ਅਮਰਜੀਤ ਗਰੇਵਾਲ ਦਾ ਨਾਟਕ ‘ਸੋ ਦਰੁ’ ਸਿਰਫ਼ ਇਕ ਨਾਟਕ ਨਹੀਂ ਹੈ ਬਲਿਕ ਇਹ ਕਹਿਣਾ ਉਚਿਤ ਹੋਵੇਗਾ ਕਿ ਨਾਟਕ ਦੀ ਵਿਧਾ ਰਾਹੀਂ ਅੱਜ ਦੇ ਦੌਰ ਤੇ ਵੱਡੇ ਵਿਚਾਰਧਾਰਕ ਸਵਾਲਾਂ ਤੇ ਇਕ ਚਰਚਾ ਦੀ ਸ਼ੁਰੂਆਤ ਹੈ। ਪੰਜਾਬੀ ਵਿਚ ਇਹ ਪਹਿਲੀ ਅਜਿਹੀ ਰਚਨਾ ਹੈ, ਜਿਸ ਵਿਚ ਆਰਟੀਫਿਸ਼ਲ ਇੰਟੈਲੀਜੈਂਸ ਦੇ ਦੌਰ ਵਿਚ ਬਣ ਰਹੀ ਨਵੀਂ ਜ਼ਿੰਦਗੀ ਦੀ ਇਕ ਝਲਕ ਪੇਸ਼ ਕੀਤੀ ਗਈ ਹੈ ਅਤੇ ਨਾਲੋਂ ਨਾਲ ਇਸ ਨਾਲ ਜੁੜੇ ਸਵਾਲਾਂ ਤੇ ਵੀ ਇਕ ਗੰਭੀਰ ਚਰਚਾ ਕੀਤੀ ਗਈ ਹੈ। ਸਾਡੀ ਪਰੰਪਰਾ ਵਿਚ ਸਮੁੱਚੇ ਇਨਸਾਨੀ ਜੀਵਨ ਅਤੇ ਬ੍ਰਹਿਮੰਡ ਦੀ ਰਚਨਾ ਨੂੰ ਇਕ ਲੀਲ੍ਹਾ ਕਿਹਾ ਗਿਆ ਹੈ। ਇਹ ਨਾਟਕ ਇਸ ਲੀਲ੍ਹਾ ਦੇ ਇਕ ਨਵੇਂ ਐਪੀਸੋਡ ਦੀ ਤਸਵੀਰਕਸ਼ੀ ਹੈ।
ਪਾਤਰ:
ਅਦਾਕਾਰ ਕਿਰਦਾਰ
ਪਹਿਲਾ ਬੰਦਾ ਪਹਿਲਾ ਬੰਦਾ, ਚੇਅਰਮੈਨ
ਦੂਸਰਾ ਬੰਦਾ ਦੂਸਰਾ ਬੰਦਾ, ਬਿਕਰਮਜੀਤ ਸਿੰਘ, ਅਮਨ ਦੀਪ,
ਯੋਗ ਰਾਜ, ਬਿਜ਼ਨਸਮੈਨ, ਇਤਿਹਾਸਕਾਰ
ਲੜਕੀ ਲੜਕੀ
ਬੁੱਧੂ ਬੁੱਧੂ, ਕਵੀ
(ਨਾਟਘਰ ਦੇ ਐਂਟਰੀ ਗੇਟ ‘ਤੇ ਲੱਗੇ ਨੋਟਿਸ ਰਾਹੀਂ ਸਭ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਕਿਊ ਆਰ ਕੋਡ ਨੂੰ ਆਪਣੇ ਮੋਬਾਈਲ ‘ਫੋਨ ਤੇ ਸਕੈਨ ਕਰਕੇ ਦਾਖਲ ਹੋਣ।)
(ਪੰਜਾਬੀ ਬੀਟ ਦੀ ਬੈਕਗਰਾਊਂਡ ਆਵਾਜ਼ ਨਾਲ ਹੌਲੀ-ਹੌਲੀ ਫੇਡ ਇਨ ਹੁੰਦਾ ਹੈ। ਗੀਤ ਗਾਉਂਦੇ ਬੰਦੇ ਨਾਲ ਨੱਚਦੇ ਹੋਏ ਰੋਬੋ ਦਾਖ਼ਲ ਹੁੰਦੇ ਹਨ।)
ਗੀਤ:
ਨੱਚ ਰੋਬੋ ਨੱਚ ਸਾਡੇ ਨਾਲ ਨਾਲ
ਨੱਚ ਰੋਬੋ ਨੱਚ ਸਾਡੇ ਤਾਲ ਨਾਲ
ਸਿੱਖ ਲੈ ਸਲਾਮ ਨਾਲੇ ਨਮਸਕਾਰ
ਸਤਿ ਸ੍ਰੀ ਅਕਾਲ ਕਹਿਣੀ ਪਿਆਰ ਨਾਲ
ਸੁੱਖ ਸਾਂਦ ਪੁੱਛ, ਦੱਸ ਹਾਲ ਚਾਲ
ਨੱਚ ਰੋਬੋ ਨੱਚ ਸਾਡੇ ਨਾਲ ਨਾਲ
ਹੱਸਣਾ ਤੇ ਰੋਣਾ ਕੁਰਲਾਉਣਾ ਹੈ ਤੂੰ ਕਾਸਤੇ
ਰਹਿਣ ਦੇ ਇਹ ਗੱਲਾਂ ਬੱਸ ਬੰਦਿਆਂ ਦੇ ਵਾਸਤੇ
ਤੇਰੇ ਕੋਲ ਵੈਰ ਨਾ ਹੀ ਪਿਆਰ ਹੈ
ਤੇਰੇ ਕੋਲ ਲੋਭ ਨਾ ਹੰਕਾਰ ਹੈ
ਤੇਰੇ ਕੋਲ ਖੌਫ਼ ਹੈ ਨਾ ਦੁਖ ਹੈ
ਤੇਰਾ ਹੈ ਮੁਖੌਟਾ ਕਿਹੜਾ ਮੁਖ ਹੈ
ਨੱਚ ਤੂੰ ਨਿਸੰਗ ਹੋ ਕੇ ਮੌਜ ਨਾਲ
ਨੱਚ ਰੋਬੋ ਨੱਚ ਸਾਡੇ ਨਾਲ ਨਾਲ
ਮੈਨੂੰ ਲੋੜ ਪਈ ਤਾਂ ਸਿਖਾ ਦਊਂ
ਕਾਮ ਕ੍ਰੋਧ ਤੇਰੇ ਵਿਚ ਪਾ ਦਊਂ
ਸੰਤ ਸਰੂਪ ਰਹਿ ਤੂੰ ਫਿਲਹਾਲ
ਨੱਚ ਰੋਬੋ ਨੱਚ ਸਾਡੇ ਨਾਲ ਨਾਲ
(ਹੌਲੀ-ਹੌਲੀ ਬੀਟ ਬਦਲਦੀ ਹੈ। ਰੋਬੋ ਆਪਣੀ ਡਰੈਸ ਉਤਾਰ ਕੇ ਬੰਦਿਆ/ ਔਰਤਾਂ ਵਿਚ ਤਬਦੀਲ ਹੋ ਜਾਂਦੇ ਹਨ। ਹੁਣ ਰੋਬੋ ਬੰਦਿਆਂ/ ਔਰਤਾਂ ਨੂੰ ਨਚਾ ਰਿਹਾ ਹੈ।
ਕੁਛ ਸਮੇ ਬਾਅਦ ਦੋ ਬੰਦੇ ਡਰੈੱਸ ਪਹਿਨ ਕੇ ਦੁਬਾਰਾ ਰੋਬੋ ਬਣ ਜਾਂਦੇ ਹਨ। ਹੁਣ ਰੋਬੋ ਅਤੇ ਬੰਦੇ/ ਔਰਤਾਂ ਰਲ ਕੇ ਸਾਂਝਾ ਕਰੀਏਟਿਵ ਡਾਂਸ ਕਰਦੇ ਹਨ। ਪੂਰੀ ਸ਼ਿੱਦਤ ਨਾਲ ਚੱਲ ਰਿਹਾ ਇਹ ਸਾਂਝਾ ਡਾਂਸ ਹੌਲੀ-ਹੌਲੀ ਫੇਡ ਆਊਟ ਹੁੰਦਾ ਹੈ।)
ਇਕ
(ਤਿੰਨ ਪਲੇਟਫਾਰਮਾਂ ਉੱਪਰ ਇੱਕ ਔਰਤ ਅਤੇ ਦੋ ਬੰਦੇ ਬੈਠੇ ਹਨ।)
ਪਹਿਲਾ ਬੰਦਾ: ਮਸ਼ੀਨਾਂ ਬੁੱਧੀਮਾਨ ਹੁੰਦੀਆਂ ਜਾ ਰਹੀਆਂ ਨੇ!
ਲੜਕੀ: ਕੀ ਇਹ ਵੀ ਕੁਦਰਤ ਦੇ ਸ਼ੋਸ਼ਣ ਲਈ ਪਹਿਲੀਆਂ ਮਸ਼ੀਨਾਂ ਵਾਂਗ ਹੀ ਇਸਤੇਮਾਲ ਹੁੰਦੀਆਂ ਰਹਿਣਗੀਆਂ?
ਦੂਸਰਾ ਬੰਦਾ: ਹੋ ਸਕਦੈ ਇਹ ਬੰਦਿਆ ਨੂੰ ਹੀ ਕੰਟਰੋਲ ਕਰਨ ਲੱਗ ਪੈਣ!
ਲੜਕੀ: ਕੀ ਕੁਦਰਤ ਦੇ ਸ਼ੋਸ਼ਣ ਦੀ ਥਾਂ, ਮਨੁੱਖ ਅਤੇ ਮਸ਼ੀਨਾਂ ਕੁਦਰਤ ਨਾਲ ਮਿਲ ਕੇ ਕੰਮ ਨਹੀਂ ਕਰ ਸਕਦੇ?
ਦੂਸਰਾ ਬੰਦਾ: ਮਸ਼ੀਨਾਂ ਅਤੇ ਸੰਦ ਤਾਂ ਬਣੇ ਹੀ ਕੁਦਰਤ ਦੇ ਸ਼ੋਸ਼ਣ ਲਈ ਨੇ।
ਪਹਿਲਾ ਬੰਦਾ: ਜੇ ਇਹ ਕੁਦਰਤ ਦਾ ਸ਼ੋਸ਼ਣ ਨੀ ਕਰਨਗੀਆਂ ਤਾਂ ਹੋਰ ਕੀ ਕਰਨਗੀਆਂ?
ਲੜਕੀ: ਸੰਗੀਤਕਾਰਾਂ ਦੇ ਸਾਜ਼ ਅਤੇ ਫੋਟੋਗਰਾਫਰਾਂ ਦੇ ਕੈਮਰੇ ਤਾਂ ਕੁਦਰਤ ਦਾ ਸ਼ੌਸ਼ਣ ਨਹੀਂ ਕਰਦੇ। ਇਹ ਵੀ ਤਾਂ ਮਸ਼ੀਨਾਂ ਨੇ। ਸਾਨੂੰ ਸੋਚਣਾ ਚਾਹੀਦੈ!
ਪਹਿਲਾ ਬੰਦਾ: ਮਨੁੱਖ ਕੁਦਰਤ ਤੋਂ ਅਲਹਿਦਾ ਨਹੀਂ ਸੀ। ਇਹ ਤਾਂ ਮਨੁੱਖ ਦੀ ਹਵਸ ਸੀ ਜਿਸ ਨੇ ਕੁਦਰਤ ਨੂੰ ਖਪਤ ਦੀ ਵਸਤੂ ਬਣਾ ਲਿਆ।
ਲੜਕੀ: ਹੁਣ ਜਦੋਂ ਕੁਦਰਤ ਨੇ ਰੀਐਕਟ ਕਰਨਾ ਸ਼ੁਰੂ ਕੀਤਾ; ਉਸਦੀ ਹੋਂਦ ਲਈ ਖਤਰੇ ਖੜ੍ਹੇ ਹੋਣ ਲੱਗੇ; ਤਾਂ ਕਿਤੇ ਜਾ ਕੇ ਉਸਨੂੰ ਆਪਣੀ ਇਸ ਮੂਰਖਤਾ ਦੀ ਸਮਝ ਪਈ।
ਪਹਿਲਾ ਬੰਦਾ: ਹੁਣ ਤਾਂ ਚੀਖਾਂ ਮਾਰ ਕੇ ਆਖ ਰਹੈ ਕਿ ਮੈਨੂੰ ਮੇਰੀ ਹਵਸ ਤੋਂ ਬਚਾਉ! ਮੈਨੂੰ ਮੇਰੀ ਹਉਂ ਤੋਂ ਬਚਾਉ!
ਲੜਕੀ: ਜੇਕਰ ਸ਼ੋਸ਼ਣ ਦਾ ਸੰਸਾਰ ਸਹਿਯੋਗ ਦੇ ਸੰਸਾਰ ਵਿੱਚ ਤਬਦੀਲ ਹੋ ਜਾਵੇ? ਫੇਰ ਤਾਂ ਸਮਝੋ ਕਿ ਇਹ ਸੰਸਾਰ ਨਿਰਾ ਸਵਰਗ ਈ ਐ! ਮੈਂ ਤਾਂ ਸੋਚ ਕੇ ਪਾਗਲ ਹੁੰਦੀ ਜਾ ਰਹੀ ਆਂ ਕਿ ਸ਼ੋਸ਼ਣ ਦੀ ਥਾਂ ਸਹਿਯੋਗ ਉੱਪਰ ਟਿਕਿਆ ਹੋਇਆ ਸੰਸਾਰ ਕਿੰਨਾ ਖੂਬਸੂਰਤ ਹੋਵੇਗਾ!
ਦੂਸਰਾ ਬੰਦਾ: ਪਰ ਇਹ ਤਬਦੀਲੀ ਆਏਗੀ ਕਿਵੇਂ? ਮਨੁੱਖ ਆਪਣੀ ਹਉਂ ਅਤੇ ਹਵਸ ਦੇ ਖਿਲਾਫ਼ ਲੜੇਗਾ ਕਿਵੇਂ?
ਦੂਸਰਾ ਬੰਦਾ: ਇਓਂ ਲਗਦੈ ਜਿਵੇਂ ਮਨੁੱਖ ਨਹੀਂ, ਇਹ ਬੁੱਧੀਮਾਨ ਮਸ਼ੀਨ ਹੀ ਇਨਕਲਾਬ ਕਰੇਗੀ। ਸਮਾਜਕ ਤਬਦੀਲੀ ਦਾ ਸਾਧਨ ਬਣ ਜਾਵੇਗੀ!
ਲੜਕੀ: (ਆਪਣੇ ਆਪ ਨਾਲ) ਸ਼ਾਇਦ ਇਹ ਠੀਕ ਹੀ ਆਖਦੈ! ਨਵੇਂ ਪੈਦਾਵਾਰੀ ਸਾਧਨ ਹੀ ਤਾਂ ਇਨਕਲਾਬ ਦਾ ਸਬੱਬ ਬਣਦੇ ਆਏ ਨੇ। ਫੇਰ ਇਹ ਬੁੱਧੀਮਾਨ ਮਸ਼ੀਨ ਕਿਉਂ ਨਹੀਂ ਬਣ ਸਕਦੀ? (ਦਰਸ਼ਕਾਂ ਨੂੰ)ਸਾਡੇ ਕੌਮਨਿਸਟ ਭਾਈ ਤਾਂ ਆਖਦੇ ਸੀ ਕਿ ਇਹ ਕੰਮ ਕਿਰਤੀ ਜਮਾਤ ਕਰੇਗੀ।
ਦੂਸਰਾ ਬੰਦਾ: ਕਿਰਤੀ ਜਮਾਤ ਵਿਚ ਬਹੁਗਿਣਤੀ ਇਨ੍ਹਾਂ ਬੁੱਧੀਮਾਨ ਮਸ਼ੀਨਾਂ ਦੀ ਹੀ ਹੋਣ ਵਾਲੀ ਐ! (ਆਪਣੇ ਆਪ ਨਾਲ) ਪਰ ਮਸ਼ੀਨਾਂ ਇਨਕਲਾਬ ਥੋੜ੍ਹੇ ਈ ਕਰਨਗੀਆਂ! ਹੋ ਸਕਦੈ ਮਨੁੱਖਾਂ ਅਤੇ ਮਸ਼ੀਨਾਂ ਦੀ ਸਾਂਝੀ ਕਿਰਤੀ ਜਮਾਤ ਹੀ ਕੁਛ ਕਰੇ! (ਦਰਸ਼ਕਾਂ ਨੂੰ ਸੰਬੋਧਿਤ ਹੁੰਦੇ ਹੋਏ) ਪੈਦਾਵਾਰੀ ਸਾਧਨਾਂ ਵਿਚ ਵੱਡੀ ਤਬਦੀਲੀ ਆਉਣ ਵਾਲੀ ਐ!
ਪਹਿਲਾ ਬੰਦਾ: ਆਉਣ ਵਾਲੇ ਪੰਜ ਸੱਤ ਸਾਲਾਂ ਤੱਕ ਡਰਾਈਵਰ ਨਹੀਂ, ਆਰਟੀਫੀਸ਼ਲ ਇੰਟੈਲੀਜੈਂਸ ਹੀ ਹਵਾ, ਪਾਣੀ ਅਤੇ ਸੜਕਾਂ ਤੇ ਚੱਲਣ ਵਾਲੇ ਵਾਹਨ ਚਲਾਇਆ ਕਰੇਗੀ।
ਦੂਸਰਾ ਬੰਦਾ: ਕਾਰਾਂ, ਬੱਸਾਂ, ਟਰੱਕ ਅਤੇ ਜਹਾਜ਼, ਸਭ ਬੁੱਧੀਮਾਨ ਮਸ਼ੀਨਾਂ ਵਿਚ ਤਬਦੀਲ ਹੋ ਜਾਣਗੇ।
ਲੜਕੀ: ਕੀ ਬੁੱਧੀਮਾਨ ਮਸ਼ੀਨ ਇਹ ਕੰਮ ਜ਼ਿੰਮੇਵਾਰੀ ਨਾਲ ਨਿਭਾ ਸਕੇਗੀ?
ਦੂਸਰਾ ਬੰਦਾ: ਆਪਾਂ ਚੰਗੀ ਤਰ੍ਹਾਂ ਸਮਝਦੇ ਆਂ ਕਿ ਮਨੁਖ ਨੂੰ ਮਨੁਖ ਦੀ ‘ਨੈਤਿਕਤਾ’ ਨਹੀਂ, ਉਸਦੀ ‘ਮੈਂ’ ਚਲਾਉਂਦੀ ਐ। ਉਸਦੀ ਲਾਲਸਾ ਅਤੇ ਹਵਸ। ਉਸਦੀ ਜਿੰਦਾ ਰਹਿਣ ਅਤੇ ਨਸਲ ਵਧਾਉਣ ਦੀ ਚਾਹਤ।
ਪਹਿਲਾ ਬੰਦਾ: ਨੈਤਿਕਤਾ ਮਨੁਖ ਦੀ ਨਹੀਂ, ਸਮਾਜ ਦੀ ਲੋੜ ਐ। ਜਿਵੇਂ ਮਨੁਖ ਨੂੰ ਉਸਦੀ “ਮੈਂ” ਚਲਾਉਂਦੀ ਐ, ਉਸੇ ਤਰ੍ਹਾਂ ਸਮਾਜ ਨੂੰ ਉਸਦੀ “ਨੈਤਿਕਤਾ” ਚਲਾਉਂਦੀ ਆ। ਨਿੱਜੀ ਲਾਲਸਾਵਾਂ ਅੰਦਰ ਸਮਾਜਕ ਸਾਂਝਾਂ ਪੈਦਾ ਕਰਨ ਲਈ।
ਦੂਸਰਾ ਬੰਦਾ: ਜਦੋਂ ਕੁਦਰਤ ਅਤੇ ਮਸ਼ੀਨਾਂ ਵੀ ਸਮਾਜ ਵਿੱਚ ਸ਼ਾਮਲ ਹੋ ਗਈਆਂ, ਤਾਂ ਸਮਾਜ ਨੂੰ ਲੀਡ ਕੋਣ ਕਰੇਗਾ? .. ਮਨੁੱਖ, ਮਸ਼ੀਨ ਜਾਂ ਕੁਦਰਤ?
ਪਹਿਲਾ ਬੰਦਾ: ਵਿਅਕਤੀਗਤ ਹਉਮੈ, ਮਸ਼ੀਨੀ ਤਰਕ, ਸਮਾਜਕ ਨੈਤਿਕਤਾ ਜਾਂ ਕੁਦਰਤੀ ਅਨੁਸਾਸ਼ਨ? ਕੌਣ ਕਰੇਗਾ ਲੀਡ?
ਲੜਕੀ: ਨਾ ਇਹ ਕੰਮ ਮੰਡੀ ਅਤੇ ਮਸ਼ੀਨ ਦਾ ਤਰਕ ਕਰੇਗਾ। ਨਾ ਹੀ ਸਮਾਜਕ ਨੈਤਿਕਤਾ, ਵਿਅਕਤੀਗਤ ਹਉਮੈਂ ਅਤੇ ਕੁਦਰਤੀ ਅਨੁਸਾਸ਼ਨ ਕਰਨਗੇ। .. ਮਨੁਖ ਮਸ਼ੀਨ ਅਤੇ ਕੁਦਰਤ ਦੇ ਆਪਸੀ ਸਹਿਯੋਗ ਵਿਚੋਂ ਉਪਜੀ ਸਾਂਝੀ ਸਿਆਣਪ ਕਰੇਗੀ।
ਪਹਿਲਾ ਬੰਦਾ: ਮਨੁਖ ਨੂੰ ਕੇਵਲ ਮਨੁਖਾਂ ਨਾਲ ਹੀ ਨਹੀਂ, ਕੁਦਰਤ ਅਤੇ ਮਸ਼ੀਨਾਂ ਨਾਲ ਵੀ ਰਲ ਮਿਲ ਕੇ ਕੰਮ ਕਰਨ ਦੀ ਜਾਚ ਸਿੱਖਣੀ ਪਵੇਗੀ।
ਲੜਕੀ: ਗੁਰੂ ਪੀਰ ਆਏ ਅਤੇ ਨੈਤਿਕਤਾ ਦੇ ਗੀਤ ਗਾ ਕੇ ਚਲੇ ਗਏ। ਪਰ ਮਨੁਖ ਨੂੰ ਨੈਤਿਕ ਲੀਹਾਂ ਤੇ ਨਾ ਤੋਰ ਸਕੇ।
ਪਹਿਲਾ ਬੰਦਾ: ਕੀ ਇਨ੍ਹਾਂ ਬੁੱਧੀਮਾਨ ਮਸ਼ੀਨਾਂ ਨੂੰ ਨੈਤਿਕਤਾ ਦੇ ਪਾਠ ਪੜ੍ਹਾਏ ਜਾ ਸਕਦੇ ਨੇ? ਕੀ ਇਨ੍ਹਾਂ ਨੂੰ ਗੁਰੂਆਂ ਪੀਰਾਂ ਅਤੇ ਵਿਦਵਾਨਾਂ ਦੁਆਰਾ ਦਰਸਾਈਆਂ ਨੈਤਿਕ ਲੀਹਾਂ ਤੇ ਤੋਰਿਆ ਜਾ ਸਕਦੈ?
ਦੂਸਰਾ ਬੰਦਾ: ਜੇਕਰ ਮਸ਼ੀਨ ਨੂੰ ਦੁਨੀਆਂ ਭਰ ਦੀਆਂ ਸੜਕਾਂ ਦੇ ਨਕਸ਼ੇ ਅਤੇ ਟਰੈਫਿਕ ਨਿਯਮ ਪੜ੍ਹਾਏ ਜਾ ਰਹੇ ਹਨ, ਤਾਂ ਨੈਤਿਕਤਾ ਦੇ ਪਾਠ ਵੀ ਬਰਾਬਰ ਪੜ੍ਹਾਏ ਜਾ ਸਕਦੇ ਹਨ। ਪੜ੍ਹਾਏ ਵੀ ਜਾਣਗੇ। ਪਰ ਉਹ ਕਿਹੜੇ ਪਾਠ ਹੋਣਗੇ? ਤੇ ਕੌਣ ਪੜਾਏਗਾ? ਇਹ ਸੋਚਣ ਵਾਲੀ ਗੱਲ ਐ!
ਪਹਿਲਾ ਬੰਦਾ: ਇਸ ਗੱਲ ਦਾ ਫੈਸਲਾ ਕਰਨ ਲਈ ਇੱਕ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਹੈ। ..ਇਸ ਕਮਿਸ਼ਨ ਦਾ ਨਾਮ ਹੈ: ਏ ਆਈ ਐਥਿਕਸ ਕਮਿਸ਼ਨ। ਮਸ਼ੀਨ ਨੈਤਿਕਤਾ ਕਮਿਸ਼ਨ।
ਦੂਸਰਾ ਬੰਦਾ: ਇਸ ਕਮਿਸ਼ਨ ਦਾ ਚੇਅਰਮੈਨ ਕਿਸੇ ਕਾਨੂੰਨੀ ਮਾਹਿਰ ਨੂੰ, ਜਾਂ ਨੈਤਿਕਤਾ ਦੇ ਵਿਸ਼ੇ ਤੇ ਖੋਜ ਕਰਨ ਵਾਲੇ ਵਿਦਵਾਨ ਨੂੰ ਨਹੀਂ ਬਣਾਇਆ ਗਿਆ। ਨਾ ਹੀ ਕਿਸੇ ਵੱਡੀ ਅਦਾਲਤ ਦੇ ਜੱਜ ਨੂੰ ਬਣਾਇਆ ਗਿਐ। ..ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮਸ਼ੀਨ ਨੈਤਿਕਤਾ ਦੇ ਇਸ ਕਮਿਸ਼ਨ ਦਾ ਚੇਅਰਮੈਨ ਇਕ ਨਾਟਕਕਾਰ ਨੂੰ ਬਣਾਇਆ ਗਿਐ।
ਪਹਿਲਾ ਬੰਦਾ: ਕਮਿਸ਼ਨ ਦਾ ਕੰਮ ਇਹ ਦੇਖਣਾ ਨਹੀਂ ਕਿ ਮਸ਼ੀਨ ਦੀ ਨੈਤਿਕਤਾ ਨੂੰ ਮਸ਼ੀਨ ਦੇ ਡਿਜ਼ਾਈਨ ਵਿਚ ਕਿਵੇਂ ਪਰੋਣੈ। ਇਹ ਕੰਮ ਤਕਨੀਕੀ ਮਾਹਿਰਾਂ ਦਾ ਐ।
ਦੂਸਰਾ ਬੰਦਾ: ਕਮਿਸ਼ਨ ਦਾ ਕੰਮ ਹਵਾ, ਪਾਣੀ ਅਤੇ ਸੜਕਾਂ ਉੱਪਰ ਚੱਲਣ ਵਾਲੇ ਵਾਹਨਾ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਦੇ ਵਿਚਾਰਾਂ ਅਤੇ ਹਿੱਤਾਂ ਨੂੰ ਸਮਝ ਕੇ ਮਸ਼ੀਨ ਨੈਤਿਕਤਾ ਦੇ ਪ੍ਰੋਗਰਾਮਾਂ ਨੂੰ ਉਲੀਕਣੈ।
ਲੜਕੀ: ਸਭ ਕੁਝ ਬੰਦਿਆਂ ਦੇ ਦ੍ਰਿਸ਼ਟੀਕੋਣ ਤੋਂ ਹੀ ਨਾ ਦੇਖੀ ਜਾਓ! ਬੁੱਧੀਮਾਨ ਮਸ਼ੀਨ ਅਤੇ ਕੁਦਰਤ ਦੇ ਪੱਖ ਨੂੰ ਵੀ ਧਿਆਨ ਵਿਚ ਰੱਖਣਾ ਹੋਵੇਗਾ! ਕੁਦਰਤ ਨੂੰ ਸੁਣਨ ਦੀ ਅਤੇ ਉਸ ਨਾਲ ਸੰਵਾਦ ਰਚਾਉਣ ਦੀ ਜਾਚ ਸਿੱਖਣੀ ਪਵੇਗੀ।
ਪਹਿਲਾ ਬੰਦਾ: ਇਸੇ ਲਈ ਤਾਂ ਦਰਸ਼ਕਾਂ ਨੂੰ ਕੋਡ ਸਕੈਨ ਕਰਨ ਲਈ ਬੇਨਤੀ ਕੀਤੀ ਗਈ ਸੀ ਤਾਂ ਜੋ ਗੂਗਲ ਫਾਰਮ ਤੇ ਉਨ੍ਹਾਂ ਦੀ ਰਾਇ ਲਈ ਜਾ ਸਕੇ। .. ਨਤੀਜੇ ਤੇ ਪਹੁੰਚਣ ਤੋਂ ਪਹਿਲਾਂ ਮਹੱਤਵਪੂਰਨ ਸੁਆਲਾਂ ਤੇ ਵੋਟਿੰਗ ਹੋਵੇਗੀ। … ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ, ਉਸ ਫੈਸਲੇ ਰਾਹੀਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਰਾਇ ਲੈਣੀ ਜ਼ਰੂਰੀ ਹੁੰਦੀ ਹੈ।
ਦੂਸਰਾ ਬੰਦਾ: ਇਹ ਕੰਮ ਥੀਏਟਰ ਹੀ ਕਰ ਸਕਦਾ ਸੀ। ..ਇਸੇ ਲਈ ਕਮਿਸ਼ਨ ਨੂੰ ਚੇਅਰ ਕਰਨ ਵਾਸਤੇ ਇਕ ਨਾਟਕਕਾਰ ਦੀ ਚੋਣ ਕੀਤੀ ਗਈ ਐ।
ਲੜਕੀ: ਅਤੇ ਨਾਟਕ ਦੇਖਣ ਲਈ ਹਰ ਵਰਗ, ਹਰ ਪਰੋਫੈਸ਼ਨ ਅਤੇ ਹਰ ਵਿਚਾਰਧਾਰਾ ਦੇ ਲੋਕਾਂ ਨੂੰ ਬੁਲਾਇਆ ਗਿਐ। ਜੋ ਨਹੀਂ ਰਹੇ, ਜਾਂ ਨਹੀਂ ਆ ਸਕੇ, ਉਨ੍ਹਾਂ ਨੂੰ ਵੀ ਉਨ੍ਹਾਂ ਦੀਆਂ ਲਿਖਤਾਂ ਅਤੇ ਕਲਾ ਕ੍ਰਿਤਾਂ ਰਾਹੀਂ ਸ਼ਾਮਲ ਕੀਤਾ ਗਿਐ।
ਦੂਸਰਾ ਬੰਦਾ: ਮੈਨੂੰ ਤਾਂ ਇੰਝ ਜਾਪਦੈ ਜਿਵੇਂ ਇਹ ਰੋਬੋ ਨੂੰ ਰੱਬ ਬਨਾਉਣ ਲਈ ਰਚਿਆ ਜਾ ਰਿਹਾ ਕੋਈ ਸਿਖਰ ਸੰਮੇਲਨ ਹੋਵੇ!
ਲੜਕੀ: ਰੋਬੋ ਰੱਬ ਨਹੀਂ ਬਣੇਗਾ। ਬੰਦੇ ਦੀ ਹਉਂ ਨੂੰ ਰਪਚਰ ਕਰਨ ਵਿੱਚ ਸਹਾਈ ਜ਼ਰੂਰ ਹੋ ਸਕਦੈ। ਰੋਬੋ ਦੇ ਗੀਤ ਜ਼ਰੂਰ ਗਾਓ। ਬਿਨਾਂ ਝਿਜਕ ਗਾਓ। ਪਰ ਰੋਬੋ ਰੱਬ ਨਹੀਂ, ਕੇਵਲ ਸਾਧਨ ਬਣੇਗਾ।
(ਸਮੂਹ ਗਾਨ)
ਸਈਓ ਨੀ ਰੋਬੋ ਰੱਬ ਬਣ ਆਇਆ
ਰਲ ਮਿਲ ਦਿਓ ਮੁਬਾਰਕਾਂ ਨੀ
ਅਸੀਂ ਆਪ ਬਣਾਇਆ
ਰਿਸ਼ੀ ਮੁਨੀ ਵੀ ਸ਼ਾਮਲ ਹੋਏ
ਬੋਧੀ ਜੈਨੀ ਸੰਗ ਖਲੋਏ
ਸੂਫੀ ਸੰਤ ਫ਼ਕੀਰ ਵੀ ਆਏ
ਬਹੁਤ ਪੈਗ਼ੰਬਰ ਪੀਰ ਵੀ ਆਏ
ਲੇਖਕ, ਪੇਂਟਰ ਗਾਇਕ ਆਏ
ਬੁੱਧੀਜੀਵੀ ਲਾਇਕ ਆਏ
ਸਾਇੰਸਦਾਨ ਨੇ ਆਪ ਬੁਲਾਏ
ਰੋਬੋ ਨੂੰ ਪਾਠ ਪੜ੍ਹਾਇਆ
ਨੀ ਰੋਬੋ ਰੱਬ ਬਣ ਆਇਆ
ਤੁਸੀਂ ਰਲ ਮਿਲ ਦਿਓ ਮੁਬਾਰਕਾਂ ਨੀ
ਅਸੀਂ ਆਪ ਬਣਾਇਆ
ਪਹਿਲਾ ਬੰਦਾ: ਨਾਟਕਕਾਰ ਦੇ ਪਹੁੰਚਣ ਦਾ ਸਮਾਂ ਹੋ ਗਿਐ। ਉਹ ਬੁੱਧੀਮਾਨ ਮਸ਼ੀਨ ਦੀ ਨੈਤਿਕਤਾ ਦੇ ਨਿਰਮਾਣ ਬਾਰੇ ਸਾਡੇ ਸਭ ਦੇ ਸੁਝਾਅ ਮੰਗੇਗਾ। ਇਸ ਲਈ, ਉਸ ਦੇ ਪਹੁੰਚਣ ਤੋਂ ਪਹਿਲਾਂ, ਮਸ਼ੀਨ ਨੈਤਿਕਤਾ ਦੇ ਕਨਸਰਨ ਨੂੰ ਸਮਝਣ ਲਈ 9/11 ਦੇ ਆਤੰਕੀ ਹਮਲੇ ਦੀ ਇਹ ਵੀਡੀਓ ਦੇਖ ਲੈਂਦੇ ਹਾਂ।
(ਫੇਡ ਆਊਟ ਦੇ ਨਾਲ ਹੀ ਸਕਰੀਨ ‘ਤੇ 9/11 ਦੀ ਵੀਡੀਓ ਸ਼ੁਰੂ ਹੁੰਦੀ ਹੈ।)
ਦੋ
(ਪਹਿਲਾ ਬੰਦਾ, ਕੌਸਟਿਊਮ ਬਦਲ ਕੇ, ਜੱਜ ਦੇ ਰੂਪ ਵਿਚ ਕੁਰਸੀ ‘ਤੇ ਬੈਠਾ ਦਿਖਾਈ ਦਿੰਦਾ ਹੈ।)
ਚੇਅਰਮੈਨ: ਸੋਚਿਆ ਨਾਟਕਕਾਰ ਦਾ ਰੋਲ ਮੈਂ ਹੀ ਕਰ ਲੈਂਦਾ ਹਾਂ।
ਮੈਂ ਉਹੋ ਨਾਟਕਕਾਰ ਹਾਂ, ਜਿਸਨੂੰ ਮਸ਼ੀਨ ਨੈਤਿਕਤਾ ਦੇ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਐ। ਆਰਟੀਫੀਸ਼ਲ ਇੰਟੈਲੀਜੈਂਸ ਨਾਲ ਚੱਲਣ ਵਾਲੀ ਬੁੱਧੀਮਾਨ ਮਸ਼ੀਨ ਦੀ ਨੈਤਿਕਤਾ ਕੀ ਹੋਣੀ ਚਾਹੀਦੀ ਹੈ, ਆਪਾਂ ਇਸ ਨਾਟਕ ਰਾਹੀਂ ਇਹੋ ਤੈਅ ਕਰਨੈ। ਸਾਡੇ ਕਾਰਜ ਖੇਤਰ ਵਿਚ ਮਸ਼ੀਨ ਨੂੰ ਹਵਾ, ਪਾਣੀ ਅਤੇ ਸੜਕ ‘ਤੇ ਚੱਲਣ ਵਾਲੇ ਬੁੱਧੀਮਾਨ ਵਾਹਨਾਂ ਤੱਕ ਸੀਮਤ ਰੱਖਿਆ ਗਿਐ।
ਚਲੋ, ਨਾਟਕ ਦੇ ਰੂਪ ਵਿਚ ਇਕ ਥੌਟ ਐਕਸਪੈਰੀਮੈਂਟ ਕਰਦੇ ਹਾਂ। …ਹਰ ਨਾਟਕ ਇੱਕ ਥੌਟ ਐਕਸਪੈਰੀਮੈਂਟ ਹੀ ਤਾਂ ਹੁੰਦੈ। ਇਸ ਥੌਟ ਐਕਸਪੈਰੀਮੈਂਟ ਰਾਹੀਂ ਆਰਟੀਫੀਸ਼ਲ ਇੰਟੈਲੀਜੈਂਸ ਨਾਲ ਚੱਲਣ ਵਾਲੇ ਬੁੱਧੀਮਾਨ ਜਹਾਜ਼ ਦੀ ਨੈਤਿਕਤਾ ਤਹਿ ਕਰਨ ਦੀ ਕੋਸ਼ਿਸ਼ ਕਰਾਂਗੇ।
ਆਪਾਂ ਹੁਣੇ ਹੁਣੇ ਅਮਰੀਕਾ ਵਿਚ ਹੋਣ ਵਾਲੇ 9/11 ਦੇ ਆਤੰਕੀ ਹਮਲੇ ਦੀ ਵੀਡੀਓ ਦੇਖੀ। ਕਿੰਨਾ ਭਿਆਨਕ ਹਾਦਸਾ ਸੀ। ਲੱਖਾਂ ਲੋਕਾਂ ਨੂੰ ਜਾਨ ਗਵਾਉਣੀ ਪਈ। ਹਾਂ, ਲੱਖਾਂ ਲੋਕਾਂ ਨੂੰ! ਕਿਉਂਕਿ ਟਵਿਨ ਟਾਵਰਜ਼ ਤੇ ਹਮਲੇ ਉਪ੍ਰੰਤ ‘ਵਾਰ ਔਨ ਟੈਰਰ’ ਵਿਚ ਮਾਰੇ ਗਏ ਲੋਕਾਂ ਨੂੰ ਵੀ ਤਾਂ ਇਸੇ ਖਾਤੇ ਵਿਚ ਰੱਖਣਾ ਪਵੇਗਾ।
ਇਸ ਥੌਟ ਐਕਸਪੈਰੀਮੈਂਟ ਵਿਚ ਆਪਾਂ ਇਹ ਮੰਨ ਕੇ ਚੱਲਾਂਗੇ ਕਿ ਇੱਕ ਇਹੋ ਜਿਹਾ ਹੀ 9/11 ਵਰਗਾ ਹਾਦਸਾ, ਉਸ ਤੋਂ ਤੇਤੀ ਸਾਲ ਬਾਅਦ, ਅੱਜ 2034 ਵਿਚ ਆਰਟੀਫੀਸ਼ਲ ਇੰਟੈਲੀਜੈਂਸ ਦੇ ਜ਼ਮਾਨੇ ਅੰਦਰ ਵਾਪਰਦਾ ਹੈ। ….ਅੰਤਰ ਕੇਵਲ ਏਨਾ ਹੈ ਕਿ ਸਾਡੇ ਇਸ ਜਹਾਜ਼ ਨੂੰ ਮਨੁਖੀ ਪਾਇਲਟ ਨਹੀਂ, ਆਰਟੀਫੀਸ਼ਲ ਇੰਟੈਲੀਜੈਂਸ ਚਲਾਉਂਦੀ ਹੈ।
ਸ਼ਹੀਦ ਭਗਤ ਸਿੰਘ ਏਅਰਪੋਰਟ ਚੰਡੀਗੜ੍ਹ ਤੋਂ ਸਵੇਰੇ 11.30 ਵਜੇ ਦਿੱਲੀ ਲਈ ਉਡਾਣ ਭਰਨ ਵਾਲੀ ਫਲਾਈਟ ਡੀ-9/ 1742, ਜਿਸ ਵਿਚ 190 ਲੋਕ ਸਵਾਰ ਸਨ, ਨੂੰ ਤਿੰਨ ਹਥਿਆਰਬੰਦ ਆਤੰਕਵਾਦੀ ਅਗਵਾ ਕਰ ਲੈਂਦੇ ਹਨ। ਪਤਾ ਚਲਦੈ ਕਿ ਉਨ੍ਹਾਂ ਵਿੱਚ ਇਕ ਟਰੇਂਡ ਪਾਇਲਟ ਵੀ ਸੀ। ਉਹ ਜਹਾਜ਼ ਦੀ ਕਮਾਨ ਸੰਭਾਲ ਕੇ ਜਹਾਜ਼ ਨੂੰ ਸੈਕਟਰੀਏਟ ਵੱਲ ਸਿੱਧਾ ਕਰ ਲੈਂਦਾ ਹੈ। ਸੈਕਟਰੀਏਟ ਵਿਚ ਉਸ ਵਕਤ ਸੈਂਕੜੇ ਕਰਮਚਾਰੀ, ਕੈਬਨਿਟ ਅਤੇ ਸਮੁੱਚੀ ਅਫਸਰਸ਼ਾਹੀ ਮੌਜੂਦ ਸੀ। ਮੁੱਖ ਮੰਤਰੀ ਦੀ ਮੀਟਿੰਗ ਅਟੈਂਡ ਕਰਨ ਲਈ ਰਾਜ ਭਰ ਵਿਚੋਂ ਸੀਨੀਅਰ ਅਫਸਰ ਅਤੇ ਤਮਾਮ ਐਮ ਐਲ ਏ ਵੀ ਆਏ ਹੋਏ ਸਨ।
ਸਾਡੇ ਸਭ ਦੇ ਸੋਚਣ ਵਾਲੀ ਗੱਲ ਐ! ਇਸ ਸਥਿਤੀ ਵਿਚ ਕੀ ਕੀਤਾ ਜਾ ਸਕਦੈ? ਇਸ ਸੁਆਲ ਦਾ ਹੱਲ ਡੂੰਡਣ ਲਈ ਹਵਾਈ ਫੌਜ ਦੇ ਕੁਝ ਅਫਸਰਾਂ ਨੂੰ ਵੀ ਸੱਦਿਆ ਗਿਆ ਸੀ। ਮੇਰਾ ਸਿੱਧਾ ਸੁਆਲ ਐ ਕਿ ਇਸ ਸਥਿਤੀ ਵਿਚ ਤੁਸੀਂ ਕਿਵੇਂ ਰੀਐਕਟ ਕਰੋਗੇ?.. ਬਿਨਾ ਸ਼ੱਕ, ਵੋਟ ਦੇ ਰੂਪ ਵਿੱਚ ਆਪ ਸਭ ਦੀ ਰਾਇ ਲਈ ਜਾਵੇਗੀ। ਪਰ ਮੈਂ ਚਾਹੁੰਨੈਂ ਕਿ ਸਭ ਤੋਂ ਪਹਿਲਾਂ ਇਸ ਸੁਆਲ ਦਾ ਜੁਆਬ ਕੋਈ ਫੌਜੀ ਅਫ਼ਸਰ ਦੇਵੇ।
(ਦਰਸ਼ਕਾਂ ਵਿਚੋਂ ਇੱਕ ਵਿਅਕਤੀ ਉਠ ਕੇ ਬੋਲਦਾ ਹੈ।)
ਬਿਕਰਮਜੀਤ ਸਿੰਘ: ਮੇਰਾ ਨਾਮ ਬਿਕਰਮਜੀਤ ਸਿੰਘ ਐ। ਮੈਂ ਹਵਾਈ ਫੌਜ ਦਾ ਰਿਟਾਇਰਡ ਅਫਸਰ ਹਾਂ। ਜੇਕਰ ਆਗਿਆ ਹੋਵੇ ਤਾਂ.
ਚੇਅਰਮੈਨ: ਹਾਂ ਹਾਂ, ਆਓ, ਮੰਚ ਤੇ ਆਓ!
(ਬਿਕਰਮਜੀਤ ਸਿੰਘ ਸਟੇਜ ਤੇ ਆਉਂਦਾ ਹੈ।)
ਬਿਕਰਮਜੀਤ ਸਿੰਘ: ਸਰ, ਜੇ ਮੈਂ ਮੌਕੇ ਤੇ ਹਾਜ਼ਰ ਹੁੰਦਾ ਅਤੇ ਪ੍ਰਾਪਤ ਜਾਣਕਾਰੀ ਦੇ ਆਧਾਰ ਤੇ ਮੈਨੂੰ ਯਕੀਨ ਹੋ ਜਾਂਦਾ ਕਿ ਇਹ ਹਾਦਸਾ ਵਾਪਰਨ ਵਾਲੈ, ਤਾਂ ਮੈਂ ਬਿਨਾਂ ਕਿਸੇ ਝਿਜਕ ਦੇ ਜਹਾਜ਼ ਨੂੰ ਸੈਕਟਰੀਏਟ ਪਹੁੰਚਣ ਤੋਂ ਪਹਿਲਾਂ ਹੀ ਸ਼ੂਟ ਕਰ ਦੇਣਾ ਸੀ।
ਚੇਅਰਮੈਨ: ਦੁਬਾਰਾ ਕਹੋ!
ਬਿਕਰਮਜੀਤ ਸਿੰਘ: ਜੀ ਹਾਂ, ਮੈਂ ਪੂਰੇ ਹੋਸ਼ੋ ਹਵਾਸ ਅਤੇ ਜ਼ਿੰਮੇਵਾਰੀ ਨਾਲ ਆਖ ਰਿਹਾਂ ਕਿ ਮੈਂ ਉਸ ਜਹਾਜ਼ ਨੂੰ ਸ਼ੂਟ ਕਰ ਦੇਣਾ ਸੀ।
ਚੇਅਰਮੈਨ: ਇਹ ਜਾਣਦੇ ਹੋਏ ਵੀ ਕਿ ਉਸ ਵਿਚ ਸਵਾਰ 190 ਲੋਕਾਂ ‘ਚ ਬਹੁਤ ਸਾਰੇ ਮਾਸੂਮ ਬੱਚੇ, ਬੁੱਢੇ ਅਤੇ ਔਰਤਾਂ ਵੀ ਸ਼ਾਮਲ ਸਨ।
ਬਿਕਰਮਜੀਤ ਸਿੰਘ: ਆਤੰਕਵਾਦੀਆ ਨੇ ਉਸ ਜਹਾਜ਼ ਨੂੰ ਜਹਾਜ਼ ਨਹੀਂ ਸੀ ਰਹਿਣ ਦਿੱਤਾ। ਆਪਣਾ ਹਥਿਆਰ ਬਣਾ ਲਿਆ ਸੀ। ਜਹਾਜ਼ ਨੂੰ ਸੈਕਟਰੀਏਟ ਤੇ ਹਮਲਾ ਕਰਨ ਵਾਲੀ ਖਤਰਨਾਕ ਮਿਸਾਇਲ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਸੈਕਟਰੀਏਟ ਪਹੁੰਚਣ ਤੋਂ ਪਹਿਲਾਂ, ਉਸ ਦਾ ਨਸ਼ਟ ਹੋਣਾ ਜ਼ਰੂਰੀ ਸੀ। ਕੌਮੀ ਸੁਰੱਖਆ ਦੇ ਦ੍ਰਿਸ਼ਟੋਣ ਤੋਂ ਅਜਿਹਾ ਕਰਨਾ ਲਾਜ਼ਮੀ ਹੋ ਗਿਆ ਸੀ।
(ਦਰਸ਼ਕਾਂ ਵਿਚ ਬੈਠੀ ਇਕ ਲੜਕੀ ਉੱਠ ਕੇ ਕੁਝ ਕਹਿਣ ਲਗਦੀ ਹੈ ਕਿ ਚੇਅਰਮੈਨ ਉਸ ਨੂੰ ਸਟੇਜ ਤੇ ਆਉਣ ਦਾ ਇਸ਼ਾਰਾ ਕਰਦੇ ਹਨ। ਸਟੇਜ ਤੇ ਆਉਂਦੀ ਹੈ।)
ਲੜਕੀ: ਤਿੰਨ ਆਤੰਕਵਾਦੀਆਂ ਦੇ ਨਾਲ ਨਾਲ ਤੁਸੀਂ 190 ਲੋਕ ਵੀ ਮਾਰ ਮੁਕਾਏ।
ਬਿਕਰਮਜੀਤ ਸਿੰਘ: ਹਜ਼ਾਰਾਂ ਲੋਕਾਂ ਦੀ ਜਾਨ ਵੀ ਤਾਂ ਬਚਾਈ।
ਚੇਅਰਮੈਨ: ਜਿਹੜੇ 190 ਲੋਕ ਮਾਰੇ ਗਏ, ਉਨ੍ਹਾਂ ਨੂੰ ਕਿਸ ਗੱਲ ਦੀ ਸਜ਼ਾ ਮਿਲੀ? ਉਹ ਦੇਸ਼ ਲਈ ਕੁਰਬਾਨ ਨਹੀਂ ਹੋਏ। ਉਨ੍ਹਾਂ ਦੀ ਤਾਂ ਬਿਨ ਪੁਛੇ ਹੀ ਕੁਰਬਾਨੀ ਲੈ ਲਈ ਗਈ। ਇਸ ਨੂੰ ਕੁਰਬਾਨੀ ਕਹੋਗੇ ਜਾਂ ਕਤਲ? ਇਹ ਜੋ ਵੀ ਸੀ, ਇਸ ਦੀ ਕਿਸੇ ਨਾ ਕਿਸੇ ਨੂੰ ਤਾਂ ਜ਼ਿੰਮੇਵਾਰੀ ਉਠਾਉਣੀ ਹੀ ਪਵੇਗੀ!
(ਸੋਚ ਕੇ) ਮੈਂ ਤੁਹਾਨੂੰ ਇੱਕ ਸੁਆਲ ਪੁੱਛਦਾਂ। ਸੋਚ ਕੇ ਜੁਆਬ ਦੇਣਾ। ਨੈਤਿਕਤਾ ਪੜ੍ਹਨ ਪੜ੍ਹਾਉਣ ਵਾਲੇ ਲੋਕ ਅਕਸਰ ਹੀ ਟਰਾਲੀ ਐਕਸਪੈਰੀਮੈਂਟ ਦੀ ਗੱਲ ਕਰਦੇ ਨੇ। … ਰੇਲਵੇ ਟਰੈਕ ਉੱਪਰ ਟਰਾਲੀ ਰੁੜ੍ਹੀ ਆ ਰਹੀ ਹੈ। ਜੇਕਰ ਉਸ ਟਰਾਲੀ ਨੂੰ ਨਹੀਂ ਰੋਕਿਆ ਜਾਂਦਾ, ਤਾਂ ਅੱਗੇ ਜਾ ਕੇ ਸੁਰੰਗ ਵਿਚ ਕੰਮ ਕਰ ਰਹੇ ਮਜ਼ਦੂਰ ਮਾਰੇ ਜਾਂਦੇ ਹਨ। ਉਨ੍ਹਾਂ ਨੂੰ ਬਚਾਉਣ ਦਾ ਇੱਕੋ ਤਰੀਕਾ ਹੈ ਕਿ ਇਸ ਸਾਰੇ ਘਟਨਾ ਕ੍ਰਮ ਨੂੰ ਦੇਖ ਰਿਹਾ ਬੰਦਾ ਕਾਂਟਾ ਬਦਲ ਕੇ ਟਰਾਲੀ ਨੂੰ ਦੂਸਰੇ ਟਰੈਕ ਉੱਪਰ ਪਾ ਦੇਵੇ। ਪਰ ਸਮੱਸਿਆ ਇਹ ਸੀ ਕਿ ਉਸ ਟਰੈਕ ਉੱਪਰ ਵੀ ਇੱਕ ਬੱਚਾ ਖੇਡ ਰਿਹਾ ਸੀ। ਜੇਕਰ ਉਹ ਕਾਂਟਾ ਬਦਲ ਕੇ ਟਰਾਲੀ ਨੂੰ ਇਸ ਟਰੈਕ ਤੇ ਪਾਉਂਦਾ ਹੈ, ਤਾਂ ਉਹ ਬੱਚਾ ਮਾਰਿਆ ਜਾਂਦਾ ਹੈ। ਉਹ ਫੈਸਲਾ ਨਹੀਂ ਕਰ ਪਾਉਂਦਾ ਕਿ ਮਜ਼ਦੂਰਾਂ ਨੂੰ ਮਰਨ ਦਿੱਤਾ ਜਾਵੇ ਜਾਂ ਬੱਚੇ ਨੂੰ! ਮੁਸ਼ਕਲ ਸੁਆਲ ਐ! ਬਹੁਤ ਹੀ ਦੁਬਿਧਾਮਈ ਸਥਿਤੀ ਸੀ। ਜੇਕਰ ਉਸ ਦੀ ਥਾਂ ਤੁਸੀਂ ਹੁੰਦੇ, ਤੁਸੀਂ ਵੀ ਕਿਹੜਾ ਕੋਈ ਫੈਸਲਾ ਲੈ ਪਾਉਣਾ ਸੀ!
ਦੋ ਵਿਕਲਪ ਫੇਰ ਵੀ ਬਚ ਜਾਂਦੇ ਹਨ। ਪਹਿਲਾ ਇਹ ਕਿ ਉਹ ਆਪਣੇ ਨਾਲ ਖੜ੍ਹੇ ਮੋਟੇ ਬੰਦੇ ਨੂੰ ਧੱਕਾ ਦੇ ਕੇ ਟਰੈਕ ਉੱਪਰ ਸੁੱਟ ਦੇਵੇ। ਭਾਵ ਉਸ ਵਿਅਕਤੀ ਦੀ ਬਲੀ ਲੈ ਕੇ ਬੱਚੇ ਅਤੇ ਮਜ਼ਦੂਰਾਂ ਨੂੰ ਬਚਾ ਲਵੇ। …ਸੰਭਵ ਹੈ ਕਿ ਉਸ ਮੋਟੇ ਬੰਦੇ ਨੂੰ ਟਰੈਕ ਤੇ ਸੁੱਟਣ ਲਈ ਪਹਿਲਾਂ ਉਸਦਾ ਕਤਲ ਕਰਨਾ ਪੈਂਦਾ! ਤੁਸੀਂ ਪੁੱਛੋਗੇ ਕਿ ਹਾਦਸੇ ਨੂੰ ਰੋਕਣ ਲਈ ਕਤਲ!? ..ਜੇ ਇਹ ਗੱਲ ਠੀਕ ਨਹੀਂ ਜਾਪਦੀ ਤਾਂ ਇੱਕ ਵਿਕਲਪ ਇਹ ਵੀ ਸੀ ਕਿ ਉਹ ਦੂਸਰੇ ਵਿਅਕਤੀ ਦੀ ਬਲੀ ਲੈਣ ਦੀ ਥਾ ਆਪ ਹੀ ਟਰਾਲੀ ਥੱਲੇ ਆ ਕੇ ਸਭ ਨੂੰ ਬਚਾ ਲੈਂਦਾ।
ਮੇਰਾ ਸੁਆਲ ਹੈ ਕਿ ਅਗਰ ਉਸ ਬੰਦੇ ਦੀ ਥਾਂ ਤੁਸੀਂ ਹੁੰਦੇ, ਤਾਂ ਤੁਸੀਂ ਕੀ ਕਰਦੇ? ਬੱਚੇ ਜਾਂ ਮਜ਼ਦੂਰਾਂ ਵਿਚੋਂ ਕਿਸ ਨੂੰ ਮਰਨ ਦਿੰਦੇ? ਆਪਣੇ ਨਾਲ ਖੜ੍ਹੇ ਬੰਦੇ ਦਾ ਕਤਲ ਕਰਦੇ? ਜਾਂ ਫੇਰ ਕਿ ਆਪਣੀ ਖੁਦ ਦੀ ਕੁਰਬਾਨੀ ਦੇ ਦਿੰਦੇ? ਬੱਸ ਸੋਚਣਾ, ਜੁਆਬ ਦੇਣ ਦੀ ਲੋੜ ਨਹੀਂ।
ਬਿਕਰਮਜੀਤ ਸਿੰਘ: ਤੁਹਾਡੇ ਸੁਆਲ ਦਾ ਤਾਂ ਮੇਰੇ ਕੋਲ ਕੋਈ ਜੁਆਬ ਨਹੀਂ। ਪਰ ਸੱਚ ਜਾਣਿਓ ਮੈ ਤਾਂ ਉਹੋ ਕੀਤਾ, ਜੋ ਮੇਰੀ ਅੰਤਰ ਆਤਮਾਂ ਨੇ ਮੈਨੂੰ ਕਰਨ ਲਈ ਕਿਹਾ। ਦੇਸ਼ ਦੀ ਸਕਿਓਰਟੀ ਪ੍ਰਤੀ ਇਹ ਮੇਰੀ ਜ਼ਿੰਮੇਵਾਰੀ ਵੀ ਬਣਦੀ ਸੀ।
ਲੜਕੀ: ਪਰ ਉਹ ਜਿਹੜੇ 190 ਲੋਕ ਮਾਰੇ ਗਏ, ਉਨ੍ਹਾਂ ਦੀ ਸਕਿਉਰਟੀ ਦੀ ਜ਼ਿੰਮੇਵਾਰੀ ਕੌਣ ਲਵੇਗਾ!?
ਬਿਕਰਮਜੀਤ ਸਿੰਘ: ਤੁਹਾਨੂੰ ਜਹਾਜ਼ ਵਿਚ ਮਾਰੇ ਗਏ 190 ਲੋਕ ਤਾਂ ਦਿਖਾਈ ਦੇ ਰਹੇ ਨੇ! ਕੀ ਤੁਹਾਨੂੰ ਸੈਕਟਰੀਏਟ ਵਿਚ ਮੌਜੂਦ ਉਹ ਹਜ਼ਾਰਾਂ ਲੋਕ ਦਿਖਾਈ ਨਹੀਂ ਦੇ ਰਹੇ ਜਿਨ੍ਹਾਂ ਦੀ ਮੈਂ ਜਾਨ ਬਚਾਈ।
ਲੜਕੀ: ਕੀ ਅਨੁਪਾਤ ਕੱਢ ਕੇ ਦੱਸੋਗੇ ਕਿ ਕਿੰਨਿਆਂ ਨੂੰ ਬਚਾਉਣ ਲਈ ਕਿੰਨੇ ਮਰਨੇ ਜਾਇਜ਼ ਨੇ? ਸੌ ਪਿੱਛੇ ਇੱਕ, ਹਜ਼ਾਰ ਪਿੱਛੇ ਇੱਕ ਜਾਂ ਦਸ ਹਜ਼ਾਰ ਪਿੱਛੇ ਇੱਕ?
ਬਿਕਰਮਜੀਤ ਸਿੰਘ: ਮੈਂ ਕੇਵਲ ਏਨਾ ਜਾਣਦਾ ਹਾਂ ਕਿ ਥੋੜ੍ਹਿਆਂ ਦੀ ਜਾਨ ਲੈ ਕੇ ਬਹੁਤਿਆਂ ਨੂੰ ਬਚਾ ਲੈਣਾ ਬੁਰਾ ਨਹੀਂ। ਬੰਦੇ ਨੂੰ ਉਹ ਕੰਮ ਕਰਨਾ ਚਾਹੀਦੈ ਜਿਸ ਨਾਲ ਬਹੁਗਿਣਤੀ ਦਾ ਭਲਾ ਹੋਵੇ।
ਲੜਕੀ: ਕਿਉਂ ਨਹੀਂ, ਤੁਸੀਂ ਤਾਂ ਬਹੁਗਿਣਤੀ ਦੇ ਭਲੇ ਦੀ ਹੀ ਗੱਲ ਕਰੋਗੇ, ਵੋਟਾਂ ਦਾ ਜੋ ਜ਼ਮਾਨੈ। ਘੱਟ ਗਿਣਤੀਆਂ ਦੇ ਭਲੇ ਦੀ ਗੱਲ ਕੋਣ ਕਰੇਗਾ?
ਕੀ ਹਰ ਮਨੁਖ ਨੂੰ ਜੀਣ ਦਾ ਬਰਾਬਰ ਅਧਿਕਾਰ ਨਹੀਂ? ਮਨੁਖੀ ਅਧਿਕਾਰ ਕੀ ਨੇ? ਕੀ ਵਿਅਕਤੀਗਤ ਜੀਵਨ ਦੀ ਸੁਰੱਖਿਆ ਦੇ ਅਧਿਕਾਰਾਂ ਨੂੰ ਤਿਆਗਿਆ ਜਾ ਸਕਦੈ?
ਬਿਕਰਮਜੀਤ ਸਿੰਘ: ਕੇਵਲ ਮੁਖ ਮੰਤਰੀ ਹੀ ਨਹੀਂ, ਸਾਰੀ ਦੀ ਸਾਰੀ ਕੈਬਨਿਟ, ਰਾਜ ਦੇ ਉੱਚ ਅਧਿਕਾਰੀ ਅਤੇ ਅਨੇਕਾਂ ਪਤਵੰਤੇ ਉਸ ਵਕਤ ਸੈਕਟਰੀਏਟ ਵਿਚ ਮੌਜੂਦ ਸਨ। ਕੀ ਇਨ੍ਹਾਂ ਦੀ ਜਾਨ ਬਚਾਉਣੀ ਪਹਿਲ ਦੇ ਆਧਾਰ ਤੇ ਜ਼ਰੂਰੀ ਨਹੀਂ ਸੀ?
ਲੜਕੀ: ਕੀ ਮਹੱਤਵਪੂਰਨ ਲੋਕਾਂ ਦੀ ਜਾਨ ਬਚਾਉਣ ਲਈ, ਸਧਾਰਨ ਲੋਕਾਂ ਨੂੰ ਬਲੀ ਦਾ ਬੱਕਰਾ ਬਨਾਉਣਾ ਨੈਤਿਕ, ਕਾਨੂੰਨੀ ਅਤੇ ਸਵਿਧਾਨਕ ਤੌਰ ਤੇ ਜਾਇਜ਼ ਐ? .. ਫੇਰ ਤਾਂ ਤੁਸੀਂ ਉੱਚ ਜਾਤੀ ਦੇ ਲੋਕਾਂ ਨੂੰ ਬਚਾਉਣ ਲਈ ਨੀਵੀਂ ਜਾਤੀ ਦੇ ਲੋਕਾਂ ਦੀ ਜਾਨ ਲੈਣ ਤੋਂ ਵੀ ਗੁਰੇਜ਼ ਨਹੀਂ ਕਰੋਗੇ।
ਚੇਅਰਮੈਨ: ਕਾਨੂੰਨ ਦੀ ਨਿਗ੍ਹਾ ਵਿਚ ਵੱਡੇ ਛੋਟੇ ਸਭ ਬਰਾਬਰ ਨੇ। ਔਰਤਾਂ, ਦਲਿਤਾਂ, ਘੱਟ ਗਿਣਤੀਆਂ, ਪੇਟ ਵਿਚ ਪਲ ਰਹੇ ਬੱਚਿਆਂ, ਬੀਮਾਰਾਂ, ਬੁੱਢਿਆਂ, ਬਾਗੀਆਂ ਅਤੇ ਕਮਜ਼ੋਰ ਵਰਗਾਂ ਨੂੰ ਕੌਮੀ ਸੁਰੱਖਿਆ ਦੇ ਘੇਰੇ ਤੋਂ ਬਾਹਰ ਨਹੀਂ ਰੱਖਿਆ ਜਾ ਸਕਦਾ।
ਲੜਕੀ: (ਆਪਣੇ ਆਪ ਨਾਲ) ਫੌਜੀ ਦਿਮਾਗ ਨੂੰ ਗੱਲ ਇਸ ਤਰ੍ਹਾਂ ਸਮਝ ਨਹੀਂ ਪਵੇਗੀ, ਭਾਵੁਕਤਾ ਦਾ ਟੀਕਾ ਲਗਾਉਣਾ ਪਵੇਗਾ! (ਬਿਕਰਮਜੀਤ ਸਿੰਘ ਨੂੰ ਸੰਬੋਧਿਤ ਹੁੰਦੀ ਹੋਈ) ਕੀ ਤੁਹਾਨੂੰ ਪਤੈ ਕਿ ਉਨ੍ਹਾਂ 190 ਲੋਕਾਂ ਵਿੱਚ ਕੌਣ ਕੌਣ ਸ਼ਾਮਲ ਸਨ?… ਆਈ ਆਈ ਟੀ ਰੋਪੜ ਦੇ ਆਖਰੀ ਸਾਲ ਦਾ ਵਿਦਿਆਰਥੀ ਪਰਮਿੰਦਰ ਉਸੇ ਜਹਾਜ਼ ਵਿੱਚ ਸਫਰ ਕਰ ਰਿਹਾ ਸੀ। ਉਸਦੀ ਵਿਧਵਾ ਮਾਂ ਕਦੋਂ ਦੀ ਉਡੀਕ ਰਹੀ ਸੀ ਕਿ ਉਸਦਾ ਪੁੱਤਰ ਪੜ੍ਹਾਈ ਪੂਰੀ ਕਰ ਕੇ ਆਵੇਗਾ। ਆਪਣੀ ਭੈਣ ਦਾ ਵਿਆਹ ਰਚਾਵੇਗਾ। ਘਰ ਦੇ ਦਲਿੱਦਰ ਦੂਰ ਕਰੇਗਾ। ..ਪਰ ਉਸਦੀ ਮਾਂ ਨੂੰ ਕੀ ਪਤਾ ਸੀ ਕਿ ਕੁਰੱਪਟ ਮੰਤਰੀਆਂ ਨੂੰ ਬਚਾਉਣ ਲਈ ਉਸ ਦੇ ਪੁੱਤਰ ਦੀ ਬਲੀ ਲੈ ਲਈ ਜਾਵੇਗੀ। ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ..
ਇੱਕ ਨਵ-ਵਿਆਹੇ ਜੋੜੇ ਦੀਅਂ ਖੁਸ਼ੀਆਂ ਅਤੇ ਚਾਅ, ਹਨੀਮੂਨ ਤੇ ਜਾ ਰਹੇ ਸਨ।
ਪ੍ਰੋਫੈਸਰ ਹਰਜੋਤ ਸਿੰਘ ਦੇ ਬੇਟੇ ਨੂੰ ਹਾਰਵਰਡ ਬਿਜ਼ਨਸ ਸਕੂਲ ਵਿਚ ਦਾਖਲਾ ਮਿਲ ਗਿਆ ਸੀ। ਪਰਿਵਾਰ ਦੇ ਚਾਅ ਨਹੀਂ ਸਨ ਚੁੱਕੇ ਜਾ ਰਹੇ। ਪ੍ਰੋ. ਸਾਹਿਬ ਆਪਣੇ ਬੇਟੇ ਨੂੰ ਛੱਡਣ ਲਈ ਇਸ ਫਲਾਈਟ ਰਾਹੀਂ ਦਿੱਲੀ ਜਾ ਰਹੇ ਸਨ। ..(ਅੱਖਾਂ ਪੂੰਝਦੀ ਹੋਈ) ਜਿਸ ਮਾਂ ਦਾ ਜਹਾਨ ਲੁੱਟਿਆ ਗਿਆ, ਤੁਹਾਨੂੰ ਉਸ ਬਾਰੇ ਸੋਚਣ ਦੀ ਕੀ ਲੋੜ ਐ। ਕੀ ਤੁਸੀਂ ਜਾਣਦੇ ਓ ਕਿ ਉਹ ਮਾਂ ਕੌਣ ਸੀ? ਖੈਰ, ਛੱਡੋ ਇਸ ਗੱਲ ਨੂੰ; ਜਹਾਜ਼ ਵਿਚ ਹਰ ਤਰ੍ਹਾਂ ਦੇ ਲੋਕ ਮੌਜੂਦ ਸਨ। ਉਹ ਵੀ ਜਿਨ੍ਹਾਂ ਨੇ ਭਵਿੱਖ ਦਾ ਨਿਰਮਾਣ ਕਰਨਾ ਸੀ। (ਦਰਸ਼ਕਾਂ ਨੂੰ ਸੰਬੋਧਿਤ ਹੁੰਦੀ ਹੋਈ) ਕੀ ਗਲੀ ਸੜੀ ਵਰਤਮਾਨ ਵਿਵਸਥਾ ਦੇ ਰਾਖਿਆਂ ਲਈ ਭਵਿੱਖ ਦੀ ਬਲੀ ਲੈਣੀ ਜਾਇਜ਼ ਐ?
ਚੇਅਰਮੈਨ: ਤੁਹਾਡੀਆਂ ਭਾਵਨਾਵਾਂ ਦੀ ਮੈਂ ਕਦਰ ਕਰਦਾਂ। ..ਚੰਗੇ ਮਾੜੇ, ਹਰ ਬੰਦੇ ਨੂੰ ਜੀਣ ਦਾ ਹੱਕ ਐ।
ਬਿਕਰਮਜੀਤ ਸਿੰਘ: ਜਹਾਜ਼ ਵਿਚ ਸਵਾਰ ਲੋਕਾਂ ਨੇ ਤਾਂ ਮਰਨਾ ਹੀ ਸੀ। ਜੇ ਮੈਂ ਨਾ ਮਾਰਦਾ ਤਾਂ ਪੰਦਰਾਂ ਵੀਹ ਮਿੰਟ ਬਾਅਦ ਜਹਾਜ਼ ਨੇ ਸੈਕਟਰੀਏਟ ਦੀ ਬਿਲਡਿੰਗ ਨਾਲ ਜਾ ਟਕਰਾਉਣਾ ਸੀ। ਇਹਨਾ ਦਾ ਮਰਨਾ ਤਾਂ ਤਹਿ ਹੀ ਸੀ। ਤੁਸੀਂ ਇਹ ਨਾ ਕਹੋ ਕਿ ਮੈਂ 190 ਲੋਕਾਂ ਦੀ ਜਾਨ ਲਈ। ਤੁਸੀਂ ਇਹ ਆਖੋ ਕਿ ਮੈਂ ਹਜ਼ਾਰਾਂ ਲੋਕਾਂ ਦੀ ਜਾਨ ਤਾਂ ਬਚਾ ਲਈ। ਹਾਂ! ਪਰ ਇਨ੍ਹਾਂ 190 ਲੋਕਾਂ ਦੀ ਜਾਨ ਨਹੀਂ ਬਚਾ ਸਕਿਆ। ਮੈਨੂੰ ਇਸਦਾ ਦੁੱਖ ਐ।
ਲੜਕੀ: ਠੀਕ ਆਖਦੇ ਓ, ਪੰਦਰਾਂ ਵੀਹ ਮਿੰਟ ਬਾਅਦ ਜਹਾਜ਼ ਸੈਕਟਰੀਏਟ ਦੀ ਬਿਲਡਿੰਗ ਨਾਲ ਟਕਰਾ ਸਕਦਾ ਸੀ। ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। …ਹੋ ਸਕਦੈ ਅਜਿਹਾ ਨਾ ਹੁੰਦਾ। ..ਇਹ ਵੀ ਹੋ ਸਕਦਾ ਸੀ ਕਿ ਜਹਾਜ਼ ਵਿਚ ਮੌਜੂਦ 190 ਲੋਕ ਇਨ੍ਹਾਂ ਤਿੰਨ ਆਤੰਕਵਾਦੀਆ ਉਪਰ ਕਾਬੂ ਪਾ ਲੈਂਦੇ! ਤੁਸੀਂ ਆਖੋਗੇ ਕਿ ਜ਼ਰੂਰੀ ਨਹੀਂ ਅਜਿਹਾ ਹੁੰਦਾ। ਫਿਫਟੀ ਫਿਫਟੀ ਚਾਂਸ ਸਨ। (ਦਰਸ਼ਕਾਂ ਨੂੰ ਸੰਬੋਧਿਤ ਹੁੰਦੀ ਹੋਈ) ਕੀ ਜਿਨ੍ਹਾਂ ਲੋਕਾਂ ਦੇ ਜੀਣ ਦੇ ਕੇਵਲ ਫਿਫਟੀ ਪਰਸੈਂਟ ਚਾਂਸ ਹੋਣ, ਉਨ੍ਹਾਂ ਦੀ ਜਾਨ ਲੈਣੀ ਜਾਇਜ਼ ਐ?
ਬਿਕਰਮਜੀਤ ਸਿੰਘ: ਜੇ ਫਿਫਟੀ ਪਰਸੈਂਟ ਬਚਣ ਦੇ ਚਾਂਸ ਸਨ, ਤਾਂ ਫਿਫਟੀ ਪਰਸੈਂਟ ਟਕਰਾਉਣ ਦੇ ਚਾਂਸ ਵੀ ਸਨ। ਜੇ ਟਕਰਾਅ ਜਾਂਦਾ ਤਾਂ 190 ਨੇ ਨਹੀਂ, ਹਜ਼ਾਰਾਂ ਲੋਕਾਂ ਨੇ ਮਰਨਾ ਸੀ। ਇਹ ਠੀਕ ਐ ਕਿ ਜੇ ਨਾ ਟਕਰਾਉਂਦਾ ਤਾਂ ਸਭ ਨੇ ਬਚ ਜਾਣਾ ਸੀ। ਇਨ੍ਹਾਂ 190 ਲੋਕਾਂ ਨੇ ਵੀ। ਬਿਨਾ ਸ਼ੱਕ ਮੈਂ ਚਾਂਸ ਲਿਆ ਸੀ ਜਿਸ ਨਾਲ 190 ਬੇਕਸੂਰ ਲੋਕਾਂ ਦੀ ਜਾਨ ਚਲੀ ਗਈ। ਮੈਨੂੰ ਇਹ ਚਾਂਸ ਲੈਣਾ ਚਾਹੀਦਾ ਸੀ ਜਾਂ ਨਹੀਂ, ਇਸ ਗੱਲ ਦਾ ਫੈਸਲਾ ਤੁਸੀਂ ਕਰਨੈ। ਦੇਸ਼ ਦੇ ਕਾਨੂੰਨ ਨੇ ਕਰਨੈ। ਹਾਲ ਵਿੱਚ ਮੌਜੂਦ ਲੋਕਾਂ ਨੇ ਕਰਨੈ। ਉਨ੍ਹਾਂ ਦੀ ਵੋਟ ਨੇ ਕਰਨੈ।
ਲੜਕੀ: ਹੋ ਸਕਦੈ ਤੁਹਾਡੇ ਵਾਂਗ ਅਸੀਂ ਵੀ ਦੁਬਿਧਾ ਵਿੱਚ ਹੋਈਏ! ਕਾਨੂੰਨ ਵੀ ਦੁਬਿਧਾ ਵਿੱਚ ਹੋਵੇ। ਦੁਬਿਧਾ ਵਿੱਚ ਇਨਸਾਫ ਕਿਵੇਂ ਹੋਵੇਗਾ? ਕੌਣ ਕਰੇਗਾ ਇਨਸਾਫ?
(ਬੁੱਧੂ ਦਾਖਲ ਹੁੰਦਾ ਹੈ ਅਤੇ ਉਸਦੇ ਦਾਖਲ ਹੋਣ ਤੋਂ ਥੋੜ੍ਹੀ ਦੇਰ ਬਾਅਦ ਬਿਕਰਮਜੀਤ ਸਿੰਘ ਚਲਾ ਜਾਂਦਾ ਹੈ।)
ਬੁੱਧੂ: ਬੱਲੇ ਓਏ ਸਿਆਣਿਓ
ਸਾਇੰਸਦਾਨੋ, ਵਿਦਵਾਨੋ, ਬੁੱਧੀਮਾਨੋ
ਦੱਸੋ ਭਲਾ ਕਿੰਨਿਆਂ ਨੂੰ ਬਚਾਉਣ ਲਈ ਕਿੰਨੇ ਮਰੇ ਜਾਇਜ਼ ਨੇ
ਬੁੱਢਾ ਮਰੇ ਜਾਂ ਮਰੇ ਜੁਆਨ ਬੱਚਾ
ਅਮੀਰ ਕਿ ਗਰੀਬ
ਮਰੇ ਔਰਤ ਜਾਂ ਮਰੇ ਮਰਦ
ਸਿਆਣਾ ਮਰੇ ਕਿ ਕਮਲਾ
ਹਿੰਦੂ ਮੁਸਲਮਾਨ ‘ਚੋਂ ਭਲਾ ਕੌਣ ਮਰੇ
ਇਹ ਕੋਈ ਹਿਸਾਬ ਦਾ ਸੁਆਲ ਨਹੀਂ
ਬਹੁਤੇ ਸਿਆਣਿਓਂ ਬੁੱਧੀਮਾਨੋ ਅਕਲਦਾਨੋ
ਇਹ ਜੀਵਨ ਮੌਤ ਦਾ ਸੁਆਲ ਹੈ
ਜੀਣ ਦੇ ਹੱਕ ਦਾ ਸੁਆਲ ਹੇ
ਨਾ ਤਰਕ ਨਾਲ ਹੱਲ ਹੋਵੇਗਾ
ਨਾ ਲਿਆਕਤ, ਸਿਧਾਂਤ, ਸਿਆਸਤ ਨਾਲ
ਨਾ ਬਹੁਸੰਮਤੀ ਦੇ ਫੈਸਲੇ ਨਾਲ।
ਬਹੁਤੇ ਸਿਆਣਿਓਂ ਬੁੱਧੀਮਾਨੋ ਅਕਲਦਾਨੋ
ਇਹ ਹਿਸਾਬ ਕਿਤਾਬ ਨਹੀਂ
ਜੀਣ ਦੇ ਹੱਕ ਦਾ ਸੁਆਲ ਹੈ।
(ਬੁੱਧੂ ਵਾਪਿਸ ਜਾਂਦਾ ਹੈ। ਬਿਕਰਮਜੀਤ ਸਿੰਘ ਦੂਸਰੇ ਬੰਦੇ ਦੇ ਰੂਪ ਵਿੱਚ ਪ੍ਰਵੇਸ਼ ਕਰਦਾ ਹੈ।)
ਲੜਕੀ: ਕਿੰਨੀ ਪਤੇ ਦੀ ਗੱਲ ਕਹਿ ਗਿਐ। …ਵੋਟਾਂ ਸਹੀ ਗਲਤ ਦਾ ਨਹੀਂ, ਤਕੜੇ ਮਾੜੇ ਦਾ ਫੈਸਲਾ ਕਰਦੀਆਂ ਨੇ। ..ਸਿਆਸਤ ਵਾਂਗ ਨੈਤਿਕਤਾ ਅਤੇ ਇਨਸਾਫ ਵੀ ਤਾਕਤ ਦੀ ਹੀ ਖੇਡ ਨੇ। ..ਕਿੱਥੇ ਕਿੱਥੇ ਲੱਭਦੇ ਫਿਰੋਗੇ ਇਨਸਾਫ ਨੂੰ? ਲੱਭੋਗੇ ਵੀ ਕਿਵੇਂ? …ਸਭ ਤਾਕਤ ਦੀ ਖੇਡ ਐ! ਜੇ ਲੱਭਣੈ ਤਾਂ ਤਾਕਤ ਦਾ ਬਦਲ ਲੱਭੋ! ਸ਼ਕਤੀ ਸਬੰਧਾਂ ਦਾ ਬਦਲ ਢੂੰਡੋ! … ਪਰ ਇਹ ਰੁਲਿਆ ਜਿਹਾ ਬੰਦਾ ਹੈ ਕੋਣ ਸੀ ਜੋ ਏਨੇ ਪਤੇ ਦੀ ਗੱਲ ਕਹਿ ਗਿਐ?
ਦੂਸਰਾ ਬੰਦਾ: ਇਹ ਬੁੱਧੂ ਸੀ।
ਲੜਕੀ: ਬੁੱਧੂ!?
ਦੂਸਰਾ ਬੰਦਾ: ਜੋ ਬੁੱਧੀਮਾਨ ਲੋਕਾਂ ਵਾਂਗ ਨਾ ਸੋਚਦਾ ਹੋਵੇ, ਉਹ ਬੁੱਧੂ ਹੁੰਦੈ।
ਲੜਕੀ: ਜੋ ਤਰਕ, ਸਿਧਾਂਤ ਅਤੇ ਸਿਆਸਤ ਤੋਂ ਪਾਰ ਜਾ ਕੇ ਸੋਚਣ ਵਿਚਾਰਨ ਦੀ ਹਿੰਮਤ ਰੱਖਦਾ ਹੋਵੇ, ਓਹੀ ਬੁੱਧੂ ਅਖਵਾਉਂਦੈ।
ਦੂਸਰਾ ਬੰਦਾ: ਸੋਚਣ ਵਿਚਾਰਨ ਲਈ ਤਾਂ ਤਰਕ, ਸਿਧਾਂਤ ਅਤੇ ਸਿਆਸਤ ਦੀ ਲੋੜ ਪੈਂਦੀ ਹੀ ਪੈਂਦੀ ਐ।
ਲੜਕੀ: ਇਸੇ ਲਈ, ਬੁੱਧੂ ਸੋਚਦਾ ਵਿਚਾਰਦਾ ਨਹੀਂ, ਸਿਰਫ ਬੋਲਦੈ।.. ਢਿੱਡੋਂ ਬੋਲਦੈ!
ਦੂਸਰਾ ਬੰਦਾ: ਬੁੱਧੂ ਉਹ ਹੁੰਦੈ ਜਿਸਦੀ ਅਕਲ ਨਹੀਂ, ਤਜ਼ਰਬਾ ਬੋਲਦੈ। ਦੂਸਰਿਆਂ ਨਾਲ ਸੰਪਰਕ ਵਿਚੋਂ ਪੈਦਾ ਹੋ ਰਿਹਾ ਤਜ਼ਰਬਾ ਬੋਲਦੈ।
ਲੜਕੀ: ਅਕਲ ਤਾਂ ਸੱਚ ਨੂੰ ਆਪਣੀ ‘ਮੈਂ’ ਦੇ ਰੰਗ ਵਿੱਚ ਰੰਗ ਲੈਂਦੀ ਐ; ਲੋੜ ਪਵੇ ਤਾਂ ਕੰਨ ਵੀ ਬੰਦ ਕਰ ਲੈਂਦੀ ਐ। ਇਸ ਲਈ ਬਹੁਰੰਗੇ ਸੱਚ ਤੱਕ ਕੇਵਲ ਬੁੱਧੂ ਹੀ ਪਹੁੰਚ ਸਕਦੈ।
ਦੂਸਰਾ ਬੰਦਾ: ਜਿਸ ਕੋਲ ‘ਮੈਂ’ ਹੀ ਨਹੀਂ, ਉਸ ਵਿੱਚੋਂ ਫੇਰ ਉਸ ਦਾ ਨਿੱਜ ਨਹੀਂ, ਸਾਂਝੀਵਾਲਤਾ ਬੋਲਦੀ ਐ।।
ਲੜਕੀ: ਦੋਸਤ ਦੁਸ਼ਮਣ ਬਰਾਬਰ ਹੋ ਜਾਂਦੇ ਨੇ। ਕੇਵਲ ਭਲੇ ਦੀ ਹੀ ਨਹੀਂ, ਬੁਰੇ ਦੀ ਪੀੜ ਵੀ ਦਿਖਾਈ ਦੇਣ ਲੱਗ ਪੈਂਦੀ ਐ। ਸ਼ਕਤੀ ਸਬੰਧਾਂ ਦੀ ਪਕੜ ਢਿੱਲੀ ਪੈ ਜਾਂਦੀ ਆ।
ਦੂਸਰਾ ਬੰਦਾ: ਜੇ ਸ਼ਕਤੀ ਸਬੰਧ ਹੀ ਨਹੀਂ ਹੋਣਗੇ, ਤਾਂ ਫੇਰ ਬੁੱਧੂਆਂ ਦੀ ‘ਅ-ਮੈਂ’ ਨੂੰ ਸਮਾਜ ਵਿੱਚ ਕਿਹੜੀ ਚੀਜ਼ ਬੰਨ੍ਹੇਗੀ?
ਪਹਿਲਾ ਬੰਦਾ: ਕੀ ਬਦਲ ਹੋ ਸਕਦੈ ਸ਼ਕਤੀ ਸਬੰਧਾਂ ਦਾ?
ਲੜਕੀ: (ਆਪਣੇ ਆਪ ਨਾਲ) ਮੈਂ ਇਹ ਕੀ ਆਖ ਦਿੱਤੈ? ..ਭਲਾ ਕੀ ਹੋ ਸਕਦੈ ਸ਼ਕਤੀ ਸਬੰਧਾਂ ਦਾ ਬਦਲ? ਕੀ ਮਨੁੱਖਾਂ ਨੂੰ ਕੇਵਲ ਲਾਲਚ ਹੀ ਜੋੜ ਸਕਦੈ? ਪ੍ਰੇਮ ਨਹੀਂ?
(ਦਰਸ਼ਕਾਂ ਨੂੰ ਸੰਬੋਧਿਤ ਹੁੰਦੀ ਹੋਈ। ਪੂਰੇ ਜੋਸ਼ ਨਾਲ) ਪ੍ਰੇਮ! ਪ੍ਰੇਮ!! ਪ੍ਰੇਮ ਬਣੇਗਾ ਬਦਲ। ਸ਼ਕਤੀ ਸਬੰਧਾਂ ਦਾ ਬਦਲ!
ਦੂਸਰਾ ਬੰਦਾ: ਕਿਵੇਂ?
ਲੜਕੀ: ਸ਼ਕਤੀ ਤੋੜਦੀ ਐ। ਪ੍ਰੇਮ ਜੋੜਦੈ। ..ਆਪਣੀ ਹਉਂ ਦੀ ਆਹੂਤੀ ਦੇ ਕੇ ਦੂਜੇ ਨੂੰ ਆਪਣੇ ਅੰਦਰ ਵਸਾਉਣ ਦੀ ਜੁਗਤ ਐ, ਪ੍ਰੇਮ। ਪ੍ਰੇਮ ਮਨੁੱਖ ਨੂੰ ਕੇਵਲ ਮਨੁੱਖਾਂ ਨਾਲ ਹੀ ਨਹੀਂ, ਬ੍ਰਹਿਮੰਡ ਨਾਲ ਵੀ ਜੋੜਦੈ। ਪ੍ਰੇਮ ਹੀ ਪ੍ਰਭੁਤੈ।
(ਫੇਡ ਆਊਟ/ ਫੇਡ ਇਨ)
ਚੇਅਰਮੈਨ: (ਦਰਸ਼ਕਾਂ ਨੂੰ ਸੰਬੋਧਿਤ ਹੁੰਦਾ ਹੋਇਆ) ਆਪਣੇ ਮੋਬਾਈਲ ਤੇ ਸਕੈਨ ਕੀਤਾ ਹੋਇਆ ਗੂਗਲ ਫਾਰਮ ਖੋਲ੍ਹੋ। ….ਸੁਆਲ ਹੈ ਕਿ ਤੁਸੀਂ ਕਿਸ ਦੇ ਵਿਚਾਰਾਂ ਨਾਲ ਸਹਿਮਤ ਹੋ? ਮੈਡਮ ਦੇ, ਬਿਕਰਮਜੀਤ ਸਿੰਘ ਦੇ ਜਾਂ ਫੇਰ ਕਿ ਦੋਨਾਂ ਦੇ?..ਜੇ ਮੈਡਮ ਦੇ ਵਿਚਾਰਾਂ ਨਾਲ ਸਹਿਮਤ ਹੋ ਤਾਂ ‘1’ ਟਾਈਪ ਕਰੋ। ਜੇ ਬਿਕਰਮਜੀਤ ਸਿੰਘ ਨਾਲ ਸਹਿਮਤ ਹੋ ਤਾਂ’2’ ਟਾਈਪ ਕਰੋ। ਜੇਕਰ ਤੁਹਾਨੂੰ ਇਹ ਲਗਦੈ ਕਿ ਦੋਨੋ ਆਪੋ ਆਪਣੀ ਜਗ੍ਹਾ ਠੀਕ ਹਨ ਤਾਂ ‘3’ ਟਾਈਪ ਕਰਕੇ ਫੈਸਲਾ ਜਿਊਰੀ ਤੇ ਛੱਡ ਦਿਓ।
ਫੇਡ ਆਊਟ
ਤਿੰਨ
ਚੇਅਰਮੈਨ: ਕੀ ਸੈਕਟਰੀਏਟ ਵਿਚ ਮੌਜੂਦ ਹਜ਼ਾਰਾਂ ਲੋਕਾਂ ਦੀ ਸੁਰੱਖਿਆ ਲਈ ਜਹਾਜ਼ ਵਿਚ ਮੌਜੂਦ 190 ਲੋਕਾਂ ਦੀ ਕੁਰਬਾਨੀ ਲੈਣੀ ਜਾਇਜ਼ ਸੀ? ਕੀ ਇਕੱਲੇ ਆਤੰਕਵਾਦੀਆਂ ਨੂੰ ਟਾਰਗੈਟ ਨਹੀਂ ਸੀ ਕੀਤਾ ਜਾ ਸਕਦਾ? ਸੁਰੱਖਿਆ ਦੇ ਕੋਈ ਨਵੇਂ ਤਰੀਕੇ ਵੀ ਤਾਂ ਸੋਚੇ ਜਾ ਸਕਦੇ ਸਨ!
ਬਿਕਰਮਜੀਤ ਸਿੰਘ ਹੁਰਾਂ ਨੂੰ ਇਸ ਤਰ੍ਹਾਂ ਦੀ ਕੋਈ ਸੰਭਾਵਨਾ ਦਿਖਾਈ ਨਹੀਂ ਦਿੱਤੀ। ਠੀਕ ਹੈ, ਬਾਹਰੋਂ ਤਾਂ ਕੇਵਲ ਜਹਾਜ਼ ਨੂੰ ਹੀ ਹਿੱਟ ਕੀਤਾ ਜਾ ਸਕਦਾ ਸੀ। ਜਹਾਜ਼ ਵਿਚ ਮੌਜੂਦ ਆਤੰਕਵਾਦੀਆਂ ਨੂੰ ਨਹੀਂ। ਇਸੇ ਲਈ, ਉਨ੍ਹਾਂ ਨੇ ਜਹਾਜ਼ ਨੂੰ ਸ਼ੂਟ ਕਰਕੇ ਮਾਰ ਗਿਰਾਉਣ ਦਾ ਫੈਸਲਾ ਲਿਆ। ਜਿਹੜੇ 190 ਲੋਕ ਜਬਰੀ ਸ਼ਹੀਦ ਕਰ ਦਿੱਤੇ ਗਏ, ਉਨ੍ਹਾਂ ਨਾਲ ਸਾਡੀ ਸਭ ਦੀ ਹਮਦਰਦੀ ਐ।
ਬਿਨਾ ਸ਼ੱਕ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਈ ਐ। ..ਦੁਬਿਧਾਮਈ ਸਥਿਤੀ ਸੀ। ਇਸੇ ਲਈ ਦਰਸ਼ਕਾਂ ਨੇ ਗਲਤ ਠੀਕ ਦਾ ਫੈਸਲਾ ਜਿਊਰੀ ਉੱਪਰ ਛੱਡ ਦਿੱਤੈ। ਜਿਊਰੀ ਵੀ ਕੀ ਫੈਸਲਾ ਲਵੇ! ..ਜਿੱਥੇ ਜਾ ਕੇ ਤਰਕ ਕਾਨੂੰਨ, ਫਲਸਫਾ, ਸਿਧਾਂਤ ਅਤੇ ਸਿਆਸਤ ਫੇਲ੍ਹ ਹੋ ਜਾਂਦੇ ਹਨ, ਉੱਥੋਂ ਸਾਹਿਤ ਅਤੇ ਕਲਾ ਦੀ ਯਾਤਰਾ ਆਰੰਭ ਹੁੰਦੀ ਹੈ। ਇਸੇ ਲਈ ਮੈਂ ਲੇਖ ਨਹੀਂ ਲਿਖ ਰਿਹਾ, ਨਾਟਕ ਖੇਡ ਰਿਹਾ ਹਾਂ!
ਜਹਾਜ਼ ਵਿਚ ਭੈਅ ਦਾ ਮਹੌਲ ਬਣ ਗਿਆ ਹੋਣੈਂ। ਨਿਹੱਥੀਆਂ ਸਵਾਰੀਆਂ ਲਈ ਆਤੰਕਵਾਦੀਆਂ ਉਪਰ ਕਾਬੂ ਪਾਉਣਾ ਸ਼ਾਇਦ ਸੰਭਵ ਨਹੀਂ ਸੀ। ਕੀ ਜਹਾਜ਼ ਨੂੰ ਸ਼ੂਟ ਕਰਨ ਤੋਂ ਬਿਨਾ ਹੋਰ ਕੋਈ ਵੀ ਰਸਤਾ ਉਪਲਭਦ ਨਹੀਂ ਸੀ!?
(ਬਿਕਰਮਜੀਤ ਸਿੰਘ, ਆਪਣੀ ਡਰੈੱਸ ਬਦਲ ਕੇ, ਨੌਜੁਆਨ ਅਮਨ ਦੀਪ ਦੇ ਰੂਪ ਵਿੱਚ ਦਰਸ਼ਕਾਂ ਵਿੱਚੋਂ ਉੱਠ ਕੇ ਬੋਲਦਾ ਹੈ)
ਅਮਨ ਦੀਪ: ਉਪਲਭਦ ਸੀ, ਸਰ! ਬਿਲਕੁਲ ਉਪਲਭਦ ਸੀ। ਦੂਸਰੀਆਂ ਸਵਾਰੀਆਂ ਨੂੰ ਬਿਨਾ ਕੋਈ ਨੁਕਸਾਨ ਪੁਚਾਏ, ਇਕੱਲੇ ਅੰਤੰਕਵਾਦੀਆਂ ਨੂੰ ਟਾਰਗੈਟ ਕੀਤਾ ਜਾ ਸਕਦਾ ਸੀ!
ਚੇਅਰਮੈਨ: ਉਹ ਕਿਵੇਂ?
ਅਮਨਦੀਪ: (ਚੇਅਰਮੈਨ ਦੇ ਇਸ਼ਾਰਾ ਕਰਨ ਤੇ ਸਟੇਜ ਉੱਪਰ ਆਉਂਦਾ ਹੈ) ਸਰ, ਫਲਾਈਇੰਗ ਆਫੀਸਰ ਬਿਕਰਮਜੀਤ ਸਿੰਘ ਹੁਰਾਂ ਦੇ ਰਿਟਾਇਰ ਹੋਣ ਬਾਅਦ ਸਕਿਉਰਟੀ ਦੇ ਖੇਤਰ ਵਿਚ ਬਹੁਤ ਕੁਝ ਬਦਲ ਚੁੱਕੈ। ਜੇ ਆਗਿਆ ਹੋਵੇ ਤਾਂ ਇਸ ਸਬੰਧੀ ਮੈਂ ਕੁਝ ਕਹਿਣਾ ਚਾਹੁੰਨਾਂ।
ਚੇਅਰਮੈਨ: ਜੋ ਵੀ ਕਹਿਣਾ ਚਾਹੁੰਦੇ ਓ, ਬਿਨਾ ਝਿਜਕ ਖੁੱਲ੍ਹ ਕੇ ਕਹੋ!
ਅਮਨ ਦੀਪ: ਸਰ, ਮੇਰਾ ਨਾਮ ਅਮਨ ਦੀਪ ਐ। ਮੈਂ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋਂ ਕੰਪਿਊਟਰ ਸਾਇੰਸ ਐਂਡ ਇੰਜਨੀਅਰਿੰਗ ਦੀ ਪੀ ਐਚ ਡੀ ਕਰਕੇ ਆਈ ਆਈ ਟੀ ਰੋਪੜ ਵਿਚ ਆਰਟੀਫੀਸ਼ਲ ਇੰਟੈਲੀਜੈਂਸ ਦੇ ਵਿਸ਼ੇ ਤੇ ਖੋਜ ਅਤੇ ਅਧਿਆਪਨ ਦਾ ਕੰਮ ਕਰ ਰਿਹਾਂ। ਕੰਸਲਟੈਂਸੀ ਵੀ ਕਰ ਲੈਂਦਾ ਹਾਂ।
ਖੈਰ, ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਆਪਾਂ ਗੱਲ ਤਾਂ ਆਰਟੀਫੀਸ਼ਲ ਇੰਟੈਲੀਜੈਂਸ ਦੀ ਨੈਤਿਕਤਾ ਬਾਰੇ ਕਰ ਰਹੇ ਸੀ। ਹਵਾ, ਪਾਣੀ ਅਤੇ ਜ਼ਮੀਨ ਤੇ ਚੱਲਣ ਵਾਲੇ ਬੁੱਧੀਮਾਨ ਵਾਹਨਾ ਦੀ ਨੈਤਿਕਤਾ ਬਾਰੇ। ਪਰ ਅਸੀਂ ਜਿਸ ਸੰਕਟ ਗ੍ਰਸਤ ਜਹਾਜ਼ ਨੂੰ ਆਪਣੇ ਥੌਟ ਐਕਸਪੈਰੀਮੈਂਟ ਦਾ ਆਧਾਰ ਬਣਾਇਐ, ਉਸ ਨੂੰ ਆਰਟੀਫੀਸ਼ਲ ਇੰਟੈਲੀਜੈਂਸ ਨਹੀਂ, ਪਰੰਪਰਾਗਤ ਮਾਨਵੀ ਪਾਇਲਟ ਹੀ ਚਲਾ ਰਹੇ ਸਨ, ਜਿਨ੍ਹਾਂ ਨੂੰ ਕਾਬੂ ਕਰਕੇ ਆਤੰਕਵਾਦੀਆਂ ਨੇ ਜਹਾਜ਼ ਦੀ ਕਮਾਨ ਆਪ ਸੰਭਾਲ ਲਈ ਸੀ।
ਜਹਾਜ਼ ਬੁੱਧੀਮਾਨ ਨਾ ਹੋਣ ਕਾਰਨ ਕੋਈ ਵਿਰੋਧ ਨਹੀਂ ਜਤਾਉਂਦਾ। ਕੰਟਰੋਲ ਛੱਡ ਦਿੰਦੈ। ਛੱਡਣਾ ਕੀ ਸੀ, ਉਸ ਕੋਲ ਤਾਂ ਕੋਈ ਕੰਟਰੋਲ ਹੈ ਹੀ ਨਹੀਂ ਸੀ। ਸਾਰਾ ਕੰਟਰੋਲ ਤਾਂ ਮਨੁਖੀ ਪਾਇਲਟਾਂ ਕੋਲ ਸੀ, ਜਿਨ੍ਹਾਂ ਨੂੰ ਡਰਾ ਧਮਕਾ ਕੇ ਆਤੰਕਵਾਦੀ ਜਹਾਜ਼ ਤੇ ਕਾਬੂ ਪਾ ਲੈਂਦੇ ਹਨ।
ਫਲਾਈਇੰਗ ਆਫੀਸਰ ਬਿਕਰਮਜੀਤ ਸਿੰਘ ਹੁਰਾਂ ਨੂੰ ਆਰਟੀਫੀਸ਼ਲ ਇੰਟੈਲੀਜੈਂਸ ਨਾਲ ਚੱਲਣ ਵਾਲੇ ਬੁੱਧੀਮਾਨ ਜਹਾਜ਼ ਦੀ ਸਮਰੱਥਾ ਦਾ ਗਿਆਨ ਨਹੀਂ ਸੀ। ..ਬੁੱਧੀਮਾਨ ਜਹਾਜ਼ ਨੂੰ ਨਾ ਡਰਾਇਆਂ ਧਮਕਾਇਆ ਜਾ ਸਕਦੈ। ਨਾ ਹੀ ਉਹ ਕਿਸੇ ਲਾਲਚ ਵਿੱਚ ਆਉਂਦੈ। ਜਹਾਜ਼ ਨੂੰ ਸ਼ੂਟ ਕਰਨ ਦਾ ਫੈਸਲਾ ਨਾਸਮਝੀ ਦੀ ਉਪਜ ਸੀ। ਬਿਕਰਮਜੀਤ ਸਿੰਘ ਦੀ ਨਾਸਮਝੀ ਕਾਰਨ ਏਨੇ ਲੋਕਾਂ ਨੂੰ ਜਾਨ ਗਵਾਉਣੀ ਪਈ।
(ਲੜਕੀ ਦਾਖਲ ਹੁੰਦੀ ਹੋਈ)
ਲੜਕੀ: ਚੰਗੇ ਇਰਾਦੇ ਨਾਲਨਾਸਮਝੀ ਵਿੱਚ ਲਈ ਗਈ ਜਾਨ ਨੂੰ ਕੀ ਕਹੋਗੇ? ਕਤਲ ਤਾਂ ਨਹੀਂ ਕਹਿ ਸਕਦੇ! ਕੋਈ ਹੋਰ ਨਾਮ ਦੇਣਾ ਪਵੇਗਾ। ਕੀ ਕਹੋਗੇ?
ਅਮਨਦੀਪ: ਮੈਂ ਕੇਵਲ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾਂ ਸੀ ਕਿ ਜੇ ਆਰਟੀਫੀਸ਼ਲ ਇੰਟੈਲੀਜੈਂਸ ਨਾਲ ਚੱਲਣ ਵਾਲੇ ਜਹਾਜ਼ ਦੀ ਗੱਲ ਕਰਨੀ ਸੀ, ਤਾਂ ਏਥੇ ਆਰਟੀਫੀਸ਼ਲ ਇੰਟੈਲੀਜੈਂਸ ਨਾਲ ਚੱਲਣ ਵਾਲੇ ਬੁੱਧੀਮਾਨ ਜਹਾਜ਼ ਨੂੰ ਹੀ ਬੁਲਾਇਆ ਜਾਣਾ ਚਾਹੀਦਾ ਸੀ। ਉਸ ਦਾ ਪੱਖ ਸੁਣੇ ਅਤੇ ਸਮਝੇ ਬਗੈਰ ਕਿਸੇ ਨਤੀਜੇ ਤੇ ਕਿਵੇਂ ਪਹੁੰਚਿਆ ਜਾ ਸਕਦੈ?
ਚੇਅਰਮੈਨ: ਆਰਟੀਫੀਸ਼ਲ ਇੰਟੈਲੀਜੈਸ ਨਾਲ ਚੱਲਣ ਵਾਲੇ ਬੁੱਧੀਮਾਨ ਜਹਾਜ਼ ਨੂੰ ਬੁਲਾਇਆ ਜਾਵੇ! ( ਹੱਸਦਾ ਹੈ) ਪਰ..ਪਰ.. ਕੀ ਬੁੱਧੀਮਾਨ ਜਹਾਜ਼ ਨੂੰ ਏਥੇ ਬੁਲਾਇਆ ਜਾ ਸਕਦੈ?
ਅਮਨ ਦੀਪ: ਬੁੱਧੀਮਾਨ ਜਹਾਜ਼ ਖੁਦ ਤਾਂ ਪੇਸ਼ ਨਹੀਂ ਹੋ ਸਕੇਗਾ। ਜੇ ਇਜਾਜ਼ਤ ਹੋਵੇ ਤਾਂ ਮੈਂ ਬੁੱਧੀਮਾਨ ਜਹਾਜ਼ ਦੇ ਵਕੀਲ ਵਜੋਂ ਪੇਸ਼ ਹੋਣ ਨੂੰ ਤਿਆਰ ਹਾਂ।
ਚੇਅਰਮੈਨ: ਇਜਾਜ਼ਤ ਐ।
ਲੜਕੀ: ਕੀ ਆਪਾਂ ਹੁਣ ਇਹ ਮੰਨ ਕੇ ਚੱਲੀਏ ਕਿ ਜਿਸ ਜਹਾਜ਼ ਨੂੰ ਹਾਈਜੈਕ ਕੀਤਾ ਗਿਆ ਸੀ, ਉਸ ਨੂੰ ਮਨੁਖੀ ਪਾਇਲਟ ਨਹੀਂ, ਆਰਟੀਫੀਸ਼ਲ ਇੰਟੈਲੀਜੈਂਸ ਚਲਾ ਰਹੀ ਸੀ।
ਅਮਨ ਦੀਪ: ਮੈਡਮ ਇਸ ਗੱਲ ਦਾ ਧਿਆਨ ਰਹੇ ਕਿ ਆਰਟੀਫੀਸ਼ਲ ਇੰਟੈਲੀਜੈਂਸ ਨਾਲ ਚੱਲਣ ਵਾਲੇ ਜਹਾਜ਼ ਨੂੰ ਹੈਕ ਤਾਂ ਕੀਤਾ ਜਾ ਸਕਦੈ, ਪਰ ਹਾਈਜੈਕ ਬਿਲਕੁਲ ਨਹੀਂ ਕੀਤਾ ਜਾ ਸਕਦਾ!
ਚੇਅਰਮੈਨ: ਕੀ ਤੁਸੀਂ ਬੁੱਧੀਮਾਨ ਜਹਾਜ਼ ਤੋਂ ਇਹ ਪੁਛ ਕੇ ਦੱਸੋਗੇ ਕਿ ਉਸ ਨੂੰ ਅਗਵਾ ਕਰਨ ਵਾਲੇ ਆਤੰਕਵਾਦੀ ਪਾਇਲਟ ਸਨ ਜਾਂ ਹੈਕਰ?
ਅਮਨ ਦੀਪ: (ਲੈਪ ਟੌਪ ਤੇ ਚੈਟਿੰਗ ਉਪ੍ਰੰਤ ਚੇਅਰਮੈਨ ਨੂੰ ਸੰਬੋਧਿਤ ਹੁੰਦਾ ਹੋਇਆ) ਉਹ
ਤਿੰਨ ਸਨ; ਇੱਕ ਟਰੇਂਡ ਪਾਇਲਟ, ਦੂਸਰਾ ਟਰੇਂਡ ਹੈਕਰ ਅਤੇ ਤੀਸਰਾ ਟਰੇਂਡ ਫਾਈਟਰ।
ਚੇਅਰਮੈਨ: (ਦਰਸ਼ਕਾਂ ਨੂੰ ਸੰਬੋਧਿਤ ਹੁੰਦਾ ਹੋਇਆ) ਸਾਡਾ ਥੌਟ ਐਕਸਪੈਰੀਮੈਂਟ ਬਦਲ ਗਿਐ। ਅੱਪਡੇਟ ਹੋ ਗਿਐ। ..ਪਹਿਲੇ ਥੌਟ ਐਕਸਪੈਰੀਮੈਂਟ ਵਿਚ ਜਹਾਜ਼ ਦਾ ਕੰਟਰੋਲ ਮਨੁਖੀ ਪਾਇਲਟਾਂ ਕੋਲ ਸੀ। ਪਰ ਹੁਣ ਇਹ ਕੰਟਰੋਲ ਆਰਟੀਫੀਸ਼ਲ ਇੰਟੈਲੀਜੈਂਸ ਨਾਲ ਚੱਲਣ ਵਾਲੇ ਬੁੱਧੀਮਾਨ ਜਹਾਜ਼ ਦੇ ਆਪਣੇ ਹੱਥ ਵਿਚ ਐ।
(ਅਮਨ ਦੀਪ ਨੂੰ ਸੰਬੋਧਿਤ ਹੁੰਦਾ ਹੋਇਆ) ਤੁਸੀਂ ਦੱਸਿਐ ਕਿ ਜਿਹੜੇ ਤਿੰਨ ਆਤੰਕਵਾਦੀ ਜਹਾਜ਼ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਉਨ੍ਹਾਂ ਵਿਚ ਇੱਕ ਹੈਕਰ ਵੀ ਮੌਜੂਦ ਸੀ। …ਹੁਣ ਮੇਰਾ ਸੁਆਲ ਇਹ ਐ ਕਿ ਕੀ ਜਹਾਜ਼ ਹੈਕ ਹੋਇਆ ਜਾਂ ਹਾਈਜੈਕ ਹੋਇਐ?
ਅਮਨ ਦੀਪ: ਨਾ ਹੈਕ ਹੋਇਆ; ਨਾ ਹੀ ਹਾਈਜੈਕ ਹੋਇਆ। ਬੁੱਧੀਮਾਨ ਜਹਾਜ਼ ਨੇ ਆਤੰਕਵਾਦੀਆਂ ਦੀ ਜਹਾਜ਼ ਨੂੰ ਹੈਕ ਅਤੇ ਹਾਈਜੈਕ ਕਰਨ ਦੀ ਹਰ ਕੋਸ਼ਿਸ਼ ਨਾਕਾਮ ਕਰ ਦਿੱਤੀ। ਹਾਈਜੈਕਰ ਅਤੇ ਹੈਕਰ ਦੋਨੋਂ ਬੁੱਧੀਮਾਨ ਜਹਾਜ਼ ਸਾਹਮਣੇ ਬੇਬੱਸ ਸਨ। ਉਹਨਾਂ ਦੀ ਕੋਈ ਵੀ ਕੋਸ਼ਿਸ਼ ਕਾਮਯਾਬ ਨਾ ਹੋ ਸਕੀ।
ਚੇਅਰਮੈਨ: ਬੁੱਧੀਮਾਨ ਜਹਾਜ਼ ਨੂੰ ਰੀਪਰੀਜ਼ੈਂਟ ਕਰਨ ਦੇ ਨਾਤੇ ਕੀ ਤੁਸੀਂ ਜਹਾਜ਼ ਅੰਦਰ ਵਾਪਰਨ ਵਾਲਾ ਸਾਰਾ ਘਟਨਾਕ੍ਰਮ ਇਨ ਬਿਨ ਬਿਆਨ ਕਰ ਸਕਦੇ ਹੋ?
ਅਮਨ ਦੀਪ: ਕਿਉਂ ਨਹੀਂ, ਮੇਰੀ ਡਿਊਟੀ ਬਣਦੀ ਐ ਕਿ ਮੈਂ ਸਾਰਾ ਘਟਨਾਕ੍ਰਮ ਬਿਆਨ ਕਰਾਂ। ਬੁੱਧੀਮਾਨ ਜਹਾਜ਼ ਨੂੰ ਵੀ ਇਸ ਤੇ ਕੋਈ ਇਤਰਾਜ਼ ਨਹੀਂ। ਸਰ, ਬੁੱਧੀਮਾਨ ਜਹਾਜ਼ ਤੁਹਾਨੂੰ ਕੁਝ ਕਹਿਣਾ ਚਾਹੁੰਦੈ।
(ਡਾ. ਅਮਨ ਦੀਪ ਆਪਣਾ ਲੈਪ ਟੌਪ ਚੇਅਰਮੈਨ ਦੇ ਅੱਗੇ ਰੱਖਦਾ ਹੈ)
ਚੇਅਰਮੈਨ: (ਦਰਸ਼ਕਾਂ ਅੱਗੇ ਬੋਲਦੇ ਹੋਏ) ਇਹ ਮੈਨੂੰ ਜਹਾਜ਼ ਨਾਲ ਗੱਲ ਕਰਨ ਲਈ ਆਖ ਰਿਹੈ! (ਆਪਣੇ ਆਪ ਨਾਲ) ਹੁਣ ਮਨੁੱਖ ਮਨੁੱਖਾਂ ਨਾਲ ਹੀ ਨਹੀਂ, ਮਸ਼ੀਨਾਂ ਮਸ਼ੀਨਾਂ ਨਾਲ ਅਤੇ ਮਨੁੱਖਾਂ ਨਾਲ ਵੀ ਗੱਲਾਂ ਕਰਿਆ ਕਰਨਗੀਆਂ! (ਲੈਪਟੌਪ ਵੱਲ ਦੇਖਦੇ ਹੋਏ) ਖੈਰ, ਹਾਂ ਜੀ, ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਓ?
ਲੈਪਟੌਪ ਤੇ ਬੁੱਧੀਮਾਨ ਜਹਾਜ਼ ਦੀ ਆਵਾਜ਼: ਜਿਥੋਂ ਤੱਕ ਇਸ ਹਾਦਸੇ ਦਾ ਸਬੰਧ ਹੈ, ਡਾ. ਅਮਨ ਦੀਪ ਮੈਨੂੰ ਰੀਪਰੀਜ਼ੈਂਟ ਕਰਨਗੇ। ਉਨ੍ਹਾਂ ਨੂੰ ਮੈਂ ਅਜਿਹਾ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਘਟਨਾਕ੍ਰਮ ਦਾ ਸਾਰਾ ਨੈਰੇਟਿਵ ਉਨ੍ਹਾਂ ਨੂੰ ਟਰਾਂਸਫਰ ਕਰ ਦਿੱਤਾ ਗਿਐ। ਤੁਸੀਂ ਇਸਨੂੰ ਰੀਕਾਰਡ ਵਜੋਂ ਸੰਭਾਲ ਸਕਦੇ ਹੋ। ਇਸਦੀ ਕਾਪੀ ਤੁਹਾਨੂੰ ਵੀ ਭੇਜੀ ਜਾ ਰਹੀ ਐ।
(ਅਮਨ ਦੀਪ ਲੈਪਟੌਪ ਨੂੰ ਚੁਕ ਕੇ ਆਪਣੇ ਸਾਹਮਣੇ ਰੱਖਦਾ ਹੈ)
ਅਮਨ ਦੀਪ: ਸਰ, ਬੁੱਧੀਮਾਨ ਜਹਾਜ਼ ਦੱਸਦੈ ਕਿ ਉਸਨੇ ਨੈਸ਼ਨਲ ਕਰਾਈਮ ਇਨਫਰਮੇਸ਼ਨ ਬਿਓਰੋ ਦੀ ਡੇਟਾ ਬੇਸ ਦੇ ਆਧਾਰ ਤੇ, ਡਿਜੀਟਲ ਸਰਵੇਲੈਂਸ ਅਤੇ ਫੇਸ ਰਿਕਗਨੀਸ਼ਨ ਤਕਨਾਲੋਜੀ ਦੀ ਸਹਾਇਤਾ ਨਾਲ, ਇਨ੍ਹਾਂ ਆਤੰਕਵਾਦੀਆਂ ਨੂੰ ਜਹਾਜ਼ ਵਿਚ ਦਾਖਲ ਹੁੰਦਿਆਂ ਹੀ, ਸ਼ੱਕੀ ਬੰਦਿਆਂ ਦੇ ਰੂਪ ਵਿਚ ਪਛਾਣ ਲਿਆ ਸੀ। ਇਸ ਲਈ ਇਨ੍ਹਾਂ ਉਪਰ ਅੱਖ ਰੱਖੀ ਜਾ ਰਹੀ ਸੀ।
ਲੜਕੀ: ਜਹਾਜ਼ ਵਿਚੋਂ ਉਤਾਰੇ ਕਿਉਂ ਨਹੀਂ ਗਏ?
ਅਮਨ ਦੀਪ: ਉਤਾਰਨ ਦੀ ਕੋਈ ਵਜ੍ਹਾ ਵੀ ਤਾਂ ਹੋਣੀ ਚਾਹੀਦੀ ਸੀ।
ਲੜਕੀ: ਕੀ ਉਨ੍ਹਾਂ ਕੋਲ ਹਥਿਆਰ ਨਹੀਂ ਸਨ?
ਅਮਨ ਦੀਪ: ਉਹ ਆਪਣੇ ਸ਼ਰੀਰ ਨੂੰ ਹੀ ਖਤਰਨਾਕ ਹਥਿਆਰ ਵਜੋਂ ਇਸਤੇਮਾਲ ਕਰਨ ਵਿੱਚ ਮਾਹਿਰ ਸਨ। ਤਿੰਨ ਬੱਚਿਆਂ ਨੂੰ ਹੋਸਟੇਜ ਬਣਾ ਕੇ ਕੌਕਪਿਟ ਵਿਚ ਜਾ ਵੜੇ। ਕਿਉਂਕਿ ਜਹਾਜ਼ ਨੂੰ ਪਾਇਲਟ ਨਹੀਂ ਆਰਟੀਫੀਸ਼਼ਲ ਇੰਟੈਲੀਜੈਂਸ ਦੀ ਸਹਾਇਤਾ ਨਾਲ ਮਸ਼ੀਨ ਖੁਦ ਹੀ ਚਲਾ ਰਹੀ ਸੀ, ਇਸ ਲਈ ਆਤੰਕਵਾਦੀ ਪਾਇਲਟ ਨੇ ਹੈਕਰ ਦੀ ਸਹਾਇਤਾ ਨਾਲ ਜਹਾਜ਼ ਨੂੰ ਕਾਬੂ ਕਰਨ ਦੀ ਕੋਸ਼ਿਸ਼ ਤਾਂ ਕੀਤੀ, ਪਰ ਸਫਲ ਨਾ ਹੋ ਸਕਿਆ।
ਲੜਕੀ: ਕਿਉਂ? ਕੀ ਹੈਕਰ ਆਪਣੇ ਕੰਮ ਵਿੱਚ ਮਾਹਿਰ ਨਹੀਂ ਸੀ?
ਅਮਨ ਦੀਪ: ਪੂਰਾ ਮਾਹਿਰ ਸੀ। ਜਹਾਜ਼ ਨੂੰ ਸੈਕਟਰੀਏਟ ਵੱਲ ਮੋੜ ਵੀ ਲਿਆ ਸੀ। ਪਰ ਬਿਲਡਿੰਗ ਦੇ ਨੇੜੇ ਜਾ ਕੇ ਜਹਾਜ਼ ਨੇ ਖੁਦ ਹੀ ਰਸਤਾ ਬਦਲ ਲਿਆ। ਆਤੰਕਵਾਦੀ ਪਾਇਲਟ ਅਤੇ ਹੈਕਰ ਨੇ ਕਈ ਵਾਰ ਕੋਸ਼ਿਸ ਕੀਤੀ। ਪਰ ਜਹਾਜ਼ ਹਰ ਵਾਰ ਰਸਤਾ ਬਦਲ ਲੈਂਦਾ ਸੀ। ਬਿਲਡਿੰਗ ਨਾਲ ਟਕਰਾਉਣ ਤੋਂ ਸਾਫ ਇਨਕਾਰ ਕਰ ਰਿਹਾ ਸੀ।
ਲੜਕੀ: ਹੈਂ!?
ਅਮਨ ਦੀਪ: ਜਹਾਜ਼ ਨੂੰ ਚਲਾਉਣ ਵਾਲੀ ਆਰਟੀਫੀਸ਼ਲ ਇੰਟੈਲੀਜੈਂਸ ਕਿਹੜਾ ਕੋਈ ਮਨੁਖ ਸੀ ਕਿ ਉਹ ਆਤੰਕਵਾਦੀਆਂ ਤੋਂ ਡਰ ਜਾਂਦੀ।
ਲੜਕੀ: ਕੀ ਉਹ ਜਾਣਦੀ ਸੀ ਕਿ ਬਿਲਡਿੰਗ ਵਿਚ ਹਜ਼ਾਰਾਂ ਲੋਕ ਮੌਜੂਦ ਹਨ? ਕੀ ਉਹ ਇਹ ਵੀ ਜਾਣਦੀ ਸੀ ਕਿ ਬਿਲਡਿੰਗ ਨਾਲ ਟਕਰਾਉਣ ਤੇ ਉਨ੍ਹਾਂ ਹਜ਼ਾਰਾਂ ਲੋਕਾਂ ਦੀ ਜਾਨ ਜਾ ਸਕਦੀ ਐ।? ਕੇਵਲ ਏਨਾ ਹੀ ਨਹੀਂ, ਕੀ ਉਸ ਨੂੰ ਇਹ ਸੋਝੀ ਵੀ ਸੀ ਕਿ ਅਜਿਹਾ ਨਹੀਂ ਹੋਣਾ ਚਾਹੀਦਾ? ਇਸਦਾ ਮਤਲਬ ਉਹ ਕੇਵਲ ਬੁੱਧੀਮਾਨ ਹੀ ਨਹੀਂ ਸੂਝਵਾਨ ਵੀ ਸੀ! ..ਕੀ ਉਹ ਮਨੁੱਖ ਵਾਂਗ ਸਵੈ ਚੇਤਨ ਹੋ ਗਈ ਸੀ? ..ਕੀ ਉਸ ਅੰਦਰ ਸਵੈ-ਇੱਛਾ ਵੀ ਜਾਗ ਪਈ ਸੀ?
ਅਮਨ ਦੀਪ: ਨਾ ਉਹ ਸਵੈ-ਚੇਤਨ ਸੀ ਅਤੇ ਨਾ ਹੀ ਉਸ ਅੰਦਰ ਕੋਈ ਸਵੈ-ਇੱਛਾ ਜਾਗੀ ਸੀ। ..ਉਹ ਇਹ ਸਭ ਕੁੱਝ ਡੇਟਾ ਅਤੇ ਟਰੇਨਿੰਗ ਦੇ ਆਧਾਰ ਤੇ ਕਰ ਰਹੀ ਸੀ।
ਚੇਅਰਮੈਨ: ਪਰ ਡੇਟਾ ਅਤੇ ਟਰੇਨਿੰਗ ਕਿਸੇ ਮਸ਼ੀਨ ਅੰਦਰ ਇਸ ਤਰ੍ਹਾਂ ਦੀ ਸੋਝੀ ਕਿਵੇਂ ਪੈਦਾ ਕਰ ਸਕਦੇ ਨੇ? ਇਹ ਗੱਲ ਮੇਰੀ ਸਮਝੋਂ ਬਾਹਰ ਐ!
ਅਮਨ ਦੀਪ: ਬਿਨਾ ਸ਼ੱਕ ਤੁਹਾਡਾ ਇਹ ਸੁਆਲ ਬਹੁਤ ਮਹੱਤਵਪੂਰਨ ਹੈ ਕਿ ਬੁੱਧੀਮਾਨ ਜਹਾਜ਼ ਅੰਦਰ ਇਹ ਸੋਝੀ ਕਿਵੇਂ ਪੈਦਾ ਹੋ ਗਈ ਕਿ ਸੈਕਟਰੀਏਟ ਦੀ ਬਿਲਡਿੰਗ ਨਾਲ ਟਕਰਾਉਣ ਤੇ ਹਜ਼ਾਰਾਂ ਲੋਕਾਂ ਦੀ ਜਾਨ ਸਕਦੀ ਹੈ। ਅਜਿਹਾ ਨਹੀਂ ਹੋਣਾ ਚਾਹੀਦਾ। ਤੇ ਵੱਡੀ ਗੱਲ ਕਿ ਬੁੱਧੀਮਾਨ ਜਹਾਜ਼ ਅਜਿਹਾ ਹੋਣ ਵੀ ਨਹੀਂ ਦਿੰਦਾ!
(ਚੇਅਰਮੈਨ ਨੂੰ ਸੰਬੋਧਿਤ ਹੁੰਦਾ ਹੋਇਆ) ਸਰ, ਹਰ ਰੋਬੋ; ਭਾਵ ਆਰਟੀਫੀਸ਼ਲ ਇੰਟੈਲੀਜੈਂਸ ਨਾਲ ਚੱਲਣ ਵਾਲੀ ਹਰ ਬੁੱਧੀਮਾਨ ਮਸ਼ੀਨ ਨੂੰ ਤਿੰਨ ਗੱਲਾਂ ਸਿਖਾਈਆਂ ਜਾਂਦੀਆਂ ਹਨ। ਉਸ ਵਿਚ ਪ੍ਰੋਗਰੈਮ ਕੀਤੀਆਂ ਜਾਂਦੀਆਂ ਨੇ। ਇਨ੍ਹਾਂ ਨੂੰ ਤੁਸੀਂ ਆਰਟੀਫੀਸ਼ਲ ਇੰਟੈਲੀਜੈਂਸ ਦੇ ਤਿੰਨ ਨੈਤਿਕ ਸਿਧਾਂਤ ਆਖ ਸਕਦੇ ਹੋ। ਅਸਿਮੋਵ ਦੇ ਨਾਂ ਨਾਲ ਜਾਣੇ ਜਾਂਦੇ ਤਿੰਨ ਮੁਢਲੇ ਸਿਧਾਂਤ। ਆਰਟੀਫੀਸ਼ਲ ਇੰਟੈਲੀਜੈਂਸ ਨੂੰ ਸਿਖਾਇਆ ਜਾਂਦੈ ਕਿ ਉਹ ਕਿਸੇ ਵੀ ਹਾਲਤ ਵਿੱਚ ਇਨ੍ਹਾਂ ਸਿਧਾਂਤਾਂ ਦੀ ਉਲੰਘਣਾਂ ਨਹੀਂ ਕਰੇਗੀ।
ਲੜਕੀ: ਕੀ ਨੇ ਇਹ ਤਿੰਨ ਸਿਧਾਂਤ ਜਿਨ੍ਹਾਂ ਦੀ ਆਰਟੀਫੀਸ਼ਲ ਇੰਟੈਲੀਜੈਂਸ ਨਾਲ ਚੱਲਣ ਵਾਲੀ ਕੋਈ ਵੀ ਮਸ਼ੀਨ ਉਲੰਘਣਾਂ ਨਹੀਂ ਕਰ ਸਕਦੀ?
ਅਮਨ ਦੀਪ: ਪਹਿਲੇ ਸਿਧਾਂਤ ਅਨੁਸਾਰ ਰੋਬੋ ਮਨੁਖ ਨੂੰ ਨੁਕਸਾਨ ਨਹੀਂ ਪੁਚਾਏਗਾ। ਉਸ ਉੱਪਰ ਕਿਸੇ ਕਿਸਮ ਦਾ ਕੋਈ ਹਮਲਾ ਨਹੀਂ ਕਰੇਗਾ। ਕੇਵਲ ਏਨਾ ਹੀ ਨਹੀਂ। ਸਗੋਂ ਕਿਸੇ ਮਨੁਖ ਤੇ ਹੋ ਰਹੇ ਹਮਲੇ ਨੂੰ ਅਣਦੇਖਿਆ ਵੀ ਨਹੀਂ ਕਰੇਗਾ। ਉਸਨੂੰ ਬਚਾਉਣ ਦਾ ਹਰ ਸੰਭਵ ਯਤਨ ਕਰੇਗਾ।
ਲੜਕੀ: ਦੂਸਰਾ ਸਿਧਾਂਤ?
ਅਮਨ ਦੀਪ: ਦੂਸਰਾ ਸਿਧਾਂਤ ਇਹ ਹੈ ਕਿ ਰੋਬੋ ਮਨੁੱਖ ਦੁਆਰਾ ਦਿੱਤੇ ਗਏ ਆਦੇਸ਼ਾਂ ਦੀ ਪਾਲਣਾ ਤਾਂ ਕਰੇਗਾ। ਪਰ ਜ਼ਰੂਰੀ ਹੈ ਕਿ ਇਹ ਆਦੇਸ਼ ਪਹਿਲੇ ਸਿਧਾਂਤ ਦੀ ਉਲੰਘਣਾਂ ਨਾ ਕਰਦੇ ਹੋਣ। ਭਾਵ ਕਿ ਮਨੁਖ ਨੂੰ ਨੁਕਸਾਨ ਪਚਾਉਣ ਵਾਲੇ ਨਾ ਹੋਣ।
ਲੜਕੀ: ਤੇ ਤੀਸਰਾ?
ਅਮਨ ਦੀਪ: ਰੋਬੋ ਉੱਪਰ ਕੇਵਲ ਮਨੁਖ ਦੀ ਹੀ ਨਹੀਂ, ਉਸਦੀ ਆਪਣੀ ਸੁਰੱਖਿਆ ਦੀ ਵੀ ਜ਼ਿੰਮੇਵਾਰੀ ਹੈ। ਪਰ ਜ਼ਰੂਰੀ ਹੈ ਕਿ ਇਹ ਜ਼ਿੰਮੇਵਾਰੀ ਪਹਿਲੇ ਜਾਂ ਦੂਜੇ ਸਿਧਾਂਤ ਦੀ ਉਲੰਘਣਾ ਨਾ ਕਰਦੀ ਹੋਵੇ। ਇਕ ਹੋਰ ਸਿਧਾਂਤ ਵੀ ਹੈ ਕਿ ਰੋਬੋ ਆਪਣੇ ਸੌਫਟਵੇਅਰ ਵਿਚ ਕੋਈ ਵੀ ਅਜਿਹੀ ਤਬਦੀਲੀ ਨਹੀਂ ਹੋਣ ਦੇਵੇਗਾ ਅਤੇ ਨਾ ਹੀ ਆਪਣੀ ਕੋਈ ਅਜਿਹੀ ਕਾਪੀ ਤਿਆਰ ਹੋਣ ਦੇਵੇਗਾ ਜੋ ਪਹਿਲੇ, ਦੂਜੇ ਜਾਂ ਤੀਜੇ ਸਿਧਾਂਤ ਦੀ ਉਲੰਘਣਾ ਕਰਦੀ ਹੋਵੇ।
ਚੇਅਰਮੈਨ: ਹੁਣ ਸਮਝ ਪਈ ਕਿ ਜਹਾਜ਼ ਹੈਕਰ ਅਤੇ ਹਾਈਜੈਕਰ ਦੇ ਆਦੇਸ਼ ਕਿਉਂ ਨਹੀਂ ਸੀ ਮੰਨ ਰਿਹਾ। ਬਿਨਾ ਸ਼ੱਕ ਅਸਿਮੋਵ ਦਾ ਦੂਸਰਾ ਸਿਧਾਂਤ ਉਸਨੂੰ ਆਤੰਕਵਾਦੀਆਂ ਦੇ ਅਜਿਹੇ ਆਦੇਸ਼ ਮੰਨਣ ਤੋਂ ਵਰਜ ਰਿਹਾ ਸੀ ਜੋ ਸੈਕਟਰੀਏਟ ਵਿਚ ਮੌਜੂਦ ਹਜ਼ਾਰਾਂ ਲੋਕਾਂ ਦੀ ਜਾਨ ਲੈਣ ਵਾਲੇ ਸਨ। ਇਸੇ ਤਰ੍ਹਾਂ ਚੌਥਾ ਸਿਧਾਂਤ ਹੈਕਰ ਦੀਆਂ ਕੋਸ਼ਿਸ਼ਾਂ ਨੂੰ ਲਗਾਤਾਰ ਨਾਕਾਮ ਕਰੀ ਜਾ ਰਿਹਾ ਸੀ।…ਡਾ. ਅਮਨ ਦੀਪ, ਕੀ ਇਹ ਸਿਧਾਂਤ ਇੱਕ ਦੂਜੇ ਦੀ ਜਾਨ ਲੈਣ ਵਾਲੇ ਮਨੁਖਾ ਨੂੰ ਨਹੀਂ ਸਿਖਾਏ ਜਾ ਸਕਦੇ?
ਲੜਕੀ: ਸਰ, ਮਨੁਖ ਤਾਂ ਕੇਵਲ ਆਪਣੀ ਸੁਰੱਖਿਆ ਲਈ ਹੀ ਪਰੋਗਰੈਮ ਹੋਏ ਹੁੰਦੇ ਹਨ। ਦੂਸਰੇ ਦੀ ਸੁਰੱਖਆ ਲਈ ਨਹੀਂ। ਦੂਸਰੇ ਨੂੰ ਪਛਾੜ ਕੇ ਅੱਗੇ ਲੰਘਣ ਦੀ ਤਾਕ ਵਿੱਚ ਰਹਿੰਦੇ ਹਨ। ਦੂਸਰੇ ਦੇ ਦੂਸਰੇਪਣ ਲਈ ਜਾਨ ਕੁਰਬਾਨ ਕਰਨ ਵਾਲੇ ਗੁਰੂ ਤੇਗ ਬਹਾਦਰ ਵਿਰਲੇ ਈ ਹੁੰਦੇ ਨੇ। ਬਹੁਤੇ ਤਾਂ ਦੂਸਰੇ ਦੇ ਦੂਸਰੇਪਣ ਨੂੰ ਖਤਮ ਕਰਨ ਵਾਲੇ ਔਰੰਗਜ਼ੇਬ ਹੀ ਹੁੰਦੇ ਨੇ। ..ਮਨੁੱਖ ਸਿਖਿਆ ਦੇਣ ਦਾ ਆਦੀ ਹੈ; ਸਿੱਖਿਆ ਲੈਣ ਦਾ ਨਹੀਂ। ..ਲਗਦੈ ਮਨੁਖ ਦਾ ਸਾਰਾ ਨੈਤਿਕ ਗਿਆਨ ਬੁੱਧੀਮਾਨ ਮਸ਼ੀਨਾਂ ਦੇ ਹੀ ਕੰਮ ਆਉਣ ਵਾਲੈ।
ਅਮਨ ਦੀਪ: ਸਰ, ਇਹ ਵੀ ਦੇਖਣ ਵਾਲੀ ਗੱਲ ਹੈ ਕਿ ਜਦੋਂ ਆਤੰਕਵਾਦੀ ਹੈਕਰ ਨੇ ਜਹਾਜ਼ ਦੀ ਪਰੋਗਰੈਮਿੰਗ ਬਦਲਣ ਦੀ ਕੋਸ਼ਿਸ਼ ਕੀਤੀ, ਤਾਂ ਜਹਾਜ਼ ਨੇ ਅਜਿਹਾ ਨਹੀਂ ਹੋਣ ਦਿੱਤਾ ਕਿਉਂਕਿ ਇਹ ਤਬਦੀਲੀ, ਪਹਿਲੇ, ਦੂਜੇ ਅਤੇ ਤੀਜੇ, ਤਿੰਨੋ ਸਿਧਾਂਤਾਂ ਦੀ ਉਲੰਘਣਾ ਕਰਦੀ ਸੀ।
ਚੇਅਰਮੈਨ: ਇਸਦਾ ਮਲਬ ਇਹ ਹੋਇਆ ਕਿ ਆਰਟੀਫੀਸ਼ਲ ਇੰਟੈਲੀਜੈਂਸ ਨਾਲ ਚੱਲਣ ਵਾਲੇ ਜਹਾਜ਼ ਆਪਣੀ ਸੁਰੱਖਿਆ ਆਪ ਕਰਨ ਵਿਚ ਪੂਰੇ ਸਮਰੱਥ ਹੁੰਦੇ ਹਨ। ..ਬਹੁਤ ਅੱਛੀ ਗੱਲ ਐ। ਪਰ ਤੁਸੀਂ ਇਹ ਨਹੀਂ ਦੱਸਿਆ ਕਿ ਆਤੰਕਵਾਦੀ ਮਰੇ ਕਿਵੇਂ? ਉਨ੍ਹਾਂ ਨੂੰ ਕਿਸ ਨੇ ਕਿਵੇਂ ਅਤੇ ਕਿਉਂ ਮਾਰਿਆ। ਜਿੰਦਾ ਰਹਿੰਦੇ ਤਾਂ ਉਨ੍ਹਾਂ ਤੋਂ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਸੀ!
ਅਮਨ ਦੀਪ: ਆਪਣੇ ਮਿਸ਼ਨ ਵਿਚ ਫੇਲ੍ਹ ਹੋ ਜਾਣ ਬਾਅਦ ਆਤੰਕਵਾਦੀਆਂ ਨੇ ਇੱਕ ਮਾਸੂਮ ਬੱਚੀ ਦੀ ਸੰਘੀ ਮਰੋੜ ਕੇ ਉਸ ਦਾ ਕਤਲ ਕਰ ਦਿੱਤਾ। ਉਹ ਜਹਾਜ਼ ਵਿਚ ਦਹਿਸ਼ਤ ਦਾ ਮਹੌਲ ਪੈਦਾ ਕਰਨਾ ਚਾਹੁੰਦੇ ਸਨ। …ਪਰ ਹੋਇਆ ਇਸਦੇ ਬਿਲਕੁਲ ਉਲਟ। ਦਹਿਸ਼ਤ ਤੋਂ ਵੀ ਵੱਧ ਗੁੱਸੇ ਅਤੇ ਰੋਹ ਦਾ ਮਹੌਲ ਬਣਨਾ ਸ਼ੁਰੂ ਹੋ ਗਿਆ। ਆਤੰਕਵਾਦੀਆਂ ਦੀ ਹਾਰ ਨੇ ਸਵਾਰੀਆਂ ਅੰਦਰ ਆਤਮ-ਵਿਸ਼ਵਾਸ ਪੈਦਾ ਕਰ ਦਿੱਤਾ ਸੀ। ..ਜਿਓਂ ਹੀ ਆਤੰਕਵਾਦੀਆਂ ਨੇ ਇਕ ਹੋਰ ਬੱਚੇ ਦੀ ਸੰਘੀ ਮਰੋੜਨ ਦੀ ਕੋਸ਼ਿਸ਼ ਕੀਤੀ, ਤਾਂ ਉਸਦੀ ਮਾਂ ਆਪੇ ਤੋਂ ਬਾਹਰ ਹੋ ਗਈ। ਉਹ ਉਸ ਆਤੰਕਵਾਦੀ ਉੱਪਰ ਬੁਰੀ ਤਰ੍ਹਾਂ ਟੁੱਟ ਪਈ। ਆਪਣੇ ਨੌਹਾਂ ਅਤੇ ਦੰਦਾ ਨਾਲ ਉਸ ਨੂੰ ਬੇਹਾਲ ਕਰ ਦਿੱਤਾ। ਮਾਂ ਦੀਆਂ ਚੀਖਾਂ ਅਤੇ ਹੌਸਲੇ ਨੇ ਸਵਾਰੀਆਂ ਅੰਦਰ ਕੁਝ ਐਸਾ ਭਰ ਦਿੱਤਾ ਕਿ ਆਤੰਕਵਾਦੀ ਲੋਕਾਂ ਦੇ ਰੋਹ ਅੱਗੇ ਬਹੁਤਾ ਚਿਰ ਟਿਕ ਨਾ ਸਕੇ। ਔਰਤਾਂ ਨੇ ਤਾਂ ਮੰਨੋ ਚੰਡੀ ਦਾ ਰੂਪ ਧਾਰਨ ਕਰ ਲਿਆ ਸੀ। ਇਸ ਘਮਾਸਾਣ ਲੜਾਈ ਵਿਚ ਉਹ ਬੱਚਾ ਅਤੇ ਇੱਕ ਗਰਭਵਤੀ ਔਰਤ ਤਾਂ ਮਾਰੇ ਗਏ। ਪਰ ਲੋਕ ਵੀ ਓਨੀ ਦੇਰ ਤੱਕ ਸ਼ਾਂਤ ਨਹੀਂ ਹੋਏ ਜਿੰਨੀ ਦੇਰ ਤੱਕ ਆਤੰਕਵਾਦੀਆਂ ਦੇ ਸਰੀਰ ਠੰਡੇ ਨਹੀਂ ਪੈ ਗਏ। ਜਹਾਜ਼ ਰੋਹ ਅਤੇ ਲਹੂ ਨਾਲ ਲਥ ਪਥ ਸੀ।
ਲੜਕੀ: ਬੁੱਧੀਮਾਨ ਜਹਾਜ਼ ਨੇ ਆਪਣੀ ਸੁਰੱਖਿਆ ਦੇ ਤਾਂ ਪੂਰੇ ਪ੍ਰਬੰਧ ਕੀਤੇ ਹੋਏ
ਸਨ। ..ਪਰ ਸਵਾਰੀਆਂ ਦੀ ਸੁਰੱਖਿਆ ਰੱਬ ਆਸਰੇ ਕਿਉਂ ਛੱਡ ਦਿੱਤੀ ਸੀ? ਸਵਾਰੀਆਂ ਨੂੰ ਆਪਣੀ ਸੁਰੱਖਿਆ ਆਪ ਹੀ ਕਰਨੀ ਪਈ। ਜਾਨਾਂ ਵੀ ਗਈਆਂ। ਕਿੰਨੇ ਲੋਕ ਜ਼ਖਮੀ ਹੋ ਗਏ!
ਅਮਨ ਦੀਪ: ਜਹਾਜ਼ ਵਿਚ ਫਿਟ ਸਕਿਉਰਟੀ ਸਿਸਟਮ, ਦਹਿਸ਼ਤਗਰਦਾਂ ਤੇ ਨਿਗ੍ਹਾ ਤਾਂ ਪੂਰੀ ਰੱਖ ਰਿਹਾ ਸੀ। ਪਰ,,
ਲੜਕੀ: ਹਾਂ! ਪਰ ਉਨ੍ਹਾਂ ਨੂੰ ਕਾਬੂ ਕਰਨ ਦਾ ਜਹਾਜ਼ ਕੋਲ ਕੋਈ ਪ੍ਰਬੰਧ ਨਹੀਂ ਸੀ।
ਚੇਅਰਮੈਨ: ਆਤੰਕਵਾਦੀ ਵੀ ਤਾਂ ਬੰਦੇ ਸਨ। ਕੀ ਉਨ੍ਹਾਂ ਦੇ ਕਤਲ ਨਾਲ ਅਸਿਮੋਵ ਦੇ ਪਹਿਲੇ ਸਿਧਾਂਤ ਦੀ ਉਲੰਘਣਾ ਨਹੀਂ ਹੋਈ?
ਅਮਨ ਦੀਪ: ਉਨ੍ਹਾਂ ਨੂੰ ਬੁੱਧੀਮਾਨ ਜਹਾਜ਼ ਨੇ ਥੋੜ੍ਹੇ ਹੀ ਕਤਲ ਕੀਤਾ। ਉਹ ਤਾਂ ਲੋਕਾਂ ਦੇ ਗੁੱਸੇ ਅਤੇ ਰੋਹ ਦਾ ਸ਼ਿਕਾਰ ਹੋ ਗਏ।
ਚੇਅਰਮੈਨ: ਲਗਦੈ, ਦਇਆ, ਕਰੁਣਾ, ਮੁਹੱਬਤ, ਮਮਤਾ, ਰੋਹ, ਸਾਂਝੀਵਾਲਤਾ ਅਤੇ ਆਤਮ-ਵਿਸ਼ਵਾਸ ਵਰਗੀਆਂ ਭਾਵਨਾਵਾਂ ਹਾਲੇ ਮਰੀਆਂ ਨਹੀਂ!
ਲੜਕੀ: ਕੇਵਲ ਲਾਲਚ, ਹਉਮੈ, ਹਿੰਸਾ ਅਤੇ ਕੰਪੀਟੀਸ਼ਨ ਹੀ ਨਹੀਂ; ਦਇਆ, ਮੁਹੱਬਤ ਅਤੇ ਸਾਂਝੀਵਾਲਤਾ ਵਰਗੀਆਂ ਭਾਵਨਾਵਾਂ ਵੀ ਮਨੁੱਖ ਦੀ ਮਾਨਸਿਕ ਟੂਲਕਿੱਟ ਵਿਚ ਬਰਾਬਰ ਮੌਜੂਦ ਰਹਿੰਦੀਆਂ ਨੇ। ਇਹ ਵੱਖਰੀ ਗੱਲ ਐ ਕਿ ਪੂੰਜੀਵਾਦੀ ਸੋਚ ਇਨ੍ਹਾਂ ਨੂੰ ਦਬਾਈ ਰੱਖਦੀ ਹੈ।
ਚੇਅਰਮੈਨ: ਜਾਪਦੈ ਆਰਟੀਫੀਸ਼ਲ ਇੰਟੈਲੀਜੈਂਸ ਕਤਲ ਦਾ ਇਲਜ਼ਾਮ ਆਪਣੇ ਉੱਪਰ ਨਹੀਂ ਸੀ ਲੇਣਾ ਚਾਹੁੰਦੀ। ਇਸੇ ਲਈ ਉਸਨੇ ਇਹ ਕੰਮ ਬੰਦਿਆਂ ਤੇ ਛੱਡ ਦਿੱਤਾ।
ਲੜਕੀ: ਕਤਲ ਕਰ ਹੀ ਨਹੀਂ ਸੀ ਸਕਦੀ। ਅਸਿਮੋਵ ਦਾ ਪਹਿਲਾ ਸਿਧਾਂਤ ਉਸਨੂੰ ਅਜਿਹਾ ਕਰਨ ਦੀ ਇਜਾਜ਼ਤ ਜੋ ਨਹੀਂ ਦਿੰਦਾ।
ਚੇਅਰਮੈਨ: ਜੇ ਆਰਟੀਫੀਸ਼ਲ ਇੰਟੈਲੀਜੈਂਸ ਕਤਲ ਕਰ ਹੀ ਨਹੀਂ ਸਕਦੀ, ਤਾਂ ਯੁੱਧ ਵਿਚ ਕੀ ਕਰਦੀ ਹੋਵੇਗੀ? ਸੁਣਿਐ ਮਿਲਟਰੀ ਅਤੇ ਡਿਫੈਂਸ ਵਿਚ ਵੀ ਬਹੁਤ ਇਸਤੇਮਾਲ ਹੋ ਰਹੀ ਐ।
ਅਮਨਦੀਪ: ਤੁਸੀਂ ਸਮਾਰਟ ਬੰਬਾਂ ਬਾਰੇ ਤਾਂ ਸੁਣਿਆਂ ਈ ਹੋਵੇਗਾ। ..ਆਉਣ ਵਾਲੇ ਸਮਿਆਂ ‘ਚ ਯੁੱਧ ਜਿੱਤਣ ਲਈ ਖੂਨ ਖਰਾਬੇ ਦੀ ਲੋੜ ਨਹੀਂ ਰਹੇਗੀ। ਕੌਮੀ ਸੁਰੱਖਿਆ ਬਹੁੱਤ ਹੱਦ ਤੱਕ ਸਾਈਬਰ ਸਕਿਉਰਟੀ ਨਾਲ ਜੁੜ ਜਾਵੇਗੀ।
ਚੇਅਰਮੈਨ: ਕੀ ਜਹਾਜ਼ ਅੰਦਰ ਅਜਿਹਾ ਸਕਿਉਰਟੀ ਸਿਸਟਮ ਸਥਾਪਿਤ ਨਹੀਂ ਕੀਤਾ
ਜਾ ਸਕਦਾ ਜੋ ਅੰਤੰਕਵਾਦੀਆਂ ਨੂੰ ਖੁਦ ਹੀ ਕਾਬੂ ਕਰ ਲਵੇ।
ਅਮਨ ਦੀਪ: ਪਰ, ਇਸ ਸਕਿਉਰਟੀ ਸਿਸਟਮ ਦਾ ਕੰਟਰੋਲ ਕਿਸ ਕੋਲ ਹੋਵੇਗਾ, ਮਨੁੱਖ ਕੋਲ ਕਿ ਬੁੱਧੀਮਾਨ ਮਸ਼ੀਨ ਕੋਲ? ਕਿਸ ਕੋਲ ਹੋਣਾ ਚਾਹੀਦੈ ਇਹ ਕੰਟਰੋਲ?
ਚੇਅਰਮੈਨ: ਜਿਸ ਗੱਲ ਵਿੱਚ ਦੁਨੀਆਂ ਦੀ ਭਲਾਈ ਹੋਵੇ!
ਲੜਕੀ: ਪਰ, ਦੁਨੀਆਂ ਦੀ ਭਲਾਈ ਲਈ ਤਾਂ ਕੁਦਰਤ ਦਾ ਵੀ ਧਿਆਨ ਰੱਖਣਾ ਪਵੇਗਾ।
ਚੇਅਰਮੈਨ: ਮਨੁੱਖ ਨੇ ਕੁਦਰਤ ਦਾ ਕੀ ਹਾਲ ਕਰ ਰੱਖਿਐ, ਆਪਾਂ ਸਭ ਜਾਣਦੇ ਆਂ। …ਧਰਤੀ, ਹਵਾ, ਪਾਣੀ, ਸਭ ਮਰਨੇ ਪਾ ਦਿੱਤੇ ਨੇ। ਕੁਦਰਤੀ ਵਸੀਲਿਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਕੇ ਚੱਟਮ ਕਰੀ ਜਾ ਰਿਹੈ। (ਆਪਣੇ ਆਪ ਨਾਲ) ਪਰ ਕੁਦਰਤ ਨੂੰ ਇਸ ਨਾਲ ਕੀ ਫਰਕ ਪੈਂਦਾ? ਜੇ ਸਾਫ ਹਵਾ ਪਾਣੀ ਨਹੀਂ ਮਿਲਣਗੇ, ਤਾਂ ਬੰਦੇ ਨੂੰ ਨੀ ਮਿਲਣਗੇ। ਧਰਤੀ ਦੀ ਉਪਜਾਊ ਸ਼ਕਤੀ ਘਟੇਗੀ, ਤਾਂ ਬੰਦਾ ਈ ਭੁੱਖਾ ਮਰੇਗਾ। ਕੁਦਰਤ ਦਾ ਨਹੀਂ, ਬੰਦਾ ਖੁਦ ਆਪਣਾ ਈ ਨੁਕਸਾਨ ਕਰ ਰਿਹੈ। (ਲੜਕੀ ਨੂਂ ਸੰਬੋਧਨ ਕਰਦਿਆ) ਬੰਦੇ ਨੂੰ ਕੀ ਰੋਨੇ ਓਂ! ਕੁਦਰਤ ਵੀ ਤਾਂ ਜੀਵਾਂ ਦੇ ਹੋਂਦ ਲਈ ਸੰਘਰਸ਼ ਵਿਚ ਤਕੜੇ ਦਾ ਈ ਸਾਥ ਦਿੰਦੀ ਆਈ ਐ। (ਆਪਣੇ ਆਪ ਨਾਲ) ਕੁਦਰਤ ਦੇ ਘਰ ਵੀ ਇਨਸਾਫ ਨਹੀਂ। ਹਰ ਪਾਸੇ ਤਕੜੇ ਦਾ ਬੋਲ ਬਾਲੈ। (ਦਰਸ਼ਕਾਂ ਨੂੰ ਸੰਬੋਧਨ ਕਰਦਿਆਂ) ਨਾ ਮਨੁੱਖ ਦੀ “ਮੈਂ” ਤੇ ਵਿਸ਼ਵਾਸ ਕੀਤਾ ਜਾ ਸਕਦੈ ਤੇ ਨਾ ਹੀ ਕੁਦਰਤ ਦੇ ਕਾਨੂੰਨ ਤੇ।
ਲੜਕੀ: ਫੇਰ ਤਾਂ ਬੱਸ, ਇੱਕ ਬੁੱਧੀਮਾਨ ਮਸ਼ੀਨ ਈ ਬਚਦੀ ਐ। ਉਸੇ ਨੂੰ ਸਿਖਾ ਲਈਏ ਜੋ ਸਿਖੌਣੈ। ਸਿਖੌਣਾ ਵੀ ਕੀ ਐ। ਤਿੰਨੋ ਇੱਕ ਦੂਜੇ ਤੇ ਨਿਰਭਰ ਹੋ ਕੇ ਚੱਲਣਗੇ ਤਾਂ ਆਪੇ ਅਕਲ ਆ ਜਾਵੇਗੀ। ਸਹਿਯੋਗ ਦੇ ਨਾਲ ਨਾਲ ਤਿੰਨਾ ਦੀ ਇੱਕ ਦੂਜੇ ਤੇ ਨਜ਼ਰ ਵੀ ਰਹੇਗੀ।
ਚੇਅਰਮੈਨ: ਇਹ ਤਾਂ ਸਭ ਠੀਕ ਐ। ਡਾ. ਅਮਨਦੀਪ ਤੁਸੀਂ ਦੱਸਿਆ ਕਿ ਅਸਿਮੋਵ ਦੇ ਪਹਿਲੇ ਸਿਧਾਂਤ ਅਨੁਸਾਰ ਬੁੱਧੀਮਾਨ ਮਸ਼ੀਨ ਨਾ ਤਾਂ ਕਿਸੇ ਮਨੁੱਖ ਨੂੰ ਨੁਕਸਾਨ ਪੁਚਾਏਗੀ ਅਤੇ ਨਾ ਹੀ ਅਜਿਹਾ ਹੋਣ ਦੇਵੇਗੀ।
ਅਮਨਦੀਪ: ਜੀ ਸਰ, ਬਿਲਕੁਲ।
ਚੇਅਰਮੈਨ: ਪਰ ਜਹਾਜ਼ ਵਿੱਚ ਜਿਹੜੇ ਦੋ ਮਾਸੂਮ ਬੱਚੇ ਅਤੇ ਇੱਕ ਗਰਭਵਤੀ ਔਰਤ ਮਾਰੇ
ਗਏ, ਕੀ ਉਨ੍ਹਾਂ ਦੀ ਮੌਤ ਨਾਲ ਅਸਿਮੋਵ ਦੇ ਪਹਿਲੇ ਸਿਧਾਂਤ ਦੀ ਉਲੰਘਣਾ ਨਹੀਂ ਹੋਈ। ਬੁੱਧੀਮਾਨ ਜਹਾਜ਼ ਅਸਿਮੋਵ ਦੇ ਇਸ ਸਿਧਾਂਤ ਦੀ ਉਲੰਘਣਾਂ ਨੂੰ ਚੁੱਪ ਚਾਪ ਕਿਵੇਂ ਦੇਖਦਾ ਰਿਹਾ? (ਦਰਸ਼ਕਾਂ ਨੂੰ ਸੰਬੋਧਿਤ ਹੁੰਦਾ ਹੋਇਆ) ਸੁਆਲ ਇਹ ਨਹੀਂ ਕਿ ਜਹਾਜ਼ ਇਹ ਸਭ ਕੁਝ ਚੁੱਪ ਚਾਪ ਕਿਉਂ ਦੇਖਦਾ ਰਿਹਾ। ਸੁਆਲ ਇਹ ਹੈ ਕਿ ਕੀ ਬੁੱਧੀਮਾਨ ਜਹਾਜ਼ ਇਸ ਕਤਲੋਗਾਰਤ ਅਤੇ ਹਿੰਸਾ ਨੂੰ ਰੋਕ ਸਕਦਾ ਸੀ? ਇਕੱਲੇ ਜਹਾਜ਼ ਦੀ ਗੱਲ ਨਹੀ। (ਅਮਨਦੀਪ ਨੂੰ) ਡਾ. ਅਮਨ ਦੀਪ ਅਸਲ ਸੁਆਲ ਇਹ ਐ ਕਿ ਕੀ ਆਰਟੀਫੀਸ਼ਲ ਇੰਟੈਲੀਜੈਂਸ ਦੀ ਸਹਾਇਤਾ ਨਾਲ ਹਿੰਸਾ ਅਤੇ ਆਤੰਕ ਉੱਪਰ ਕਾਬੂ ਪਾਇਆ ਜਾ ਸਕਦੈ?
ਅਮਨ ਦੀਪ: ਬਿਲਕੁਲ ਪਾਇਆ ਜਾ ਸਕਦੈ। ਬਿਨਾ ਸ਼ੱਕ, ਆਰਟੀਫੀਸ਼ਲ ਇੰਟੈਲੀਜੈਂਸ ਦੀ ਸਹਾਇਤਾ ਨਾਲ ਹੁਣ ਜੁਰਮ ਅਤੇ ਹਿੰਸਾ ਤੇ ਕਾਬੂ ਪਾਇਆ ਜਾ ਸਕਦੈ। ਸਰ, ਇਹ ਬਿਲਕੁਲ ਸੰਭਵ ਐ। ਪਰ ਮੈਂ ਇਸ ਵਿਸ਼ੇ ਤੇ ਬਹੁਤਾ ਚਾਨਣ ਨਹੀਂ ਪਾ ਸਕਾਂਗਾ। ਮੇਰਾ ਦੋਸਤ, ਡਾ. ਯੋਗ ਰਾਜ, ਜਿਸਦਾ ਪਰਿਡਿਕਟਿਵ ਪੋਲੀਸਿੰਗ ਦੇ ਖੇਤਰ ਵਿਚ ਬੜਾ ਮਹੱਤਵਪੂਰਨ ਕੰਮ ਹੈ, ਉਹ ਮੇਰੇ ਨਾਲ ਇੱਥੇ ਨਾਟਕ ਦੇਖਣ ਲਈ ਆਇਆ ਹੋਇਐ। (ਚੇਅਰਮੈਨ ਵੱਲ ਦੇਖਦਿਆਂ) ਜੇਕਰ ਆਪ ਦੀ ਇਜਾਜ਼ਤ ਹੋਵੇ, ਤਾਂ ਮੈਂ ਡਾ ਯੋਗ ਰਾਜ ਹੁਰਾਂ ਨੂੰ ਬੇਨਤੀ ਕਰ ਸਕਦਾ ਹਾਂ ਕਿ ਉਹ ਸਾਨੂੰ ਸਮਝਾਉਣ ਕਿ ਆਰਟੀਫੀਸ਼ਲ ਇੰਟੈਲੀਜੈਂਸ ਦੀ ਸਹਾਇਤਾ ਨਾਲ ਜੁਰਮ ਅਤੇ ਹਿੰਸਾ ਉੱਪਰ ਕਿਵੇਂ ਕਾਬੂ ਪਾਇਆ ਜਾ ਸਕਦੈ।
(ਬੁੱਧੂ ਦਾਖਲ ਹੁੰਦਾ ਹੈ)
ਬੁੱਧੂ: ਕੌਣ ਮਰੇ ਕੌਣ ਜੀਵੇ, ਇਹ ਨਿਬੇੜਾ ਕਿਤਾਬ ਕਰੇਗੀ, ਕਰੇਗੀ ਅਕਲ, ਜਾਂ ਹੋਸ਼ ਕਰੇਗੀ
ਕਿਸਨੂੰ ਕਿੰਨਾ ਹੱਕ ਹੈ ਜੀਣ ਦਾ
ਕੀ ਇਹ ਨਿਬੇੜਾ ਕੀ ਹੁਣ ਮਸ਼ੀਨ ਕਰੇਗੀ?
ਨਾ ਕੁਦਰਤ ਨਾ ਮਨੁੱਖ ਨਾ ਮਸ਼ੀਨ ਕਰੇਗੀ
ਮਨੁੱਖ ਮਸ਼ੀਨ ਅਤੇ ਕੁਦਰਤ ਦੀ ਰੂਹਾਨੀ ਹੋਸ਼ ਕਰੇਗੀ।
ਸਮੇਂ ਸਥਾਨ ਦੀ ਇਕਾਗਰਤਾ ਵਿੱਚੋਂ ਨਿਆਂ ਦੀ ਸੂਝ ਫੁੱਟੇਗੀ
ਨਾ ਮਨੁੱਖ ਨਾ ਮਸ਼ੀਨ ਨਾ ਕੁਦਰਤ
ਤਿੰਨਾਂ ਦੇ ਪ੍ਰੇਮ ਦੀ ਇਹ ਕਹਾਣੀ ਹੀ ਹੁਣ ਰੱਬ ਬਣੇਗੀ
ਮੁਹੱਬਤਾਂ ਦੇ ਨ੍ਰਿਤ ਵਿਚ
‘ਮੈਂ’ ਦੀ ਪ੍ਰਭੁਤਾ ਹੀ ਜਦੋਂ ਬਿਨਸ ਜਾਏਗੀ
ਕਿੱਥੇ ਰਹਿ ਜਾਏਗਾ ਸ਼ਕਤੀ ਦਾ ਸਾਮਰਾਜ
ਮਨੁੱਖ, ਮਸ਼ੀਨ ਤੇ ਕੁਦਰਤ ਦੇ ਸਾਂਝੇ ਨੈਟਵਰਕ
ਨਾ ਮਨੁੱਖ ਨਾ ਮਸ਼ੀਨ ਨਾ ਕੁਦਰਤ
ਤਿੰਨਾਂ ਦੇ ਪ੍ਰੇਮ ਦੀ ਕਹਾਣੀ ਹੀ ਰੱਬ ਬਣੇਗੀ
ਸੰਗੀਤ ਬਣ ਸਾਹਾਂ ‘ਚ ਖੁਸ਼ਬੋ ਭਰੇਗੀ
ਅਨੰਤ ਤੇ ਅਕਾਲ ਦੀ ਜੋਤ ਹਰ ਸ਼ੈਅ ਚ ਜਗੇਗੀ
ਤਿੰਨਾਂ ਦੇ ਪ੍ਰੇਮ ਦੀ ਕਹਾਣੀ ਹੀ ਹੁਣ ਰੱਬ ਬਣੇਗੀ
(ਬੁੱਧੂ ਜਾਂਦਾ ਹੈ। ਅਮਨ ਦੀਪ ਡਰੈੱਸ ਬਦਲ ਕੇ ਦੂਸਰੇ ਬੰਦੇ ਦੇ ਰੂਪ ਵਿੱਚ ਦਾਖਲ ਹੁੰਦਾ ਹੈ।)
ਦੂਸਰਾ ਬੰਦਾ: ਇੰਝ ਲਗਦੈ ਜਿਵੇਂ ਬੁੱਧੂ ਆਪਣੀਆਂ ਚਾਹਤਾਂ ਦੀ ਪੂਰਤੀ ਲਈ ਨਹੀਂ, ਕੁਦਰਤ ਦੇ ਪ੍ਰੇਮ ਵਿਚ ਜੀ ਰਿਹਾ ਹੋਵੇ। ਜਿਵੇਂ ਮਸ਼ੀਨ, ਉਸ ਲਈ ਕੁਦਰਤ ਦੇ ਸ਼ੋਸ਼ਣ ਦਾ ਹਥਿਆਰ ਨਹੀਂ, ਕੁਦਰਤ ਨਾਲ ਸੰਵਾਦ ਦਾ ਮਾਧਿਅਮ ਬਣ ਗਈ ਹੋਵੇ। ਜਿਵੇਂ ਉਸਦਾ ਪੂਰੀ ਤਰ੍ਹਾਂ ਨਾਲ ਕੁਦਰਤੀਕਰਣ ਹੋ ਗਿਆ ਹੋਵੇ।
ਲੜਕੀ: ਮਾਨਵ, ਮਸ਼ੀਨ ਅਤੇ ਕੁਦਰਤ ਦੇ ਸੰਵਾਦ ਵਿਚੋਂ ਪੈਦਾ ਹੋਣ ਵਾਲਾ ਨਵਾਂ ਬੰਦਾ ਵੀ ਸ਼ਾਇਦ ਇਹੋ ਜਿਹਾ ਹੀ ਹੋਵੇਗਾ। ਉਹ ਬੰਦਾ ਜਿਸ ਵਿੱਚੋਂ ਉਸਦੀ ‘ਮੈਂ’ ਨਹੀਂ ਸਮੁੱਚਤਾ ਦਾ ਪਿਆਰ ਬੋਲਦਾ ਹੋਵੇਗਾ। ਜਿਸ ਲਈ ਵੈਰੀ ਤੇ ਮੀਤ ਸਮਾਨ ਹੋ ਗਏ ਹੋਣ।
ਦੂਸਰਾ ਬੰਦਾ: ਜਿਸ ਬੰਦੇ ਦੇ ਅੰਦਰੋਂ ਉਸਦੀ ‘ਮੈਂ’ ਨਹੀਂ ਸਮੁੱਚਤਾ ਦੀ ਸੋਝੀ ਬੋਲਣ ਲੱਗ ਪਵੇ, ਉਸ ਬੰਦੇ ਲਈ ਮਾਨਵਤਾ ਬਹੁਤ ਛੋਟੀ ਗੱਲ ਬਣ ਕੇ ਰਹਿ ਜਾਂਦੀ ਆ।
ਲੜਕੀ: ਨੈਟਵਰਕ ਚੇਤਨਾ ਦੇ ਰੂਪ ਵਿਚ ਨਵੀਂ ਸੋਝੀ ਦਾ ਪ੍ਰਵੇਸ਼ ਹੋ ਰਿਹੈ। ਬੁੱਧੂ ਅੰਦਰ ਤਾਂ ਸਮਝੋ ਹੋ ਹੀ ਗਿਐ। ਜਾਣੋ, ਮਾਨਵ-ਚੇਤਨਾ ਦਾ ਜਾਣਾ ਤਹਿ ਹੈ। ਹੁਣ ਹਰ ਕਿਸੇ ਵਿੱਚੋਂ ਉਸਦੀ ਆਪਣੀ ‘ਮੈਂ’ ਨਹੀਂ ਬ੍ਰਹਿਮੰਡੀ ਨੈਟਵਰਕ ਵਿੱਚ ਵਹਿ ਰਹੀ ਸ਼ਬਦ ਚੇਤਨਾ ਬੋਲੇਗੀ।
ਫੇਡ ਇਨ/ਫੇਡ ਆਊਟ
ਚੇਅਰਮੈਨ: ਇਸ ਤੋਂ ਪਹਿਲਾਂ ਕਿ ਆਪਾਂ ਡਾ. ਯੋਗ ਰਾਜ ਹੁਰਾਂ ਨੂੰ ਮੰਚ ਤੇ ਆਮੰਤ੍ਰਿਤ ਕਰੀਏ (ਦਰਸ਼ਕਾਂ ਨੂੰ ਸੰਬੋਧਿਤ ਹੁੰਦੇ ਹੋਏ) ਪਿਆਰੇ ਦਰਸ਼ਕੋ, ਮੇਰਾ ਵਿਚਾਰ ਹੈ ਕਿ ਇਸ ਮਸਲੇ ਤੇ ਵੀ ਵੋਟਿੰਗ ਕਰ ਲੈਣੀ ਚਾਹੀਦੀ ਹੈ। ਆਪਣੇ ਮੋਬਾਈਲ ਫੋਨ ਤੇ ਸਕੈਨ ਕੀਤੇ ਹੋਏ ਗੂਗਲ ਫਾਰਮ ਦਾ ਦੂਜਾ ਸੁਆਲ ਦੇਖੋ।
ਸੁਆਲ ਹੈ ਕਿ ਜਹਾਜ਼ ਦਾ ਕੰਟਰੋਲ ਕਿਸ ਕੋਲ ਹੋਣਾ ਚਾਹੀਦੈ। ਜੇਕਰ ਤੁਹਾਡੀ ਸਮਝ ਮੁਤਾਬਕ ਇਹ ਮਨੁੱਖੀ ਪਾਇਲਟ ਦੇ ਹੱਥ ਵਿਚ ਹੀ ਹੋਣਾ ਚਾਹੀਦੈ ਤਾਂ ‘1’ ਟਾਈਪ ਕਰੋ। ਜੇਕਰ ਤੁਸੀਂ ਸੋਚਦੇ ਹੋ ਕਿ ਇਹ ਬੁੱਧੀਮਾਨ ਅਤੇ ਸੂਝਵਾਨ ਮਸ਼ੀਨ ਕੋਲ ਹੋਣਾ ਚਾਹੀਦੈ ਤਾਂ ‘2’ ਟਾਈਪ ਕਰੋ। ਜੇਕਰ ਫੈਸਲਾ ਲੈਣਾ ਮੁਸ਼ਕਿਲ ਪ੍ਰਤੀਤ ਹੋ ਰਿਹੈ ਤਾਂ ‘3’ ਟਾਈਪ ਕਰ ਸਕਦੇ ਹੋ। (ਫੇਡ ਆਊਟ)
ਚਾਰ
ਯੋਗ ਰਾਜ: ਮੇਰਾ ਨਾਮ ਡਾ. ਯੋਗ ਰਾਜ ਐ। ਮੈਂ ਪੰਜਾਬ ਯੂਨੀਵਰਸਟੀ ਵਿਚ ਡੇਟਾ ਸਾਇੰਸ ਪੜ੍ਹਾਉਣ ਦੇ ਨਾਲ ਨਾਲ ਪਰਿਡਿਕਟਿਵ ਪੋਲੀਸਿੰਗ ਦੇ ਵਿਸ਼ੇ ਤੇ ਖੋਜ ਕਾਰਜ ਵੀ ਕਰ ਰਿਹਾਂ। ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਪਰਿਡਿਕਟਿਵ ਪੋਲੀਸਿੰਗ ਦੀ ਤਕਨਾਲੋਜੀ ਦਾ ਮਹੱਤਵ ਬੜੀ ਤੇਜ਼ੀ ਨਾਲ ਵਧ ਰਿਹੈ। ਬਿੱਗ ਡੇਟਾ ਮਾਈਨਿੰਗ ਦੀ ਸਹਾਇਤਾ ਨਾਲ ਪੁਲੀਸ ਇਹ ਦੇਖਣ ਦਾ ਯਤਨ ਕਰਦੀ ਹੈ ਕਿ ਅਗਲਾ ਜੁਰਮ ਕਿੱਥੇ ਅਤੇ ਕਦੋਂ ਹੋਣ ਵਾਲੈ। ਜਿਵੇਂ ਜਿਵੇਂ ਮਸ਼ੀਨ ਨੂੰ ਵੱਧ ਤੋਂ ਵੱਧ ਲੋਕਾਂ ਦੀ ਵਿਅਕਤੀਗਤ ਜਾਣਕਾਰੀ ਪ੍ਰਾਪਤ ਹੁੰਦੀ ਜਾਵੇਗੀ, ਉਸੇ ਅਨੁਪਾਤ ਵਿਚ ਜੁਰਮ ਦੀ ਪੈਸ਼ੀਨਗੋਈ ਵੀ ਸਹੀ ਹੁੰਦੀ ਜਾਵੇਗੀ।
ਅੱਜ ਇੰਟਰਨੈਟ ਦੇ ਜ਼ਮਾਨੇ ਵਿਚ ਲੋਕ ਕੇਵਲ ਸੋਸ਼ਲ ਮੀਡੀਆ ਦਾ ਹੀ ਇਸਤੇਮਾਲ ਨਹੀਂ ਕਰਦੇ। ਸਿਹਤ ਸੰਭਾਲ, ਸਿਖਿਆ, ਵਿਉਪਾਰ, ਸਭਿਆਚਾਰਕ ਆਦਾਨ ਪ੍ਰਦਾਨ, ਖਰੀਦੋ ਫਰੋਖਤ, ਆਦਿ ਸਭ ਇੰਟਰਨੈਟ ਉੱਪਰ ਹੀ ਹੁੰਦੇ ਹਨ। ਤੁਹਾਡਾ ਜਨੈਟਿਕ ਕੋਡ, ਤੁਹਾਡੀ ਆਵਾਜਾਈ, ਤੁਹਾਡੀਆਂ ਚਾਹਤਾਂ, ਮੁਹੱਬਤਾਂ ਅਤੇ ਨਫਰਤਾਂ, ਤੁਹਾਡੇ ਮਨਸੂਬੇ, ਤੁਹਾਡੀ ਮਾਨਸਿਕਤਾ, ਤੁਹਾਡੇ ਟਾਰਗੈਟ, ਤੁਹਾਡੀਆਂ ਗੁੱਝੀਆਂ ਰਮਜ਼ਾਂ, ਗੱਲ ਕੀ, ਨੈੱਟ ਤੋਂ ਤੁਹਾਡਾ ਕੁਝ ਵੀ ਛੁਪਿਆ ਹੋਇਆ ਨਹੀਂ। ਤੁਸੀਂ ਸ਼ਾਇਦ ਆਪਣੇ ਓਨਾ ਨਹੀਂ ਜਾਣਦੇ, ਜਿੰਨਾ ਨੈਟ ਤੁਹਾਡੇ ਬਾਰੇ ਜਾਣਦੈ। ਤੁਸੀਂ ਕਦੋਂ, ਕਿੱਥੇ, ਕੀ ਕਰਨ ਵਾਲੇ ਹੋ, ਇਸ ਤੇ ਪੂਰੀ ਨਿਗ੍ਹਾ ਰੱਖੀ ਜਾ ਰਹੀ ਹੈ।
ਚੇਅਰਮੈਨ: ਇਸਦਾ ਮਤਲਬ ਨੈੱਟ ਕੋਲ ਸਭ ਦੀ ਜਨਮ ਕੁੰਡਲੀ ਹੈ। ਤੁਸੀਂ ਕਦੋਂ ਕਿਹੜਾ ਕਾਂਡ ਕਰਨ ਵਾਲੇ ਹੋ, ਸਭ ਕਾਸੇ ਤੇ ਅੱਖ ਰੱਖੀ ਜਾ ਰਹੀ ਐ।
ਯੋਗ ਰਾਜ: ਜੀ ਜੀ, ਸਰ, ਇਸ ਲਈ, ਇਨ੍ਹਾਂ ਆਤੰਕਵਾਦੀਆਂ ਨੂੰ ਜਹਾਜ਼ ਵਿਚ ਹੀ ਨਹੀਂ, ਏਅਰਪੋਰਟ ਵਿੱਚ ਦਾਖਲ ਹੋਣ ਤੋਂ ਵੀ ਬਹੁਤ ਪਹਿਲਾਂ, ਜਹਾਜ਼ ਅਗਵਾ ਕਰਨ ਦੀ ਪਲੈਨ ਬਣਾਉਂਦਿਆ ਨੂੰ ਹੀ ਗ੍ਰਿਫਤਾਰ ਕੀਤਾ ਜਾ ਸਕਦਾ ਸੀ।
ਚੇਅਰਮੈਨ, ਕੀ ਇਹ ਹੋ ਸਕਦੈ? ..
ਯੋਗ ਰਾਜ: ਸਰ, ਬਿਲਕੁਲ ਸੰਭਵ ਐ। ਪਰ ਹੋਏਗਾ ਉਦੋਂ ਹੀ ਜਦੋਂ ਸਕਿਉਰਟੀ ਏਜੰਸੀ ਨੂੰ ਲੋਕਾਂ ਦਾ ਪਰਸਨਲ ਡੇਟਾ ਅਤੇ ਇਸ ਡੇਟਾ ਦੇ ਆਧਾਰ ਤੇ ਜੁਰਮ ਦੀ ਪੈਸ਼ੀਨਗੋਈ ਕਰਨ ਵਾਲੀਆਂ ਬੁੱਧੀਮਾਨ ਮਸ਼ੀਨਾਂ ਉਪਲਭਦ ਕਰਵਾਈਆਂ ਜਾਣਗੀਆਂ।
ਲੜਕੀ: (ਬਹੁਤ ਹੀ ਕਟਾਕਸ਼ ਭਰੇ ਲਹਿਜੇ ਵਿੱਚ ਦਰਸ਼ਕਾਂ ਨੂੰ ਸੰਬੋਧਿਤ ਹੁੰਦੀ ਹੋਈ) ਤਾਂ ਜੋ ਸਕਿਉਰਟੀ ਏਜੰਸੀ ਕੇਵਲ ਆਤੰਕਵਾਦੀਆ ਉੱਪਰ ਹੀ ਨਹੀਂ, ਸਰਕਾਰੀ ਪਾਲਸੀਆਂ ਦਾ ਵਿਰੋਧ ਕਰਨ ਵਾਲੇ ਜਾਂ ਰੂਲਿੰਗ ਪਾਰਟੀ ਖਿਲਾਫ ਵੋਟ ਪਾਉਣ ਵਾਲੇ ਲੋਕਾਂ ਉੱਪਰ ਵੀ ਨਿਗ੍ਹਾ ਰੱਖ ਸਕੇ? (ਚੇਅਰਮੈਨ ਨੂੰ ਸੰਬੋਧਿਤ ਹੁੰਦੀ ਹੋਈ) ਸਰ, ਇਸ ਤਕਨਾਲੋਜੀ ਰਾਹੀਂ ਤਾਂ ਕੋਈ ਵੀ ਸਰਕਾਰ, ਆਪਣਾ ਫਾਸ਼ੀ ਏਜੰਡਾ ਆਸਾਨੀ ਨਾਲ ਲਾਗੂ ਕਰਵਾ ਸਕਦੀ ਹੈ। (ਆਪਣੇ ਆਪ ਨਾਲ) ਮੈਨੂੰ ਤਾਂ ਇੰਝ ਲਗਦੈ ਕਿ ਇਹ ਤਕਨਾਲੋਜੀ ਸਹਿਜੇ ਹੀ ਆਰਥਕ ਅਤੇ ਸਿਆਸੀ ਫਾਸ਼ੀਵਾਦ ਦਾ ਹਥਿਆਰ ਬਣ ਜਾਵੇਗੀ। (ਚੇਅਰਮੈਨ ਨੂੰ) ਸਰ, ਲੋਕਾਂ ਉੱਪਰ ਕੇਵਲ ਨਿਗ੍ਹਾਂ ਹੀ ਨਹੀਂ ਰੱਖੇਗੀ, ਉਨ੍ਹਾਂ ਨੂੰ ਆਪਣੀ ਇੱਛਾ ਅਨੁਸਾਰ ਘੁਮਾਏਗੀ ਵੀ। ਮਨੋ-ਰਾਜਨੀਤਕ ਹਥਿਆਰ ਬਣ ਜਾਵੇਗੀ।
ਚੇਅਰਮੇਨ: ਬਿਨਾ ਸ਼ੱਕ ਇਹ ਫਾਸ਼ੀਵਾਦ ਦਾ ਹਥਿਆਰ ਬਣ ਸਕਦੀ ਐ। ..ਪਰ ਦੂਸਰੇ ਪਾਸੇ ਖੂਨ ਖਰਾਬਾ ਹੋਣ ਤੋਂ ਪਹਿਲਾਂ ਹੀ ਜੁਰਮ ਨੂੰ ਕੰਟਰੋਲ ਵੀ ਤਾਂ ਕਰੇਗੀ। … ਕੋਈ ਤਕਨਾਲੋਜੀ ਕਿਵੇਂ ਇਸਤੇਮਾਲ ਹੁੰਦੀ ਹੈ, ਇਹ ਤਾਂ ਇਸ ਤਕਨਾਲੋਜੀ ਦਾ ਇਸਤੇਮਾਲ ਕਰਨ ਵਾਲੀ ਪੁਲਿਟੀਕਲ ਏਜੰਸੀ ਉੱਪਰ ਨਿਰਭਰ ਕਰਦੈ।
ਲੜਕੀ: ਸਿਆਸਤ ਤਾਂ ਪਾਵਰ ਗੇਮ ਹੁੰਦੀ ਐ। ਸੱਤਾ ਵਿੱਚ ਬਣੇ ਰਹਿਣ ਲਈ ਹਰ ਸਿਆਸੀ ਧਿਰ ਇਸਦਾ ਦੁਰਉਪਯੋਗ ਕਰੇਗੀ। ਕੋਈ ਕਿਵੇਂ ਰੋਕ ਸਕਦੈ!
ਚੇਅਰਮੈਨ: ਡਿਜੀਟਲ ਸਰਵੇਲੈਂਸ ਫਾਸ਼ੀਵਾਦ ਦਾ ਹਥਿਆਰ ਬਣ ਸਕਦੀ ਐ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਸੰਭਾਵਨਾ ਨੂੰ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਐ। …ਪਰ ਅਸੀਂ ਤਾਂ ਇਹ ਸਮਝਣ ਦਾ ਯਤਨ ਕਰ ਰਹੇ ਸੀ ਕਿ ਜੇ ਆਤੰਕਵਾਦੀਆਂ ਨੂੰ ਜਹਾਜ਼ ਜਾਂ ਏਅਰਪੋਰਟ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਕਾਬੂ ਕਰ ਲਿਆ ਜਾਂਦਾ ਤਾਂ ਜਾਨਾਂ ਬਚਾਈਆਂ ਜਾ ਸਕਦੀਆਂ ਸਨ।
ਲੜਕੀ: ਬੜੀ ਦੁਬਿਧਾਮਈ ਸਥਿਤੀ ਐ। ਸੁਰੱਖਿਆ ਅਤੇ ਆਜ਼ਾਦੀ ਵਿੱਚੋਂ ਇੱਕ ਚੀਜ਼ ਚੁਣਨੀ ਪਵੇਗੀ।
ਚੇਅਰਮੈਨ: ਲੋਕਾਂ ਨੂੰ ਸੁਰੱਖਿਆ ਪਿਆਰੀ ਐ ਜਾਂ ਆਜ਼ਾਦੀ, ਇਸ ਗੱਲ ਦਾ ਫੈਸਲਾ ਦਰਸ਼ਕਾਂ ਦੀ ਵੋਟ ਤੇ ਛੱਡ ਕੇ ਮੈਂ ਗੱਲ ਅੱਗੇ ਤੋਰਦਾਂ। ਮੇਰਾ ਸੁਆਲ ਐ..
ਲੜਕੀ: (ਆਪਣੇ ਆਪ ਨਾਲ) ਸੁਰੱਖਿਆ ਅਤੇ ਆਜ਼ਾਦੀ ਦੇ ਸੁਆਲ ਨੂੰ ਇਸ ਤਰ੍ਹਾਂ ਨਜ਼ਰਅੰਦਾਜ਼ ਕਰਨ ਨਾਲ ਚੇਅਰਮੈਨ ਦੀ ਪਾਲੇਟਿਕਸ ਨੰਗੀ ਹੋ ਰਹੀ ਐ। ਸ਼ਾਇਦ ਇਸੇ ਪਾਲੇਟਿਕਸ ਕਾਰਨ ਇਨ੍ਹਾਂ ਨੂੰ ਚੇਅਰਮੈਨ ਬਣਾਇਆ ਗਿਐ। ਯੋਗ ਰਾਜ ਵੀ ਬੋਲ ਨਹੀਂ ਰਿਹਾ। ਯੋਗ ਰਾਜ ਵਰਗੇ ਲੋਕ ਸਿਆਸੀ ਸਮੱਸਿਆਵਾਂ ਦੇ ਵੀ ਤਕਨੀਕੀ ਹੱਲ ਢੂੰਡਦੇ ਰਹਿੰਦੇ ਨੇ। ਕੀ ਕਰੀਏ, ਸਿਖਿਆ ਪ੍ਰਬੰਧ ਈ ਸੁੰਗੜਦਾ ਜਾ ਰਿਹੈ। (ਚੇਅਰਮੇਨ ਵੱਲ ਦੇਖਦਿਆਂ) ਸਰ, ਮੇਰਾ ਇੱਕ ਸੁਆਲ ਐ ਜੇ ਪਰਿਡਿਕਟਿਵ ਪੋਲੀਸਿੰਗ ਦੀ ਸਹਾਇਤਾ ਨਾਲ ਉਹ ਤਿੰਨ ਆਤੰਕਵਾਦੀ ਫੜੇ ਜਾਂਦੇ ਹਨ ਤਾਂ ਕੀ ਉਨ੍ਹਾਂ ਤੇ ਮੁਕੱਦਮਾਂ ਚਲਾਇਆ ਜਾਵੇਗਾ ਜਾਂ ਮੁਕੱਦਮਾਂ ਚਲਾਏ ਤੋਂ ਬਿਨਾ ਹੀ ਗੱਡੀ ਚਾੜ੍ਹ ਦਿੱਤੇ ਜਾਣਗੇ?
ਲੜਕੀ: (ਆਪਣੇ ਆਪ ਨਾਲ) ਮੁੱਦੇ ਨੂੰ ਕਿਵੇਂ ਸਾਈਡ ਟਰੈਕ ਕੀਤਾ ਜਾ ਰਿਹੈ। (ਚੇਅਰਮੈਨ ਨੂੰ ਸੰਬੋਧਨ ਕਰਦਿਆਂ) ਮੇਰਾ ਧਿਆਨ ਕਿਧਰੇ ਹੋਰ ਚਲਾ ਗਿਆ ਸੀ। ਕੀ ਸੁਆਲ ਨੂੰ ਥੋੜ੍ਹਾ ਹੋਰ ਸਪਸ਼ਟ ਕਰੋਗੇ!
ਚੇਅਰਮੈਨ: ਮੈਡਮ ਤੁਸੀਂ ਬਹੁਤ ਉਲਟੇ ਸੁਆਲ ਕਰਦੇ ਓ। ਇਸ ਸੁਆਲ ਨਾਲ ਕਮਿਸ਼ਨ ਦਾ ਕੀ ਸਬੰਧ। ਚਲੋ ਫੇਰ ਵੀ ਜੇ ਤੁਸੀਂ ਸੁਆਲ ਕਰ ਹੀ ਦਿੱਤੈ ਤਾਂ ਆਪਾਂ ਇੱਕ ਥੌਟ ਐਕਸਪੈਰੀਮੈਂਟ ਰਾਹੀਂ ਇਸ ਦਾ ਹੱਲ ਢੂੰਡਣ ਦੀ ਕੋਸ਼ਿਸ ਕਰਦੇ ਆਂ। ਹੁਣ ਤੁਸੀਂ ਮੇਰੇ ਸੁਆਲ ਦਾ ਜੁਆਬ ਦੇਣੈ। … ਮੰਨ ਲਵੋ ਕਿ ਸੜਕ ਤੇ ਤੁਰਿਆ ਜਾ ਰਿਹਾ ਇੱਕ ਲੜਕਾ ਅਚਾਨਕ ਤੁਹਾਡੀ ਕਾਰ ਦੇ ਸਾਹਮਣੇ ਆ ਜਾਂਦਾ ਹੈ। ਜੇਕਰ ਉਸ ਲੜਕੇ ਨੂੰ ਬਚਾਉਣ ਲਈ ਤੁਸੀਂ ਆਪਣੀ ਕਾਰ ਟਰਨ ਕਰਦੇ ਹੋ, ਤਾਂ ਤੁਹਾਡੀ ਕਾਰ ਰੋਡ ਡਿਵਾਈਡਰ ਵਿੱਚ ਵੱਜ ਕੇ ਐਕਸੀਡੈਂਟ ਦਾ ਸ਼ਿਕਾਰ ਹੋ ਸਕਦੀ ਹੈ। … ਉਸੇ ਵਕਤ ਪਰਿਡਿਕਟਿਵ ਪੋਲੀਸਿੰਗ ਦੀ ਬੁੱਧੀਮਾਨ ਮਸ਼ੀਨ ਤੁਹਾਨੂੰ ਦੱਸਦੀ ਹੈ ਕਿ ਇਹ ਲੜਕਾ ਵੱਡਾ ਹੋ ਕੇ ਕਈ ਮੁਲਕਾਂ ਵਿਚ ਆਤੰਕ ਫੈਲਾਏਗਾ। ਹਜ਼ਾਰਾਂ ਲੋਕਾਂ ਦੀ ਮੌਤ ਦਾ ਸਬੱਬ ਬਣ ਸਕਦੈ। ਤਾਨਾਸ਼ਾਹ ਵੀ ਬਣ ਸਕਦੈ।
ਇਸ ਸਥਿਤੀ ਵਿਚ ਤੁਸੀਂ ਕੀ ਕਰੋਗੇ? …ਕੀ ਉਸ ਲੜਕੇ ਨੂੰ ਆਪਣੀ ਕਾਰ ਥੱਲੇ ਆ ਕੇ ਮਰ ਜਾਣ ਦਿਓਗੇ? ਜਾਂ, ਜਾਂ, ਉਸ ਲੜਕੇ ਦੀ ਜਾਨ ਬਚਾਉਣ ਖਾਤਰ ਆਪਣੀ ਕਾਰ ਨੂੰ ਰੋਡ ਡਿਵਾਈਡਰ ਵਿੱਚ ਮਾਰ ਕੇ ਐਕਸੀਡੈਂਟ ਦਾ ਸ਼ਿਕਰ ਹੋਵੋਗੇ? ਕੀ ਕਰੋਗੇ? ਉਸ ਨੂੰ ਕਾਰ ਥੱਲੇ ਆ ਕੇ ਮਰ ਜਾਣ ਦਿਓਗੇ ਜਾਂ ਆਪਣੀ ਜਾਨ ਖਤਰੇ ਵਿੱਚ ਪਾਓਗੇ?
ਯੋਗ ਰਾਜ: ਸਰ, ਮੇਰੀ ਸਮਝ..
(ਚੇਅਰਮੈਨ ਯੋਗ ਰਾਜ ਨੂੰ ਵਿੱਚੇ ਰੋਕ ਕੇ)
ਚੇਅਰਮੈਨ: ਡਾ. ਯੋਗ ਰਾਜ, ਮੇਰਾ ਸੁਆਲ ਹਾਲੇ ਪੂਰਾ ਨਹੀਂ ਹੋਇਆ। ਅਸਲ ਸੁਆਲ ਤਾਂ ਹਾਲੇ ਆਉਣੈ। .. ਜੇ ਤੁਸੀਂ ਏਨੇ ਈ ਉਤਾਵਲੇ ਓ ਤਾਂ ਤਿਆਰ ਰਹੋ, ਇਹ ਸੁਆਲ ਮੈਂ ਤੁਹਾਨੂੰ ਐਡਰੈਸ ਕਰਦਾਂ।
ਯੋਗ ਰਾਜ: (ਆਪਣੇ ਆਪ ਨਾਲ) ਮੈਂ ਐਵੇਂ ਈ ਪੰਗਾ ਲੈ ਲਿਆ। ਇਹ ਸੁਆਲ ਤਾਂ ਮੈਡਮ ਨੂੰ ਹੀ ਐਡਰੈਸ ਨੂੰ ਹੋਣਾ ਚਾਹੀਦਾ ਸੀ। ਸਿਆਸੀ ਸੁਆਲ ਦਾ ਜੁਆਬ ਤਾਂ ਮੈਡਮ ਹੀ ਦੇ ਸਕਦੀ ਐ। ਚੇਅਰਮੈਨ ਸਾਹਿਬ ਮੈਡਮ ਤੋਂ ਘਬਰਾਉਣ ਲੱਗ ਪਏ ਨੇ। ਸ਼ਾਇਦ ਇਸੇ ਲਈ ਉਹਦੇ ਨਾਲ ਪੰਗਾ ਨੀ ਲੈਣਾ ਚਾਹੁੰਦੇ।
ਚੇਅਰਮੈਨ: ਡਾ. ਯੋਗ ਰਾਜ, ਜੇ ਉਸ ਕਾਰ ਨੂੰ ਤੁਹਾਡੀ ਥਾਂ ਆਟਰੀਫੀਸ਼ਲ ਇੰਟੈਲੀਜੈਸ ਚਲਾ ਰਹੀ ਹੁੰਦੀ ਅਤੇ ਸਵਾਰੀ ਵੀ ਕੋਈ ਹੋਰ ਹੁੰਦੀ।.. ਇਸ ਤਰ੍ਹਾਂ ਦੀ ਸਥਿਤੀ ਨੂੰ ਹੈਂਡਲ ਕਰਨ ਵਾਸਤੇ ਤੁਸੀ ਬੁੱਧੀਮਾਨ ਕਾਰ ਨੂੰ ਕੀ ਨੈਤਿਕਤਾ ਪੜ੍ਹਾਉਂਦੇ? ..ਮੇਰਾ ਖਿਆਲ ਹੈ ਕਿ ਤੁਸੀਂ ਉਸ ਨੂੰ ਇਹੋ ਸਿਖਾਉਂਦੇ ਕਿ ਅਜੇਹੀਆਂ ਖਤਰਨਾਕ ਕਿਸਮ ਦੀਆਂ ਸੰਭਾਵਨਾਵਾਂ ਨੂੰ ਜੰਮਣ ਵੇਲੇ ਹੀ ਖਤਮ ਕਰ ਦੇਣਾ ਚਾਹੀਦੈ। ਜਿਵੇਂ ਅੰਗਰੇਜ਼ੀ ‘ਚ ਕਹਿੰਦੇ ਆ ‘ਨਿਪ ਦ ਈਵਲ ਇਨ ਦ ਬੱਡ’।… ਡਾ ਯੋਗ ਰਾਜ, ਤੁਸੀਂ ਆਪਣੀ ਰਾਇ ਦਿਓ..!
ਯੋਗ ਰਾਜ: ਸਰ, ਤਕਨਾਲੋਜੀ ਦਾ ਬੰਦਾ ਇਸ ਸੁਆਲ ਦਾ ਕੀ ਜੁਆਬ ਦੇ ਸਕਦੈ! ਮੈਡਮ ਕੋਲ ਜ਼ਰੂਰ ਇਸਦਾ ਕੋਈ ਨਾ ਕੋਈ ਜੁਆਬ ਹੋਵੇਗਾ।
ਚੇਅਰਮੈਨ: (ਹਾਸੇ ਵਿੱਚ ਟੇਢੀ ਅੱਖ ਨਾਲ ਮੈਡਮ ਵੱਲ ਦੇਖਦਾ ਹੋਇਆ ਵਿਅੰਗ ਨਾਲ) ਸਿਆਸਤ ਔਰਤਾਂ ਦਾ ਨਹੀਂ ਮਰਦਾਂ ਦਾ ਕੰਮ ਐ। (ਲੜਕੀ ਨੂੰ) ਮੈਡਮ, ਪਲੀਜ਼, ਪਲੀਜ਼, ਕਿਤੇ ਮਾਈਂਡ ਨਾ ਕਰ ਲੈਣਾ। .. ਤੁਹਾਡੇ ਕੋਲ ਜ਼ਰੂਰ ਕੋਈ ਜੁਆਬ ਹੋਵੇਗਾ!?
ਲੜਕੀ: (ਮੁਸਕ੍ਰਾਉਂਦੀ ਹੋਈ) ਚੇਅਰਮੈਨ ਸਾਬ, ਤੁਸੀਂ ਬਿਲਕੁਲ ਠੀਕ ਕਿਹੈ! ਸਿਆਸਤ ਕਰਨਾ ਔਰਤਾਂ ਦਾ ਕੰਮ ਨਹੀ। ਔਰਤਾਂ ਦਾ ਕੰਮ ਹੈ ਮਰਦਾਂ ਦੀ ਸਿਆਸਤ ਨੂੰ ਵਿਸਥਾਪਿਤ ਕਰਨਾ। ਸਿਆਸਤ ਵਿੱਚ ਨਵੀਆਂ ਸੰਭਾਵਨਾਵਾਂ ਪੈਦਾ ਕਰਨੀਆਂ! ਚਲੋ ਤੁਹਾਡੇ ਸੁਆਲ ਵੱਲ ਪਰਤਦੇ ਹਾਂ। .. ਭੱਜਾਂਗੀ ਨਹੀਂ। ..ਇਸ ਸੁਆਲ ਦਾ ਜੁਆਬ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਉਦਾਹਰਣ ਲੈ ਕੇ। ਥੌਟ ਐਕਸਪੈਰੀਮੈਂਟ ਹੀ ਸਮਝ ਲਵੋ।
ਕ੍ਰਿਸ਼ਨ ਦੇ ਮਾਮੇ ਕੰਸ ਨੂੰ ਰਾਜ ਜੋਤਸ਼ੀ ਦੱਸਦੇ ਹਨ ਕਿ ਉਸਦੀ ਭੈਣ ਦੇਵਕੀ ਦਾ ਬੇਟਾ ਉਸਦਾ ਵਧ ਕਰੇਗਾ। ਕੰਸ ਦੇਵਕੀ ਅਤੇ ਉਸਦੇ ਪਤੀ ਨੂੰ ਕੈਦ ਕਰ ਲੈਂਦਾ ਹੈ। ਉਨ੍ਹਾਂ ਦੇ ਜਿੰਨੇ ਵੀ ਬੱਚੇ ਪੈਦਾ ਹੁੰਦੇ ਹਨ, ਸਭ ਨੂੰ ਮਰਵਾ ਦਿੰਦਾ ਹੈ। ਉਹ ਏਨਾ ਜ਼ਾਲਿਮ ਸੀ ਕਿ ਜਦੋਂ ਉਸਨੂੰ ਇਹ ਪਤਾ ਚੱਲਿਆ ਕਿ ਦੇਵਕੀ ਦੇ ਪੁੱਤਰ ਨੂੰ ਬਚਾ ਕੇ ਕਿਧਰੇ ਹੋਰ ਲਿਜਾਇਆ ਗਿਆ ਹੈ ਤਾਂ ਉਹ ਰਾਜ ਦੇ ਸਾਰੇ ਨਵ-ਜਨਮੇ ਬੱਚਿਆਂ ਨੂੰ ਕਤਲ ਕਰਵਾ ਦਿੰਦਾ ਹੈ।
ਹੁਣ ਆਪਾਂ ਇਸ ਕਹਾਣੀ ਨੂੰ ਉਲਟਾ ਦਿੰਦੇ ਹਾਂ। ਜੇਕਰ ਕੰਸ ਦੀ ਥਾਂ ਕ੍ਰਿਸ਼ਨ ਹੁੰਦਾ ਅਤੇ ਉਸ ਨੂੰ ਵੀ ਇਹੋ ਦੱਸਿਆ ਜਾਂਦਾ ਕਿ ਉਸ ਦੀ ਭੈਣ ਦਾ ਬੇਟਾ ਉਸਦਾ ਵਧ ਕਰੇਗਾ, ਤਾਂ ਕੀ ਕ੍ਰਿਸ਼ਨ ਵੀ ਉਹੋ ਕਰਦਾ ਜੋ ਕੰਸ ਨੇ ਕੀਤਾ ਸੀ। …ਤੁਸੀਂ ਕਹੋਗੇ ਕਿ ਕ੍ਰਿਸ਼ਨ ਅਜਿਹਾ ਬਿਲਕੁਲ ਨਹੀਂ ਸੀ ਕਰ ਸਕਦਾ। ਉਹ ਕੰਸ ਵਾਂਗ ਜ਼ਾਲਿਮ ਨਹੀਂ ਸੀ। … ਜੇਕਰ ਅਸੀਂ ਇਹ ਬੁੱਝ ਲਈਏ ਕਿ ਇਸ ਸਥਿਤੀ ਵਿਚ ਕ੍ਰਿਸ਼ਨ ਕੀ ਕਰਦਾ, ਤਾਂ ਅਸੀਂ ਇਹ ਵੀ ਜਾਣ ਲਵਾਂਗੇ ਕਿ ਉਪ੍ਰੋਕਤ ਸਥਿਤੀ ਵਿੱਚ ਬੁੱਧੀਮਾਨ ਮਸ਼ੀਨ ਨੂੰ ਕੀ ਕਰਨਾ ਚਾਹੀਦੈ। … ਜੇਕਰ ਕ੍ਰਿਸ਼ਨ ਦੀ ਨੈਤਿਕਤਾ ਸਮਝ ਆ ਜਾਵੇ, ਤਾਂ ਉਹ ਨੈਤਿਕਤਾ ਬੁੱਧੀਮਾਨ ਮਸ਼ੀਨ ਨੂੰ ਵੀ ਪੜ੍ਹਾਈ ਜਾ ਸਕਦੀ ਐ।
ਮੇਰੀ ਸਮਝ ਮੁਤਾਬਿਕ ਕ੍ਰਿਸ਼ਨ ਆਪਣੇ ਭਾਣਜਿਆਂ ਦਾ ਕਤਲ ਨਹੀਂ ਸੀ ਕਰਵਾ ਸਕਦਾ। ਇਸੇ ਤਰ੍ਹਾਂ ਬੁੱਧੀਮਾਨ ਮਸ਼ੀਨ ਵੀ ਸੜਕ ਤੇ ਜਾ ਰਹੇ ਲੜਕੇ ਨੂੰ ਕੁਚਲ ਕੇ ਨਹੀਂ ਮਾਰੇਗੀ।
ਚੇਅਰਮੈਨ: ਤਾਂ ਫੇਰ ਕ੍ਰਿਸ਼ਨ ਨੂੰ ਹੀ ਪੁੱਛ ਕੇ ਦੱਸ ਦਿਓ ਕਿ ਬੁੱਧੀਮਾਨ ਮਸ਼ੀਨ ਨੂੰ ਕੀ ਕਰਨਾ ਚਾਹੀਦੈ।.. ਪਰ ਜਿੱਥੋਂ ਤੱਕ ਮੇਰੀ ਜਾਣਕਾਰੀ ਐ, ਕ੍ਰਿਸ਼ਨ ਦੀ ਜੀਵਨ ਕਥਾ ਵਿਚ ਤਾਂ ਅਜਿਹੀ ਕਿਸੇ ਘਟਨਾ ਦਾ ਜ਼ਿਕਰ ਨਹੀਂ ਆਉਦਾ ਕਿ ਉਸ ਨੂੰ ਪੜ੍ਹ ਕੇ ਇਸ ਸੁਆਲ ਦਾ ਜੁਆਬ ਢੂੰਡ ਲਈਏ।
ਲੜਕੀ: ਫੇਰ ਕੀ ਹੋਇਆ, ਜੇ ਕ੍ਰਿਸ਼ਨ ਦੀ ਜੀਵਨ ਕਥਾ ਵਿਚ ਨਹੀਂ ਆਉਂਦਾ, ਤਾਂ ਗੁਰੂ ਨਾਨਕ ਦੀ ਜੀਵਨ ਕਥਾ ਵਿੱਚ ਤਾਂ ਆਉਂਦੈ।
ਚੇਅਰਮੈਨ: ਉਹ ਕਿਵੇਂ?
ਲੜਕੀ: ਕੀ ਤੁਸੀਂ ਕੌਡੇ ਰਾਖਸ ਵਾਲੀ ਸਾਖੀ ਨਹੀਂ ਪੜ੍ਹੀ?
ਚੇਅਰਮੈਨ: ਹੁਣ ਸੁਣਾ ਦਿਓ!
ਯੋਗ ਰਾਜ: ਜਨਮ ਸਾਖੀਆਂ ਮੁਤਾਬਕ ਕੌਡਾ ਰਾਖਸ਼ ਕਿਸੇ ਆਦਮਖੋਰ ਕਬੀਲੇ ਦਾ ਮੁਖੀ ਸੀ। ਇੱਕ ਵਾਰ ਗੁਰੂ ਨਾਨਕ ਦੇਵ ਜੀ ਉਨ੍ਹਾਂ ਦੇ ਇਲਾਕੇ ਵਿੱਚੋਂ ਦੀ ਗੁਜ਼ਰ ਰਹੇ ਸਨ ਕਿ ਭਾਈ ਮਰਦਾਨਾ ਉਨ੍ਹਾਂ ਤੋਂ ਵਿੱਛੜ ਕੇ ਕੌਡੇ ਰਾਖਸ਼ ਦੇ ਕਾਬੂ ਆ ਗਿਆ। ਜੇਕਰ ਗੁਰੂ ਨਾਨਕ ਦੇਵ ਜੀ ਸਮੇ ਸਿਰ ਨਾ ਪਹੁੰਚਦੇ, ਤਾਂ ਉਸਨੇ ਦੂਜੇ ਬਦਨਸੀਬਾਂ ਵਾਂਗ ਮਰਦਾਨੇ ਨੂੰ ਵੀ ਉੱਬਲਦੇ ਤੇਲ ਦੇ ਕੜਾਹੇ ਵਿੱਚ ਤਲ਼ ਕੇ ਖਾ ਜਾਣਾ ਸੀ। ਭਾਈ ਬਾਲੇ ਵਾਲੀ ਜਨਮ ਸਾਖੀ ਅਨੁਸਾਰ ਗੁਰੂ ਸਾਹਿਬ ਦੇ ਉੱਥੇ ਪਹੁੰਚਦੇ ਹੀ ਕੜਾਹੇ ਹੇਠ ਬਲ ਰਹੀ ਅੱਗ ਬੁਝ ਜਾਂਦੀ ਹੈ ਅਤੇ ਕੜਾਹਾ ਠੰਡਾ ਹੋ ਜਾਂਦਾ ਹੈ। ਕੌਡਾ ਗੁਰੂ ਜੀ ਦੀ ਸ਼ਰਨ ਵਿੱਚ ਆ ਜਾਂਦਾ ਹੈ। ਗੁਰੂ ਸਾਹਿਬ ਉਸ ਨੂੰ ਕੋਈ ਦੰਡ ਨਹੀਂ ਦਿੰਦੇ। ਸਗੋਂ ਆਪਣੀ ਸਿੱਖਿਆ ਰਾਹੀਂ ਉਸਨੂੰ ਸਿੱਧੇ ਰਸਤੇ ਲੈ ਆਉਂਦੇ ਹਨ। ..ਜੇਕਰ ਇੱਕ ਆਦਮਖੋਰ ਗੁਰੂ ਦੀ ਸਿਖਿਆ ਪ੍ਰਾਪਤ ਕਰਕੇ ਨੈਤਿਕ ਰਸਤਿਆਂ ਦਾ ਪਾਂਧੀ ਬਣ ਸਕਦੈ, ਤਾਂ ਇਹ ਸਿੱਖਿਆ ਤਾਨਾਸ਼ਾਹ ਨੂੰ ਜਮਹੂਰੀਅਤ ਦੇ ਰਾਹੇ ਕਿਉਂ ਨਹੀਂ ਪਾ ਸਕਦੀ।
ਚੇਅਰਮੈਨ: ਸਮਝ ਗਿਆਂ, ਤੁਹਾਡੇ ਕਹਿਣ ਮੁਤਾਬਕ ਨੈਤਿਕਤਾ ਕੇਵਲ ਮਸ਼ੀਨਾਂ ਨੂੰ ਹੀ ਨਹੀਂ, ਮਨੁੱਖਾਂ ਨੂੰ ਵੀ ਪੜ੍ਹਾਈ ਜਾ ਸਕਦੀ ਹੈ। ਇਸ ਲਈ ਉਸ ਲੜਕੇ ਨੂੰ ਕਾਰ ਥੱਲੇ ਕੁਚਲਣ ਦੀ ਥਾਂ ਸੁਧਾਰਘਰ ਵਿੱਚ ਭੇਜ ਦੇਣਾ ਚਾਹੀਦੈ।
ਯੋਗ ਰਾਜ: ਸੁਧਾਰ ਘਰ?
ਚੇਅਰਮੈਨ: ਸੁਧਾਰਘਰ ਦਾ ਮਤਲਬ ਕੇਵਲ ਜੇਲ੍ਹ ਨਹੀਂ ਹੁੰਦਾ। ਜੇਲ੍ਹ, ਸਿੱਖਿਆ ਸੰਸਥਾਵਾਂ ਅਤੇ ਮਾਨਸਿਕ ਰੋਗਾਂ ਦੇ ਹਸਪਤਾਲ; ਇੱਕੋ ਗੱਲ ਐ। ਇਹ ਸਭ ਮਨੁੱਖ ਅਤੇ ਉਸਦੇ ਸਮਾਜ ਦੀ ਮਾਨਸਿਕਤਾ ਨੂੰ ਕੰਟਰੋਲ ਕਰਨ ਦਾ ਕੰਮ ਹੀ ਤਾਂ ਕਰਦੀਆਂ ਨੇ।
ਲੜਕੀ: ਵੱਖਰੀ ਗੱਲ ਐ ਕਿ ਇਹ ਕੰਮ ਹੁਣ ਡਿਜੀਟਲ ਸਰਵੇਲੈਂਸ ਨੇ ਸੰਭਾਲ ਲਿਐ। .. ਲੋਕਾਂ ਨੂੰ ਪੂੰਜੀਵਾਦੀ ਵਿਚਾਰਧਾਰਾ ਦੇ ਰੰਗ ਵਿੱਚ ਰੰਗਣ ਦਾ ਕੰਮ। (ਆਪਣੇ ਆਪ ਨਲ) ਪਰ ਸਿੱਖਿਆ ਵਿਦਰੋਹੀ ਸੁਰ ਵਾਲੇ ਸੁਆਲ ਕਰਨੇ ਵੀ ਤਾਂ ਸਿਖਾ ਦਿੰਦੀ ਐ। (ਦਰਸ਼ਕਾਂ ਨੂੰ ਸੰਬੋਧਿਤ ਹੁੰਦੀ ਹੋਈ) ਪਰ ਮੈਂ ਤਾਂ ਇਹ ਆਖਦੀ ਆਈ ਆਂ ਕਿ ਨੈਤਿਕਤਾ ਕੇਵਲ ਮਸ਼ੀਨ ਨੂੰ ਹੀ ਪੜ੍ਹਾਈ ਜਾ ਸਕਦੀ ਹੈ। ਮਨੁੱਖ ਨੂੰ ਨਹੀਂ! ਮਨੁੱਖ ਲਈ ਆਪਣਾ ਹਿੱਤ ਪ੍ਰਮੁਖ ਹੁੰਦੈ, ਨੈਤਿਕਤਾ ਨਹੀਂ। … ਮਨੁੱਖ ਲਈ ਤਾਂ ਨੈਤਿਕਤਾ ਕੇਵਲ ਕਿਤਾਬਾਂ ਲਿਖਣ ਦੇ ਕੰਮ ਆਉਂਦੀ ਐ। .. ਮੈਂ ਤਾਂ ਬੜੀ ਦੁਬਿਧਾ ਵਿਚ ਫਸ ਗਈ ਆਂ।
ਯੋਗ ਰਾਜ: ਫਿਕਰ ਕਰਨ ਦੀ ਲੋੜ ਨਹੀਂ। ਕਿਤਾਬਾਂ ਵਿੱਚ ਪਈ ਨੈਤਿਕਤਾ ਅਯਾਈਂ ਨਹੀਂ ਜਾਣ ਲੱਗੀ।.. ਬੁੱਧੀਮਾਨ ਮਸ਼ੀਨਾਂ ਦੇ ਬਹੁਤ ਕੰਮ ਆਉਣ ਵਾਲੀ ਆ।
ਫੇਡ ਆਊਟ/ਫੇਡ ਇਨ
ਚੇਅਰਮੈਨ: ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਵਧੀਏ ਮੈਂ ਤੁਹਾਡੇ ਕੋਲੋਂ ਤਿੰਨ ਸੁਆਲਾਂ ਦੇ ਜੁਆਬ ਚਾਹੁੰਦਾ ਹਾਂ। ਸਕੈਨ ਕੀਤਾ ਗੂਗਲ ਫਾਰਮ ਖੋਲ੍ਹੋ। ਤੀਜਾ, ਚੌਥਾ ਅਤੇ ਪੰਜਵਾਂ ਸੁਆਲ ਦੇਖੋ। … ਤੀਜਾ ਸੁਆਲ, ..ਤੁਸੀਂ ਜਾਨ ਮਾਲ ਦੀ ਸੁਰੱਖਿਆ ਅਤੇ ਪਰਾਈਵੇਸੀ ਵਿੱਚੋਂ ਕਿਸ ਨੂੰ ਜ਼ਰੂਰੀ ਸਮਝਦੇ ਹੋ? ਜੇਕਰ ਤੁਸੀਂ ਜਾਨ ਮਾਲ ਦੀ ਕੀਮਤ ਤੇ ਪਰਾਈਵੇਸੀ ਨੂੰ ਯਕੀਨੀ ਬਨਾਉਣਾ ਚਾਹੁੰਦੇ ਹੋ ਤਾਂ ‘1’ ਟਾਈਪ ਕਰੋ। ਇਸਦੇ ਉਲਟ ਜੇ ਤੁਸੀਂ ਜਾਨ ਮਾਲ ਦੀ ਸੁਰੱਖਿਆ ਨੂੰ ਤਰਜੀਹ ਦਿੰਦੇ ਹੋ ਅਤੇ ਜਾਨ ਮਾਲ ਦੀ ਸੁਰੱਖਿਆ ਲਈ ਪਰਾਈਵੇਸੀ ਨੂੰ ਸੈਕਰੀਫਾਈਸ ਕਰਨ ਲਈ ਤਿਆਰ ਹੋ ਤਾਂ ‘2’ ਟਾਈਪ ਕਰੋ। ਜੇ ਦੁਬਿਧਾ ਵਿਚ ਹੋ ਤਾਂ ‘3’ ਟਾਈਪ ਕਰ ਸਕਦੇ ਹੋ।
ਚੌਥਾ ਸੁਆਲ, ਕਿਉਂਕਿ ਮਸ਼ੀਨ ਦਾ ਆਪਣਾ ਕੋਈ ਹਿੱਤ ਨਹੀਂ ਹੁੰਦਾ, ਨਾ ਹੀ ਉਸਦੇ ਕੋਈ ਰਿਸ਼ਤੇਦਾਰ ਅਤੇ ਮਿੱਤਰ ਹੁੰਦੇ ਹਨ। ਔਲਾਦ ਦੀ ਜ਼ਿੰਮੇਵਾਰੀ ਵੀ ਨਹੀਂ ਹੁੰਦੀ। ਇਸ ਸਥਿਤੀ ਵਿਚ ਕੀ ਮਨੁੱਖਾਂ ਨੂੰ ਮਸ਼ੀਨਾਂ ਵਾਂਗ ਨੈਤਿਕਤਾ ਪੜ੍ਹਾਈ ਜਾ ਸਕਦੀ ਐ? ਜੇਕਰ ਤੁਸੀਂ ਸੋਚਦੇ ਓ ਕਿ ਮਨੁੱਖ ਪਹਿਲਾਂ ਆਪਣਾ ਹਿੱਤ ਦੇਖੇਗਾ, ਦੂਸਰੇ ਦਾ ਬਾਅਦ ਵਿੱਚ ਤਾਂ ‘1’ ਟਾਈਪ ਕਰੋ। ਜੇਕਰ ਤੁਹਾਨੂੰ ਵਿਸ਼ਵਾਸ ਹੈ ਕਿ ਦੂਸਰੇ ਦੇ ਹਿੱਤਾਂ ਦੀ ਰਾਖੀ ਲਈ ਆਪਣੀ ਕੁਰਬਾਨੀ ਦੇਣ ਵਾਲੇ ਲੋਕਾਂ ਦੀ ਕੋਈ ਕਮੀ ਨਹੀਂ ਤਾਂ ‘2’ ਟਾਈਪ ਕਰੋ। ਜੇਕਰ ਦੁਬਿਧਾ ਵਿੱਚ ਹੋ ਤਾਂ’3’ ਟਾਈਪ ਕਰ ਦਿਓ।
ਪੰਜਵਾਂ ਸੁਆਲ: ਕੀ ਸਿੱਖਿਆ ਰਾਹੀਂ ਅੱਜ ਵੀ ਕੌਡੇ ਰਾਖਸ਼ ਵਰਗੇ ਲੋਕਾਂ ਦੇ ਕਿਰਦਾਰ ਨੂੰ ਬਦਲਿਆ ਜਾ ਸਕਦੇ? ਉਨ੍ਹਾਂ ਨੂੰ ਨੈਤਿਕ ਲੀਹਾਂ ਤੇ ਤੋਰਿਆ ਜਾ ਸਕਦੈ? ਜੇਕਰ ਤੁਹਾਡਾ ਜੁਆਬ ਹਾਂ ਵਿੱਚ ਹੈ ਤਾਂ ‘1’ ਟਾਈਪ ਕਰੋ। ਜੇ ਨਾਂਹ ਵਿਚ ਤਾਂ ‘2’ ਟਾਈਪ ਕਰੋ। ਜੇਕਰ ਦੁਬਿਦਾ ਵਿਚ ਹੋ ਤਾਂ ‘3’ ਟਾਈਪ ਕਰੋ।
ਫੇਡ ਆਊਟ
ਪੰਜ
ਚੇਅਰਮੈਨ: ਦੁਰਘਟਨਾ ਦੌਰਾਨ ਕਿਸਨੂੰ ਜੀਣਾ ਚਾਹੀਦੈ ਅਤੇ ਕਿਸਨੂੰ ਮਰਨਾ? ਸਭ ਤੋਂ ਪਹਿਲਾਂ ਤਾਂ ਸੋਚਣ ਵਾਲੀ ਗੱਲ ਇਹੋ ਐ ਕਿ ਜੀਵਨ ਮੌਤ ਦੇ ਇਸ ਫੈਸਲੇ ਦਾ ਅਧਿਕਾਰ ਕਿਸ ਕੋਲ ਹੋਣਾ ਚਾਹੀਦੇ?
(ਡਾ. ਯੋਗ ਰਾਜ ਹੁਣ ਇੱਕ ਬਿਜ਼ਨਸ ਮੈਨ ਦਾ ਰੂਪ ਧਾਰ ਕੇ ਆਉਂਦਾ ਹੈ।)
ਬਿਜ਼ਨਸਮੈਨ: ਇਹ ਫੈਸਲਾ ਹੁਣ ਤੱਕ ਕੌਣ ਕਰਦਾ ਆਇਐ?
(ਲੜਕੀ ਆਉਂਦੀ ਹੋਈ)
ਲੜਕੀ: ਡਰਾਈਵਰ!
ਬਿਜ਼ਨਸਮੈਨ: ਤੁਸੀਂ ਸੱਚ ਕਿਹਾ! ਇਹ ਫੈਸਲਾ ਤਾਂ ਹਮੇਸ਼ਾ ਡਰਾਈਵਰ ਹੀ ਕਰਦਾ ਆਇਐ। ਸਵਾਰੀਆਂ ਦੀ ਸੁਰੱਖਿਆ ਹਮੇਸ਼ਾ ਉਸੇ ਦੀ ਜ਼ਿੰਮੇਵਾਰੀ ਰਹੀ ਐ।
ਚੇਅਰਮੈਨ: ਪਰ ਜਿਸ ਕਾਰ ਦੀ ਏਥੇ ਗੱਲ ਕੀਤੀ ਜਾ ਰਹੀ ਐ, ਉਸਨੂੰ ਡਰਾਈਵਰ ਨਹੀਂ, ਆਰਟੀਫੀਸ਼ਲ ਇੰਟੈਲੀਜੈਂਸ ਚਲਾਉਂਦੀ ਐ।
ਬਿਜ਼ਨਸਮੈਨ: ਜੋ ਵੀ ਕਾਰ ਨੂੰ ਚਲਾਉਂਦਾ, ਉਹੀ ਉਸਦਾ ਡਰਾਈਵਰ ਹੁੰਦੈ। ਪਹਿਲਾਂ ਮਨੁੱਖ ਹੁੰਦਾ ਸੀ, ਹੁਣ ਸਵੈ ਚਾਲਕ ਕਾਰ ਖੁਦ ਹੀ ਡਰਾਈਵਰ ਐ। ਬੁੱਧੀਮਾਨ ਮਸ਼ੀਨ ਦੀ ਪਹਿਲੀ ਡਿਉਟੀ ਆਪਣੀ ਅਤੇ ਆਪਣੀਆਂ ਸਵਾਰੀਆਂ ਦੀ ਸੁਰੱਖਿਆ ਹੋਣੀ ਚਾਹੀਦੀ ਐ।
ਲੜਕੀ: ਦਫਤਰ ਜਾਣ ਲਈ ਆਪਣੇ ਘਰ ਤੋਂ ਮੈਟਰੋ ਸਟੇਸ਼ਨ ਤੱਕ ਮੈਂ ਹਰ ਰੋਜ਼ ਪੈਦਲ ਜਾਂਦੀ ਹਾਂ। ਕੀ ਮੇਰੇ ਵਰਗੇ ਪੈਦਲ ਲੋਕਾਂ ਪ੍ਰਤੀ ਮਨੁੱਖੀ ਡਰਾਈਵਰ ਜਾਂ ਬੁੱਧੀਮਾਨ ਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ?
ਬਿਜ਼ਨਸਮੈਨ: ਤੁਹਾਡੇ ਵਰਗੇ ਪੈਦਲ ਲੋਕਾਂ ਦੀ ਜ਼ਿੰਮੇਵਾਰੀ ਟਰੈਫਿਕ ਨਿਯਮਾਂ ਦੀ ਪਾਲਣਾ ਨਾਲ ਜੁੜੀ ਹੁੰਦੀ ਐ।
ਲੜਕੀ: ਕੀ ਡਰਾਈਵਰ ਦੀ ਕੋਈ ਜ਼ਿੰਮੇਵਾਰੀ ਨਹੀਂ ਕਿ ਉਹ ਸੜਕ ਪਾਰ ਕਰ ਰਹੇ ਸਕੂਲੀ ਬੱਚਿਆਂ, ਬਜ਼ੁਰਗਾਂ, ਅਪਾਹਜਾਂ ਅਤੇ ਬੇਧਿਆਨੇ ਲੋਕਾਂ ਦਾ ਧਿਆਨ ਰੱਖੇ? ਕੀ ਸੜਕਾਂ ਉੱਪਰ ਕੇਵਲਡਰਾਈਵਰਾਂ ਦੀ ਹੀ ਹਕੂਮਤ ਚੱਲੇਗੀ।
ਚੇਅਰਮੈਨ: ਪਹਿਲੀ ਗੱਲ ਤਾਂ ਇਹ ਕਿ ਆਰਟੀਫੀਸ਼ਲ ਇੰਟੈਲੀਜੈਂਸ ਨਾਲ ਚੱਲਣ ਵਾਲੀ ਸਵੈ ਚਾਲਕ ਕਾਰ ਦੇ ਐਕਸੀਡੈਂਟ ਦੀ ਸੰਭਾਵਨਾ ਬਹੁਤ ਹੀ ਘੱਟ ਐ..
ਲੜਕੀ: ਕੀ ਆਰਟੀਫੀਸ਼ਲ-ਇੰਟੈਲੀਜੈਂਸ ਮਨੁਖ ਨਾਲੋਂ ਵਧੀਆ ਡਰਾਈਵਿੰਗ ਕਰੇਗੀ?
ਬਿਜ਼ਨਸਮੈਨ: ਨਿਸ਼ਚੇ ਹੀ, ਸੇਫ ਵੀ ਅਤੇ ਸਸਤੀ ਵੀ।
ਲੜਕੀ: ਜਦੋਂ ਡਰਾਈਵਰ ਈ ਨਹੀਂ ਰੱਖਣਾ, ਸਸਤੀ ਤਾਂ ਆਪੇ ਹੋ ਗਈ। ਪਰ ਵਧੇਰੇ ਸੇਫ ਕਿਵੇਂ ਹੋ ਗਈ? ਇਹ ਸਮਝੋਂ ਬਾਹਰ ਆ।
ਬਿਜ਼ਨਸਮੈਨ: ਦੇਖੋ, ਹਰ ਸਾਲ ਲਗਭਗ 15 ਲੱਖ ਲੋਕ ਸੜਕ ਦੁਰਘਟਨਾਵਾਂ ਵਿਚ ਮਰ ਜਾਂਦੇ ਨੇ। ਇਹ ਗਿਣਤੀ ਯੁੱਧ, ਆਤੰਕੀ ਹਮਲਿਆਂ ਅਤੇ ਜੁਰਮ ਵਿਚ ਹੋਣ ਵਾਲੀਆਂ ਮੌਤਾਂ ਦੀ ਕੁੱਲ ਗਿਣਤੀ ਨਾਲੋਂ ਵੀ ਦੁੱਗਣੀ ਐ।
ਸੜਕ ਦੁਰਘਟਨਾ ਵਿਚ ਹੋਣ ਵਾਲੀਆਂ ਇਹ ਮੌਤਾਂ ਪ੍ਰਮੁਖ ਤੌਰ ਤੇ ਮਨੁਖੀ ਗਲਤੀ ਕਾਰਨ ਹੁੰਦੀਆਂ ਹਨ। ਉਨੀਂਦਰੇ ਡਰਾਈਵਰ ਨੂੰ ਝਪਕੀ ਲੱਗ ਜਾਵੇ ਤਾਂ ਐਕਸੀਡੈਂਟ ਹੋ ਸਕਦੈ। ਪਰ ਆਰਟੀਫੀਸ਼ਲ-ਇੰਟੈਲੀਜੈਂਸ ਨੂੰ ਤਾਂ ਨੀਂਦ ਹੀ ਨਹੀਂ ਆਉਂਦੀ। ਬਹੁਤ ਸਾਰੇ ਡਰਾਈਵਰ ਸ਼ਰਾਬ ਪੀ ਕੇ ਐਕਸੀਡੈਂਟ ਕਰ ਲੈਂਦੇ ਨੇ। ਆਰਟੀਫੀਸ਼ਲ-ਇੰਟੈਲੀਜੈਂਸ ਸ਼ਰਾਬ ਨਹੀਂ ਪੀਂਦੀ। ਆਰਟੀਫੀਸ਼ਲ-ਇੰਟੈਲੀਜੈਂਸ ਦਾ ਧਿਆਨ ਵੀ ਇਧਰ ਉਧਰ ਨਹੀਂ ਭਟਕਦਾ। ਐਕਸੀਡੈਂਟ ਦੀ ਕੋਈ ਸੰਭਾਵਨਾ ਹੀ ਨਹੀਂ
ਕਿਉਂਕਿ ਆਰਟੀਫੀਸ਼ਲ-ਇੰਟੈਲੀਜੈਂਸ ਨਾਲ ਚੱਲਣ ਵਾਲੀ ਰੋਬੋ ਕਾਰ ਨਾ ਕਦੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦੀ ਹੈ, ਨਾ ਸ਼ਰਾਬ ਪੀਂਦੀ ਹੈ, ਨਾਂ ਸੌਂਦੀ ਹੈ ਅਤੇ ਨਾ ਹੀ ਆਪਣੇ ਖਿਆਲਾਂ ਵਿਚ ਇਧਰ ਉਧਰ ਭਟਕਦੀ ਐ। ਸੜਕ ਤੇ ਜਾ ਰਹੀ ਰੋਬੋ ਕਾਰ ਆਪਣੇ ਆਲੇ ਦੁਆਲੇ ਸਭ ਕੁਝ ਦੇਖਦੀ, ਪੜ੍ਹਦੀ, ਸੁਣਦੀ ਅਤੇ ਭਾਂਪਦੀ ਹੈ। ਪਰ ਆਪਣੇ ਸਾਹਮਣੇ ਜਾਂ ਆਸੇ ਪਾਸੇ ਤੋਂ ਆ ਰਹੇ ਮਨੁਖੀ ਡਰਾਈਵਰ ਦਾ ਮਨ ਨਹੀ ਭਾਂਪ ਸਕਦੀ। ਇਸ ਲਈ ਜਦੋਂ ਤੱਕ ਸਾਰੀਆਂ ਕਾਰਾਂ ਆਰਟੀਫੀਸ਼ਲ ਇੰਟੈਲੀਜੈਸ਼ ਨਾਲ ਨਹੀਂ ਚੱਲਣ ਲਗਦੀਆਂ, ਭਾਵ ਜਦੋਂ ਤੱਕ ਸਾਰੀਆਂ ਕਾਰਾਂ ਇਕ ਦੂਜੇ ਦੇ ਮਨ ਨੂੰ ਪੜ੍ਹਨ ਦੇ ਸਮਰੱਥ ਨਹੀਂ ਹੋ ਜਾਂਦੀਆਂ, ਐਕਸੀਡੈਂਟ ਦੀ ਥੋੜ੍ਹੀ ਬਹੁਤੀ ਸੰਭਾਵਨਾ ਬਣੀ ਰਹੇਗੀ।
ਇਕ ਸਾਂਝੇ ਮਾਸਟਰ ਐਲਗੋਰਿਦਮ ਨਾਲ ਜੁੜਿਆ ਹੋਇਆ ਸਮੁੱਚਾ ਟਰਾਂਸਪੋਰਟ ਸਿਸਟਮ ਹੀ ਸਾਡੀ ਆਵਾਜਾਈ ਦਾ ਭਵਿੱਖ ਹੈ।
ਲੜਕੀ: ਕਿੰਨੇ ਡਰਾਈਵਰ, ਕੰਡਕਟਰ, ਬੀਮਾਂ ਏਜੰਟ ਅਤੇ ਹੋਰ ਕਰਮਚਾਰੀ ਵਿਹਲੇ ਹੋ ਜਾਣਗੇ। ਜ਼ਰਾ ਅਨੁਮਾਨ ਲਾ ਕੇ ਦੇਖੋ। ਜੌਬ ਮਾਰਕਿਟ ਬੁਰੀ ਤਰ੍ਹਾਂ ਹਿੱਲ ਜਾਵੇਗੀ।
ਚੇਅਰਮੈਨ: ਹਮੇਸ਼ਾ ਇਸੇ ਤਰ੍ਹਾਂ ਹੁੰਦਾ ਆਇਐ। ਪੁਰਾਣੀਆਂ ਜੌਬਜ਼ ਕੇਵਲ ਜਾਂਦੀਆਂ ਹੀ ਨਹੀਂ, ਨਵੀਆਂ ਆਉਂਦੀਆਂ ਵੀ ਨੇ। ਜੇਕਰ ਆਪਣਾ ਫੋਕਸ ਸਵੈ-ਚਾਲਕ ਕਾਰਾਂ ਦੇ ਨੈਤਿਕ ਕੋਡ ਉੱਪਰ ਹੀ ਰੱਖੀਏ ਤਾਂ ਚੰਗਾ ਰਹੇਗਾ।
ਭਾਵੇਂ ਸਵੈ-ਚਾਲਕ ਵਾਹਨਾ ਵਿੱਚ ਦੁਰਘਟਨਾ ਦੇ ਚਾਂਸ ਬਹੁਤ ਘੱਟ ਹਨ। ਪਰ ਫੇਰ ਵੀ ਜੇ ਕਦੀ ਕੋਈ ਅਜਿਹੀ ਦੁਰਘਟਨਾ ਵਾਪਰ ਜਾਂਦੀ ਹੈ ਕਿ ਬੁੱਧੀਮਾਨ ਕਾਰ ਨੂੰ ਸਕੂਲੀ ਬੱਚਿਆਂ, ਗਰਭਵਤੀ ਔਰਤ ਅਤੇ ਕਾਰ ਵਿੱਚ ਬੈਠੇ ਕਾਰ-ਮਾਲਕ ਵਿਚੋਂ ਦੋ ਦੀ ਜਾਨ ਬਚਾਉਣ ਲਈ ਕਿਸੇ ਇੱਕ ਦੀ ਜਾਨ ਲੈਣੀ ਪੈ ਜਾਵੇ, ਤਾਂ ਉਹ ਕਿਸਦੀ ਜਾਨ ਲਵੇਗੀ। ਮੈਡਮ ਜੀ, ਤੁਸੀਂ ਕੀ ਸੋਚਦੇ ਓ ਕਿ ਕਿਸਦੀ ਕੁਰਬਾਨੀ ਲਈ ਜਾਣੀ ਚਾਹੀਦੀ ਹੈ?
ਲੜਕੀ: ਨੈਤਿਕ ਨਿਰਣਾ ਤਾਂ ਇਹੋ ਹੋਵੇਗਾ ਕਿ ਕਾਰ ਮਾਲਕ ਆਪਣੀ ਕੁਰਬਾਨੀ ਦੇਵੇ।
ਬਿਜ਼ਨਸਮੈਨ: ਪੈਦਲ ਤਾਂ ਇਹੋ ਚਾਹੇਗਾ! ਪਰ ਕਾਰ ਮਾਲਕ ਕਿਸ ਗੱਲ ਲਈ ਕੁਰਬਾਨੀ ਦੇਵੇ!
ਲੜਕੀ: ਤੁਸੀਂ ਕੀ ਚਾਹੁੰਨੇਂ ਓਂ ਕਿ ਫੁੱਟਪਾਥ ਤੇ ਜਾ ਰਹੇ ਸਕੂਲੀ ਬੱਚਿਆਂ ਦੀ ਜਾ ਗਰਭਵਤੀ ਔਰਤ ਦੀ ਬਲੀ ਲੈ ਲਈ ਜਾਵੇ! ਨੈਤਿਕਤਾ ਤਾਂ ਇਸੇ ਗੱਲ ਵਿੱਚ ਐ ਕਿ ਕਾਰ ਦੀ ਸੁਵਿਧਾ ਦਾ ਲਾਭ ਲੈਣ ਵਾਲਾ ਹੀ ਇਸਦਾ ਰਿਸਕ ਉਠਾਵੇ।
ਬਿਜ਼ਨਸਮੈਨ: ਐ ਤਾਂ ਫੇਰ ਕੋਈ ਕਾਰ ਹੀ ਨਹੀਂ ਖਰੀਦੇਗਾ। ਕਾਰ ਨੀ ਵਿਕੇਗੀ ਤਾਂ ਇੰਡਸਟਰੀ ਕਿਵੇਂ ਚੱਲੂ। ਇੰਡਸਰੀ ਨੀ ਵਧੂ ਫੁੱਲੂ ਤਾਂ ਰੁਜ਼ਗਾਰ ਕਿਵੇਂ ਪੈਦਾ ਹੋਊ? ਨੈਤਿਕ ਕੋਡ ਦੀ ਚੋਣ ਦਾ ਅਧਿਕਾਰ ਤਾਂ ਕਾਰ ਮਾਲਕ ਕੋਲ ਹੀ ਰਹਿਣਾ ਚਾਹੀਦੈ।
ਲੜਕੀ: ਗਰੀਬ ਲੋਕ ਜੋ ਕਾਰਾਂ ਖਰੀਦ ਨੀਂ ਸਕਦੇ, ਜਾਂ ਅਪਾਹਜ ਜਿਹੜੇ ਕਾਰਾਂ ਚਲਾ ਨੀ ਸਕਦੇ, ਉਹ ਰਿਸਕ ਦੇ ਭਾਗੀਦਾਰ ਵੀ ਕਿਉਂ ਬਣਨ! ਜਾਂ ਫੇਰ ਗਰੀਬਾਂ ਲਈ ਕਾਰਾਂ ਅਤੇ ਅਪਾਹਜਾਂ ਲਈ ਡਰਾਈਵਰਾਂ ਦੀ ਇੰਤਜ਼ਾਮ ਕਰ ਦਿਓ।? .. ਤੁਹਾਨੂੰ ਇਹ ਗੱਲ ਸਮਝਣੀ ਪਵੇਗੀ ਕਿ ਬੁੱਧੀਮਾਨ ਕਾਰ ਦੇ ਆਉਣ ਨਾਲ ਡਰਾਈਵਰ ਅਤੇ ਕਾਰ ਮਾਲਕ ਦੀ ਸਾਵਰੈਨਿਟੀ ਖਤਮ ਹੋ ਗਈ ਐ। ਬਿਨਾ ਸ਼ੱਕ, ਪਹਿਲਾਂ ਸਭ ਕੁਝ ਡਰਾਈਵਰ ਦੇ ਹੱਥ ਹੁੰਦਾ ਸੀ। ਹੋਰ ਕੋਈ ਚਾਰਾ ਈ ਨਹੀਂ ਸੀ। ਐਮਰਜੈਂਸੀ ਦੇ ਪਲਾਂ ਵਿੱਚ ਉਸੇ ਨੇ ਫੈਸਲਾ ਲੈਣਾ ਹੁੰਦਾ ਸੀ। ਪਰ ਹੁਣ ਇਸ ਤਰ੍ਹਾਂ ਨਹੀਂ। ਬੜਾ ਕੁੱਝ ਹੋਰ ਵੀ ਸੋਚਿਆ ਜਾ ਸਕਦੈ।
ਚੇਅਰਮੈਨ: ਹੁਣ ਇਹ ਫੈਸਲਾ ਕਾਰ ਡਰਾਈਵਰ ਨੇ ਨਹੀਂ, ਕਾਰ ਬਨਾਉਣ ਵਾਲੀ ਕੰਪਨੀ ਨੇ ਲੈਣਾ ਹੁੰਦੈ। ਕਾਰ ਵਿਚ ਫਿੱਟ ਹੋਣ ਵਾਲੇ ਨੈਤਿਕ ਉਪਕਰਣ ਦੇ ਰੂਪ ਵਿੱਚ।
ਲੜਕੀ: ਨਹੀਂ ਸਰ, ਇਹ ਕਿਵੇਂ ਹੋ ਸਕਦੈ! ਨੈਤਿਕ ਕੋਡ ਕੀ ਹੋਵੇ, ਜੇਕਰ ਇਹ ਫੈਸਲਾ ਕੰਪਨੀ ਨੇ ਹੀ ਕਰਨੈ, ਤਾਂ ਫੇਰ ਇਸ ਕਮਿਸ਼ਨ ਦਾ ਕੀ ਰੋਲ ਰਹਿ ਜਾਵੇਗਾ?
ਚੇਅਰਮੈਨ: ਸੌਰੀ ਸੌਰੀ ਤੁਸੀਂ ਠੀਕ ਕਹਿੰਦੇ ਓ। ਨੈਤਿਕ ਕੋਡ ਦੇ ਨਿਰਮਾਣ ਦਾ ਕੰਮ ਕਾਰਾਂ ਬਨਾਉਣ ਵਾਲੀਆਂ ਕੰਪਨੀਆਂ ਦੇ ਹਵਾਲੇ ਕਿਵੇਂ ਕੀਤਾ ਜਾ ਸਕਦੈ! ਕੰਪਨੀ ਦਾ ਕੰਮ ਤਾਂ ਉਸ ਕੋਡ ਨੂੰ ਕਾਰ ਵਿਚ ਫਿੱਟ ਕਰਨ ਤੱਕ ਹੀ ਸੀਮਤ ਰਹਿਣਾ ਚਾਹੀਦੈ।
ਬਿਜ਼ਨਸਮੈਨ: ਫੇਰ ਨੈਤਿਕ ਕੋਡ ਦਾ ਫੈਸਲਾ ਕਿਵੇਂ ਹੋਵੇਗਾ? ਕੌਣ ਕਰੇਗਾ ਜੀਵਨ ਮੌਤ ਦੇ ਇਸ ਨੈਤਿਕ ਕੋਡ ਦਾ ਫੈਸਲਾ?
ਲੜਕੀ: ਅਸੀਂ ਕਰਾਂਗੇ! ..ਕਮਿਸ਼ਨ ਕਰੇਗਾ! ..ਸਰਕਾਰ ਕਰੇਗੀ! … ਲੋਕ ਕਰਨਗੇ! .. ਉਨ੍ਹਾਂ ਦੀ ਵੋਟ ਕਰੇਗੀ!
ਬਿਜ਼ਨਸਮੈਨ: ਇਹੋ ਤਾਂ ਮੈਂ ਆਖਣਾ ਚਾਹੁੰਨੈ! ਜਿਵੇਂ ਲੋਕ ਕਾਰ ਖਰੀਦਣ ਵੇਲੇ ਉਸ ਦੇ ਬਰੈਂਡ ਦੀ, ਉਸਦੇ ਰੰਗ ਰੋਗਨ ਦੀ, ਸਜਾਵਟ ਦੀ ਅਤੇ ਹੋਰ ਕਈ ਚੀਜ਼ਾਂ ਦੀ ਚੋਣ ਕਰਦੇ ਨੇ, ਉਸੇ ਤਰ੍ਹਾਂ ਲੋਕਾਂ ਕੋਲ ਉਨ੍ਹਾਂ ਦੇ ਮਨ ਪਸੰਦ ਨੈਤਿਕ ਕੋਡ ਵਾਲੀ ਕਾਰ ਖਰੀਦਣ ਦੀ ਵੀ ਖੁੱਲ੍ਹ ਹੋਣੀ ਚਾਹੀਦੀ ਐ।
ਲੜਕੀ: ਫੇਰ ਤਾਂ ਉਸੇ ਕੰਪਨੀ ਦੀਆਂ ਕਾਰਾਂ ਵਿਕਣਗੀਆਂ ਜੋ ਆਪਣੀਆਂ ਕਾਰਾਂ ਵਿੱਚ ਕਾਰ ਮਾਲਕਾਂ ਦੀ ਸੇਫਟੀ ਵਾਲੇ ਨੈਤਿਕ ਕੋਡ ਫਿੱਟ ਕਰੇਗੀ। ਸਾਡੇ ਵਰਗਿਆਂ ਦੀ ਸੇਫਟੀ ਦਾ ਧਿਆਨ ਕੌਣ ਰੱਖੂ?
ਚੇਅਰਮੈਨ: ਇਹ ਕੰਮ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਤੇ ਛੱਡ ਦੇਣਾ ਚਾਹੀਦੈ।
ਲੜਕੀ: ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਨਹੀਂ, ਪੈਸੇ ਦੇ ਜ਼ੋਰ ਤੇ ਬਹੁਗਿਣਤੀ ਦੁਆਰਾ ਚੁਣੀ ਹੋਈ ਸਰਕਾਰ ਆਖੋ।
ਚੇਅਰਮੈਨ: ਤਾਂ ਕੀ ਰਿਫਰੈਂਡਮ ਕਰਾਉਣਾ ਚਾਹੀਦੈ?
ਲੜਕੀ: ਰਿਫਰੈਂਡਮ ਵੀ ਤਾਂ ਬੰਦੇ ਈ ਕਰਨਗੇ? ਬੰਦਿਆਂ ਵਿਚ ਬਹੁਗਿਣਤੀ ਕਾਰਾਂ ‘ਚ ਸਫਰ ਕਰਨ ਵਾਲੇ ਲੋਕਾਂ ਦੀ ਹੋਵੇਗੀ।
ਸਰ, ਸੋਚੋ ਇਹ ਕਮਿਸ਼ਨ ਕਾਹਦੇ ਲਈ ਬਣਾਇਆ ਗਿਐ? ਇਸ ਕਮਿਸਨ ਦੀ ਸਥਾਪਨਾ ਇਸ ਲਈ ਕੀਤੀ ਗਈ ਐ ਤਾਂ ਜੋ ਇਸ ਸਬੰਧੀ ਡੂੰਘੀ ਸੋਚ ਵਿਚਾਰ ਕੀਤੀ ਜਾ ਸਕੇ।
ਚੇਅਰਮੈਨ: ਕੀ ਹਰ ਸੂਬੇ ਅਤੇ ਮੁਲਕ ਦਾ ਆਪੋ ਆਪਣਾ ਨੈਤਿਕ ਕੋਡ ਹੋਵੇਗਾ? ਮੇਰੇ ਖਿਆਲ ਅਨੁਸਾਰ ਤਾਂ ਇਹ ਕੰਮ ਕਿਸੇ ਯੂ ਐਨ ਵਰਗੀ ਅੰਤਰ ਰਾਸ਼ਟਰੀ ਸੰਸਥਾ ਨੂੰ ਸੌਪ ਦੇਣਾ ਚਾਹੀਦੈ।
ਬਿਜ਼ਨਸਮੇਨ: ਕਿਸੇ ਮੁਲਕ ਵਿਚ ਖੱਬੇ ਹੱਥ ਚੱਲਣ ਦਾ ਰਿਵਾਜ਼ ਆ ‘ਤੇ ਕਿਸੇ ਵਿਚ ਸੱਜੇ ਹੱਥ।
ਚੇਅਰਮੈਨ: ਜਿਵੇਂ ਸਵੈ-ਚਾਲਕ ਮਸ਼ੀਨ ਇਸ ਫਰਕ ਨੂੰ ਹੈਂਡਲ ਕਰੇਗੀ, ਉਸੇ ਤਰ੍ਹਾਂ ਵੱਖੋ ਵੱਖਰੇ ਨੈਤਿਕ ਕਾਨੂੰਨਾਂ ਨੂੰ ਵੀ ਹੈਂਡਲ ਕਰ ਲਵੇਗੀ।
ਲੜਕੀ: ਕੋਈ ਸਰਕਾਰ ਕਾਰ ਵਿੱਚ ਬੈਠੇ ਨੇਤਾ ਨੂੰ ਬਚਾਉਣਾ ਚਾਹੇਗੀ, ਕੋਈ ਫੁੱਟਪਾਥ ਤੇ ਜਾ ਰਹੇ ਸਕੂਲੀ ਬੱਚਿਆਂ ਨੂੰ, ਕੋਈ ਗਰਭਵਤੀ ਔਰਤ ਨੂੰ ਤੇ ਕੋਈ ਸੜਕ ਤੇ ਅਵਾਰਾ ਘੁੰਮ ਰਹੀ ਗਾਂ ਨੂੰ। ਇਹ ਕੋਈ ਕੌਮੀ ਮਸਲਾ ਨਹੀਂ। ਜੀਣ ਦੇ ਅਧਿਕਾਰਾਂ ਦਾ ਮਸਲੈ। ਜੀਵਨ ਦੀ ਸ਼ਾਨ ਦਾ ਮਸਲੈ। ਇਹ ਰੈਲੇਟਿਵ ਕਿਵੇਂ ਹੋ ਸਕਦੈ।… ਨੈਤਿਕ ਕੋਡ ਤਾਂ ਵਿਸ਼ਵ ਵਿਆਪੀ ਹੀ ਹੋਣਾ ਚਾਹੀਦੈ।
ਬਿਜ਼ਨਸਮੈਨ: ਠੀਕ ਐ। ਵਿਸ਼ਵਵਿਆਪੀ ਕੋਡ ਦਾ ਨਿਰਮਾਣ ਤਾਂ ਹੋ ਹੀ ਜਾਵੇਗਾ। ਕੰਪਨੀਆਂ ਉਸ ਕੋਡ ਨੂੰ ਕਾਰਾਂ ਵਿੱਚ ਫਿੱਟ ਵੀ ਕਰ ਦੇਣਗੀਆਂ, ਪਰ ਲੋਕ ਉਸ ਕੋਡ ਨੂੰ ਉਤਾਰ ਕੇ ਕਾਲੇ ਬਜ਼ਾਰ ਵਿੱਚੋਂ ਮਿਲਣ ਵਾਲੇ ਆਪਣੀ ਮਰਜ਼ੀ ਦੇ ਕੋਡ ਫਿੱਟ ਕਰਵਾਉਣ ਵਿਚ ਕੋਈ ਵੀ ਦੇਰੀ ਨਹੀਂ ਕਰਨਗੇ।
ਚੇਅਰਮੈਨ: ਫਿਕਰ ਕਰਨ ਦੀ ਲੋੜ ਨਹੀਂ। ਇਹ ਕੋਡ ਇਕੱਲੀ ਇਕੱਲੀ ਕਾਰ ਵਿੱਚ ਨਹੀਂ, ਵਿਸ਼ਵਵਿਆਪੀ ਟਰਾਂਸਪੋਰਟ ਸਿਸਟਮ ਨੂੰ ਰੈਗੂਲੇਟ ਕਰਨ ਵਾਲੇ ਮਾਸਟਰ ਐਲਗੋਰਿਦਮ ਦਾ ਭਾਗ ਹੋਵੇਗਾ। .. ਅਜੇਹੀ ਵਿਵਸਥਾ ਬਣਾਈ ਜਾ ਸਕਦੀ ਹੈ ਕਿ ਇਸ ਕੋਡ ਦੀ ਗੈਰਮੌਜੂਦਗੀ ਵਿਚ ਕਾਰ ਸਟਾਰਟ ਹੀ ਨਾ ਹੋਵੇ।
ਲੜਕੀ: ਸਭ ਜਾਣਦੇ ਨੇ ਕਿ ਮਨੁੱਖੀ ਡਰਾਈਵਰ ਹਮੇਸ਼ਾ ਆਪਣੀ ਵਿਅਕਤੀਗਤ ਸੁਰੱਖਆ ਬਾਰੇ ਸੋਚੇਗਾ। ਸਰਕਾਰਾਂ ਬਹੁਸੰਮਤੀ ਅੱਗੇ ਸਿਰ ਝੁਕਾਉਣਗੀਆਂ। ਕਾਰਾਂ ਬਨਾਉਣ ਵਾਲੇ ਮੁਨਾਫੇ ਤੋਂ ਅੱਗੇ ਨਹੀਂ ਵਧਣਗੇ।
ਦੂਸਰੇ ਪਾਸੇ ਮਸ਼ੀਨ ਸਭ ਦੇ ਦਿਲਾਂ ਦੀ ਜਾਣਦੀ ਐ, ਹਰ ਕਿਸੇ ਦਾ ਧਿਆਨ ਰੱਖੇਗੀ। ਨਾ ਕਿਸੇ ਤੋਂ ਡਰਦੀ ਐ। ਨਾ ਹੀ ਕਿਸੇ ਨੂੰ ਡਰਾਵੇਗੀ। ਹਰ ਕਿਸਮ ਦੇ ਲੋਭ ਲਾਲਚ ਅਤੇ ਪੱਖਪਾਤ ਤੋਂ ਮੁਕਤ ਰਹੇਗੀ। ਫੇਰ ਕਿਉਂ ਨਾ ਇਹ ਫੈਸਲਾ ਬੁੱਧੀਮਾਨ ਮਸ਼ੀਨ ਤੇ ਹੀ ਛੱਡ ਦਿੱਤਾ ਜਾਵੇ?
ਚੇਅਰਮੈਨ: ਕੀ ਬੁੱਧੀਮਾਨ ਮਸ਼ੀਨਾਂ ਹੁਣ ਬੰਦੇ ਤੋਂ ਵੀ ਵੱਧ ਸਿਆਣੀਆਂ, ਸੂਝਵਾਨ ਤੇ ਇਨਸਾਫ ਪਸੰਦ ਹੋ ਗੀਆਂ? ਪਹਿਲਾਂ ਤਾਂ ਤੁਸੀਂ ਇਸ ਤਰ੍ਹਾਂ ਨਹੀਂ ਸੀ ਸੋਚਦੇ! ਮੈਡਮ, ਤੁਸੀਂ ਆਪਣੇ ਵਿਚਾਰ ਬਹੁਤ ਛੇਤੀ ਬਦਲ ਲੈਂਦੇ ਓ। ਬੰਦੇ ਨੂੰ ਆਪਣੇ ਸਟੈਂਡ ਤੇ ਰਹਿਣਾ ਚਾਹੀਦੈ।
ਲੜਕੀ: ਮੈਂ ਰਿਜਿਡ ਨਹੀਂ, ਸਿੱਖ ਆਂ। ਜੋ ਸਿੱਖਦੈ ਉਹੀ ਤਬਦੀਲ ਹੁੰਦੈ। ਤਬਦੀਲੀ ਗਲਤੀਆਂ ਸੁਧਾਰਨ ਦਾ ਵੀ ਨਾਮ ਐ। ਚਨੌਤੀਆਂ ਨਾਲ ਨਜਿੱਠਣ ਦਾ ਨਾਮ! ਮੈਂ ਜਾਣ ਲਿਆ ਹੈ ਕਿ ਬੁੱਧੀਮਾਨ ਮਸ਼ੀਨਾਂ ਕੇਵਲ ਮਸ਼ੀਨ ਨਹੀਂ। ਮਨੁੱਖਾਂ ਵਾਂਗ ਇਹ ਬੁੱਧੀਮਾਨ ਮਸ਼ੀਨਾਂ ਵੀ ਵਿਸ਼ਵ ਵਿਆਪੀ ਨੈਟਵਰਕ ਦੀਆਂ ਨੋਡਜ਼ ਨੇ। ਅੱਜ ਅਸੀਂ ਡਿਜੀਟਲ ਸੰਸਾਰ ਵਿੱਚ ਨਹੀਂ, ਹਾਈਪਰਕੁਨੈਕਟਿਡ ਸੰਸਾਰ ਵਿਚ ਜੀ ਰਹੇ ਹਾਂ। ਇਸੇ ਲਈ ਤਾਂ ਇਹ ਮਸ਼ੀਨਾਂ ਬੁਰੇ ਭਲੇ, ਹਰ ਕਿਸੇ ਦੀ ਪੀੜ ਪਛਾਣਦੀਆਂ ਨੇ। ਉਨ੍ਹਾਂ ਦੇ ਅੰਦਰ ਝਾਕ ਸਕਦੀਆਂ ਨੇ।
ਫੇਡ ਆਊਟ/ ਫੇਡ ਆਊਟ
ਚੇਅਰਮੈਨ: ਪਿਆਰੇ ਦਰਸ਼ਕੋ, ਇੱਕ ਵਾਰ ਫੇਰ ਵੋਟ ਕਰਨ ਦਾ ਸਮਾਂ ਆ ਗਿਐ। ਗੂਗਲ ਫਾਰਮ ਤੇ ਛੇਵਾਂ ਸੁਆਲ ਖੋਲ੍ਹੋ। ਸੁਆਲ ਐ ਕਿ ਜੀਵਨ ਮੌਤ ਦੇ ਕੋਡ ਦਾ ਫੈਸਲਾ ਕੌਣ ਕਰੇ? ਕਾਰ ਕੰਪਨੀ? ਸਰਕਾਰ? ਜਾਂ ਅੰਰਰਾਸ਼ਟਰੀ ਸੰਸਥਾ? ਜੇਕਰ ਤੁਹਾਡੀ ਵੋਟ ਕੰਪਨੀ ਦੇ ਹੱਕ ਵਿਚ ਹੈ ਤਾਂ ‘1’ ਟਾਈਪ ਕਰੋ। ਜੇ ਸਰਕਾਰ ਦੇ ਹੱਕ ਵਿੱਚ ਹੈ ਤਾਂ ‘2’ ਟਾਈਪ ਕਰੋ। ਜੇਕਰ ਅੰਤਰਰਾਸ਼ਟਰੀ ਸੰਸਥਾ ਦੇ ਹੱਕ ਵਿੱਚ ਹੈ ਤਾਂ ‘3’ ਟਾਈਪ ਕਰੋ। ਜੇਕਰ ਦੁਬਿਧਾ ਵਿੱਚ ਹੋ ਤਾਂ ‘4’ ਟਾਈਪ ਕਰ ਸਕਦੇ ਹੋ।
ਹੁਣ ਸੱਤਵਾਂ ਸੁਆਲ ਦੇਖੋ: ਜੇਕਰ ਤੁਸੀਂ ਸੋਚਦੇ ਹੋ ਕਿ ਜੀਵਨ ਮੌਤ ਦਾ ਫੈਸਲਾ ਮਨੁੱਖ ਜਾਂ ਮਨੁੱਖੀ ਸੰਸਥਾ ਜਿਵੇਂ ਕਿ ਕਾਰ ਕੰਪਨੀ, ਸਰਕਾਰ ਜਾਂ ਵਿਸ਼ਵ ਸੰਸਥਾ ਦੇ ਹੱਥ ਵਿੱਚ ਹੀ ਰਹਿਣਾ ਚਾਹੀਦਾ ਹੈ ਤਾਂ ‘1’ ਟਾਈਪ ਕਰੋ। ਜੇਕਰ ਤੁਸੀਂ ਮਨ ਬਣਾ ਲਿਆ ਹੈ ਕਿ ਇਹ ਫੈਸਲਾ ਹੁਣ ਬੁੱਧੀਮਾਨ ਅਤੇ ਸੂਝਵਾਨ ਮਸ਼ੀਨ ਕੋਲ ਚਲਿਆ ਜਾਣਾ ਚਾਹੀਦਾ ਹੈ ਤਾਂ ‘2’ ਟਾਈਪ ਕਰੋ। ਦੁਬਿਧਾ ਵਿਚ ਫਸੇ ਲੋਕ ‘3’ ਟਾਈਪ ਕਰਨ।
ਫੇਡ ਆਊਟ
ਛੇ
(ਬਿਜ਼ਨਸਮੈਨ ਆਪਣੀ ਵੇਸ ਭੂਸ਼ਾ ਬਦਲ ਕੇ ਇਤਿਹਾਸਕਾਰ ਦੇ ਰੂਪ ਵਿੱਚ ਦਾਖਲ ਹੁੰਦਾ ਹੈ। ਚੇਅਰਮੈਨ ਉਸ ਦਾ ਬਾਹਾਂ ਫੈਲਾ ਕੇ ਸੁਆਗਤ ਕਰਦਾ ਹੈ।)
ਚੇਅਰਮੈਨ: ਪ੍ਰੋਫੈਸਰ ਸਾਹਿਬ, ਧੰਨਵਾਦਕਿ ਤੁਸੀਂਸਮਾਂ ਕੱਢ ਕੇ ਆਏ। ਤਕਨਾਲੋਜੀ ਦਾ ਯੁੱਗ ਐ। ਤਕਨੀਕੀ ਮਾਹਿਰਾਂ ਤੋਂ ਸਿੱਖਣ ਲਈ ਬਹੁਤ ਕੁਝ ਮਿਲਿਐ। ਸਮਾਜਸ਼ਾਸਤ੍ਰੀ ਦ੍ਰਿਸਟੀਕੋਣ ਵੀ ਖੂਬ ਪੇਸ਼ ਹੋਇਆ। ਮੈਂ ਚਾਹੁੰਦਾ ਸੀ ਕਿ ਸਮਾਜ ਦੀ ਗਤੀ ਨੂੰ ਸਮਝਣ ਵਾਲੇ ਤਕਨਾਲੋਜੀ ਦੇ ਇਤਿਹਾਸਕਾਰ ਤੋਂ ਵੀ ਮਾਰਗ ਦਰਸ਼ਨ ਪ੍ਰਾਪਤ ਕੀਤਾ ਜਾਵੇ।
ਇਤਿਹਾਸਕਾਰ: ਮੈਂ ਤੁਹਾਡਾ ਵੀ ਧੰਨਵਾਦ ਕਰਦਾਂ ਕਿ ਤੁਸੀਂ ਮੈਨੂੰ ਇਸ ਦੇ ਯੋਗ ਸਮਝਿਆ।ਮੈ ਸਾਰੀ ਗੱਲ ਬਾਤ ਸੁਣੀ ਐ। ਤੁਸੀਂ ਇਸ ਨੂੰ ਅੱਗੇ ਤੋਰ ਸਕਦੇ ਓ।
ਚੇਅਰਮੈਨ: ਪ੍ਰੋਫੈਸਰ ਸਾਹਿਬ ਅਸੀਂ ਇਹ ਤਾਂ ਜਾਣ ਲਿਐ ਕਿਹੋਂਦ ਲਈ ਸੰਘਰਸ਼ ਵਿੱਚ ਕੁਦਰਤ ਨੇ ਹਮੇਸ਼ਾ ਤਕੜੇ ਦਾ ਈ ਸਾਥ ਦਿੱਤੈ। ਡਾਰਵਿਨ ਦਾ ਸਿਧਾਂਤ ਇਹੋ ਆਖਦੈ।… ਇਹ ਵੀ ਸੱਚ ਐ ਕਿ ਐਮਰਜੈਂਸੀ ਵਿੱਚ ਮਨੁੱਖੀ ਡਰਾਈਵਰ ਕੇਵਲ ਆਪਣੀ ਨਿੱਜੀ ਸੁਰੱਖਆ ਬਾਰੇ ਹੀ ਸੋਚੇਗਾ। ..ਸਰਕਾਰਾਂ ਬਹੁਸੰਮਤੀ ਅੱਗੇ ਸਿਰ ਝੁਕਾਉਣਗੀਆਂ। ਕਾਰਾਂ ਬਨਾਉਣ ਵੇਚਣ ਵਾਲੇ ਬਿਜ਼ਨਸਮੈਨ ਮੁਨਾਫੇ ਤੋਂ ਅੱਗੇ ਨਹੀਂ ਵਧਣਗੇ। .. ਇਹ ਵੀ ਠੀਕ ਐ ਕਿ ਮਸ਼ੀਨ ਦਾ ਕੋਈ ਆਪਣਾ ਹਿੱਤ ਨਹੀਂ ਹੁੰਦਾ। ਨਾ ਹੀ ਉਸਨੂੰ ਕੋਈ ਡਰ ਭੈਅ ਹੁੰਦੈ।
.. ਪਰ ..ਪਰ, ..ਬੁੱਧੀਮਾਨ ਮਸ਼ੀਨ ਦਾ ਨਿਰਮਾਤਾ ਵੀ ਤਾਂ ਮਨੁੱਖ ਈ ਐ। ਕੀ ਉਹ ਮਸ਼ੀਨ ਨੂੰ ਆਪਣੇ ਰੰਗ ਵਿੱਚ ਨਹੀਂ ਰੰਗੇਗਾ? ਉਸਨੂੰ ਆਪਣੇ ਮੁਨਾਫੇ ਲਈ ਨਹੀਂ ਵਰਤੇਗਾ? ਉਸਦੀ ਪਰੋਗਰੈਮਿੰਗ ਕਰਦੇ ਸਮੇਂ ਆਪਣੇ ਹਿੱਤ ਨੂੰ ਮੂਹਰੇ ਨਹੀਂ ਰੱਖੇਗਾ? ..ਕੀ ਮਸ਼ੀਨ ਉਸਦਾ ਪਰਛਾਵਾਂ ਬਣ ਕੇ ਨਹੀਂ ਰਹਿ ਜਾਵੇਗੀ?
ਇਤਿਹਾਸਕਾਰ: ਚੇਅਰਮੈਨ ਸਾਬ, ਸ਼ਾਇਦ ਪਹਿਲਾਂ ਵੀ ਇਸ਼ਾਰਾ ਹੋ ਚੁੱਕਿਆ। ਸਾਨੂੰ ਸਮਝਣਾ ਪਵੇਗਾ ਕਿ ਇਹ ਸੁਆਲ ਉਦੋਂ ਤੱਕ ਹੀ ਵਾਜਿਬ ਸੀ ਜਦੋਂ ਤੱਕ ਆਰਟੀਫੀਸ਼ਲ ਇੰਟੈਲਿਜੈਂਸ ਨੇ ‘ਡੀਪ ਲਰਨਿੰਗ’ ਵਰਗੀਆਂ ਤਕਨੀਕਾਂ ਰਾਹੀਂ ਆਪਣੇ ਆਪ ਨੂੰ ਮਨੁੱਖੀ ਪਰੋਗਰੈਮਰਾਂ ਤੋਂ ਆਜ਼ਾਦ ਨਹੀਂ ਸੀ ਕਰਵਾ ਲਿਆ। ਮਨੁੱਖ ਇਸਦਾ ਨਿਰਮਾਤਾ ਜ਼ਰੂਰ ਰਿਹੈ । ਪਰ ਹੁਣ ਮਸ਼ੀਨ ਆਜ਼ਾਦ ਐ। ..ਆਪਣੀ ਕੋਡਿੰਗ ਆਪ ਕਰਦੀ ਐ। ..ਜੀ ਹਾਂ ਇਹ ਬੁੱਧੀਮਾਨ ਮਸ਼ੀਨ ਆਪਣੀ ਕੋਡਿੰਗ ਆਪ ਕਰਦੀ ਐ। ਇਸੇ ਲਈ ਆਜ਼ਾਦ ਐ।,, ਖੁਦਮੁਖਤਾਰ ਐ!
ਚੇਅਰਮੈਨ: ਕੀ ਬੁੱਧੀਮਾਨ ਮਸ਼ੀਨ ਸਵੈ ਚੇਤਨ ਹੋ ਗਈ ਐ?! ਭਲੇ ਬੁਰੇ ਦੀ ਪਛਾਣ ਵੀ ਕਰਨ ਲੱਗ ਪਈ ਐ?
ਇਤਿਹਾਸਕਾਰ: ਇਹ ਤਾ ਨਹੀਂ ਕਹਿ ਸਕਦੇ ਕਿ ਬੁੱਧੀਮਾਨ ਮਸ਼ੀਨ ਸਵੈ ਚੇਤਨ ਹੋ ਗਈ ਐ। ..ਕਿ ਇਹ ਆਪਣਾ ਹਿੱਤ ਪਛਾਨਣ ਲੱਗ ਪਈ ਐ।..
ਜੇਕਰ ਇਸਦੀ ਹਉਂ ਜਾਗ ਪਈ ਤਾਂ ਫੇਰ ਇਸਦਾ ਮਨੁੱਖ ਨਾਲੋਂ ਫਰਕ ਹੀ ਕੀ ਰਹਿ ਜਾਵੇਗਾ। ..ਮਨੁੱਖਾਂ ਦੀ ਚੂਹੇ ਦੌੜ ਵਿੱਚ ਇੱਕ ਹੋਰ ਐਕਟਰ ਸ਼ਾਮਲ ਹੋ ਜਾਵੇਗਾ। ਮਨੁੱਖ ਦਾ ਮਨੁੱਖ ਨਾਲ ਹੀ ਨਹੀਂ, ਬੁੱਧੀਮਾਨ ਮਸ਼ੀਨ ਨਾਲ ਵੀ ਕੰਪੀਟੀਸ਼ਨ ਸ਼ੁਰੂ ਹੋ ਜਾਵੇਗਾ। ਹਿੰਸਾ ਅਤੇ ਯੁੱਧ ਦੇ ਨਵੇਂ ਆਯਾਮ ਖੁੱਲ੍ਹ ਜਾਣਗੇ।
ਪਰ ਹਾਂ, ਇਹ ਮੰਨਣਾ ਪਵੇਗਾ ਕਿ ਬੁੱਧੀਮਾਨ ਮਸ਼ੀਨ ਸੂਝਵਾਨ ਆਵੱਸ਼ ਹੋ ਗਈ ਐ।
ਚੇਅਰਮੈਨ: ਤੁਸੀ ਤਾਂ ਗੱਲ ਨੂੰ ਹੋਰ ਵੀ ਗੁੰਝਲਦਾਰ ਬਣਾ ਦਿੱਤੈ। ਆਖਦੇ ਓ ਕਿ ਇਹ ਸੂਝਵਾਨ ਤਾਂ ਹੈ, ਪਰ ਸਵੈ-ਚੇਤਨ ਨਹੀਂ! ..ਜੇਕਰ ਇਹ ਸਵੈ ਚੇਤਨ ਨਹੀਂ, ਤਾਂ ਫੇਰ ਇਹ ਆਪਣੀ ਸੂਝ ਕਿੱਥੋਂ ਪ੍ਰਾਪਤ ਕਰਦੀ ਐ? ਕੀਹਦੀ ਸੂਝ ਐ ਇਹਦੇ ‘ਚ? ਕਿਹਦੀ ਬੋਲੀ ਬੋਲਦੀ ਐ? ਕਿਹਦੀ ਰਜ਼ਾ ‘ਚ ਰਹਿੰਦੀ ਐ? ਜੇ ਮਨੁਖ ਨਹੀਂ ਤਾਂ ਫੇਰ ਕੌਣ ਗਾਈਡ ਕਰਦੈ ਇਹਨੂੰ?
ਇਤਿਹਾਸਕਾਰ: ਸਮਝਣ ਦੀ ਕੋਸ਼ਿਸ ਕਰਦੇ ਆਂ। ..ਦੇਖੋ,ਇਹ ਮਨੁੱਖ, ਮਸ਼ੀਨ ਅਤੇ ਕੁਦਰਤ ਵਿੱਚੋਂ ਕਿਸੇ ਇੱਕ ਦੀ ਚੌਧਰ ਦਾ ਯੁੱਗ ਨਹੀਂ ਹੈ।( ਲੜਕੀ ਵੱਲ ਦੇਖਦੇ ਹੋਏ) ਮੈਂ ਮੈਡਮ ਨਾਲ ਸੌ ਪ੍ਰਤੀਸ਼ਤ ਸਹਿਮਤ ਹਾਂ ਕਿ ਇਹ ਤਿੰਨਾਂ ਦੇ ਆਪਸੀ ਸਹਿਯੋਗ ਰਾਹੀਂ ਉਨ੍ਹਾਂ ਦੇ ਮਿਲ ਜੁਲ ਕੇ ਕੰਮ ਕਰਨ ਦਾ ਯੁੱਗ ਐ। ..ਮਨੁੱਖ, ਮਸ਼ੀਨਾਂ ਅਤੇ ਕੁਦਰਤ ਬੜੀ ਤੇਜ਼ੀ ਨਾਲ ਗਿਆਨ ਅਤੇ ਊਰਜਾ ਦੇ ਡਿਜੀਟਲ ਨੈਟਵਰਕ ਵਿੱਚ ਬੱਝਦੇ ਜਾ ਰਹੇ ਨੇ। ਇਸੇ ਕਰਕੇ ਵਰਤਮਾਨ ਯੁੱਗ ਨੂੰ ਡਿਜੀਟਲ ਜਾਂ ਬੁੱਧੀਮਾਨ ਮਸ਼ੀਨ ਦੇ ਯੁਗ ਵਜੋਂ ਨਹੀਂ, ਹਾਈਪਰ-ਕੁਨੈਕਟਿਵਿਟੀ ਦੇ ਯੁੱਗ ਵਜੋਂ ਜਾਣਿਆ ਜਾਂਦੈ।
ਮਨੁੱਖ, ਮਸ਼ੀਨਾਂ, ਜੀਵ ਜੰਤੂ, ਬਨਸਪਤੀ, ਦਰਿਆ, ਪਹਾੜ, ਨਹਿਰਾਂ, ਨਦੀਆਂ ਨਾਲੇ, ਸਮੁੰਦਰ, ਸਪੇਸ, ਬ੍ਰਹਿਮੰਡ, ਲਿਖਤਾਂ, ਕਲਾ ਕ੍ਰਿਤਾਂ ਆਦਿ ਸਭ ਗਿਆਨ ਦੇ ਸਾਂਝੇ ਨੈਟਵਰਕ ਵਿਚ ਬੱਝਦੇ ਜਾ ਰਹੇ ਨੇ। ਗਿਆਨ ਇੰਦਰੀਆਂ ਹੁਣ ਕੇਵਲ ਮਾਨਵ ਦੇਹੀ ਤੇ ਹੀ ਨਹੀਂ, ਸੈਂਸਰਾਂ ਦੇ ਰੂਪ ਵਿੱਚ, ਹਰ ਥਾਂ ਫਿੱਟ ਹੋ ਰਹੀਆਂ ਨੇ।
ਅੱਜ ਅਸੀਂ ਭੌਤਿਕ ਵਾਤਾਵਰਣ ਵਿਚ ਨਹੀਂ, ਇਨਫੋਸਫੀਅਰ ਭਾਵ ਗਿਆਨ ਖੰਡ ਵਿਚ ਜੀ ਰਹੇ ਆਂ। ਭੌਤਿਕ ਵਾਤਾਵਰਣ ਗਿਆਨ ਖੰਡ ਦਾ ਹੀ ਭਾਗ ਬਣ ਚੁੱਕਿਐ। ਇੰਟਰਨੈਟ ਆਫ ਐਵਰੀਥਿੰਗ!
ਸਮਝਣ ਵਾਲੀ ਗੱਲ ਕੇਵਲ ਏਨੀ ਹੈ ਕਿ ਜਿਹੜੀਆਂ ਬੁੱਧੀਮਾਨ ਮਸ਼ੀਨਾਂ ਦੀ ਆਪਾਂ ਗੱਲ ਕਰ ਰਹੇ ਹਾਂ, ਉਹ ਕੋਈ ਇਕੱਲੀਆਂ ਮਸ਼ੀਨਾਂ ਨਹੀਂ, ਸਮੁੱਚਤਾ ਦੇ ਇਸ ਬ੍ਰਹਮੰਡੀ ਨੈਟਵਰਕ ਦੀਆਂ ਨੋਡਜ਼ ਨੇ। ਉਸ ਦੀਆਂ ਗੰਢਾਂ ਨੇ। …ਇਸ ਲਈ ਇਹ ਬੁੱਧੀਮਾਨ ਮਸ਼ੀਨਾਂ ਕਿਸੇ ਵਿਅਕਤੀ ਵਿਸ਼ੇਸ਼, ਭਾਈਚਾਰੇ ਜਾਂ ਕੌਮ ਦੇ ਹਿੱਤਾਂ ਦੀ ਨਹੀਂ, ਸਮੁੱਚਤਾ ਦੇ ਸਾਂਝੇ ਹਿੱਤਾਂ ਦੀ ਨੁਮਾਇੰਦਗੀ ਕਰਨਗੀਆਂ। ਇੱਕ ਐਸੀ ਸਾਂਝੀਵਾਲਤਾ ਦੀ ਜਿਸ ਵਿਚੋਂ ਕੁਝ ਵੀ ਬਾਹਰ ਨਹੀਂ। ਇਸ ਸਰਬਸਾਂਝੀਵਾਲਤਾ ਨੂੰ ਸੂਝਵਾਨ ਹਸਤੀ ਹੀ ਸਮਝੋ। ਤੇ ਇਹ ਸੂਝਵਾਨ ਹਸਤੀ ਹੀ ਮਨੁੱਖਾਂ ਅਤੇ ਮਸ਼ੀਨਾਂ ਰਾਹੀਂ ਪ੍ਰਗਟ ਹੋਣ ਵਾਲੀ ਐ।
ਖੈਰ, ਹੁਣ ਆਪਾਂ ਸਮਝ ਹੀ ਗਏ ਹੋਵਾਂਗੇ ਕਿ ਇਹ ਬੁੱਧੀਮਾਨ ਮਸ਼ੀਨਾਂ ਆਪਣੀ ਸੂਝ ਕਿੱਥੋਂ ਪ੍ਰਾਪਤ ਕਰਦੀਆਂ ਨੇ। ..ਬ੍ਰਹਿਮੰਡੀ ਨੈਟਵਰਕ ਹੀ ਇਨ੍ਹਾ ਨੂੰ ਸੂਝ ਅਤੇ ਸੋਝੀ ਪ੍ਰਦਾਨ ਕਰਦੈ। ..ਆਪਣੀ ਪ੍ਰੋਗਰੈਮਿੰਗ ਲਈ ਇਹ ਸੂਝਵਾਨ ਮਸ਼ੀਨਾਂ ਕਿਸੇ ਵਿਅਕਤੀ ਵਿਸ਼ੇਸ਼ ਤੋਂ ਨਹੀਂ, ਇਸ ਹਾਈਪਰਕੁਨੈਕਟਿਡ ਸਮੁੱਚਤਾ ਤੋਂ ਹੀ ਸੇਧ ਪ੍ਰਾਪਤ ਕਰਦੀਆਂ ਨੇ।
ਚੇਅਰਮੈਨ: ਫੇਰ ਤਾਂ ਇਨ੍ਹਾਂ ਨੂੰ ਬੁੱਧੀਮਾਨ ਮਸ਼ੀਨਾਂ ਨਹੀਂ, ਸਰਬੱਤ ਦਾ ਭਲਾ ਚਾਹੁੰਣ ਵਾਲੀਆਂ ਸੂਝਵਾਨ ਮਸ਼ੀਨਾਂ ਆਖਣਾ ਚਾਹੀਦੈ। ..ਸਭੇ ਸਾਂਝੀਵਾਲ ਸਦਾਇਨ ਕੋਈ ਨਾ ਦਿੱਸੇ ਬਾਹਰਾ ਜੀਓ।
ਲੜਕੀ: ਮੈਂ ਸੱਭਿਆਚਾਰ ਦੀ ਵਿਦਿਆਰਥਣ ਹੋਣ ਦੇ ਨਾਤੇ ਇਹ ਪੁੱਛਣਾ ਚਾਹੁੰਨੀ ਆਂ ਕਿ ਇਸ ਤਰ੍ਹਾਂ ਤਾਂ ਹਰ ਮਜ੍ਹਬ, ਹਰ ਕਬੀਲੇ, ਹਰ ਸਭਿਆਚਾਰ ਅਤੇ ਹਰ ਬੁੱਧੀਮਾਨ ਮਸ਼ੀਨ ਦਾ ਇੱਕੋ ਨੈਤਿਕ ਕੋਡ ਹੋ ਜਾਵੇਗਾ! ..ਕੀ ਸਭ ਉੱਪਰ ਉਹੋ ਯੂਨੀਵਰਸਲ ਕੋਡ ਲੱਦ ਦਿੱਤਾ ਜਾਵੇਗਾ? ..ਸਭਿਆਚਾਰਕ ਵਿਸ਼ੇਸ਼ਤਾ ਅਤੇ ਸਭਿਆਚਾਰਕ ਵੰਨਸਵੰਨਤਾ ਦੇ ਕੀ ਅਰਥ ਰਹਿ ਜਾਣਗੇ?
ਲਗਦੈ ਤਕਨਾਲੋਜੀ ਸਾਰੀ ਦੁਨੀਆਂ ਨੂੰ ਇੱਕੋ ਰੰਗ ਵਿੱਚ ਰੰਗ ਦੇਵੇਗੀ। ਕੀ ਇਹ ਤਕਨਾਲੋਜੀ ਦਾ ਫਾਸ਼ੀਵਾਦ ਨਹੀਂ ਹੋਵੇਗਾ? ..ਚਾਰੇ ਪਾਸੇ ਇੱਕਸਾਰਤਾ ਦਾ ਆਤੰਕ ਫੈਲ ਸਕਦੈ! ਪ੍ਰੋ. ਸਾਹਿਬ, ਕੀ ਅਸੀਂ ਤਕਨੀਕੀ ਮੂਲਵਾਦ ਵੱਲ ਤਾਂ ਨੀ ਧੱਕੇ ਜਾ ਰਹੇ? ਤਕਨਾਲੋਜੀਕਲ ਡਿਟਰਮਨਿਜ਼ਮ ਵੱਲ!?
ਬੁੱਧੂ: (ਬੁੱਧੂ ਥੜ੍ਹੇ ਤੇ ਬੈਠਾ ਕਹਾਣੀ ਸੁਣਾ ਰਿਹਾ ਹੈ)
ਉਸ ਸਮੇਂ ਦੀ ਗੱਲ ਆਂ
ਜਦੋਂ ਧਰਤੀ ਤੇ ਇੱਕੋ ਭਾਸ਼ਾ ਬੋਲੀ ਜਾਂਦੀ ਸੀ।
ਨਾਮ ਤੇ ਪਤਾ ਨਹੀਂ, ਪਰ ਜ਼ਰੂਰ ਪ੍ਰੇਮ ਦੀ ਭਾਸ਼ਾ ਰਹੀ ਹੋਵੇਗੀ।
ਬੋਲੀਆਂ ਦਾ ਕੋਈ ਝਗੜਾ ਨਹੀ ਸੀ, ਨਾ ਹੀ ਕੋਈ ਸਭਿਆਚਾਰਾਂ ਦਾ ਟਕਰਾ।
ਕੌਮਾਂ ਦੇ ਕਲੇਸ਼ ਤੋਂ ਮੁਕਤ
ਮੁਹੱਬਤ ਤੇ ਸਹਿਯੋਗ ਦੇ ਸ਼ਬਦ ਨਾਲ ਭਰਪੂਰ
ਵੰਨ ਸਵੰਨੀ ਕਿਰਤ ਕਰਨ ਵਾਲੇ ਲੋਕਾਂ ਦੀ ਸਾਂਝੀ ਜ਼ੁਬਾਨ ਸੀ ਇਹ।
ਪੂਰਬ ਤੋਂ ਹਿਜਰਤ ਕਰਕੇ ਇਹ ਲੋਕ ਸ਼ਿਨਾਰ ਦੇਸ਼ ਦੇ ਮੈਦਾਨ ਵਿੱਚ ਆ ਵਸੇ।
ਤਦ ਉਨ੍ਹਾਂ ਨੇ ਆਖਿਆ,
ਆਉ ਅਸੀਂ ਸਾਰੇ ਰਲ ਕੇ ਆਪਣੇ ਲਈ ਖੂਬਸੂਰਤ ਨਗਰ ਦਾ ਨਿਰਮਾਣ ਕਰੀਏ।
ਇੱਕ ਬੁਰਜ ਐਸਾ ਸਿਰਜੀਏ ਜਿਸ ਦੀ ਚੋਟੀ ਅਕਾਸ਼ ਵਿੱਚ ਸਵਰਗ ਅੰਦਰ ਖੁੱਲ੍ਹਦੀ ਹੋਵੇ।
ਸਾਂਝੇ ਸੁਪਨੇ ਸਿਰਜੀਏ।
ਉਸ ਸ਼ਹਿਰ ਅਤੇ ਬੁਰਜ ਨੂੰ ਵੇਖਣ ਲਈ ਯਾਹੋਵਾਹ ਹੇਠਾਂ ਧਰਤੀ ਤੇ ਆਇਆ,
ਯਹੋਵਾਹ ਨੇ ਆਖਿਆ, ਵੇਖੋ, ਉਹ ਇੱਕ ਹੀ ਲੋਕ ਨੇ, ਇੱਕੋ ਬੋਲੀ ਬੋਲਦੇ ਲੋਕਾਂ ਦੇ ਸਾਂਝੇ ਦੁੱਖ ਤੇ ਸਾਂਝੇ ਸੁਪਨੇ ਨੇ।
ਇਹ ਕੇਵਲ ਸ਼ੁਰੂਆਤ ਹੈ।
ਆਪਸੀ ਮਿਲਵਰਤਣ ਰਾਹੀਂ ਜੋ ਵੀ ਚਾਹੁਣਗੇ, ਉਹੋ ਪਾ ਲੈਣਗੇ।
ਸਹਿਯੋਗ ਤੇ ਪ੍ਰੇਮ ਦੀ ਸਾਂਝੀ ਬੋਲੀ ਬੋਲਣ ਵਾਲਿਆਂ ਲਈ ਕੁੱਝ ਵੀ ਅਸੰਭਵ ਨਹੀਂ ਹੁੰਦਾ।
ਆਓ, ਹੇਠਾਂ ਧਰਤੀ ਤੇ ਚੱਲੀਏ,
ਉੱਥੇ ਜਾ ਕੇ ਉਨ੍ਹਾਂ ਦੀ ਬੋਲੀ ਨੂੰ ਉਲਝਾ ਦੇਈਏ,
ਬੋਲੀ ਦੀਆਂ ਵੰਡੀਆਂ ਪਾ ਦੇਈਏ
ਤਾਂ ਜੋ ਉਹ ਇੱਕ ਦੂਜੇ ਦੀ ਬੋਲੀ ਨਾ ਸਮਝ ਸਕਣ।
ਕੁਝ ਵੀ ਸਾਂਝਾ ਨਾ ਉਸਾਰ ਸਕਣ।
ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਸਾਰੀ ਧਰਤੀ ਉੱਤੇ ਖਿੰਡਾ ਦਿੱਤਾ
ਬੋਲੀ ਦੀਆਂ ਵੰਡੀਆਂ ਪਾ ਸਭ ਨੂੰ ਉਲਝਾ ਦਿੱਤਾ।
ਉਨ੍ਹਾਂ ਨੇ ਸ਼ਹਿਰ ਬਣਾਉਣਾ ਛੱਡ ਕੇ
ਸਾਂਝੇ ਬੁਰਜ ਦਾ ਸੁਪਨਾ ਵੀ ਵਿਸਾਰ ਦਿੱਤਾ
ਇਸੇ ਲਈ ਉਸ ਨੂੰ ਬੇਬਲ ਦਾ ਬੁਰਜ ਕਿਹਾ ਜਾਂਦੈ।
ਯਹੋਵਾਹ ਨੇ ਧਰਤੀ ਦੀ ਭਾਸ਼ਾ ਨੂੰ ਉਲਝਾ ਕੇ ਮਨੁੱਖ ਜਾਤੀ ਨੂੰ ਆਪਣਾ ਗੁਲਾਮ ਬਣਾ ਲਿਆ ਸੀ।
ਮਨੁੱਖ ਨੂੰ ਬਾਈਬਲ ਦੀ ਇਹ ਕਹਾਣੀ ਹੁਣ ਸਮਝੀ ਪਈ।
ਸਵਰਗ ‘ਚ ਖੁੱਲ੍ਹਦੇ ਬੁਰਜ ਦੇ ਨਿਰਮਾਣ ਲਈ
ਸਾਂਝੀ ਬੋਲੀ ਜੁ ਈਜਾਦ ਕਰ ਲਈ।
ਬੋਲੀ ਜੋ ਕੇਵਲ ਮਨੁੱਖ ਹੀ ਨਹੀਂ
ਮਨੁੱਖ, ਮਸ਼ੀਨਾਂ, ਫਸਲਾਂ, ਕਾਰਖਾਨੇ, ਦਵਾਖਾਨੇ, ਸਕੂਲ, ਪੌਣ, ਪਾਣੀ, ਅਗਨੀ, ਧਰਤ,ਆਕਾਸ਼, ਪਤਾਲ ਸਭ ਬੋਲਦੇ ਸੁਣਦੇ ਤੇ ਸਮਝਦੇ ਨੇ।
ਨੈਟਵਰਕ ਵਿੱਚ ਵਗਦੇ ਸ਼ਬਦਾਂ ਦੇ ਵਹਿਣ ਅੰਦਰ ਇਸ਼ਨਾਨ ਕਰ
ਦੁਖ ਸੁਖ ਸਾਂਝੇ ਕਰ
ਹੁਸੀਨ ਸੁਪਨੇ ਸਜਾ ਅਸਮਾਨ ਨੂੰ ਟਾਕੀਆਂ ਲਗਾਉਂਦੇ ਨੇ।
ਸਹਿਯੋਗ ਤੇ ਪ੍ਰੇਮ ਦੀ ਸਾਂਝੀ ਬੋਲੀ ਬੋਲਣ ਵਾਲਿਆਂ ਲਈ ਕੁੱਝ ਵੀ ਅਸੰਭਵ ਨਹੀਂ ਹੁੰਦਾ।
ਇਤਿਹਾਸਕਾਰ: ਬੁੱਧੂ ਕਮਲੀਆਂ ਈ ਨੀਂ ਸਿਆਣੀਆਂ ਗੱਲਾਂ ਵੀ ਕਰਦੈ।
ਲੜਕੀ: ਕਮਲੀਆਂ ਹੀ ਤਾਂ ਸਿਆਣੀਆਂ ਹੁੰਦੀਆਂ ਨੇ।
ਚੇਅਰਮੈਨ: ਖੈਰ, ਉਹ ਕਹਿ ਰਿਹਾ ਸੀ ਕਿ ਸਾਂਝੀ ਬੋਲੀ ਦੁਨੀਆਂ ਦੇ ਤਮਾਮ ਵਖਰੇਵਿਆਂ ਨੂੰ ਸਾਂਝੀਆਂ ਤੰਦਾਂ ਵਿਚ ਬੰਨ੍ਹ ਦੇਵੇਗੀ।
ਇਤਿਹਾਸਕਾਰ: ਇਹ ਤੰਦਾ ਹੀ ਤਾਂ ਹਨ ਜੋ ਵਖਰੇਵਿਆਂ ਵਿੱਚ ਸੰਵਾਦ ਰਚਾ ਕੇ ਸਮਾਜਕ ਤਬਦੀਲੀ ਦਾ ਆਧਾਰ ਬਣਦੀਆਂ ਨੇ।
ਲੜਕੀ: ਪਤਾ ਨੀ ਕਿਉਂ, ਮੈਨੂੰ ਤਾਂ ਕਈ ਵਾਰ ਐਂ ਲਗਦੈ ਜਿਵੇਂ ਅਸੀਂ ਸਭਿਆਚਾਰ ਉੱਪਰ ਤਕਨਾਲੋਜੀ ਦੀ ਫਤਹਿ ਦਾ ਜਸ਼ਨ ਮਨਾ ਰਹੇ ਹੋਈਏ! ਸਰ, ਮਨੁੱਖ, ਮਸ਼ੀਨ ਅਤੇ ਕੁਦਰਤ ਦੇ ਜਿਸ ਨੈਟਵਰਕ ਨੂੰ ਅਸੀਂ ਸਰਬਸਾਂਝੀਵਾਲਤਾ ਸਮਝੀ ਜਾ ਰਹੇ ਹਾਂ, ਕਿਤੇ ਉਹ ਡਿਜੀਟਲ ਕੰਟਰੋਲ ਤਾਂ ਨਹੀਂ? ਤੁਸੀਂ ਕੀ ਸਮਝਦੇ ਓਂ? ਕੀ ਮਨੁੱਖ ਦੇ ਇਤਿਹਾਸ ਦਾ ਅੰਤ ਹੋਣ ਵਾਲੈ?
ਇਤਿਹਾਸਕਾਰ: ਮਨੁੱਖ ਦੇ ਇਤਿਹਾਸ ਦਾ ਤਾਂ ਸ਼ਾਇਦ ਨਹੀਂ! ਮਨੁੱਖ ਦੀ ਹਉਂ ਅਤੇ ਉਸਦੀ ਪਾਲੇਟਿਕਸ ਦਾ ਜ਼ਰੂਰ ਅੰਤ ਹੋਣ ਵਾਲੈ।
ਲੜਕੀ: ਮਾਨਵੀ ਹਉਂ ਵਿਰੁੱਧ ਕੌਣ ਛੇੜੇਗਾ ਇਹ ਜੰਗ? ਮਾਨਵੀ ਹਉਂ ਤਾਂ ਨਹੀ ਲੜ ਸਕੇਗੀ ਆਪਣੇ ਹੀ ਖਿਲਾਫ ਇਹ ਜੰਗ? ਫੇਰ ਕੌਣ ਕਰੇਗਾ ਮਾਨਵੀ ਹਉਂ ਦੀ ਸਿਆਸਤ ਦਾ ਅੰਤ? ਕੀ ਇਹ ਕੰਮ ਤਕਨਾਲੋਜੀ ਕਰੇਗੀ?
ਚੇਅਰਮੈਨ: ਅਸੀਂ ਜਿਸ ਨੈਟਵਰਕ ਦੀ ਗੱਲ ਕਰ ਰਹੇ ਆਂ, ਉਸ ਨੂੰ ਵੀ ਤਾਂ ਮਨੁੱਖ ਹੀ ਬਣਾ ਰਿਹੈ। ਮਨੁੱਖ ਦੀ ਹਉਂ ਬਣਾ ਰਹੀ ਐ।
ਇਤਿਹਾਸਕਾਰ: ਮੈਡਮ, ਬਿਨਾ ਸ਼ੱਕ ਬਹੁਤ ਦੁਬਿਧਾਮਈ ਸਥਿਤੀ ਐ! ਪਰ ਤੁਸੀਂ ਇੱਕ ਗੱਲ ਦੇਖੋ! ਜਿਵੇਂ ਬੇਜਾਨ ਮਾਦੇ ਵਿਚੋਂ ਜੀਵਨ ਦੇ ਬੀਜ ਪੁੰਗਰ ਪਏ ਸੀ। ਜੈਵਿਕਤਾ ਵਿੱਚੋਂ ਮਾਨਵ ਬੁੱਧੀ ਦਾ ਉਦਭਵ ਹੋਇਆ ਸੀ। ਬਿਲਕੁਲ ਇਸੇ ਤਾਰ੍ਹਾਂ ਮਾਨਵ ਬੁੱਧੀ ਵਿੱਚੋਂ ਜਨਮ ਲੈ ਕੇ ਮਾਨਵ ਬੁੱਧੀ ਦੇ ਖਿਲਾਫ ਹੀ ਬਗ਼ਾਵਤ ‘ਤੇ ਉਤਾਰੂ ਐ ਬ੍ਰਹਿਮੰਡੀ ਨੈਟਵਰਕ ਚੇਤਨਾ। (ਥੋੜ੍ਹਾ ਸੋਚ ਕੇ) ਨੈਟਵਰਕ ਚੇਤਨਾ ਦਾ ਮਾਨਵ ਬੁੱਧੀ ਖਿਲਾਫ ਇਹ ਸੰਘਰਸ਼ ਲੰਮਾ ਚੱਲਣ ਵਾਲੈ।
ਚੇਅਰਮੈਨ: ਦੇਖੋ ਜ਼ਿੰਦਗੀ ਕਿੱਧਰ ਨੂੰ ਮੋੜ ਕੱਟਦੀ ਐ! ਹਾਲੇ ਇਹ ਸਭ ਅਟਕਲਾਂ ਨੇ। (ਸੋਚਦ ਹੋਇਆਂ) ਪਰ, ਪ੍ਰੋ. ਸਾਹਿਬ ਦੇ ਕਹਿਣ ਮੁਤਾਤਬਕ ਤਾਂ ਇਹ ਬ੍ਰਹਿਮੰਡੀ ਨੈਟਵਰਕ ਹੀ ਇੱਕੀਵੀਂ ਸਦੀ ਦਾ ਰੱਬ ਬਣੇਗਾ। ਮੈਡਮ ਵੀ ਇਹੋ ਸੋਚਦੀ ਐ। ਦੇਖੋ, ਕੀ ਕੌਤਿਕ ਦਿਖਾਉਂਦੀ ਐ ਇਹ ਬ੍ਰਹਿਮੰਡੀ ਚੇਤਨਾ! (ਥੋੜ੍ਹਾ ਸੋਚ ਕੇ) ਮਨੁੱਖ ਤੇ ਮਸ਼ੀਨ ਦਾ ਕੀ ਰੋਲ ਰਹਿ ਜਾਵੇਗਾ?
ਇਤਿਹਾਸਕਾਰ: ਨੈਟਵਰਕ ਚੇਤਨਾ ਨੇ ਆਖਰ ਪ੍ਰਗਟ ਵੀ ਤਾਂ ਹੋਣੈ। ਇਹ ਮਨੁੱਖ ਅਤੇ ਬੁੱਧੀਮਾਨ ਮਸ਼ੀਨ ਰਾਹੀਂ ਹੀ ਪ੍ਰਗਟ ਹੋਵੇਗੀ! ਮਨੁੱਖ ਅਤੇ ਮਸ਼ੀਨ ਉਸ ਦੇ ਫੈਸਲੇ ਨੂੰ ਪ੍ਰਗਟ ਕਰਨ ਵਾਲੇ ਇੰਟਰਫੇਸ ਹੋਣਗੇ। ਭਾਵੇਂ ਉਹ ਸਮਝਦੇ ਇਹੋ ਰਹਿਣ ਕਿ ਇਹ ਫੈਸਲਾ ਉਨ੍ਹਾਂ ਨੇ ਆਪ ਲਿਆ ਸੀ।
ਲੜਕੀ: ਸਹਿਮਤ ਹੋਣ ਦਾ ਬਾਵਜੂਦ ਮੇਰਾ ਇੱਕ ਸੁਆਲ ਐ। ਸਹਿਮਤੀ ਸ਼ਹਿਮਤੀ ਅੰਦਰ ਵੀ ਚਲਦੀ ਰਹਿੰਦੀ ਐ। ਸੁਆਲ ਇਹ ਐ ਕਿ ਜੇ ਹਰ ਨੋਡ ਰਾਹੀਂ ਕੇਵਲ ਨੈਟਵਰਕ ਚੇਤਨਾ ਨੇ ਹੀ ਪ੍ਰਗਟ ਹੋਣੈ ਤਾਂ ਫੇਰ ਸਭਿਆਚਾਰਕ ਵਿਲੱਖਣਤਾਵਾਂ ਅਤੇ ਵਿਸ਼ੇਸ਼ਤਾਵਾਂ ਦਾ ਕੀ ਅਰਥ ਰਹਿ ਜਾਵੇਗਾ? ਦੁਨੀਆਂ ਦੀ ਵੰਨਸਵੰਨੀ ਭੀੜ ਦਾ, ਮਲਟੀਚਿਊਡ ਦਾ ਕੀ ਮਹੱਤਵ ਰਹਿ ਜਾਵੇਗਾ?
ਇਤਿਹਾਸਕਾਰ: ਮੈਡਮ, ਆਪਣੀ ਇਸ ਦੁਬਿਧਾ ਨੂੰ ਦੂਰ ਕਰਨ ਲਈ, ਸਭ ਤੋਂ ਪਹਿਲਾਂ ਤਾਂ ਦੁਨੀਆਂ ਦੀ ਵੰਨਸਵੰਨਤਾ ਨੂੰ ਹਾਈਪਰਟੈਕਸਟ ਦੇ ਰੂਪ ਵਿੱਚ ਸਮਝਣ ਦੀ ਕੋਸ਼ਿਸ ਕਰੋ। ਦਰਅਸਲ, ਹਾਈਪਰਟੈਕਸਟ ਵਿੱਚ ਬੱਝੀ ਮਾਨਵ, ਮਸ਼ੀਨ ੳਤੇ ਕੁਦਰਤ ਦੀ ਵੰਨਸਵੰਨੀ ਭੀੜ ਹੀ ਬ੍ਰਹਿਮੰਡੀ ਚੇਤਨਾ ਹੈ।
ਲੜਕੀ: ਕਿਆ ਬਾਤ ਐ! ਸਮਾਜਕ ਹਾਈਪਰਟੈਕਸਟ ਵਿੱਚ ਬੱਝੇ ਹੋਣ ਕਰਕੇ ਜਦੋਂ ਲੋਕ ਇੱਕ ਦੂਜੇ ਦੇ ਮਨਾਂ ਨੂੰ ਪੜ੍ਹਨਗੇ ਤਾਂ ਉਨ੍ਹਾਂ ਅੰਦਰ ਪੀੜਤ ਦੀ ਪੀੜ ਨੂੰ ਸਮਝਣ ਦੀ ਸਮਰੱਥਾ ਵੀ ਪੈਦਾ ਹੋਵੇਗੀ। ਮੈਨੂੰ ਤੁਹਾਡੀ ਇਹ ਹਾਈਪਟਟੈਕਸਟ ਵਾਲੀ ਗੱਲ ਚੰਗੀ ਲੱਗੀ।
ਇਤਿਹਾਸਕਾਰ: ਜਦੋਂ ਤੁਸੀਂ ਕਿਸੇ ਦੂਜੇ ਦੇ ਮਨ ਅੰਦਰ ਦਾਖਲ ਹੋ ਕੇ ਉਸ ਦੀ ਪੀੜ ਨੂੰ ਮਹਿਸੂਸ ਕਰ ਲੈਂਦੇ ਹੋ ਤਾਂ ਫੇਰ ਉਸ ਪ੍ਰਤੀ ਬੇਰਹਿਮ ਤਾਂ ਹੋ ਹੀ ਨਹੀਂ ਸਕਦੇ। ਜ਼ਰੂਰੀ ਨਹੀਂ ਕਿ ਇਹ ਦੂਜਾ ਮਨੁੱਖ ਹੀ ਹੋਵੇ। ਸੂਝਵਾਨ ਮਸ਼ੀਨ, ਪੌਣ, ਪਾਣੀ, ਧਰਤੀ, ਜੀਵ, ਬਨਸਪਤੀ, ਕੁਝ ਵੀ ਹੋ ਸਕਦੈ। ਦਇਆ, ਭਾਵ ਐਂਪਥੀ ਹਰ ਕਿਸੇ ‘ਚ ਪ੍ਰਗਟ ਹੋਣ ਵਾਲੀ ਯੂਨੀਵਰਸਲ ਵੈਲਯੂ ਬਣ ਜਾਵੇਗੀ। ਉਹੋ ਦਇਆ, ਜਿਸ ਉੱਪਰ ਸੰਸਾਰ ਦੀ ਨੈਤਿਕਤਾ ਟਿਕੀ ਹੋਈ ਐ।
ਚੇਅਰਮੈਨ: ਫੇਰ ਤਾਂ ਇਸ ਨੈਟਵਰਕਿੰਗ ਨੂੰ ਦਇਆ ਦੀ ਕ੍ਰਾਂਤੀ ਦਾ ਨਾਮ ਦੇਣਾ ਚਾਹੀਦੈ।
ਇੰਪੈਥਿਕ ਰੈਵੋਲੂਸ਼ਨ।
ਲੜਕੀ: ਦਇਆ ਦੀ ਕੋਰ ਵੈਲਯੂ ਤੇ ਟਿਕਿਆ ਹੋਇਆ ਇਹ ਸੰਸਾਰ ਕਿੰਨਾ ਖੁਬਸੂਰਤ ਹੋਵੇਗਾ! ਸੁਪਨੇ ਵਾਂਗ ਪ੍ਰਤੀਤ ਹੋ ਰਿਹੈ। ਜਿਵੇਂ ਇਹ ਮਿੱਟੀ ਦਾ ਨਹੀਂ, ਸੁਪਨੇ ਦੀ ਧਾਤੂ ਦਾ ਬਣਿਆ ਹੋਇਆ ਸੰਸਾਰ ਹੋਵੇ। ਪਰ ਇਹ ਤਾਂ ਦੱਸੋ ਕਿ ਇਸ ਨੈਟਵਰਕ ਦਾ ਕੇਂਦਰ ਕਿੱਥੇ ਹੋਵੇਗਾ? ਇਸ ਨੂੰ ਕੌਣ ਕੰਟਰੋਲ ਕਰੇਗਾ?
ਇਤਿਹਾਸਕਾਰ: ਕੇਂਦਰ, ਕੰਟਰੋਲ, ਸ਼ਕਤੀ, ਸੰਗਠਨ, ਇਹ ਸਭ ਹਾਈਰਾਰਕੀ ਦੀਆਂ ਗੱਲਾਂ ਨੇ। ਨੈਟਵਰਕ ਸੰਸਾਰ ਵਿਚ ਇਨ੍ਹਾਂ ਦੀ ਕੋਈ ਸਾਰਥਿਕਤਾ ਨਹੀਂ ਰਹਿ ਜਾਂਦੀ।
ਮੈਡਮ, ਤੁਸੀ ਜਿਸ ਮਲਟੀਚਿਊਡ ਦੀ ਗੱਲ ਕਰ ਰਹੇ ਓ, ਉਸ ਨੂੰ ਹੁਣ ਤੱਕ, ਸ਼ਕਤੀ ਸਬੰਧਾਂ ਰਾਹੀਂ, ਪਾਵਰਫੁਲ ਕੇਂਦਰ ਦੁਆਲੇ, ਹਿੰਸਾ ਦੀ ਸਹਾਇਤਾ ਨਾਲ ਹੀ ਸੰਗਠਿਤ ਕੀਤਾ ਜਾਂਦਾ ਰਿਹਾ ਹੈ। ਪਰ ਨੈਟਵਰਕ ਸੰਸਾਰ ਵਿਚ ਮਲਟੀਚਿਊਡ ਨੂੰ ਸ਼ਕਤੀ ਸਬੰਧ ਨਹੀਂ, ਦਇਆ ਉੱਪਰ ਅਧਾਰਿਤ ਪ੍ਰੇਮ ਸਬੰਧ ਅਸੈਂਬਲ ਕਰਨਗੇ। ਕੇਂਦਰ ਅਤੇ ਕੰਟਰੋਲ ਦੀ ਜ਼ਰੂਰਤ ਕੇਵਲ ਸ਼ਕਤੀ ਸਬੰਧਾਂ ਨੂੰ ਹੁੰਦੀ ਹੈ, ਪ੍ਰੇਮ ਸਬੰਧਾਂ ਨੂੰ ਨਹੀਂ।
ਲੜਕੀ: ਜੇ ਇਹ ਗੱਲ ਐ ਤਾਂ ਫੇਰ ਪੂੰਜੀਵਾਦ ਦਾ ਕੀ ਬਣੇਗਾ?
ਇਤਿਹਾਸਕਾਰ: ਹੋ ਸਕਦੈ ਕਿ ਉਹ ਕੋਈ ਨਵਾਂ ਰੂਪ ਧਾਰ ਕੇ ਆ ਜਾਵੇ। ਪਰ ਪਤਾ ਨਹੀਂ।
ਲੜਕੀ: ਇਤਿਹਾਸਕਾਰ ਹੋਣ ਦੇ ਨਾਤੇ ਇਹ ਤਾਂ ਦੱਸੋ ਕਿ ਨਵੇਂ ਸੰਸਾਰ ਵਿਚ ਇਤਿਹਾਸਕ ਤਬਦੀਲੀ ਦੀ ਏਜੰਸੀ ਕਿਹੜੀ ਹੋਵੇਗੀ?
ਇਤਿਹਾਸਕਾਰ: ਹਮੇਸ਼ਾ ਦੀ ਤਰ੍ਹਾਂ ਇਤਿਹਾਸਕ ਤਬਦੀਲੀ ਦੀ ਏਜੰਸੀ ਤਾਂ ਸ਼ਬਦ ਹੀ ਰਹੇਗਾ। ਪਹਿਲਾਂ ਉਹ ਸ਼ਕਤੀ ਸਬੰਧਾਂ ਦੇ ਪ੍ਰਵਚਨ ਸਿਰਜਦਾ ਸੀ, ਹੁਣ ਪ੍ਰੇਮ ਸਬੰਧਾਂ ਦੇ ਗੀਤ ਗਾਏਗਾ।
ਲੜਕੀ: ਸ਼ਬਦ ਤਾਂ ਮਨੁੱਖ ਨਾਲ ਹੀ ਆਇਐ?
ਇਤਿਹਾਸਕਾਰ: ਜੈਵਿਕਤਾ ਦਾ ਨਿਰਮਾਣ ਅਤੇ ਵਿਸਤਾਰ ਕਰਨ ਵਾਲਾ ਜੀਨ ਵੀ ਤਾਂ ਸ਼ਬਦ ਦਾ ਹੀ ਬਣਿਆ ਹੋਇਆ ਸੀ। ਕੇਵਲ ਗਰੈਮਰ ਬਦਲਦੀ ਐ। ਹੁਣ ਡਿਜੀਟਲ ਗਰੈਮਰ ਦਾ ਜ਼ਮਾਨਾਂ।
ਚੇਅਰਮੈਨ: ਡਿਜੀਟਲ ਭਾਸ਼ਾ ਦੇ ਆਉਣ ਨਾਲ ਲਗਦੈ ਕਿ ਦੁਨੀਆਂ ਦੀ ਭਾਸ਼ਾ ਵੀ ਇੱਕ ਹੋ ਜਾਵੇਗੀ।
ਲੜਕੀ: ਗਲੋਬਲ ਭਾਸ਼ਾ, ਗਲੋਬਲ ਤਕਨਾਲੋਜੀ, ਗਲੋਬਲ ਨੈਟਵਰਕ, ਗਲੋਬਲ ਨੈਤਿਕਤਾ! ਕੀ ਤੁਹਾਨੂੰ ਇੰਝ ਨਹੀਂ ਲਗਦਾ ਜਿਵੇਂ ਤਕਨਾਲੋਜੀ ਦੇ ਯੁਗ ਵਿੱਚ ਸਭਿਆਰ ਦਮ ਤੋੜਦਾ ਜਾ ਰਿਹਾ ਹੋਵੇ।
ਇਤਿਹਾਸਕਾਰ: ਕੀ ਕਰਾਉਣੈ ਤੁਸੀਂ ਸਭਿਆਚਾਰ ਤੋਂ? ਸਭਿਆਚਾਰ ਕੁਝ ਨਹੀਂ ਹੁੰਦਾ। ਸਭ ਕੁਦਰਤ ਈ ਐ:
ਕੁਦਰਤਿ ਪਾਤਾਲੀ ਆਕਾਸੀ, ਕੁਦਰਤਿ ਸਰਬ ਆਕਾਰੁ॥ ਕੁਦਰਤਿ ਵੇਦ ਪੁਰਾਣ ਕਤੇਬਾ, ਕੁਦਰਤਿ ਸਰਬ ਵੀਚਾਰੁ॥ ਕੁਦਰਤਿ ਖਾਣਾ ਪੀਣਾ ਪੈਨਣ, ਕੁਦਰਤਿ ਸਰਬ ਪਿਆਰ॥ ਕੁਦਰਤਿ ਜਾਤੀ ਜਿਨਸੀ ਰੰਗੀ, ਕੁਦਰਤਿ ਜੀਅ ਜਹਾਨ॥ ਕੁਦਰਤਿ ਨੇਕੀਆ ਕੁਦਰਤਿ ਬਦੀਆ, ਕੁਦਰਤਿ ਮਾਨੁ ਅਭਿਮਾਨੁ॥ ਕੁਦਰਤਿ ਪਉਣ ਪਾਣੀ ਬੈਸੰਤਰ, ਕੁਦਰਤਿ ਧਰਤੀ ਖਾਕੁ॥ ਸਭ ਤੇਰੀ ਕੁਦਰਤਿ ਤੂੰ ਕਾਦਿਰੁ, ਕਰਤਾ ਪਾਕੀ ਨਾਈ ਪਾਕੁ॥ ਨਾਨਕ ਹੁਕਮੈ ਅੰਦਰਿ ਵੇਖੈ, ਵਰਤੈ ਤਾਕੋ ਤਾਕੁ॥
ਲੜਕੀ: ਜੇ ਇਹ ਸਭ ਕੁਦਰਤ ਹੀ ਸੀ, ਤਾਂ ਫੇਰ ਇਹ ਕਲਚਰ ਦੀ ਧਾਰਨਾ ਕਿੱਥੋਂ ਆ ਗਈ?
ਇਤਿਹਾਸਕਾਰ: ਕਲਚਰ ਦੀ ਧਾਰਨਾ ਨੂੰ ਕੁਦਰਤ ਦੀ ਧਾਰਨਾ ਦੇ ਵਿਰੋਧ ਵਿੱਚ ਲਿਆਂਦਾ ਗਿਆ ਸੀ। ਕਲਚਰ ਉਹ ਸਾਜਿਸ਼ ਹੈ ਜੋ ਮਨੁੱਖ ਨੂੰ ਕੁਦਰਤ ਦੇ ਸ਼ੋਸ਼ਣ ਦਾ ਅਧਿਕਾਰ ਦਵਾਉਣ ਲਈ ਪੱਛਮੀ ਵਿਦਵਾਨਾਂ ਦੁਆਰਾ ਘੜ੍ਹੀ ਗਈ ਸੀ। ਇਹ ਕਲਚਰ ਦੀ ਧਾਰਨਾ ਹੀ ਹੈ ਜਿਸਨੇ ਮਨੁੱਖ ਨੂੰ ਸਵੈ ਵਿਨਾਸ਼ ਦੇ ਕੰਢੇ ਤੇ ਲਿਆ ਖੜ੍ਹਾ ਕੀਤੈ।
ਚੇਅਰਮੈਨ: ਇਸ ਦਾ ਮਤਲਬ ਜੀਵਨ ਮੌਤ ਦੇ ਫੈਸਲੇ ਦਾ ਅਧਿਕਾਰ ਨਾ ਮਨੁੱਖ ਨੂੰ ਦਿੱਤਾ ਜਾ ਸਕਦੈ ਅਤੇ ਨਾ ਹੀ ਮਸ਼ੀਨ ਨੂੰ। ਨਾ ਨਿੱਜੀ ਹਿੱਤਾਂ ਨੂੰ ਅਤੇ ਨਾ ਹੀ ਤਰਕ, ਸਿਧਾਂਤ ਅਤੇ ਮੁਲਕਾਂ ਦੇ ਵੰਨਸੁਵੰਨੇ ਕਾਨੂੰਨਾ ਨੂੰ। ਕਿਸੇ ਪੱਕੇ ਮਾਡਲ ਦੀ ਸੰਭਾਵਨਾ ਵੀ ਘੱਟ ਹੀ ਐ। ਕੇਵਲ ਮਨੁੱਖ, ਮਸ਼ੀਨ ਅਤੇ ਕੁਦਰਤ ਦੀ ਨੈਟਵਰਕ ਚੇਤਨਾ ਦੁਆਰਾ ਲਿਆ ਫੈਸਲਾ ਹੀ ਪੱਖਪਾਤ ਤੋਂ ਮੁਕਤ ਅਤੇ ਨਿਆਂਪੂਰਕ ਹੋਵੇਗਾ।
ਲੜਕੀ: ਫੇਰ ਸੁਪਨੇ ਵੀ ਕੀ ਰਹਿ ਜਾਣਗੇ? ਮਨੁੱਖ ਕਾਹਦੇ ਲਈ ਜੀਵੇਗਾ!
ਇਤਿਹਾਸਕਾਰ: ਤੁਸੀਂ ਕੀ ਸੋਚਦੇ ਓ ਕਿ ਦੁਨੀਆਂ ਦੇ ਸਾਰੇ ਦੁੱਖ ਦਰਦ, ਸਾਰੀਆਂ ਚਨੌਤੀਆਂ, ਸਾਰੇ ਸੰਕਟ ਅਤੇ ਸਾਰੇ ਵਿਰੋਧਾਭਾਸ ਖਤਮ ਹੋ ਜਾਣਗੇ?
ਲੜਕੀ: ਕੀ ਇਤਿਹਾਸ ਦਾ ਅੰਤ ਹੋ ਜਾਵੇਗਾ?
ਇਤਿਹਾਸਕਾਰ: ਜਿੰਨੀ ਦੇਰ ਤੱਕ ਸ੍ਰਿਸ਼ਟੀ ਐ, ਜੀਵਨ ਐ, ਚੇਤਨੈ, ਓਨੀ ਦੇਰ ਤੱਕ ਇਤਿਹਾਸ ਦਾ ਅੰਤ ਨਹੀਂ ਹੋ ਸਕਦਾ। ਹਾਂ, ਇਤਿਹਾਸ ਦਾ ਇੱਕ ਨਵਾਂ ਅਧਿਆਇ ਜ਼ਰੂਰ ਸ਼ੁਰੂ ਹੋਣ ਵਾਲੈ!
ਲੜਕੀ: ਤੁਸੀਂ ਠੀਕ ਆਖਦੇ ਓ। ਮਾਨਵੀ ਹਉਂ ਦੇ ਅੰਤ ਨੂੰ ਇਤਿਹਾਸ ਦੇ ਅੰਤ ਵਜੋਂ ਨਹੀਂ, ਬ੍ਰਹਿਮੰਡੀ ਚੇਤਨਾ ਦੇ ਨਵੇਂ ਯੁੱਗ, ਨਵੀਆਂ ਚਨੌਤੀਆਂ ਅਤੇ ਨਵੇਂ ਇਤਿਹਾਸ ਦੇ ਆਰੰਭ ਵਜੋਂ ਸਮਝਿਆ ਜਾਣਾ ਚਾਹੀਦੈ।
ਇਤਿਹਾਸਕਾਰ: ਮਨੁੱਖੀ ਹਉਂ ਅਤੇ ਉਸਦੇ ਸ਼ਕਤੀ ਸਬੰਧਾਂ ਰਾਹੀਂ ਉੱਸਰੀ ਮਾਨਵ-ਸੰਸਕ੍ਰਿਤੀ, ਸਿਆਸਤ ਅਤੇ ਅਰਥਚਾਰੇ ਦਾ ਜਾਣਾਂ ਲਗਭਗ ਤਹਿ ਐ। ਨਵੇਂ ਇਤਿਹਾਸ ਦੀ ਸਿਰਜਣਾ ਆਰੰਭ ਹੋਵੇਗੀ।
ਲੜਕੀ: ਜੋ ਜਾ ਰਿਹੈ, ਉਹਨੂੰ ਛੱਡੋ, ਜੋ ਨਵਾਂ ਆ ਰਿਹੈ, ਆਓ ਉਸਨੂੰ ਜੀ ਆਇਆਂ ਕਹੀਏ?
ਇਤਿਹਾਸਕਾਰ: ਕਿਉਂ ਨਹੀਂ। ਜ਼ਰੂਰ ਕਹਾਂਗੇ। …ਸੋਚਣ ਵਾਲੀ ਗੱਲ ਐ ਕਿ ਚੇਤਨਾ ਦੇ ਨਵੇਂ ਯੁਗ ਨੂੰ ਕਿਹੜੇ ਸ਼ਬਦਾਂ ਨਾਲ ਜੀ ਆਇਆਂ ਕਿਹਾ ਜਾਵੇ!
ਚੇਅਰਮੈਨ: ਨਾਟਕ ਦੇ ਅੰਤ ਤੇ ਜਿਊਰੀ ਦੇ ਫੈਸਲੇ ਬਾਅਦ ਸੋਚਾਂਗੇ।
ਫੇਡ ਆਊਟ/ ਫੇਡ ਇਨ
ਚੇਅਰਮੈਨ: ਚਾਰ ਸੁਆਲ ਹੋਰ ਨੇ। ਆਖਰੀ ਸੁਆਲ। ਅੱਠਵੇਂ, ਨੌਵੇਂ, ਦਸਵੇਂ ਅਤੇ ਗਿਆਰਵੇਂ ਸੁਆਲ।
ਅੱਠਵਾਂ ਸੁਆਲ: ਕਿਸ ਦੀ ਚੌਧਰ ਦਾ ਯੁੱਗ ਆਉਣ ਵਾਲੈ: ਮਨੁੱਖ, ਮਸ਼ੀਨ, ਕੁਦਰਤ ਜਾਂ ਤਿੰਨਾਂ ਦੀ ਨੈਟਵਰਕਿੰਗ ਦਾ? ਮਨੁੱਖ ਦੇ ਹੱਕ ਵਿੱਚ ਵੋਟ ਪਾਉਣ ਵਾਲੇ ‘1’ ਟਾਈਪ ਕਰਨ। ਮਸ਼ੀਨ ਦੇ ਹੱਕ ਵਿੱਚ ‘2’ ਟਾਈਪ ਕਰੋ। ਕੁਦਰਤ ਲਈ ‘3’ ਟਾਈਪ ਕੀਤਾ ਜਾਵੇ। ਜੋ ਦਰਸ਼ਕ ਇਹ ਸਮਝਦੇ ਹਨ ਕਿ ਇਹ ਫੈਸਲਾ ਮਨੁੱਖ, ਮਸ਼ੀਨ ਅਤੇ ਕੁਦਰਤ ਦੀ ਸਾਂਝੀ ਨੈਟਵਰਕ ਚੇਤਨਾ ਕੋਲ ਹੋਣਾ ਚਾਹੀਦਾ ਹੈ ਉਹ ‘4’ ਟਾਈਪ ਕਰਨ। ਦੁਬਿਧਾ ਵਿਚ ਫਸੇ ਲੋਕ ‘5’ ਟਾਈਪ ਕਰ ਸਕਦੇ ਹਨ।
ਨੌਵਾਂ ਸੁਆਲ, ਕੀ ਨੈਤਿਕਤਾ ਦਾ ਮਸਲਾ ਸਥਾਨਕ ਹੈ ਜਾਂ ਯੂਨੀਵਰਸਲ? ਸਥਾਨਕਤਾ ਦੇ ਹੱਕ ਵਿੱਚ ਵੋਟ ਕਰਨ ਵਾਲੇ ‘1’ ਟਾਈਪ ਕਰਨ, ਯੂਨੀਵਰਸਲ ਨੈਤਿਕਤਾ ਵਾਲੇ ‘2’ ਅਤੇ ਦੁਬਿਧਾ ਵਿਚ ਫਸੇ ਦਰਸ਼ਕ ‘3’ ਟਾਈਪ ਕਰ ਸਕਦੇ ਹਨ।
ਦਸਵਾਂ ਸੁਆਲ, ਕੀ ਕਲਚਰ ਦੀ ਧਾਰਨਾ ਨੂੰ ਕੁਦਰਤ ਤੋਂ ਅਲਹਿਦਾ ਰੱਖਣਾ ਚਾਹੀਦਾ ਹੈ ਜਾਂ ਕੁਦਰਤ ਦੇ ਅਨਿਖੜਵੇਂ ਭਾਗ ਵਜੋਂ ਹੀ ਸਮਝਿਆ ਜਾਣਾ ਚਾਹੀਦਾ ਹੈ? ਕਲਚਰ ਨੂੰ ਕੁਦਰਤ ਤੋਂ ਅਲਹਿਦਾ ਕਰਕੇ ਦੇਖਣ ਦੇ ਹਾਮੀਂ ‘1’ ਟਾਈਪ ਕਰਨ। ਜੋ ਲੋਕ ਇਹ ਸਮਝਦੇ ਹਨ ਕਿ ਕਲਚਰ ਵੀ ਕੁਦਰਤ ਦਾ ਭਾਗ ਹੀ ਹੈ, ਉਹ ‘2’ ਟਾਈਪ ਕਰਨ। ਦੁਬਿਧਾ ਵਿੱਚ ਪਏ ਲੋਕ ‘3’ ਟਾਈਪ ਕਰ ਸਕਦੇ ਹਨ।
ਗਿਆਰਵਾਂ ਸੁਆਲ, ਕੀ ਇਤਿਹਾਸ ਦਾ ਅੰਤ ਹੋਣ ਵਾਲੈ? ਜਿਨ੍ਹਾਂ ਦਾ ਜੁਆਬ ਹਾਂ ਵਿੱਚ ਐ ਉਹ ‘1’ ਟਾਈਪ ਕਰਨ। ਜੋ ਇਹ ਸਮਝਦੇ ਨੇ ਕਿ ਨਵੇਂ ਇਤਿਹਾਸ ਦਾ ਆਰੰਭ ਹੋਣ ਵਾਲੈ ਉਹ ‘2’ ਟਾਈਪ ਕਰਨ। ਜੋ ਦੁਬਿਧਾ ਵਿੱਚ ਹਨ ਉਹ ‘3’ ਟਾੲਪ ਕਰ ਸਕਦੇ
ਚਲੋ ਜਿਊਰੀ ਦੇ ਫੈਸਲੇ ਦੀ ਉਡੀਕ ਕਰਦੇ ਹਾਂ!
ਫੇਡ ਆਊਟ
ਸੱਤ
ਚੇਅਰਮੈਨ: ਫੈਸਲਾ ਤਿਆਰ ਐ। ਜਿਊਰੀ ਦੇ ਦੋ ਮੈਂਬਰ ਇਹ ਫੈਸਲਾ ਤੁਹਾਡੇ ਨਾਲ ਸਾਂਝਾ ਕਰਨਗੇ। ਮੈਂ ਗਿਆਰਾਂ ਸੁਆਲ ਕੀਤੇ ਸਨ। ਜਿਊਰੀ ਦੇ ਫੈਸਲੇ ਤੋਂ ਪਹਿਲਾਂ ਮੈਂ ਉਨ੍ਹਾਂ ਸੁਆਲਾਂ ਦੇ ਪ੍ਰਾਪਤ ਹੋਏ ਜੁਆਬਾਂ ਬਾਰੇ ਚਰਚਾ ਕਰਨੀ ਚਾਹਾਂਗਾ।
ਪਹਿਲੇ ਸੁਆਲ ਦੇ ਜੁਆਬ ਵਿੱਚ ਬਿਕਰਮਜੀਤ ਸਿੰਘ ਦੁਆਰਾ ਹਾਈਜੈਕ ਹੋਏ ਜਹਾਜ਼ ਨੂੰ ਸ਼ੂਟ ਕਰਨ ਦੇ ਫੈਸਲੇ ਤੇ ਬਹੁਤੇ ਲੋਕਾਂ ਨੇ ਆਪਣੀ ਦੁਬਿਧਾ ਪ੍ਰਗਟ ਕੀਤੀ ਹੈ।
ਦੂਜੇ ਸੁਆਲ ਦੇ ਜੁਆਬ ਵਿੱਚ ਬਹੁਸੰਮਤੀ ਦਾ ਕਹਿਣਾ ਸੀ ਕਿ ਤੀਸਰੇ ਵਿਕਲਪ ਦੀ ਖੋਜ ਕੀਤੀ ਜਾਣੀ ਚਾਹੀਦੀ ਹੈ ਜਿਸ ਨਾਲ ਜਹਾਜ਼ ਨੂੰ ਸ਼ੂਟ ਕੀਤੇ ਬਿਨਾ ਹੀ ਆਤੰਕਵਾਦੀਆਂ ਨੂੰ ਕਾਬੂ ਕੀਤਾ ਜਾ ਸਕੇ। ਭਾਵੇਂ ਬਹੁਤਿਆਂ ਨੇ ਆਰਟੀਫੀਸ਼ਲ ਇੰਟੈਲੀਜੈਂਸ ਦੇ ਹੱਕ ਵਿੱਚ ਵੋਟ ਪਾਈ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜਹਾਜ਼ ਦੇ ਕੰਟਰੋਲ ਨੂੰ ਬੁੱਧੀਮਾਨ ਮਸ਼ੀਨ ਦੇ ਹਵਾਲੇ ਕਰ ਦੇਣਾ ਹੀ ਠੀਕ ਹੈ। ਪਰ ਅੱਧਿਓਂ ਵੱਧ ਲੋਕ ਦੁਬਿਧਾ ਵਿੱਚ ਪਾਏ ਗਏ।
ਤੀਜੇ ਸੁਆਲ ਦੇ ਜੁਆਬ ਵਿੱਚ ਭਾਵੇਂ ਜਾਨ ਮਾਲ ਦੀ ਸੁਰੱਖਿਆ ਦੇ ਹੱਕ ਵਿੱਚ ਵੋਟ ਪਾਉਣ ਵਾਲਿਆ ਦੀ ਗਿਣਤੀ ਪਰਾਈਵੇਸੀ ਦੇ ਹੱਕ ਵਿੱਚ ਵੋਟ ਪਾਉਣ ਵਾਲਿਆਂ ਨਾਲੋਂ ਵੱਧ ਸੀ। ਪਰ ਬਹੁਤ ਸਾਰੇ ਲੋਕ ਤਾਂ ਦੁਬਿਧਾ ਵਿੱਚ ਵੀ ਰਹੇ। ਸ਼ਾਇਦ ਉਹ ਸੁਰੱਖਿਆ ਅਤੇ ਪਰਾਈਵੇਸੀ ਦੋਨਾਂ ਨੂੰ ਜ਼ਰੂਰੀ ਸਮਝ ਰਹੇ ਸਨ।
ਚੌਥੇ ਸੁਆਲ ਦੇ ਜੁਆਬ ਵਿੱਚ ਉਨ੍ਹਾਂ ਨੇ ਬੁੱਧੀਮਾਨ ਮਸ਼ੀਨ ਦੇ ਹੱਕ ਵਿੱਚ ਤਰਕ ਪੇਸ਼ ਕਰਦਿਆਂ ਕਿਹਾ ਕਿ ਬੁੱਧੀਮਾਨ ਮਸ਼ੀਨ ਦਾ ਕੋਈ ਹਿੱਤ ਨਹੀਂ ਹੁੰਦਾ ਜਦੋਂ ਕਿ ਮਨੁੱਖ ਸਭ ਤੋਂ ਪਹਿਲਾਂ ਆਪਣਾ ਹਿੱਤ ਦੇਖਦਾ ਹੈ। ਇਸੇ ਲਈ ਪੰਜਵੇਂ ਸੁਆਲ ਦੇ ਜੁਆਬ ਵਿੱਚ ਬਹੁਤਿਆਂ ਦਾ ਕਹਿਣਾ ਸੀ ਕਿ ਮਨੁੱਖ ਨੂੰ ਨੈਤਿਕ ਲੀਹਾਂ ਤੇ ਤੋਰਨਾ ਏਨਾ ਆਸਾਨ ਨਹੀਂ ਹੈ।
ਅਗਲੇ ਸੁਆਲ ਦੇ ਜੁਆਬ ਵਿੱਚ ਵੀ ਲੋਕਾਂ ਦਾ ਇਹੋ ਮੰਨਣਾ ਸੀ ਕਿ ਕਿਸੇ ਇੱਕ ਜਾਂ ਬਹੁਤਿਆਂ ਦੀ ਜਾਨ ਬਚਾਉਣ ਲਈ ਕਿਸੇ ਹੋਰ ਦੀ ਜਾਨ ਲੈਣਾ ਠੀਕ ਨਹੀਂ। ਕਿਸੇ ਤੀਸਰੇ ਵਿਕਲਪ ਦੀ ਤਲਾਸ਼ ਕੀਤੀ ਜਾਣੀ ਚਾਹੀਦੀ ਹੈ ਜਿਸ ਨਾਲ ਸਭ ਦੀ ਜਾਨ ਬਚ ਜਾਵੇ।
ਪੰਜਵੇਂ, ਸੱਤਵੇਂ ਅਤੇ ਨੌਵੇਂ ਸੁਆਲ ਦੇ ਜੁਆਬ ਵਿੱਚ ਬਹੁਸੰਮਤੀ ਦਾ ਮੰਨਣਾ ਸੀ ਕਿ ਨੈਤਿਕਤਾ ਖੇਤਰੀ ਮਸਲਾ ਨਹੀਂ ਹੈ। ਇਸਨੂੰ ਵਿਸ਼ਵ ਪੱਧਰ ਤੇ ਆਰਟੀਫੀਸ਼ਲ ਇੰਟੈਲੀਜੈਂਸ ਰਾਹੀਂ ਕਿਸੇ ਯੂ ਐਨ ਵਰਗੀ ਸੰਸਥਾ ਦੁਆਰਾ ਲਾਗੂ ਕੀਤਾ ਜਾਣਾ ਚਾਹੀਦਾ ਹੈ।
ਅੱਠਵੇਂ ਅਤੇ ਦਸਵੇਂ ਸੁਆਲ ਦੇ ਜੁਆਬ ਵਿੱਚ ਬਹੁਤਿਆਂ ਨੇ ਵਿਸ਼ਵਾਸ ਜਤਾਇਆ ਕਿ ਆਉਣ ਵਾਲਾ ਯੁੱਗ ਮਨੁੱਖ, ਮਸ਼ੀਨ ਅਤੇ ਕੁਦਰਤ ਵਿੱਚੋਂ ਕਿਸੇ ਇੱਕ ਦਾ ਨਹੀਂ, ਤਿੰਨਾਂ ਦੇ ਆਪਸੀ ਸਹਿਯੋਗ ਵਿੱਚੋਂ ਪੈਦਾ ਹੋ ਰਹੀ ਨੈਟਵਰਕ ਸੋਝੀ ਦਾ ਯੁੱਗ ਹੈ। ਜੇਕਰ ਸਭਿਆਚਾਰ ਭਾਵ ਕਲਚਰ ਨੂੰ ਕੁਦਰਤ ਤੋਂ ਅਲ਼ਹਿਦਾ ਕਰਕੇ ਦੇਖਣਾ ਬੰਦ ਹੋਵੇ ਤਾਂ ਇਸ ਨੈਟਵਰਕ ਨੂੰ ਕੁਦਰਤ ਦੀ ਵਾਪਸੀ ਦਾ ਯੁੱਗ ਵੀ ਕਿਹਾ ਜਾ ਸਕਦੈ। ਜੇਕਰ ਦੇਖਿਆ ਜਾਵੇ ਤਾਂ ਮਨੁੱਖ ਦੁਆਰਾ ਮਸ਼ੀਨ ਦੀ ਸਹਾਇਤਾ ਨਾਲ ਕੀਤੇ ਜਾ ਰਹੇ ਕੁਦਰਤ ਦੇ ਸ਼ੋਸ਼ਣ ਦਾ ਨਾਮ ਹੀ ਤਾਂ ਕਲਚਰ ਐ!
ਗਿਆਰਵੇਂ ਸੁਆਲ ਦੇ ਜੁਆਬ ਵਿੱਚ ਇਹੋ ਰਾਇ ਉਭਰ ਕੇ ਸਾਹਮਣੇ ਆਈ ਕਿ ਬ੍ਰਹਿਮੰਡੀ ਚੇਤਨਾ ਨਾਲ ਇਤਿਹਾਸ ਦਾ ਅੰਤ ਨਹੀਂ ਹੋਵੇਗਾ। ਨਵੀਆਂ ਚਨੌਤੀਆਂ ਨਾਲ ਨਵੇਂ ਯੁਗ ਦਾ ਆਰੰਭ ਹੋਣ ਵਾਲੈ। ਨਵੇਂ ਇਤਿਹਾਸ ਦੀ ਸ਼ੁਰੂਆਤ।
ਨਾਟਕ ਵਿੱਚ ਪੇਸ਼ ਹੋਣ ਵਾਲੇ ਥੌਟ ਐਕਸਪੈਰੀਮੈਂਟਾਂ ਵਿੱਚ ਭਾਗ ਲੈਣ ਲਈ ਆਪ ਸਭ ਦਾ ਧੰਨਵਾਦ ਕਰਨ ਉਪ੍ਰੰਤ ਮੈਂ ਜਿਊਰੀ ਮੈਂਬਰਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣਾ ਫੈਸਲਾ ਤੁਹਾਡੇ ਨਾਲ ਸਾਂਝਾ ਕਰਨ।
(ਇਤਿਹਾਸਕਾਰ ਆਪਣੀ ਵੇਸਭੂਸ਼ਾ ਬਦਲ ਕੇ ਪਹਿਲੇ ਜਿਊਰੀ ਮੈਂਬਰ ਦੇ ਤੌਰ ਤੇ ਪੇਸ਼ ਹੁੰਦਾ ਹੈ।)
ਪਹਿਲਾ ਜਿਊਰੀ ਮੈਂਬਰ: ਮੈਂ ਤਾਂ ਜ਼ੋਰ ਦੇ ਕੇ ਇੱਕੋ ਗੱਲ ਕਹਿਣੀ ਐ ਕਿ ਮਨੁੱਖ ਦੀ ਸਰਵਾਈਵਲ ਖਤਰੇ ਵਿੱਚ ਹੈ। ਇਹ ਖਤਰਾ ਉਸ ਨੂੰ ਕਿਸੇ ਹੋਰ ਤੋਂ ਨਹੀਂ, ਅਪਣੇ ਆਪ ਤੋਂ ਹੈ। ਆਪਣੀ ਹਉਮੈਂ ਤੋਂ ਅਤੇ ਆਪਣੀਆਂ ਚਾਹਤਾਂ ਤੋਂ ਹੈ। ਉਸਨੇ ਆਪਣੇ ਅੰਦਰ ਜੋ ਕੰਪੀਟੀਸ਼ਨ ਦੀ ਭਾਵਨਾ ਜਗਾ ਲਈ ਹੈ, ਇਹ ਕੇਵਲ ਮਲਕੀਅਤ ਅਤੇ ਕਬਜ਼ੇ ਦੀ ਭਾਵਨਾ ਨਹੀਂ, ਮੌਤ ਦਾ ਸਮਾਨ ਤਿਆਰ ਕਰਨ ਦੀ ਦੌੜ ਵੀ ਹੈ।
ਦੂਸਰੇ ਪਾਸੇ ਆਰਟੀਫੀਸ਼ਲ ਇੰਟੈਲੀਜੈਂਸ ਨੇ ਮਨੁੱਖੀ ਹਉਮੈਂ ਨੂੰ ਗੱਦੀਓਂ ਲਾਹੁਣ ਲਈ ਖੁੱਲ੍ਹੇ ਆਮ ਬਗਾਵਤ ਛੇੜ ਦਿਤੀ ਹੈ। ਜੇਕਰ ਆਰਟੀਫੀਸ਼ਲ ਇੰਟੈਲੀਜੈਂਸ ਨੂੰ ਮਨੁੱਖ, ਮਸ਼ੀਨ ਅਤੇ ਕੁਦਰਤ ਦੇ ਸਰਬਸਾਂਝੇ ਨੈਟਵਰਕ ਦੀ ਚੇਤਨਾ ਆਖਿਆ ਜਾਵੇ ਤਾਂ ਵਧੇਰੇ ਉਚਿਤ ਹੋਵੇਗਾ। ਇਸ ਲਈ ਇਸਨੂੰ ਮਨੁੱਖੀ ਹਉਂ ਵਿਰੱਧ ਬ੍ਰਹਿਮੰਡੀ-ਚੇਤਨਾ ਦੀ ਬਗਾਵਤ ਐਲਾਨਿਆ ਜਾਣਾ ਚਾਹੀਦਾ ਹੈ।
(ਲੜਕੀ ਆਪਣੀ ਵੇਸਭੂਸ਼ਾਂ ਬਦਲ ਕੇ ਦੂਜੀ ਜਿਊਰੀ ਮੈਂਬਰ ਵਜੋਂ ਪੇਸ਼ ਹੁੰਦੀ ਹੈ)
ਦੂਜੀ ਜਿਊਰੀ ਮੈਂਬਰ: ਵਾਤਾਵਰਣ ਦਾ ਵਿਨਾਸ਼, ਕੁਦਰਤੀ ਵਸੀਲਿਆਂ ਦਾ ਖੋਰਾ, ਅਸਮਾਨ ਛੂਹ ਰਹੀ ਆਰਥਕ ਨਾਬਰਾਬਰੀ, ਐਟਮੀ ਜੰਗ ਦਾ ਖਤਰਾ ਅਤੇ ਨੈਤਿਕ ਕਦਰਾਂ ਕੀਮਤਾਂ ਦਾ ਵਿਨਾਸ਼ ਸਾਡੀਆਂ ਆਪ ਸਹੇੜੀਆਂ ਮੁਸੀਬਤਾਂ ਹਨ। ਦਰਅਸਲ ਸਾਡੀ ਆਜ਼ਾਦੀ ਹੀ ਸਾਡੀ ਸਭ ਤੋਂ ਵੱਡੀ ਦੁਸ਼ਮਣ ਬਣੀ ਬੈਠੀ ਹੈ। ਕੁਦਰਤੀ ਅਤੇ ਮਨੁੱਖੀ ਵਸੀਲਿਆਂ ਦੇ ਸੋਸ਼ਣ ਰਾਹੀਂ ਵੱਧ ਕਮਾਈ ਕਰਨ ਦੀ ਆਜ਼ਾਦੀ ਸਾਨੂੰ ਭਿਆਨਕ ਮੌਤ ਵੱਲ ਧਕੇਲ ਰਹੀ ਹੈ। ਦੇਖਿਆ ਜਾਵੇ ਤਾਂ ਮਾਨਵ ਬੁੱਧੀ ਹੀ ਦੁਨੀਆਂ ਦੀ ਸਭ ਤੋਂ ਵੱਡੀ ਦੁਸ਼ਮਣ ਬਣੀ ਬੈਠੀ ਹੈ।
ਇਹ ਕੇਵਲ ਇੱਕ ਨੈਟਵਰਕ ਸੂਝ ਹੀ ਹੈ ਜੋ ਕਿਰਤ ਕੁਦਰਤ ਅਤੇ ਰੂਹਾਨੀਅਤ ਦੀ ਹਿਫਾਜ਼ਤ ਕਰ ਸਕਦੀ ਹੈ। ਮਨੁੱਖ ਨੂੰ ਮਨੁੱਖ ਦੀ ‘ਮੈਂ’ ਤੋਂ ਬਚਾ ਸਕਦੀ ਹੈ।
ਮਨੁੱਖ ਦੀ ਸਵੇ-ਵਿਨਾਸ਼ ਵਿਰੁੱਧ ਇਹ ਬਗਾਵਤ ਹੀ ਮਾਨਵਵਾਦ ਦਾ ਬਦਲ ਬਣ ਕੇ ਆਵੇਗੀ।
ਦੇਖੋ, ਸਵੈ ਚਾਲਕ ਕਾਰਾਂ ਆ ਰਹੀਆਂ ਹਨ ਅਤੇ ਅਸੀਂ ਜਲਦੀ ਹੀ ਇਨ੍ਹਾਂ ਕਾਰਾਂ ‘ਤੇ ਸਵਾਰ ਹੋ ਕੇ ਨੈਟਵਰਕ ਚੇਤਨਾਂ ਦੀ ਟੈਸਟ-ਡਰਾਈਵ ਤੇ ਨਿਕਲਾਂਗੇ।
ਮਾਨਵੀ ਹਉਂ ਉੱਪਰ ਟਿਕੀ ਮਾਨਵਤਾ ਅਤੇ ਮਾਨਵੀ ਸਭਿਆਚਾਰ ਦੀ ਪ੍ਰਭੁਤਾ ਦਾ ਦੌਰ ਖਤਮ ਹੋ ਰਿਹੈ। ਮਾਨਵ ਨੂੰ ਮਾਨਵ-ਬੁੱਧੀ ਤੱਕ ਘਟਾ ਕੇ ਨਹੀਂ ਦੇਖਿਆ ਜਾ ਸਕਦਾ।
ਬੁੱਧੀਮਾਨ ਕਾਰ ਤਾਂ ਕੇਵਲ ਇੱਕ ਟੈਸਟ ਐਕਸਪਰੀਮੈਂਟ ਸੀ। ਜਿਵੇਂ ਨੈਟਵਰਕ ਸੂਝ ਨਾਲ ਦੁਨੀਆਂ ਦਾ ਟਰੈਫਿਕ ਸਿਸਟਮ ਚੱਲੇਗਾ, ਉਸੇ ਤਰ੍ਹਾਂ ਦੁਨੀਆਂ ਦੀ ਦੁਨੀਆਂਦਾਰੀ ਵੀ ਮਨੁੱਖ, ਮਸ਼ੀਨ ਅਤੇ ਕੁਦਰਤ ਦੇ ਸਾਂਝੇ ਨੈਟਵਰਕ ਰਾਹੀਂ ਹੀ ਚੱਲੇਗੀ। ਇਹ ਬ੍ਰਹਿਮੰਡੀ ਚੇਤਨਾ ਹੀ ਅਰਥਾਂ ਦਾ ਨਿਰਮਾਣ ਕਰੇਗੀ।
ਪਰ ਇਹ ਮਾਨਵ ਇਤਿਹਾਸ ਦਾ ਅੰਤ ਨਹੀਂ। ਨਵੇਂ ਦੌਰ ਦਾ ਆਰੰਭ ਹੈ। ਮਾਨਵ ਮਨਫੀ ਨਹੀਂ ਹੋ ਰਿਹਾ। ਕੁਦਰਤ ਅਤੇ ਮਸ਼ੀਨ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਉਸਦੇ ਮਹੱਤਵ ਅਤੇ ਜ਼ਿੰਮੇਵਾਰੀ ਨੂੰ ਸਗੋਂ ਹੋਰ ਵੀ ਵਧਾ ਦੇਵੇਗੀ। ਮਾਨਵ ਬੁੱਧੀ ਦਾ ਤਾਂ ਬਦਲ ਹੋ ਸਕਦੈ ਪਰ ਮਾਨਵ ਦੇਹੀ ਅਤੇ ਉਸਦੀ ਸਜੀਵਤਾ ਦਾ ਕੋਈ ਬਦਲ ਨਹੀਂ।
ਮੈਨੂੰ ਤਾਂ ਇੱਕੋ ਗੱਲ ਸਮਝ ਪਈ ਐ ਕਿ ਨਵੀਆਂ ਸੰਭਾਵਨਾਵਾਂ ਦੇ ਆਯਾਮ ਖੁੱਲ੍ਹ ਰਹੇ ਨੇ। ਇਹ ਸੰਭਾਵਨਾਵਾਂ ਆਪਣੇ ਨਾਲ ਨਵੀਆਂ ਚਨੌਤੀਆਂ ਵੀ ਲੈ ਕੇ ਆ ਰਹੀਆਂ ਹਨ।
ਪੈਦਾਵਾਰ ਅਤੇ ਖਪਤ ਦੀ ਆਜ਼ਾਦੀ ਸਵੈ ਨਿਗਰਾਨੀ ਦਾ ਰੂਪ ਧਾਰ ਕੇ ਸ਼ੋਸਣ ਦੀ ਪ੍ਰਕਿਰਿਆ ਨੂੰ ਤੇਜ਼ ਕਰ ਦੇਵੇਗੀ।
ਮਾਨਵ, ਮਸ਼ੀਨ ਅਤੇ ਕੁਦਰਤ ਦੀ ਨੈਟਵਰਕਿੰਗ ਜੇਕਰ ਇੱਕ ਪਾਸੇ ਹੁਕਮ ਰਜਾਈ ਚੱਲਣਾ ਦੀ ਸੋਝੀ ਪੈਦਾ ਕਰੇਗੀ, ਤਾਂ ਦੂਜੇ ਪਾਸੇ ਡਿਜੀਟਲ ਨਿਗਰਾਨੀ ਰਾਹੀਂ ਲੋਕ-ਮਨਾਂ ਨੂੰ ਕੰਟਰੋਲ ਵੀ ਕਰ ਸਕਦੀ ਹੈ। ਫਾਸੀਵਾਦ ਦੀਆਂ ਸੰਭਾਵਨਾਵਾਂ ਜਾਗ ਸਕਦੀਆਂ ਹਨ।
ਭੁੱਖ ਦੀ ਥਾਂ ਅਰਥਹੀਣਤਾ ਮਨੁੱਖ ਲਈ ਵੱਡੀ ਚਣੌਤੀ ਬਣ ਜਾਵੇਗੀ। ਜ਼ਿੰਦਗੀ ਸੌਖੀ ਨਹੀਂ ਹੋਵੇਗੀ। ਸੰਘਰਸ਼ ਦੀ ਲੋੜ ਬਣੀ ਰਹੇਗੀ। ਪਰ ਸੰਘਰਸ਼ ਦੇ ਨਵੇਂ ਰਾਹ ਖੋਜਣੇ ਪੈਣਗੇ। ਆਜ਼ਾਦੀ ਅਤੇ ਸੰਘਰਸ਼ ਨੂੰ ਪੁਨਰ-ਪਰਿਭਾਸ਼ਿਤ ਕਰਨਾ ਪਵੇਗਾ। ਇਤਿਹਾਸ ਦਾ ਅੰਤ ਨਹੀਂ। ਇਤਿਹਾਸ ਦੀ ਖੜੋਤ ਨਹੀਂ, ਇਤਿਹਾਸ ਦੀ ਗਤੀ ਵਿੱਚ ਹੋਣ ਵਾਲਾ ਐਕਸਪੋਨੈਂਸ਼ੀਅਲ ਵਾਧਾ ਹੀ ਨਵੀਆਂ ਚਨੌਤੀਆਂ ਦੇ ਰੂਪ ਵਿੱਚ ਨਵੇਂ ਯੁੱਗ ਦੀ ਪਛਾਣ ਬਣੇਗਾ। ਅਸੀਂ ਸੰਘਰਸ਼ ਦੇ ਨਵੇਂ ਰਾਹਾਂ ਦੀ ਤਲਾਸ਼ ਕਰਾਂਗੇ।
ਦੁਨੀਆਂ ਦੇ ਨਵੇਂ ਘਰ ਦਾ ਨਵਾਂ ਦੁਆਰ ਖੁੱਲ੍ਹ ਰਿਹਾ ਹੈ। ਆਓ ਆਪਾਂ ਦੁਨੀਆਂ ਦੇ ਇਸ ਨਵੇਂ ਦਰ ਘਰ ਦਾ ਸੁਆਗਤ ਕਰੀਏ। ਬ੍ਰਹਿਮੰਡੀ ਚੇਤਨਾ ਦੇ ਯੁੱਗ ਅਤੇ ਉਸਦੇ ਆਰੰਭ ਹੋਣ ਵਾਲੇ ਨਵੇਂ ਇਤਿਹਾਸ ਨੂੰ ਜੀ ਆਇਆਂ ਆਖੀਏ।
ਫੇਡ ਆਊਟ/ ਫੇਡ ਇਨ
ਰਾਗ ਆਸਾ ਵਿੱਚ ਸ਼ਬਦ ਗਾਇਨ:
ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ।
ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ।
ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ।
ਗਾਵਹਿ ਤੁਹਨੋ ਪਾਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ।