾ ਪ੍ਰਕਾਸ਼ਨ ਕੀਤਾ ਗਿਆ। ਪੰਜਾਬੀ ਵਿੱਚ ਧਾਰਮਿਕ ਅਤੇ ਸਾਹਿਤਕ ਸੁਮੇਲ ਵਾਲੀਆਂ ਕਿਤਾਬਾਂ ਇਸ ਸਮੇਂ ਵਿੱਚ ਛਪਣੀਆਂ ਸ਼ੁਰੂ ਹੋਈਆਂ। ਸਾਹਿਤ ਦੇ ਨਵ ਰੂਪਾਂ ਨਿੱਕੀ ਕਵਿਤਾ, ਮਹਾਂਕਾਵਿ, ਨਿੱਕੀ ਕਹਾਣੀ, ਨਾਵਲ, ਸਫ਼ਰਨਾਮਾ ਆਦਿ ਸਿਨਫ਼ਾਂ ਦਾ ਪ੍ਰਕਾਸ਼ਨ ਸ਼ੁਰੂ ਹੋਣ ਆਧੁਨਿਕ ਕਾਲ ਦਾ ਮੁੱਢ ਵੀ ਇਸ ਸਮੇਂ ਹੀ ਬੱਝਿਆ ਮੰਨਿਆ ਜਾਂਦਾ ਹੈ। ਪੰਜਾਬੀ ਦੇ ਸਾਹਿਤਕ ਰਸਾਲਿਆਂ ਦਾ ਪ੍ਰਕਾਸ਼ਨ ਵੀ ਵੀਹਵੀਂ ਸਦੀ ਦੇ ਆਰੰਭ ਵਿੱਚ ਹੀ ਸ਼ੁਰੂ ਹੁੰਦਾ ਹੈ।

ਪੰਜਾਬੀ ਕਿਤਾਬਾਂ ਜਾਂ ਪ੍ਰਕਾਸ਼ਨ ਦੇ ਇਤਿਹਾਸ ਵਿਚ ਵਿਚਾਰਧਾਰਕ ਲਹਿਰਾਂ ਦਾ ਵੀ ਵੱਡਾ ਯੋਗਦਾਨ ਹੈ। ਇਸ ਮਾਮਲੇ ਵਿਚ ਪਹਿਲਾ ਵੱਡਾ ਯੋਗਦਾਨ ਸਿੰਘ ਸਭਾ ਲਹਿਰ ਦਾ ਹੈ, ਜਿਸ ਨੇ ਸਿੱਖੀ ਬਾਰੇ ਨਵੇਂ ਵਿਚਾਰਾਂ ਦੀ ਇਕ ਲਹਿਰ ਸ਼ੁਰੂ ਕੀਤੀ। ਆਪਣੇ ਵਿਚਾਰਾਂ ਦੇ ਪ੍ਰਚਾਰ ਲਈ ਉਨ੍ਹਾਂ ਕਿਤਾਬਾਂ, ਮੈਗਜ਼ੀਨਾਂ ਦੇ ਪ੍ਰਕਾਸ਼ਨ ਨੂੰ ਮਾਧਿਅਮ ਬਣਾਇਆ ਅਤੇ ਇਸ ਨਾਲ ਪੰਜਾਬੀ ਪ੍ਰਕਾਸ਼ਨ ਨੂੰ ਵੱਡਾ ਹੁਲਾਰਾ ਮਿਲਿਆ।

ਦੂਜਾ ਵੱਡਾ ਯੋਗਦਾਨ ਖੱਬੇਪੱਖੀ ਲਹਿਰਾਂ ਦਾ ਹੈ। ਇਨ੍ਹਾਂ ਲਹਿਰਾਂ ਦੀ ਸ਼ੁਰੂਆਤ ਅਜ਼ਾਦੀ ਦੀ ਲਹਿਰ ਵੇਲੇ ਹੀ ਹੋ ਗਈ ਸੀ ਅਤੇ ਕਿਸੇ ਨਾ ਕਿਸੇ ਰੂਪ ਵਿਚ ਇਹ ਸੱਤਰਵਿਆਂ ਤੱਕ ਪੰਜਾਬ ਦੇ ਵਿਚਾਰਧਾਰਕ ਖੇਤਰ ਨੂੰ ਪ੍ਰਭਾਵਤ ਕਰਦੀਆਂ ਰਹੀਆਂ ਹਨ। ਇਨ੍ਹਾਂ ਲਹਿਰਾਂ ਦੁਆਰਾ ਪੰਜਾਬੀ ਵਿਚ ਨਵੇਂ ਪ੍ਰਗਤੀਸ਼ੀਲ ਵਿਚਾਰਾਂ ਦੀ ਇਕ ਵੱਡੀ ਲਹਿਰ ਛੇੜੀ ਗਈ, ਜਿਸ ਦਾ ਅਸਰ ਪੰਜਾਬ ਦੀ ਅਕਾਦਮਿਕਤਾ ਅਤੇ ਸਾਹਿਤ ਤੇ ਹੋਇਆ। ਸੋਵੀਅਤ ਕਿਤਾਬਾਂ ਨੇ ਪੰਜਾਬੀ ਵਿਚ ਉੱਚ ਮਿਆਰ ਦੀਆਂ ਕਿਤਾਬਾਂ ਦੇ ਪ੍ਰਕਾਸ਼ਨ ਨੂੰ ਅਗਲੇ ਪੱਧਰ ਤੇ ਪਹੁੰਚਾ ਦਿੱਤਾ।

ਪਿਛਲੇ ਦੋ ਕੁ ਦਹਾਕਿਆਂ ਤੋਂ ਪੰਜਾਬ ਵਿਚ ਭਾਵੇਂ ਕੋਈ ਬਹੁਤ ਮਜ਼ਬੂਤ ਵਿਚਾਰਧਾਰਕ ਲਹਿਰ ਨਹੀਂ ਹੈ। ਇਸ ਕਰਕੇ ਨਵੀਆਂ ਕਿਤਾਬਾਂ ਜਾਂ ਸਾਹਿਤ ਤੇ ਕਿਸੇ ਇਕ ਵਿਚਾਰਧਾਰਾ ਦੀ ਚੜ੍ਹਤ ਨਜ਼ਰ ਨਹੀਂ ਆਉਂਦੀ। ਇਸ ਦਾ ਇਕ ਪ੍ਰਭਾਵ ਇਹ ਪਿਆ ਹੈ ਕਿ ਵੱਡੀ ਗਿਣਤੀ ਵਿਚ ਕਿਤਾਬਾਂ ਕਿਸੇ ਇਕ ਲਹਿਰ ਦੇ ਅਸਰ ਦੀ ਬਜਾਏ ਖੁਦਮੁਖਤਾਰ ਲੇਖਕਾਂ ਅਤੇ ਪ੍ਰਕਾਸ਼ਨ ਸਮੂਹਾਂ ਦੁਆਰਾ ਛਾਪੀਆਂ ਜਾ ਰਹੀਆਂ ਹਨ।

ਪੰਜਾਬੀ ਪ੍ਰਕਾਸ਼ਨ ਵਿਚ ਮੌਜੂਦਾ ਦੌਰ ਵਿਚਾਰਧਾਰਕ ਤੌਰ ਤੇ ਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਵੱਧ ਖੁੱਲ੍ਹਾ ਅਤੇ ਅਜ਼ਾਦ ਲੱਗ ਰਿਹਾ ਹੈ।

Leave a comment